Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਮਨੋਰੰਜਨ

ਕਹਾਣੀ : ਮੋਹਰ

November 17, 2021 01:57 AM

-ਬੂਟਾ ਸਿੰਘ ਚੌਹਾਨ
ਗਰੇਵਾਲ ਨੇ ਫੋਨ ਬੰਦ ਕੀਤਾ ਹੋਇਆ ਸੀ। ਕੋਠੀ ਦਾ ਲੈਂਡ ਲਾਈਨ ਫੋਨ ਵੀ ਚੁੱਕ ਕੇ ਰੱਖਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਸੋਮਵਾਰ ਤੱਕ ਉਸ ਨੂੰ ਕਿਸੇ ਦਾ ਫੋਨ ਨਾ ਆਵੇ ਤਾਂ ਕਿ ਉਹ ਆਪਣੇ ਗੁਰੂ ਮਾਸਟਰ ਨੰਤ ਰਾਮ ਦਾ ਆਪਣੇ ਸਿਰ ਚਾੜ੍ਹਿਆ ਹੋਇਆ ਕਰਜ਼ਾ ਲਾਹ ਸਕੇ। ਇਸ ਲਈ ਉਹ ਇੱਕ ਦਿਨ ਪਹਿਲਾਂ ਹੀ ਚੰਡੀਗੜ੍ਹ ਆ ਗਿਆ ਸੀ। ਮਾਸਟਰ ਨੰਤ ਰਾਮ ਕੋਲ ਉਹ ਪੰਜਵੀਂ ਤੱਕ ਪੜ੍ਹਿਆ ਸੀ। ਉਸੇ ਨੇ ਉਹਦੇ ਮਨ ਵਿੱਚ ਕੁਝ ਨਾ ਕੁਝ ਬਣਨ ਦੇ ਸੁਫਨੇ ਬੀਜੇ ਸਨ ਤੇ ਉਹ ਬੀਜ ਸਾਕਾਰ ਵੀ ਹੋਏ ਸਨ। ਉਹ ਸਮਝਦਾ ਸੀ ਕਿ ਜੇ ਲੋਕ ਉਹਦੇ ਦਫਤਰ ਵਿੱਚ ਹੱਥ ਬੰਨ੍ਹ-ਬੰਨ੍ਹ ਕੇ ਖੜ੍ਹਦੇ ਅਤੇ ਮਿੰਨਤਾਂ ਤਰਲੇ ਕਰਦੇ ਨੇ, ਜੇ ਉਹ ਸਾਰੀਆਂ ਰਿਸ਼ਤੇਦਾਰੀਆਂ ਵਿੱਚੋਂ ਵੱਧ ਪੜ੍ਹ-ਲਿਖ ਕੇ ਵੱਡਾ ਅਫਸਰ ਬਣਿਆ ਹੈ ਤਾਂ ਉਸ ਦੇ ਪਿੱਛੇ ਮਾਸਟਰ ਨੰਤ ਰਾਮ ਦਾ ਹੱਥ ਹੈ। ਜਦੋਂ ਵੀ ਉਹਨੂੰ ਕਦੇ ਪਿੰਡ ਦੀ ਯਾਦ ਆਉਂਦੀ ਤਾਂ ਉਸਦੀਆਂ ਅੱਖਾਂ ਅੱਗੇ ਮਾਸਟਰ ਨੰਤ ਰਾਮ ਦਾ ਦਰਵੇਸ਼ ਜਿਹਾ ਚਿਹਰਾ ਆ ਖੜ੍ਹਦਾ।
ਲੋਕ ਦੱਸਦੇ ਸਨ ਕਿ ਪਹਿਲਾਂ ਉਹ ਕਿਸੇ ਹੋਰ ਪਿੰਡ ਵਿੱਚ ਪੜ੍ਹਾਉਂਦਾ ਸੀ। ਜਦੋਂ ਲੋਕਾਂ ਨੇ ਉਹਦੀ ਮਹਿਮਾ ਸੁਣੀ ਤਾਂ ਪਿੰਡ ਦੀ ਪੰਚਾਇਤ ਆਪਣਾ ਅਸਰ ਰਸੂਖ ਵਰਤ ਕੇ ਨੰਤ ਰਾਮ ਦੀ ਬਦਲੀ ਕਰਵਾ ਲਿਆਈ। ਉਹ ਇੱਥੋਂ ਦਾ ਹੀ ਸੀ।
ਉਹ ਸਕੂਲ ਵਿੱਚ ਇਕੱਲਾ ਮਾਸਟਰ ਸੀ। ਛੋਟਾ ਜਿਹਾ ਪਿੰਡ ਹੋਣ ਕਰ ਕੇ ਤੀਹ-ਚਾਲੀ ਜੁਆਕ ਮਸਾਂ ਪੜ੍ਹਦੇ ਸਨ। ਜ਼ਿਆਦਾਤਰ ਮੁੰਡੇ ਹੀ ਸਨ। ਕੁੜੀਆਂ ਦੀ ਗਿਣਤੀ ਨਾ ਮਾਤਰ ਸੀ। ਗਰੇਵਾਲ ਨੂੰ ਯਾਦ ਸੀ ਕਿਵੇਂ ਉਹ ਰਾਤ ਦਿਨ ਮਿਹਨਤ ਕਰਾਉਂਦਾ ਸੀ। ਉਹਨੇ ਚੌਥੀ ਦੇ ਪੰਜ-ਸੱਤ ਹੁਸ਼ਿਆਰ ਬੱਚੇ ਛਾਂਟ ਲਏ। ਉਨ੍ਹਾਂ ਨੂੰ ਆਥਣੇ ਉਹ ਘਰੇ ਬੁਲਾਉਂਦਾ ਸੀ। ਦੇਰ ਰਾਤ ਤੱਕ ਪੜ੍ਹਾਈ ਜਾਂਦਾ। ਪੜ੍ਹਾਉਣ ਦੇ ਨਾਲ ਹੋਰ ਗੱਲਾਂ ਵੀ ਕਰੀ ਜਾਂਦਾ। ਦਸਾਂ ਵੀਹਾਂ ਦਿਨਾਂ ਵਿੱਚ ਉਸਨੇ ਝਿਜਕ ਦੂਰ ਕਰ ਦਿੱਤੀ। ਜੁਆਕਾਂ ਨੂੰ ਉਹ ਘਰਦਿਆਂ ਵਰਗਾ ਲੱਗਦਾ। ਜਿਸ ਕਰ ਕੇ ਕਿਤਾਬਾਂ ਤੋਂ ਡਰ ਲੱਗਣੋਂ ਹਟ ਗਿਆ।
ਗਰੇਵਾਲ ਨੂੰ ਪੜ੍ਹਾਈ ਦੇ ਮਹੱਤਵ ਦਾ ਪਤਾ ਲੱਗ ਗਿਆ। ਉਹਦੀ ਇੱਛਾ ਹਰ ਵੇਲੇ ਕੁਝ ਨਾ ਕੁਝ ਕਰਨ ਜਾਣਨ ਦੀ ਰਹਿੰਦੀ। ਕਈ ਵਾਰ ਸੁੱਤੇ ਪਏ ਨੂੰ ਵੀ ਪੜ੍ਹਾਈ ਦੇ ਸੁਫਨੇ ਆ ਜਾਂਦੇ। ਨੰਤ ਰਾਮ ਦੀ ਇਹ ਗੱਲ ਉਹਨੂੰ ਰਾਸ ਆ ਰਹੀ ਸੀ ਕਿ ਮਨ ਵਿੱਚ ਕੋਈ ਗੱਲ ਆਵੇ ਤਾਂ ਮਾਸਟਰ ਤੋਂ ਪੁੱਛੋ। ਜਦ ਤੱਕ ਮਨ ਵਿੱਚ ਚੰਗੀ ਤਰ੍ਹਾਂ ਨਾ ਬੈਠੇ, ਸੰਗੋਂ ਨਾ, ਫੇਰ ਪੁੱਛੋ। ਉਹਨੇ ਇਹ ਗੱਲ ਪੱਲੇ ਬੰਨ੍ਹ ਲਈ ਸੀ। ਇਸੇ ਕਰ ਕੇ ਉਹ ਜਮਾਤਾਂ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਸਕੂਲੋਂ ਕਾਲਜ ਹੁੰਦਾ ਹੋਇਆ ਉਚ ਸਿੱਖਿਆ ਪ੍ਰਾਪਤ ਕਰ ਸਕਿਆ ਸੀ।
ਨੰਤ ਰਾਮ ਉਹਦੇ ਕੋਲ ਇੱਕੋ ਵਾਰ ਕੰਮ ਆਇਆ ਸੀ। ਉਹਦਾ ਭਾਈਆਂ ਨਾਲ ਜ਼ਮੀਨ ਦਾ ਰੌਲਾ ਸੀ। ਪਟਵਾਰੀ ਰਾਹ ਨਹੀਂ ਸੀ ਦੇ ਰਿਹਾ। ਜਾੜ੍ਹ ਥੱਲੇ ਚਾਰ ਪੈਸੇ ਆ ਜਾਣ ਕਾਰਨ ਉਹਦੇ ਭਾਈਆਂ ਦੀ ਬੋਲੀ ਬੋਲਣ ਲੱਗ ਪਿਆ ਸੀ। ਜਦੋਂ ਨੰਤ ਰਾਮ ਉਹਦੇ ਕੋਲ ਆਇਆ ਤਾਂ ਗਰੇਵਾਲ ਆਪਣੇ ਪਿੰਡ ਨੇੜਲੇ ਸ਼ਹਿਰ ਵਿੱਚ ਐਸ ਡੀ ਐਮ ਲੱਗਿਆ ਹੋਇਆ ਸੀ। ਗਰੇਵਾਲ ਨੇ ਉਹਦੇ ਦਫਤਰ ਵਿੱਚ ਆਏ ਨੂੰ ਪਿਛਲੇ ਪਾਸੇ ਬਣੇ ਖਾਸ ਕਮਰੇ ਵਿੱਚ ਲਿਜਾ ਕੇ ਚਾਹ ਪਾਣੀ ਪਿਆਇਆ ਤੇ ਪਟਵਾਰੀ ਨੂੰ ਉਸੇ ਵੇਲੇ ਪਿੰਡ ਫੋਨ ਕਰ ਕੇ ਜ਼ਮੀਨ ਦਾ ਵੰਡਾਰਾ ਕਰਨ ਲਈ ਕਿਹਾ ਅਤੇ ਜਾਣ ਵੇਲੇ ਦਫਤਰ ਦੇ ਗੇਟ ਤੱਕ ਆਪ ਜਾ ਕੇ ਛੱਡ ਕੇ ਆਇਆ ਤੇ ਬਸ ਅੱਡੇ ਤੱਕ ਉਹਦੀ ਸਰਕਾਰੀ ਜਿਪਸੀ। ਨੰਤ ਰਾਮ ਜਾਣ ਵੇਲੇ ਬਹੁਤ ਖੁਸ਼ ਹੋਇਆ ਸੀ। ਮੁੜ ਕੇ ਉਹ ਕਦੇ ਨਹੀਂ ਸੀ ਆਇਆ।
ਉਸ ਦਿਨ ਗਰੇਵਾਲ ਸਰਕਾਰੀ ਰਿਹਾਇਸ਼ ਤੋਂ ਦਫਤਰ ਜਾਣ ਨੂੰ ਤਿਆਰ ਹੋਇਆ ਸੀ। ਦਫਤਰ ਜਾਣ ਵਿੱਚ ਅਜੇ ਸਮਾਂ ਪਿਆ ਸੀ। ਆਦਤ ਅਨੁਸਾਰ ਉਹ ਅਖਬਾਰਾਂ ਉੱਤੇ ਨਿਗਾਹ ਮਾਰਨ ਲੱਗ ਪਿਆ। ਉਹਦੀ ਨਿਗਾਹ ਅਚਾਨਕ ਇੱਕ ਸਫੇ ਉੱਤੇ ਅਟਕੀ। ਖਬਰ ਸੀ, ‘ਸਟੇਟ ਐਵਾਰਡੀ ਮਾਸਟਰ ਨੰਤ ਰਾਮ ਨਹੀਂ ਰਹੇ।' ਖਬਰ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਦੱਸਿਆ ਹੋਇਆ ਸੀ ਤੇ ਬਿਮਾਰੀ ਦਾ ਕਾਰਨ ਵੀ। ਖਬਰ ਪੜ੍ਹਨ ਸਾਰ ਉਹਦਾ ਮਨ ਖਰਾਬ ਹੋ ਗਿਆ। ਦਫਤਰ ਜਾਣ ਦਾ ਸਾਰਾ ਉਤਸ਼ਾਹ ਜਾਂਦਾ ਰਿਹਾ। ਮਾਸਟਰ ਨੰਤ ਰਾਮ ਦਾ ਚਿਹਰਾ ਉਹਦੀਆਂ ਅੱਖਾਂ ਅੱਗੇ ਆ ਖੜ੍ਹਾ। ਕਿੰਨਾ ਭੋਲਾ ਸੀ ਉਨ੍ਹਾਂ ਦਾ ਚਿਹਰਾ। ਛਲ ਰਹਿਤ ਅੱਖਾਂ। ਪੜ੍ਹਾਉਣ ਵੇਲੇ ਬੱਚਿਆਂ ਨਾਲ ਉਹ ਬੱਚਾ ਬਣ ਜਾਂਦਾ। ਪੜ੍ਹਾਉਂਦਾ ਹੋਇਆ ਇਉਂ ਲੱਗਦਾ, ਜਿਵੇਂ ਆਪ ਵੀ ਬੱਚਿਆਂ ਨਾਲ ਪੜ੍ਹ ਰਿਹਾ ਹੋਵੇ। ਉਹਦਾ ਘੁਲਣਾ-ਮਿਲਣਾ ਹੀ ਬੱਚਿਆਂ ਦਾ ਮਾਨਸਿਕ ਵਿਕਾਸ ਕਰਨ ਦਾ ਨੁਕਤਾ ਸੀ। ਉਹ ਪੜ੍ਹਾਉਂਦਾ ਘੱਟ ਸੀ, ਬੱਚਿਆਂ ਵਿੱਚ ਪੜ੍ਹਨ ਦੀ ਭੁੱਖ ਵੱਧ ਪੈਂਦਾ ਕਰਦਾ ਸੀ।
ਗਰੇਵਾਲ ਦਫਤਰ ਆਇਆ। ਬੁਝੇ ਮਨ ਨਾਲ ਦਫਤਰ ਦੇ ਕੰਮ ਨਿਬੇੜੇ ਅਤੇ ਪਿੰਡ ਅਫਸੋਸ ਕਰਨ ਚਲਾ ਗਿਆ। ਉਹਦੇ ਰੀਡਰ ਨੇ ਸੰਬੰਧਤ ਥਾਣੇ ਵਿੱਚ ਦੱਸ ਦਿੱਤਾ ਸੀ। ਇਸ ਕਰ ਕੇ ਪਿੰਡ ਵਿੱਚ ਉਹਦੇ ਆਉਣ ਬਾਰੇ ਪਤਾ ਲੱਗ ਗਿਆ ਸੀ। ਪੰਚਾਇਤ ਵੀ ਆ ਗਈ ਸੀ। ਗਰੇਵਾਲ ਨੂੰ ਸੱਥਰ ਉੱਤੇ ਹੀ ਪਤਾ ਲੱਗਾ ਕਿ ਮਾਸਟਰ ਨੰਤ ਰਾਮ ਦੀ ਛੋਟੀ ਕੁੜੀ ਕਈ ਮਹੀਨੇ ਪਹਿਲਾਂ ਸਿਰੋਂ ਨੰਗੀ ਹੋ ਗਈ ਸੀ। ਉਹਦਾ ਘਰਵਾਲਾ ਆਰ ਐੱਮ ਪੀ ਡਾਕਟਰ ਸੀ। ਨਾਲ ਦੇ ਕਿਸੇ ਪਿੰਡ ਵਿੱਚ ਡਾਕਟਰੀ ਕਰਦਾ ਸੀ। ਧੁੰਦਾਂ ਦੇ ਦਿਨ ਸਨ। ਆਥਣੇ ਪੰਜ-ਛੇ ਵਜੇ ਸੁਰਮੇ ਰੰਗਾ ਹਨੇਰਾ ਪੱਸਰਨ ਲੱਗ ਪੈਂਦਾ। ਇੱਕ ਦਿਨ ਉਹ ਘਰੇ ਮੁੜਦਾ ਪਿਆ ਸੀ ਕਿ ਕੋਈ ਟਰੱਕ ਵਾਲਾ ਫੇਟ ਮਾਰ ਗਿਆ। ਟਰੱਕ ਦੀ ਪਛਾਣ ਨਾ ਹੋ ਸਕੀ। ਸੜਕ ਉੱਤੇ ਆਵਾਜਾਈ ਨਾ ਹੋਣ ਕਰ ਕੇ ਟਰੱਕ ਵਾਲੇ ਨੇ ਭੱਜਣ ਦੀ ਕੀਤੀ।
ਕੁੜੀ ਦੀ ਉਮਰ ਖਾਸ ਨਹੀਂ ਸੀ। ਚਾਰ ਕੁ ਸਾਲ ਪਹਿਲਾਂ ਉਹ ਵਿਆਹੀ ਸੀ। ਉਹਦੇ ਇੱਕ ਕੁੜੀ ਸੀ, ਜਿਹੜੀ ਨਾਲ ਹੀ ਆ ਗਈ। ਅੱਗੇ ਕੀ ਕਰੇ? ਸੋਚਦਾ-ਸੋਚਦਾ ਮਾਸਟਰ ਨੰਤ ਰਾਮ ਤੁਰ ਗਿਆ ਸੀ। ਉਹਨੂੰ ਗਿਲਾ ਸੀ ਕਿ ਸਾਰੀ ਉਮਰ ਉਹਨੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਰੱਬ ਨੇ ਉਹਨੂੰ ਏਡੀ ਵੱਡੀ ਸਜ਼ਾ ਕਾਹਦੇ ਲਈ ਦਿੱਤੀ ਹੈ?
ਗਰੇਵਲ ਰਾਹ ਵਾਲੀ ਬੈਠਕ ਵਿੱਚ ਬੈਠਾ ਸੀ। ਕੋਲ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਕੁਝ ਹੋਰ ਬੰਦੇ ਬੈਠੇ ਸਨ। ਨੰਤ ਰਾਮ ਦਾ ਵੱਡਾ ਭਰਾ ਉਹਦੇ ਮਰਨ ਬਾਰੇ ਦੱਸ ਰਿਹਾ ਸੀ। ਬਰਾਂਡੇ ਵਿੱਚ ਔਰਤਾਂ ਬੈਠੀਆਂ ਸਨ। ਉਨ੍ਹਾਂ ਵਿੱਚ ਬੈਠੀ ਨੰਤ ਰਾਮ ਦੀ ਕੁੜੀ ਰੋਂਦੀ ਹੋਈ ਹਾਲੋਂ-ਬੇ-ਹਾਲ ਹੋ ਰਹੀ ਸੀ। ਉਹਦੀ ਮਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ ਤੇ ਉਹ ਕੁੜੀ ਨੂੰ ਵਿਰਾ ਵੀ ਰਹੀ ਸੀ। ਪਲਾਂ ਵਿੱਚ ਹੀ ਸੋਗੀ ਮਾਹੌਲ ਪੈਦਾ ਹੋ ਗਿਆ ਸੀ।
ਕੁੜੀ ਬਾਰੇ ਸੁਣ ਕੇ ਗਰੇਵਾਲ ਦਾ ਮਨ ਉਦਾਸ ਹੋ ਗਿਆ। ਉਹ ਉਠਿਆ ਤੇ ਬਰਾਂਡੇ ਵਿੱਚ ਰੋ ਰਹੀਆਂ ਔਰਤਾਂ ਕੋਲ ਆ ਗਿਆ। ਉਹ ਨੂੰ ਆਏ ਨੂੰ ਵੇਖ ਕੇ ਔਰਤਾਂ ਸਹਿਮ ਗਈਆਂ ਤੇ ਸੰਭਲ ਕੇ ਬੈਠ ਗਈਆਂ, ਪਰ ਕੁੜੀ ਅਜੇ ਵੀ ਰੋਈ ਜਾ ਰਹੀ ਸੀ। ਗਰੇਵਾਲ ਨੇ ਕੁੜੀ ਦੇ ਸਿਰ ਉੱਤੇ ਹੱਥ ਰੱਖਿਆ ਤੇ ਸਬਰ ਕਰਨ ਲਈ ਕਿਹਾ। ਗਰੇਵਾਲ ਨਾਲ ਉਠ ਕੇ ਸਰਪੰਚ, ਮਾਸਟਰ ਨੰਤ ਰਾਮ ਦਾ ਭਰਾ ਤੇ ਪੰਚ ਵੀ ਆ ਗਏ ਸਨ। ਗਰੇਵਾਲ ਨੇ ਕੁੜੀ ਨਾਲ ਗੱਲੀਂ ਲੱਗ ਕੇ ਉਹਨੂੰ ਚੁੱਪ ਕਰਵਾਇਆ ਤੇ ਕੋਰਾ ਕਾਗਜ਼ ਮੰਗਵਾ ਕੇ ਨੌਕਰੀ ਲਈ ਅਰਜ਼ੀ ਲਿਖਵਾ ਲਈ।
ਸਰਕਾਰ ਬਣੀ ਨੂੰ ਅਜੇ ਸਾਲ ਕੁ ਹੋਇਆ ਸੀ। ਵੱਖ-ਵੱਖ ਮਹਿਕਮਿਆਂ ਦੇ ਰਾਜਸੀ ਆਗੂ ਅਜੇ ਮੁਖੀ ਨਹੀਂ ਸੀ ਲਾਏ। ਨਗਰ ਸੁਧਾਰ ਟਰੱਸਟ ਦਾ ਚਾਰਜ ਗਰੇਵਾਲ ਕੋਲ ਸੀ। ਜਿਸ ਵਿੱਚ ਸੇਵਾਦਾਰਾਂ ਦੀਆਂ ਦੋ ਖਾਲੀ ਥਾਵਾਂ ਪਈਆਂ ਸਨ। ਉਨ੍ਹਾਂ ਨੂੰ ਭਰਨ ਲਈ ਮੁਢਲਾ ਅਮਲ ਸ਼ੁਰੂ ਕਰ ਕੇ ਉਹਨੇ ਉਪਰੋਂ ਮਨਜ਼ੂਰੀ ਲੈ ਕੇ ਦੋ ਛੋਟੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤੇ। ਇਹ ਗੱਲ ਯਕੀਨੀ ਬਣਾਈ ਕਿ ਉਸ ਦਿਨ ਅਖਬਾਰ ਸ਼ਹਿਰ ਵਿੱਚ ਨਾ ਆਉਣ ਤਾਂ ਕਿ ਨੌਕਰੀ ਮੰਗਣ ਵਾਲਿਆਂ ਦੀ ਭੀੜ ਨਾ ਲੱਗੇ। ਉਹ ਚੁੱਪ ਕਰ ਕੇ ਆਪਣੇ ਕੰਮ ਵਿੱਚ ਕਾਮਯਾਬ ਹੋ ਸਕੇ। ਕਿੰਨੀਆਂ ਅਰਜ਼ੀਆਂ ਆਈਆਂ ਨੇ? ਗਰੇਵਾਲ ਦਾ ਰੀਡਰ ਟਰੱਸਟ ਦੇ ਦਫਤਰੋਂ ਅਕਸਰ ਪੁੱਛਦਾ ਰਹਿੰਦਾ, ਪਰ ਗੱਲ ਤਸੱਲੀ ਵਾਲੀ ਸੀ। ਟਰੱਸਟ ਦੇ ਹੋਰ ਮੁਲਾਜ਼ਮਾਂ ਕੋਲੋਂ ਵੀ ਇਸ ਗੱਲ ਦਾ ਓਹਲਾ ਰੱਖਿਆ ਗਿਆ। ਅਰਜ਼ੀਆਂ ਵਾਲੀ ਫਾਈਲ ਦਫਤਰ ਦੇ ਅਫਸਰ ਨੇ ਆਪਣੇ ਕੋਲ ਰੱਖੀ ਹੋਈ ਸੀ।
ਇੰਟਰਵਿਊ ਵਿੱਚ ਪੰਜ ਦਿਨ ਰਹਿੰਦੇ ਸੀ ਕਿ ਅਚਾਨਕ ਅਰਜ਼ੀਆਂ ਦੀ ਹਨੇਰੀ ਆ ਗਈ। ਇਹ ਗੱਲ ਗਰੇਵਾਲ ਦੇ ਰੀਡਰ ਨੇ ਆ ਕੇ ਦੱਸੀ। ਉਹ ਸੁਣ ਕੇ ਹੈਰਾਨ ਰਹਿ ਗਿਆ ਕਿ ਇਹ ਆਸਾਮੀਆਂ ਦੀ ਗੱਲ ਬਾਹਰ ਨਿਕਲੀ ਕਿਵੇਂ? ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਦੇ ਇਸ਼ਤਿਹਾਰ ਵਾਲੇ ਅਖਬਾਰ ਸ਼ਹਿਰ ਵਿੱਚ ਨਹੀਂ ਸੀ ਆਏ ਤਾਂ ਬਲਦੇਵ ਭਾਰਤੀ, ਜਿਸ ਦਾ ਟਾਈਪ ਸੈਂਟਰ ਸੀ ਤੇ ਉਹ ਬੇਰੋਜ਼ਗਾਰਾਂ ਨੂੰ ਨਵੀਆਂ ਨਿਕਲੀਆਂ ਨੌਕਰੀਆਂ ਦੀ ਜਾਣਕਾਰੀ ਦੇ ਕੇ ਤੇ ਫਾਰਮ ਭਰ ਕੇ ਆਪਣਾ ਘਰ ਤੋਰਦਾ ਸੀ, ਨੂੰ ਸ਼ੱਕ ਪੈ ਗਿਆ ਸੀ ਕਿ ਅੱਜ ਦਾਲ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਉਹ ਆਪਣੇ ਕਿੱਤੇ ਦੀਆਂ ਸਾਰੀਆਂ ਬਰੀਕੀਆਂ ਜਾਣਦਾ ਸੀ। ਉਹ ਰੋਜ਼ ਦੁਕਾਨ ਉੱਤੇ ਆਉਣ ਤੋਂ ਪਹਿਲਾ ਬਸ ਅੱਡੇ ਉੱਤੇ ਅਖਬਾਰਾਂ ਵਾਲੀ ਦੁਕਾਨ ਉੱਤੇ ਜਾਂਦਾ। ਖਬਰਾਂ ਨਾਲ ਉਹਦਾ ਕੋਈ ਲਾਗਾ-ਦੇਗਾ ਨਹੀਂ ਸੀ। ਉਹਦੀ ਅੱਖ ਨੌਕਰੀਆਂ ਦੇ ਇਸ਼ਤਿਹਾਰਾਂ ਉੱਤੇ ਹੁੰਦੀ। ਜੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਮਹਿਕਮੇ ਵਿੱਚ ਨੌਕਰੀਆਂ ਨਿਕਲਦੀਆਂ, ਉਹ ਉਹੀ ਅਖਬਾਰ ਮੁੱਲ ਲੈਂਦਾ ਅਤੇ ਫਿਰ ਦੁਕਾਨ ਅੱਗੇ ਚੱਕਵੇਂ ਕਾਲੇ ਬੋਰਡ ਉੱਤੇ ਮੋਟੇ ਅੱਖਰਾਂ ਵਿੱਚ ਲਿਖ ਦਿੰਦਾ, ‘ਨੌਕਰੀਆਂ ਹੀ ਨੌਕਰੀਆਂ’। ਬੇਰੁਜ਼ਗਾਰ ਖਿੱਚੇ ਆਉਂਦੇ। ਇਨ੍ਹਾਂ ਨੌਕਰੀਆਂ ਵੇਲੇ ਵੀ ਇਵੇਂ ਹੋਇਆ ਸੀ।
ਗਰੇਵਾਲ ਕੋਲ ਸਿਫਾਰਸ਼ਾਂ ਦੀ ਝੜੀ ਲੱਗ ਗਈ। ਜਿਹੜਾ ਵੀ ਆਉਂਦਾ, ਇਹੋ ਗੱਲ ਤੋਰਦਾ। ਇਹ ਗੱਲ ਬਿੰਦੇ-ਝੱਟੇ ਸੁਣਦਾ-ਸੁਣਦਾ ਉਹ ਅੱਕ ਗਿਆ, ਪਰ ਉਹ ਗੁੱਸਾ ਦਿਲ ਵਿੱਚ ਦੱਬੀ ਰੱਖਦਾ ਅਤੇ ਆਪਣੀ ਦਫਤਰੀ ਭਾਸ਼ਾ ਵਿੱਚ ਉਪਰੋਂ ਵੱਡੇ ਤੇ ਵਿੱਚੋਂ ਖਾਲੀ ਮੂੰਗਫਲੀ ਵਰਗੀ ਗੱਲ ਕਰ ਕੇ ਟਾਲ ਦਿੰਦਾ। ਅਖਰੀਲੇ ਦਿਨਾਂ ਵਿੱਚ ਉਹਦੀ ਹਾਲਤ ਇਹ ਹੋ ਗਈ ਕਿ ਜਿਹੜਾ ਵੀ ਆਉਂਦਾ, ਲੱਗਦਾ ਕਿ ਉਹ ਇਹੋ ਗੱਲ ਕਰੇਗਾ। ਫੇਰ ਵੀ ਉਹਨੂੰ ਤਸੱਲੀ ਸੀ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵੇਗਾ। ਉਹਨੇ ਸੋਚ ਲਿਆ ਕਿ ਜੇ ਇੱਕ ਬੰਦੇ ਦਾ ਕਿਸੇ ਪਾਸਿਓਂ ਦਬਾਅ ਵੀ ਪੈ ਗਿਆ, ਇੱਕ ਉਹ ਰੱਖ ਲਵੇਗਾ, ਦੂਜੀ ਨੰਤ ਰਾਮ ਦੀ ਕੁੜੀ। ਇਲਾਕੇ ਦਾ ਕਿਹੜਾ ਆਗੂ ਸੀ, ਜਿਹੜਾ ਆਪਣੇ-ਆਪਣੇ ਬੰਦੇ ਰਖਵਾਉਣ ਨਹੀਂ ਸੀ ਆਇਆ। ਸਬ ਡਵੀਜ਼ਨ ਦੇ ਐੱਮ ਐੱਲ ਏਜ਼ ਦੀ ਗੱਲ ਤਾਂ ਦੂਰ, ਸਰਕਲਾਂ ਦੇ ਆਗੂ ਵੀ ਆ ਰਹੇ ਸਨ। ਉਹ ਬੰਦੇ ਵੀ ਆ ਰਹੇ ਸਨ, ਜਿਹੜੇ ਉਸ ਦਫਤਰ ਦੇ ਅਣ-ਦਿਸਦੇ ਹੱਥ-ਪੈਰ ਸਨ, ਜਿਨ੍ਹਾਂ ਦੇ ਸਿਰ ਉੱਤੇ ਉਹਦਾ ਦਫਤਰ ਚੱਲਦਾ ਸੀ। ਜਿਨ੍ਹਾਂ ਦਾ ਕੋਈ ਨਹੀਂ ਸੀ, ਉਨ੍ਹਾਂ ਦੇ ਉਹ ਸਨ। ਉਨ੍ਹਾਂ ਰਾਹੀਂ ਲੋਕਾਂ ਦੇ ਅੜੇ ਗੱਡੇ ਨਿਕਲਦੇ। ਉਨ੍ਹਾਂ ਨੇ ਏਨੇ ਪੈਸੇ ਕਹਿ ਦਿੱਤੇ ਸਨ ਕਿ ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਸੀ, ਪਰ ਉਨ੍ਹਾਂ ਨੂੰ ਗਰੇਵਾਲ ਨੇ ਕਹਿ ਦਿੱਤਾ ਕਿ ਉਹ ਵਿੱਚ ਨਾ ਪੈਣ।
ਵੀਰਵਾਰ ਵਾਲੇ ਦਿਨ ਉਹ ਅੱਕ ਗਿਆ। ਜਿਹੜਾ ਆਉਂਦਾ, ਇਹੋ ਗੱਲ ਕਰਦਾ। ਅੱਕ ਕੇ ਰੀਡਰ ਨੂੰ ਕਹਿ ਦਿੱਤਾ ਸੀ ਕਿ ਉਹ ਨਿੱਕੇ-ਮੋਟੇ ਬੰਦੇ ਨਾ ਭੇਜੇ, ਫੇਰ ਵੀ ਮੂੰਹ ਮੱਥੇ ਲੱਗਦੇ ਲੋਕ ਆ ਰਹੇ ਸਨ। ਕਿਸੇ ਨੂੰ ਕੁਝ, ਕਿਸੇ ਨੂੰ ਕੁਝ ਕਹਿ ਕੇ ਟਾਲ ਰਿਹਾ। ਲੱਕੜ ਦੇ ਮੁੰਡਿਆਂ ਦੀ ਉਹਦੇ ਕੋਲ ਕਮੀ ਨਹੀਂ ਸੀ, ਪਰ ਅੰਦਰੋਂ ਉਹ ਦੁਖੀ ਸੀ। ਨਾਲ-ਨਾਲ ਹੈਰਾਨ ਵੀ ਸੀ ਕਿ ਜੇ ਦੋ ਸੇਵਾਦਾਰਾਂ ਦੀਆਂ ਆਸਾਮੀਆਂ ਵੇਲੇ ਇਹ ਹਾਲ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਬੇਕਾਰੀ ਦਾ ਬਣੇਗਾ ਕੀ?
ਅੱਕਿਆ ਹੋਇਆ ਉਹ ਇੱਕ ਦਿਨ ਪਹਿਲਾਂ ਚੰਡੀਗੜ੍ਹ ਆ ਗਿਆ ਤੇ ਲੁਕਵੇਂ ਮੋਬਾਈਲ ਉੱਤੇ ਆਪਣੇ ਰੀਡਰ ਨੂੰ ਫੋਨ ਕਰ ਕੇ ਪੁੱਛਦਾ ਰਹਿੰਦਾ ਕਿ ਕਿਸ-ਕਿਸ ਦਾ ਫੋਨ ਆਇਆ ਹੈ। ਜਿਨ੍ਹਾਂ ਦੇ ਨਾਂਅ ਰੀਡਰ ਦੱਸ ਰਿਹਾ ਸੀ, ਉਨ੍ਹਾਂ ਦੀ ਉਹਨੂੰ ਕੋਈ ਪ੍ਰਵਾਹ ਨਹੀਂ ਸੀ। ਜਦੋਂ ਰੀਡਰ ਨੇ ਦੱਸਿਆ ਕਿ ਵਾਰ-ਵਾਰ ਹਲਕੇ ਦੇ ਐਮ ਐਲ ਏ ਦਾ ਫੋਨ ਆ ਰਿਹਾ ਹੈ ਤੇ ਉਹ ਤੁਹਾਡਾ ਫੋਨ ਨਾ ਮਿਲਣ ਕਾਰਨ ਗੁੱਸੇ ਹੋ ਰਹੇ ਨੇ ਤਾਂ ਇਹ ਸੁਣ ਕੇ ਉਹ ਅੰਦਰੋਂ ਅੰਦਰੀ ਕੁਝ ਜਰਕਿਆ ਸੀ। ਇਹੋ ਐੱਮ ਐੱਲ ਏ ਉਹਦੀ ਬਦਲੀ ਕਰਵਾ ਕੇ ਲੈ ਕੇ ਗਿਆ ਸੀ, ਪਰ ਉਹਨੇ ਮੋੜਵਾਂ ਫੋਨ ਨਹੀਂ ਕੀਤਾ। ਸੋਚਿਆ ਸੀ ਕਿ ਜਦੋਂ ਸੋਮਵਾਰ ਉਹ ਦਫਤਰ ਜਾਵੇਗਾ ਤਾਂ ਉਹਦੇ ਨਾਲ ਗੱਲ ਕਰ ਕੇ ਇੱਕ ਆਦਮੀ ਉਹਦਾ ਰੱਖ ਲਵੇਗਾ।
ਸੋਮਵਾਰ ਉਹ ਤੜਕੇ ਹੀ ਚੰਡੀਗੜ੍ਹ ਤੋਂ ਚੱਲ ਪਿਆ। ਮੋਬਾਈਲ ਉਹਦਾ ਅਜੇ ਬੰਦ ਸੀ। ਜਿਪਸੀ ਤੇਜ਼ੀ ਨਾਲ ਭੱਜੀ ਜਾ ਰਹੀ ਸੀ। ਉਹ ਸ਼ਹਿਰ ਦੇ ਨੇੜੇ ਆਇਆ ਤਾਂ ਮੋਬਾਈਲ ਖੋਲ੍ਹਿਆ ਤਾਂ ਕਿ ਰੀਡਰ ਤੋਂ ਪਤਾ ਕਰ ਸਕੇ ਕਿ ਟਰੱਸਟ ਵਿੱਚ ਆਏ ਬੰਦਿਆਂ ਦੀ ਕਿੰਨੀ ਕੁ ਭੀੜ ਹੈ। ਉਹ ਰੀਡਰ ਦਾ ਨੰਬਰ ਮਿਲਾਉਣ ਲੱਗਿਆ। ਅਜੇ ਦੋ ਤਿੰਨ ਅੱਖਰ ਹੀ ਦੱਬੇ ਸੀ ਕਿ ਅਚਾਨਕ ਅੱਗੋਂ ਆਵਾਜ਼ ਆਈ, ‘‘ਤੁਹਾਡਾ ਫੋਨ ਲਗਾਤਾਰ ਬੰਦ ਕਿਉਂ ਆ ਰਿਹੈ?”
ਬੋਲਣ ਵਾਲੇ ਦੀ ਆਵਾਜ਼ ਵਿੱਚ ਗੁੱਸਾ ਸੀ। ਗਰੇਵਾਲ ਨੂੰ ਪਤਾ ਲੱਗ ਗਿਆ ਸੀ ਕਿ ਇਹ ਮੁੱਖ ਮੰਤਰੀ ਦੇ ਪੀ ਏ ਦਾ ਫੋਨ ਐ। ਗਰੇਵਾਲ ਕੁਝ ਕਹਿਣ ਲੱਗਾ ਸੀ ਕਿ ਅੱਗੋਂ ਆਵਾਜ਼ ਆਈ, ‘‘ਆਹ ਲਓ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ।”
ਅੱਗੋਂ ਭਾਰੀ ਆਵਾਜ਼ ਆਈ, ‘‘ਕਾਕਾ! ਇੱਕ ਦਫਤਰ ਵਿੱਚ ਅੱਜ ਤੂੰ ਦੋ ਬੰਦੇ ਰੱਖਣੇ ਐਂ। ਤੇਰੇ ਕੋਲ ਹਰਦੇਵ ਸਿੰਘ ਨਾਂਅ ਦਾ ਬੰਦਾ ਆਊ। ਉਹਦੀ ਗੱਲ ਮੰਨ ਕੇ ਰਿਪੋਰਟ ਕਰੀਂ।”
ਇਹ ਸੁਣ ਕੇ ਗਰੇਵਾਲ ਦਾ ਰੰਗ ਉਡ ਗਿਆ। ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਕਿਹਾ, ‘‘ਸਰ ਜੀ, ਸਰ ਜੀ, ਮੇਰੀ ਇੱਕ ਬੇਨਤੀ ਐ, ਸਰ ਜੀ ਮੇਰੀ ਬੇਨਤੀ...।”
ਅੱਗੋਂ ਆਵਾਜ਼ ਨਹੀਂ ਸੀ ਆ ਰਹੀ। ਫੋਨ ਕੱਟਿਆ ਜਾ ਚੁੱਕਾ ਸੀ।

 
Have something to say? Post your comment