ਚੰਡੀਗ਼ੜ੍ਹ, 1 ਦਸੰਬਰ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਮੌਕੇ ਕਾਂਗਰਸ ਪਾਰਟੀ ਅਤੇ ਸਰਕਾਰ ਵਿਚਾਲੇ ਤਰੇੜਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਦਿਨਾਂ ਤੋਂ ਇੱਕਸੁਰਤਾ ਨਾ ਹੋਣ ਦੌਰਾਨ ਮੁੱਖ ਮੰਤਰੀ ਕੈਂਪ ਨੇ ਕੱਲ੍ਹ ਮਾਲਵਾ ਖੇਤਰ ਤੇ ਫਿਰ ਮਾਝੇ ਤੇ ਦੁਆਬੇ ਦੇ ਬਲਾਕ ਪ੍ਰਧਾਨਾਂ ਦੀਆਂ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਥਾਪੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਤਾਂ ਹਾਜ਼ਰ ਹੋਣੇ ਸਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨ੍ਹਾਂ ਪਾਰਟੀਆਂ ਦੀਆਂ ਜਥੇਬੰਦਕ ਮੀਟਿੰਗਾਂ ਵਿੱਚ ਨਹੀਂ ਦਿਸੇ।
ਜਾਣਕਾਰ ਹਲਕਿਆਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਇਨ੍ਹਾਂ ਮੀਟਿੰਗਾਂ ਲਈ ਬੁਲਾਇਆ ਨਹੀਂ ਗਿਆ, ਪਰ ਇਸ ਦੀ ਪੁਸ਼ਟੀ ਨਵਜੋਤ ਸਿੰਘ ਸਿੱਧੂ ਵੱਲੋਂ ਨਹੀਂ ਹੋ ਸਕੀ। ਪਤਾ ਲੱਗਾ ਹੈ ਕਿ ਇਨ੍ਹਾਂ ਮੀਟਿੰਗਾਂ ਵਿੱਚ ਕੁਝ ਬਲਾਕ ਪ੍ਰਧਾਨਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾਂਦੀ ਨੁਕਤਾਚੀਨੀ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਹਰੀਸ਼ ਚੌਧਰੀ ਨੂੰ ਕਿਹਾ ਗਿਆ ਕਿ ਉਹ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰ ਕੇ ਅਜਿਹੀ ਬਿਆਨਬਾਜ਼ੀ ਉੱਤੇ ਰੋਕ ਲਵਾਉਣ ਕਿਉਂਕਿ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਵਿੱਚ ਚੋਣਾਂ ਮੌਕੇ ਇੱਕਜੁੱਟਤਾ ਦੀ ਥਾਂ ਏਦਾਂ ਮੱਤਭੇਦ ਨਜ਼ਰ ਆਉਣਾ ਪਾਰਟੀ ਲਈ ਮਾਰੂ ਸਾਬਤ ਹੋ ਸਕਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦਾ ਸਮੁੱਚਾ ਢਾਂਚਾ ਭੰਗ ਕਰਕੇ ਇਸ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਫ਼ੈਸਲਾ ਲੈ ਕੇ ਪੰਜਾਬ ਵਿੱਚ ਨਵੀਆਂ ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਯੂਨਿਟਾਂ ਕਾਇਮ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਨੂੰ ਇਹ ਕੰਮ ਛੇਤੀ ਪੂਰਾ ਕਰਨ ਲਈ ਕਿਹਾ ਗਿਆ ਸੀ। ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਕਾਰਜਕਾਰੀ ਪ੍ਰਧਾਨਾਂ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਤੇ ਯੂਨਿਟਾਂ ਦੇ ਗਠਨ ਸਬੰਧੀ ਜੋ ਤਜਵੀਜ਼ ਭੇਜੀਆਂ ਸਨ, ਪਰ ਉਹ ਅਜੇ ਤਕ ਸਿਰੇ ਨਹੀਂ ਚੜ੍ਹ ਸਕੀਆਂ, ਕਿਉਂਕਿ ਉਨ੍ਹਾਂ ਦਾ ਕਈ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਿਰੋਧ ਹੋ ਰਿਹਾ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਤਜਵੀਜ਼ਾਂ ਵਿਧਾਇਕਾਂ ਦੀ ਮਰਜ਼ੀ ਜਾਂ ਸਿਫ਼ਾਰਸ਼ਾਂ ਅਨੁਸਾਰ ਨਹੀਂ ਹਨ, ਜਦੋਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਜਵੀਜ਼ਾਂ ਮੈਰਿਟ ਦੇ ਆਧਾਰ ਉੱਤੇ ਬਣਾਈਆਂ ਹਨ। ਨਵਜੋਤ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨਾਲ ਦੋ-ਦੋ ਕਾਰਜਕਾਰੀ ਪ੍ਰਧਾਨ ਲਾਉਣ ਦੀ ਤਜਵੀਜ਼ ਦਾ ਵੀ ਕਈ ਹਲਕਿਆਂ ਵੱਲੋਂ ਵਿਰੋਧ ਹੋ ਰਿਹਾ ਹੈ। ਕਾਂਗਰਸ ਦੇ ਆਗੂਆਂ ਨੇ ਇਸ ਦੌਰਾਨ ਖੁਦ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦੂਜੀਆਂ ਸਿਆਸੀ ਧਿਰਾਂ ਆਪਣੇ ਉਮੀਦਵਾਰ ਐਲਾਨ ਚੁੱਕੀਆਂ ਹਨ, ਕਾਂਗਰਸ ਅਜੇ ਜਥੇਬੰਦਕ ਢਾਂਚਾ ਬਣਾਉਣ ਵਿੱਚ ਸਫਲ ਨਹੀਂ ਹੋ ਸਕੀ ਅਤੇ ਨਾ ਹੀ ਪਾਰਟੀ ਵਿੱਚ ਇੱਕਜੁੱਟਤਾ ਜਾਂ ਇੱਕਸੁਰਤਾ ਨਜ਼ਰ ਆ ਰਹੀ ਹੈ।