ਮੌਜੂਦਾ ਦੌਰ ਵਿੱਚ ਛੋਟੇ ਸ਼ਹਿਰ ਤੇ ਉਥੋਂ ਦੀਆਂ ਕਹਾਣੀਆਂ ਫਿਲਮਕਾਰਾਂ ਨੂੰ ਕਾਫੀ ਆਕਰਸ਼ਿਤ ਕਰ ਰਹੀਆਂ ਹਨ। ਨਵੋਦਿਤ ਫਿਲਮਕਾਰ ਸ਼ਿਲਾਦਿੱਤ ਬੋਰਾ ਨੇ ਝਾਰਖੰਡ ਦੇ ਦੇਵਘਰ ਦੇ ਪਿਛੋਕੜ ਉੱਤੇ ਆਧਾਰਤ ਫਿਲਮ ‘ਭਗਵਾਨ ਭਰੋਸੇ’ ਬਣਾਈ ਹੈ। ਬਤੌਰ ਡਾਇਰੈਕਟਰ ਇਹ ਸ਼ਿਲਾਦਿੱਤ ਦੀ ਪਹਿਲੀ ਫਿਲਮ ਹੈ ਅਤੇ ਉਸ ਨੇ ਪਿੱਛੇ ਜਿਹੇ ਦੇਵਘਰ ਵਿੱਚ ਇਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਿਲਮ ਵਿੱਚ ਦੋ ਨਵੇਂ ਕਲਾਕਾਰ ਸਤੇਂਦਰ ਸੋਨੀ ਅਤੇ ਸਪਰਸ਼ ਸੁਮਨ ਦੇ ਨਾਲ ਵਿਨੈ ਪਾਠਕ, ਮਸੁਮੇਹ ਮਖੀਜਾ, ਮਨੂ ਰਿਸ਼ੀ ਚੱਢਾ ਅਤੇ ਸ੍ਰੀਕਾਂਤ ਵਰਮਾ ਵੀ ਅਹਿਮ ਕਿਰਦਾਰਾਂ ਵਿੱਚ ਹਨ। ਹਾਲੇ ਇਹ ਫਿਲਮ ਪੋਸਟ ਪ੍ਰੋਡਕਸ਼ਨ ਦੇ ਆਖਰੀ ਪੜਾਅ ਵਿੱਚ ਹੈ ਅਤੇ ਨਿਰਮਾਤਾ ਇਸ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਫਿਲਮ ਬਾਰੇ ਵਿਨੈ ਪਾਠਕ ਨੇ ਕਿਹਾ, ‘ਭਗਵਾਨ ਭਰੋਸੇ’ ਬਹੁਤ ਪਿਆਰੀ ਤੇ ਖਾਸ ਕਹਾਣੀ ਹੈ। ਸ਼ਿਲਾਦਿੱਤ ਦੇ ਨਿਰਦੇਸ਼ਨ ਵਿੱਚ ਬਣ ਰਹੀ ਉਸ ਦੀ ਇਸ ਪਹਿਲੀ ਫਿਲਮ ਦਾ ਹਿੱਸਾ ਬਣ ਕੇ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ। ਮੈਂ ਇਸ ਫਿਲਮ ਦੇ ਪੂਰੀ ਹੋਣ ਅਤੇ ਸਕਰੀਨ ਉੱਤੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।” ਡਾਇਰੈਕਟਰ ਸ਼ਿਲਾਦਿੱਤ ਦਾ ਕਹਿਣਾ ਹੈ, ‘‘ਮੇਰੇ ਲਈ ਆਪਣੀ ਪਹਿਲੀ ਫੀਚਰ ਫਿਲਮ ਨਿਰਦੇਸ਼ਤ ਕਰਨ ਦੇ ਕਈ ਮੌਕੇ ਬਣੇ, ਪਰ ਸਭ ਫੇਲ੍ਹ ਰਹੇ। ਵੀਹ ਸਾਲਾਂ ਦੀ ਉਡੀਕ ਪਿੱਛੋਂ ਮੈਂ ਪਹਿਲੀ ਫਿਲਮ ‘ਭਗਵਾਨ ਭਰੋਸੇ’ ਦੀ ਸ਼ੂਟਿੰਗ ਕਰ ਲਈ ਹੈ। ਆਪਣੇ ਭਰੋਸੇ ਕੋਈ ਫਿਲਮ ਸਿਰੇ ਲਾਉਣ ਲਈ ਦੈਵੀ ਸ਼ਕਤੀਆਂ ਦੀ ਲੋੜ ਹੁੰਦੀ ਹੈ। ਮੈਨੂੰ ਪ੍ਰਮਾਤਮਾ ਦਾ ਅਸ਼ੀਰਵਾਦ ਰਿਹਾ।”