Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਨਜਰਰੀਆ

ਦੂਸਰੇ ਹੱਥ ਦਾ ਸਬਕ

November 17, 2021 01:51 AM

-ਡਾਕਟਰ ਧਰਮਪਾਲ ਸਾਹਿਲ
ਮੈਨੂੰ ਸਰਕਾਰੀ ਸਾਇੰਸ ਟੀਚਰ ਨਿਯੁਕਤ ਹੋਇਆਂ ਤਿੰਨ-ਚਾਰ ਸਾਲ ਹੋਏ ਸਨ। ਸਕੂਲ ਵਿੱਚ ਅਨੁਸ਼ਾਸਨ ਪਸੰਦ ਹੋਣ ਕਰ ਕੇ ਮੈਂ ਸਖਤ ਸੁਭਾਅ ਵਾਲੇ ਮਾਸਟਰ ਵਜੋਂ ਜਾਣਿਆ ਜਾਂਦਾ ਸੀ। ਸ਼ਾਇਦ ਇਹ ਮੇਰੇ ਸਮਰਪਿਤ ਅਧਿਆਪਕਾਂ ਦਾ ਅਸਰ ਸੀ, ਜਿਹੜੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਿੱਚ ਕੁਤਾਹੀ ਨਹੀਂ ਵਰਤਦੇ ਸਨ। ਉਹ ਨਾਰੀਅਲ ਵਾਂਗ ਬਾਹਰੋਂ ਬਹੁਤ ਸਖਤ ਸੁਭਾਅ ਦੇ, ਪਰ ਅੰਦਰੋਂ ਇਸ ਦੀ ਗਿਰੀ ਵਾਂਗ ਨਰਮ ਦਿਲ ਸਨ। ਅਸੀਂ ਉਨ੍ਹਾਂ ਤੋਂ ਬਹੁਤ ਡਰਦੇ, ਪਰ ਨਾਲ ਉਨ੍ਹਾਂ ਦੀ ਕਦਰ ਵੀ ਬਹੁਤ ਕਰਦੇ। ਮੈਂ ਅਜੇ ਅਣਵਿਆਹਿਆ ਸੀ। ਕੁਝ ਵਧੇਰੇ ਹੀ ਸੰਵੇਦਨਸ਼ੀਲ ਸਾਂ ਮੈਂ।
ਮੇਰੀਆਂ ਲਘੂ ਕਹਾਣੀਆਂ ਅਕਸਰ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ। ਉਸ ਪੇਂਡੂ ਇਲਾਕੇ ਦੇ ਮੁੰਡੇ-ਕੁੜੀ ਦਾ ਮਾਨਸਿਕ ਪੱਧਰ ਬੇਸ਼ੱਕ ਉਮਰ ਮੁਤਾਬਕ ਸੀ, ਪਰ ਸਰੀਰਕ ਪੱਖੋਂ ਉਹ ਵਧੇਰੇ ਪਰਪੱਕ ਵਿਖਾਈ ਦਿੰਦੇ। ਇੱਕ ਦਿਨ ਮੈਂ ਨੌਵੀਂ ਜਮਾਤ ਦੀਆਂ ਕਾਪੀਆਂ ਚੈਕ ਕਰ ਰਿਹਾ ਸੀ। ਜਿਸ ਬੱਚੇ ਦਾ ਕੰਮ ਪੂਰਾ ਨਾ ਹੁੰਦਾ, ਉਸ ਨੂੰ ਸੋਟੀ ਨਾਲੋ-ਨਾਲ ਸਜ਼ਾ ਵੀ ਦੇ ਰਿਹਾ ਸੀ। ਆਪਣੀ ਵਾਰੀ ਸਿਰ ਇੱਕ ਲੜਕੀ ਕਾਪੀ ਲੈ ਕੇ ਆਈ। ਉਹ ਅਕਸਰ ਪਿਛਲੇ ਬੈਂਚਾਂ ਉੱਤੇ ਬੈਠਦੀ ਸੀ।
ਉਹ ਜਮਾਤ ਵਿੱਚ ਖਾਮੋਸ਼ ਰਹਿੰਦੀ। ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਘੱਟ-ਵੱਧ ਹੀ ਦਿੰਦੀ। ਲਾਇਕ ਬੱਚਿਆਂ ਵਿੱਚ ਉਸ ਦਾ ਸ਼ੁਮਾਰ ਨਹੀਂ ਸੀ ਕੀਤਾ ਜਾ ਸਕਦਾ। ਉਸ ਦਾ ਚਿਹਰਾ ਕਿਸੇ ਫਿਲਮੀ ਅਦਾਕਾਰਾ ਨਾਲ ਕਾਫੀ ਮਿਲਦਾ-ਜੁਲਦਾ ਸੀ। ਇੱਕ ਅਜੀਬ ਜਿਹੀ ਸਾਦਗੀ ਅਤੇ ਗੰਭੀਰਤਾ ਉਸ ਦੇ ਚਿਹਰੇ ਤੋਂ ਝਲਕਦੀ। ਉਸ ਦਾ ਪਿਛਲਾ ਕਾਫੀ ਕੰਮ ਬਕਾਇਆ ਪਿਆ ਸੀ। ‘ਕੰਮ ਪੂਰਾ ਕਰੋ’ ਦੇ ਨੋਟ ਚੜ੍ਹੇ ਹੋਏ ਸਨ। ਮੈਨੂੰ ਅਜਿਹੇ ਬੱਚਿਆਂ ਉੱਤੇ ਬਹੁਤ ਗੁੱਸਾ ਆਉਂਦਾ।
ਮੈਂ ਉਸ ਨੂੰ ਕਮ ਪੂਰਾ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਨਾ ਕੋਈ ਬਹਾਨਾ ਬਣਾਇਆ ਤੇ ਨਾ ਕੋਈ ਤਸੱਲੀ ਬਖਸ਼ ਜਵਾਬ ਦਿੱਤਾ। ਆਦਤ ਅਨੁਸਾਰ ਮੈਂ ਡੰਡਾ ਹਵਾ ਵਿੱਚ ਲਹਿਰਾਉਂਦਿਆਂ ਉਸ ਨੂੰ ਹੱਥ ਅੱਗੇ ਕਰਨ ਨੂੰ ਕਿਹਾ। ਉਸ ਨੇ ਸ਼ਾਲ ਦੀ ਬੁੱਕਲ ਵਿੱਚੋਂ ਸੱਜਾ ਹੱਥ ਬਾਹਰ ਕੱਢ ਕੇ ਸੋਟੀ ਖਾਣ ਲਈ ਅੱਗੇ ਕਰ ਦਿੱਤਾ। ਵਧੇ ਹੋਏ ਹੱਥ ਉੱਤੇ ਸੋਟੀ ਵੱਜੀ। ਉਸ ਦਾ ਚਿਹਰਾ ਪੀੜ ਨਾਲ ਜਿਵੇਂ ਨਪੀੜਿਆ ਗਿਆ। ਮੈਂ ਦੂਜਾ ਹੱਥ ਅੱਗੇ ਕਰਨ ਲਈ ਕਿਹਾ, ਪਰ ਉਸ ਨੇ ਫਿਰ ਪਹਿਲੇ ਵਾਲਾ ਸੱਟ ਖਾਧਾ ਹੱਥ ਮੇਰੇ ਅੱਗੇ ਵਧਾ ਦਿੱਤਾ। ਮੈਂ ਬਿਨਾਂ ਸੋਚਿਆਂ ਸਮਝਿਆਂ ਮੁੜ ਉਸੇ ਹੱਥ ਉੱਤੇ ਸੋਟੀ ਮਾਰੀ। ਲੜਕੀ ਦੇ ਪੀੜ ਨਾਲ ਬੁੱਲ੍ਹ ਸੰੁਗੜ ਗਏ। ਉਸ ਨੇ ਹੱਥ ਕਾਹਲੀ ਨਾਲ ਬੁੱਕਲ ਅੰਦਰ ਲੁਕੋ ਕੇ ਕੱਛ ਹੇਠਾਂ ਦਬਾ ਲਿਆ। ਉਸ ਦੀਆਂ ਕਾਲੀਆਂ ਮੋਟੀਆਂ ਅੱਖਾਂ ਵਿੱਚੋਂ ਅੱਥਰ ਡਲ੍ਹਕ ਪਏ। ‘ਕੰਮ ਪੂਰਾ ਨਹੀਂ ਕਰਦੀ ਤੇ ਰੋ ਕੇ ਦੱਸਦੀ ਏਂ, ਢੀਠ ਕਿਸੇ ਥਾਂ ਦੀ। ਤੇਰਾ ਪਿਛਲਾ ਕੰਮ ਕੌਣ ਪੂਰੇ ਕਰੇਗਾ? ਤੁਹਾਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਥੋੜ੍ਹੀ ਹੈ।’
ਮੇਰੇ ਗੁੱਸੇ ਭਰੇ ਸਵਾਲ ਦਾ ਉਸ ਨੇ ਕੋਈ ਜਵਾਬ ਨਾ ਦਿੱਤਾ। ਉਲਟੇ ਉਹ ਨਫਰਤ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ। ਉਸ ਦੀ ਖਾਮੋਸ਼ੀ ਮੇਰੇ ਗੁੱਸੇ ਦੀ ਅੱਗ ਉੱਤੇ ਜਿਵੇਂ ਘਿਓ ਪਾਉਣ ਦਾ ਕੰਮ ਕਰ ਰਹੀ ਸੀ। ਸਾਰੀ ਜਮਾਤ ਵਿੱਚ ਦਹਿਸ਼ਤ ਭਰੀ ਚੁੱਪ ਪੱਸਰੀ ਹੋਈ ਸੀ। ਮੇਰੇ ਉੱਤੇ ਪਤਾ ਨਹੀਂ ਕਿਹੜਾ ਪਾਗਲਪਣ ਸਵਾਰ ਸੀ। ਮੈਂ ਮੁੜ ਹਵਾ ਵਿੱਚ ਡੰਡਾ ਲਹਿਰਾਉਂਦਿਆਂ ਉਸ ਨੂੰ ਫਿਰ ਹੱਥ ਅੱਗੇ ਕਰਨ ਲਈ ਕਿਹਾ। ਉਸ ਨੇ ਕੁਝ ਝਿਜਕ ਕੇ ਫਿਰ ਤੋਂ ਤੀਸਰੀ ਸੱਟ ਖਾਣ ਲਈ ਸੱਜਾ ਹੱਥ ਹੀ ਅੱਗੇ ਵਧਾ ਦਿੱਤਾ। ਉਹ ਜਿਵੇਂ ਮੇਰੇ ਵਹਿਸ਼ੀਪੁਣੇ ਦੀ ਪ੍ਰੀਖਿਆ ਲੈਣਾ ਚਾਹੁੰਦੀ ਸੀ। ‘ਦੂਸਰਾ ਹੱਥ ਕਿਉਂ ਨਹੀਂ ਕਰਦੀ ਅੱਗੇ?’ ਕਹਿੰਦਿਆਂ ਮੈਂ ਹੱਥਲੀ ਸੋਟੀ ਨਾਲ ਹੀ ਉਸ ਦੀ ਬੁੱਕਲ ਦੇ ਪੱਲੇ ਨੂੰ ਪਰੇ ਹਟਾ ਦਿੱਤਾ। ਮੇਰੇ ਵੱਲੋਂ ਬੇਪਰਦਾ ਕਰਨਾ ਉੱਤੇ ਸ਼ਾਇਦ ਉਹ ਸ਼ਰਮ ਖਾ ਗਈ ਸੀ। ਲੜਕੀ ਨੇ ਸਿਰ ਝੁਕਾ ਲਿਆ ਸੀ।
ਮੇਰੀ ਨਿਗਾਹ ਉਸ ਦੇ ਦੂਸਰੇ ਹੱਥ ਉੱਤੇ ਪਈ। ਕਿਸੇ ਅੱਧ ਵੱਢੀ ਝੂਲਦੀ ਸ਼ਾਖ ਵਾਂਗ ਉਸ ਦੀ ਪੋਲੀਓ ਮਾਰੀ ਖੱਬੀ ਬਾਂਹ ਲਮਕ ਰਹੀ ਸੀ। ਉਸ ਨੇ ਬੇਹੱਦ ਲਾਚਾਰੀ ਵਿੱਚ ਸੱਜੇ ਹੱਥ ਨਾਲ ਆਪਣਾ ਪੋਲੀਓ ਮਾਰਿਆ ਖੱਬਾ ਹੱਥ ਫੜ ਕੇ ਅੱਗੇ ਕਰ ਦਿੱਤਾ ਤੇ ਉਸ ਦੀਆਂ ਅੱਥਰੂਆਂ ਨਾਲ ਭਰੀਆਂ ਅੱਖਾਂ ਜਿਵੇਂ ਚੀਕ ਕੇ ਕਹਿ ਰਹੀਆਂ ਸਨ, ‘‘ਲੈ ਮਾਰ ਲੈ ਜਿੰਨੀਆਂ ਮਰਜ਼ੀ ਸੋਟੀਆਂ।” ਮੈਂ ਸਿਰ ਤੋਂ ਪੈਰਾਂ ਤਾਈਂ ਕੰਬ ਗਿਆ।
ਮੇਰਾ ਸਾਰਾ ਸਰੀਰ ਇਕਦਮ ਮਿੱਟੀ ਹੋ ਗਿਆ ਹੋਵੇ। ਸੋਟੀ ਜ਼ਮੀਨ ਉੱਤੇ ਡਿੱਗ ਪਈ। ਮੈਂ ਸ਼ਰਮਿੰਦਾ ਹੋਇਆ, ਡੂੰਘੀ ਨਮੋਸ਼ੀ ਦਾ ਮਾਰਿਆ ਪੱਥਰ ਹੋ ਗਿਆ। ਡੌਰ-ਭੌਰ ਹੋਈ ਜਮਾਤ ਵੇਲੇ ਵੱਲ ਹੈਰਾਨਕੰੁਨ ਨਜ਼ਰਾਂ ਨਾਲ ਵੇਖ ਰਹੀ ਸੀ। ਮੇਰੀਆਂ ਅੱਖਾਂ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕੀਆਂ। ਮੇਰੇ ਮੂੰਹ ਵਿੱਚੋਂ ਬੱਸ ਇੰਨਾ ਹੀ ਨਿਕਲਿਆ, ‘‘ਉਹ ਸੌਰੀ।” ਮੈਂ ਕਾਪੀਆਂ ਚੈੱਕ ਕਰਨ ਦਾ ਕੰਮ ਵਿਚਾਲੇ ਛੱਡ ਕੇ ਸੀਨੇ ਉੱਤੇ ਮਣਾਂ ਮੂੰਹੀਂ ਬੋਝ ਲੈ ਕੇ ਭਾਰੀ ਕਦਮਾਂ ਨਾਲ ਕਲਾਸ ਤੋਂ ਬਾਹਰ ਆ ਗਿਆ। ਇਸ ਘਟਨਾ ਦਾ ਮੇਰੇ ਸੰਵੇਦਨਸ਼ੀਲ ਮਨ ਉੱਤੇ ਇੰਨਾ ਅਸਰ ਹੋਇਆ ਕਿ ਘਰ ਜਾ ਕੇ ਵੀ ਮੈਂ ਬੇਹੱਦ ਪ੍ਰੇਸ਼ਾਨ ਰਿਹਾ। ਸਾਰੀ ਰਾਤ ਕਰਵਟਾਂ ਲੈਂਦੇ ਅੱਖਾਂ ਵਿੱਚ ਲੰਘ ਗਈ। ਅੱਖਾਂ ਮੂਹਰੇ ਉਸ ਲੜਕੀ ਦਾ ਅੱਥਰੂਆਂ ਨਾਲ ਭਿੱਜਾ ਚਿਹਰਾ ਘੁੰਮਦਾ ਰਿਹਾ। ਮੇਰੀ ਆਤਮਾ ਮੈਨੂੰ ਝੰਜੋੜਦੀ, ‘‘ਕੀ ਸਿਰਫ ਸੌਰੀ ਕਹਿਣ ਨਾਲ ਤੇਰਾ ਬੱਜਰ ਗੁਨਾਹ ਮਾਫ ਹੋ ਜਾਵੇਗਾ। ਮੈਂ ਜਮਾਤ ਵਿੱਚ ਉਸ ਲੜਕੀ ਦਾ ਸਾਹਮਣਾ ਕਿਵੇਂ ਕਰ ਸਕਾਂਗਾ?”
ਇਸ ਪ੍ਰੇਸ਼ਾਨੀ ਵਿੱਚ ਡੁੱਬਿਆ ਹੋਇਆ ਮੈਂ ਅਗਲੇ ਦਿਨ ਦੀ ਛੁੱਟੀ ਲੈ ਲਈ ਤੇ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਬੰਦ ਰਿਹਾ। ਫਿਰ ਮੈਂ ਇਸ ਘਟਨਾ ਨੂੰ ਆਧਾਰ ਬਣਾ ਕੇ ਇੱਕ ਕਹਾਣੀ ਲਿਖੀ ‘ਦੂਸਰਾ ਹੱਥ'। ਉਸ ਕਹਾਣੀ ਦੇ ਅੰਤ ਵਿੱਚ ਮੈਂ ਮਾਸਟਰ ਨੂੰ ਇਸ ਗੁਨਾਹ ਦੇ ਪਛਤਾਵੇ ਵਜੋਂ ਖੁਦਕੁਸ਼ੀ ਕਰਦਿਆਂ ਵਿਖਇਆ ਸੀ। ਕੁਝ ਦਿਨਾਂ ਬਾਅਦ ਇੱਕ ਅਖਬਾਰ ਵਿੱਚ ਇਹ ਕਹਾਣੀ ਛਪ ਵੀ ਗਈ ਸੀ। ਫਿਰ ਇਹ ਕਹਾਣੀ ਮੈਂ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਸੁਣਾਈ ਵੀ ਸੀ। ਉਹ ਲੜਕੀ ਇਸ ਕਹਾਣੀ ਤੋਂ ਬਹੁਤ ਪ੍ਰਭਾਵਤ ਹੋਈ ਲੱਗਦੀ ਸੀ। ਉਸ ਨੇ ਮੇਰੇ ਵਿਸ਼ੇ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਜਮਾਤ ਵਿੱਚ ਮੂਹਰਲੇ ਬੈਂਚਾਂ ਉੱਤੇ ਬੈਠਦੀ। ਕਲਾਸ ਦੇ ਹਰ ਕੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੀ। ਮੇਰੀ ਉਸ ਪ੍ਰਤੀ ਹਮਦਰਦੀ ਵੱਧ ਗਈ। ਉਹ ਕਿਸੇ ਨਾ ਕਿਸੇ ਬਹਾਨੇ ਲਾਗੇ ਹੋਣ ਦੀ ਕੋਸ਼ਿਸ਼ ਕਰਦੀ। ਮੈਂ ਉਸ ਨੂੰ ਖੁਸ਼ ਵੇਖਣਾ ਚਾਹੁੰਦਾ ਸੀ।
ਜਿਵੇਂ ਮੈਂ ਉਸ ਨੂੰ ਖੁਸ਼ ਵੇਖ ਕੇ ਆਪਣੇ ਗੁਨਾਹ ਦਾ ਪਛਤਾਵਾ ਕਰ ਰਿਹਾ ਹੋਵਾਂ। ਮੈਂ ਉਸ ਦੇ ਭਵਿੱਖ ਬਾਰੇ ਸੋਚਦਾ। ਇਸ ਘਟਨਾ ਮਗਰੋਂ ਮੇਰੇ ਅੰਦਰ ਇੱਕ ਪਰਿਵਰਤਨ ਆਇਆ ਸੀ। ਚਾਲੀ ਵਰ੍ਹੇ ਮਗਰੋਂ ਉਹ ਲੜਕੀ ਕਿੱਥੇ ਤੇ ਕਿਸ ਹਾਲ ਵਿੱਚ ਹੈ? ਮੈਨੂੰ ਨਹੀਂ ਪਤਾ, ਪਰ ਮੈਂ ਜਦੋਂ ਕਿਸੇ ਵਿਦਿਆਰਥੀ ਨੂੰ ਉਸ ਦੀ ਗਲਤੀ ਦੀ ਸਜ਼ਾ ਦੇਣ ਲੱਗਦਾ ਤਾਂ ਮੇਰੀਆਂ ਅੱਖਾਂ ਮੂਹਰੇ ਉਸ ਲੜਕੀ ਦਾ ਮਾਸੂਮ ਚਿਹਰਾ ਆ ਜਾਂਦਾ। ਇੰਝ ਲੱਗਦਾ ਜਿਵੇਂ ਉਹ ਮੇਰੇ ਸਾਹਮਣੇ ਖੜ੍ਹੀ ਹੋ ਕੇ ਮੇਰਾ ਹੱਥ ਰੋਕ ਲੈਂਦੀ। ਆਪਣੇ ਅੰਦਰਲਾ ਇਹ ਬਦਲਾਅ ਮੈਂ ਆਪਣੀ ਨੌਕਰੀ ਦੇ ਆਖਰੀ ਦਿਨ ਤੱਕ ਮਹਿਸੂਸ ਕੀਤਾ ਹੈ।

 
Have something to say? Post your comment