ਓਨਟਾਰੀਓ, 20 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਮੀਗ੍ਰੈਂਟਸ ਬਾਰੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਉੱਤੇ ਵਿਰੋਧੀ ਧਿਰਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਪਰ ਬਹੁਤ ਸਾਰੇ ਨਵੇਂ ਕੈਨੇਡੀਅਨਜ਼ ਵੱਲੋਂ ਉਨ੍ਹਾਂ ਨੂੰ ਇਹ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਿਆਨ ਬਹੁਤ ਜ਼ਬਰਦਸਤ ਸੀ।
ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਬਰੈਂਪਟਨ ਈਸਟ ਤੋਂ ਐਮਪੀਪੀ ਗੁਰਰਤਨ ਸਿੰਘ ਨੇ ਮੰਗ ਕੀਤੀ ਕਿ ਫੋਰਡ ਨੂੰ ਨਵੇਂ ਕੈਨੇਡੀਅਨਜ਼ ਬਾਰੇ ਇਸ ਤਰ੍ਹਾਂ ਦੀਆਂ ਦਕਿਆਨੂਸੀ ਤੇ ਨਸਲੀ ਟਿੱਪਣੀਆਂ ਨਹੀਂ ਸਨ ਕਰਨੀਆਂ ਚਾਹੀਦੀਆਂ ਤੇ ਹੁਣ ਉਨ੍ਹਾਂ ਨੂੰ ਆਪਣੀਆਂ ਅਜਿਹੀਆਂ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ।ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਹੀ ਦਿਲ ਦੁਖਾਉਣ ਵਾਲੀਆਂ, ਵੰਡੀਆਂ ਪਾਉਣ ਵਾਲੀਆਂ ਤੇ ਗਲਤ ਸਨ।
ਸੋਮਵਾਰ ਨੂੰ ਫੋਰਡ ਜਦੋਂ ਤੇਕੁਮਸੇਹ ਦੇ ਦੌਰੇ ਉੱਤੇ ਗਏ ਸਨ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮੀਗ੍ਰੈਂਟਸ ਬਾਰੇ ਇਹ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਆਖਿਆ ਕਿ ਸਾਨੂੰ ਦੁਨੀਆ ਭਰ ਦੇ ਲੋਕਾਂ ਦੀ ਬਹੁਤ ਲੋੜ ਹੈ। ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਸਾਨੂੰ ਸਿਰਫ ਮਿਹਨਤੀ ਲੋਕਾਂ ਦੀ ਹੀ ਲੋੜ ਹੈ।ਇਨ੍ਹਾਂ ਵਿਵਾਦਗ੍ਰਸਤ ਬਿਆਨਾਂ ਲਈ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਫੋਰਡ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਪਰ ਅਜਿਹਾ ਕਰਨ ਤੋਂ ਫੋਰਡ ਨੇ ਇਨਕਾਰ ਕਰ ਦਿੱਤਾ।