Welcome to Canadian Punjabi Post
Follow us on

21

October 2021
 
ਨਜਰਰੀਆ

ਛੰਦ ਪਰਾਗੇ ਆਈਏ ਜਾਈਏ..

September 15, 2021 02:23 AM

-ਸਰਬਜੀਤ ਸਿੰਘ ਝੱਮਟ
ਦੋ-ਢਾਈ ਦਹਾਕੇ ਪਹਿਲਾਂ ਵਿਆਹ ਮੈਰਿਜ ਪੈਲੇਸਾਂ ਦੀਆਂ ਚਕਾਚੌਧ ਰੰਗੀਨੀਆਂ ਦੀ ਬਜਾਏ ਪਿੰਡਾਂ ਵਿੱਚ ਹੋਇਆ ਕਰਦੇ ਸਨ। ਬਰਾਤ ਦਾ ਉਤਾਰਾ ਆਮ ਕਰ ਕੇ ਕਿਸੇ ਧਰਮਸ਼ਾਲਾ ਜਾਂ ਸਰਦੇ-ਪੁੱਜਦੇ ਖੁੱਲ੍ਹੇ ਘਰ ਵਿੱਚ ਹੋਇਆ ਕਰਦਾ ਸੀ। ਵਿਆਹ ਦੀ ਮੁੱਖ ਰਸਮ ਲਾਵਾਂ-ਫੇਰੇ ਹੁੰਦੀ ਸੀ। ਲਾਵਾਂ ਆਦਿ ਮਗਰੋਂ ਤੇ ਡੋਲੀ ਤੁਰਨ ਤੋਂ ਪਹਿਲਾਂ ਲਾੜੇ ਨੂੰ ਕੁੜੀ ਵਾਲਿਆਂ ਦੇ ਘਰ ਕੁਝ ਵਿਹਾਰ ਕਰਨ ਲਈ ਸੱਦਿਆ ਅਤੇ ਪਲੰਘ ਉੱਤੇ ਬਿਠਾਇਆ ਜਾਂਦਾ ਸੀ। ਸਰਬਾਲਾ ਤੇ ਲਾੜੇ ਨੂੰ ਆ ਘੇਰ ਲੈਂਦੀਆਂ ਤੇ ਟਿੱਚਰ ਮਖੌਲ ਕਰਦੀਆਂ। ਚੜ੍ਹਦੀ ਤੋਂ ਚੜ੍ਹਦੀ ਗੱਲ ਕਰਕੇ ਉਸਦੀ ਹੇਠੀ ਕਰਨੀਆਂ ਚਾਹੁੰਦੀਆਂ। ਮੁੱਕਦੀ ਗੱਲ ਕਿ ਉਸ ਨੂੰ ਛੰਦ ਸੁਣਾਉਣ ਲਈ ਕਹਿੰਦੀਆਂ। ਇਸ ਨਾਲ ਲਾੜੇ ਨੂੰ ਵੀ ਸਹੁਰਾ ਪਰਵਾਰ ਨਾਲ ਖੁੱਲ੍ਹਣ ਦਾ ਮੌਕਾ ਮਿਲਦਾ।
ਇਸ ਮੰਤਵ ਵੀ ਪੂਰਤੀ ਲਈ ਸਿਆਣੇ ਬੰਦੇ ਲਾੜੇ ਨੂੰ ਕੁਝ ਛੰਦ ਪਹਿਲਾਂ ਯਾਦ ਕਰਨ ਲਈ ਕਹਿ ਛੱਡਦੇ ਸਨ ਤਾਂ ਕਿ ਉਹ ਪੂਰੀ ਤਿਆਰੀ ਕਰਕੇ ਸਾਲੀਆਂ ਦੇ ਮੱਥੇ ਲੱਗੇ ਅਤੇ ਆਪਣੀ ਤੇ ਆਪਣੇ ਖਾਨਦਾਨ ਦੀ ਹੇਠੀ ਨਾ ਕਰਾਵੇ। ਕਈ ਵਾਰ ਲਾੜਾ ਸੰਗ ਜਾਂਦਾ ਤੇ ਸੰਗ-ਸ਼ਰਮ ਵਿੱਚ ਯਾਦ ਕੀਤੇ ਛੰਦ ਭੁੱਲ ਕੇ ਸਾਲੀਆਂ ਤੋਂ ਹਾਰ ਮੰਨ ਜਾਂਦਾ। ਫਿਰ ਇਸ ਸਮੇਂ ਉਸ ਨਾਲ ਆਏ ਜੋਟੀਦਾਰ ਉਸ ਦੀ ਮਦਦ ਕਰਨ ਦੀ ਠਾਣ ਕੇ ਲਾੜੇ ਦੇ ਕੰਨ ਵਿੱਚ ਕੋਈ ਆੜੀ ਕਿਸੇ ਛੰਦ ਦਾ ਸੰਖੇਪ ਜਿਹਾ ਹਿੱਸਾ ਦੱਸਦਾ ਤੇ ਲਾੜੇ ਨੂੰ ਛੰਦ ਯਾਦ ਆ ਜਾਂਦਾ ਤੇ ਸਾਲੀਆਂ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਵਿੱਚ ਕਹਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ,
ਤੁਸੀਂ ਮੇਰੀਆਂ ਭੈਣਾਂ ਲੱਗੋ, ਮੈਂ ਤੁਹਾਡਾ ਵੀਰ।
ਇਉਂ ਕਹਿ ਕੇ ਉਹ ਸਾਲੀਆਂ ਦੀ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰਦਾ। ਕਈ ਵਾਰ ਲਾੜਾ ਧਾਰਮਿਕ ਬਿਰਤੀ ਦਾ ਹੁੰਦਾ ਜਾਂ ਆਪਣੇ ਧਾਰਮਿਕ ਅਕੀਦੇ ਵਿੱਚ ਪਰਿਪੱਕ ਹੁੰਦਾ ਤਾਂ ਉਹ ਆਖਦਾ:
ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ,
ਗੁਰੂ ਨੇ ਐਸੀ ਕਿਰਪਾ ਕੀਤੀ, ਸੱਚਿਆਂ ਦੇ ਮੇਲ ਕਰਾਏ।
ਕੁੜੀਆਂ ਖ਼ੁਸ਼ ਹੁੰਦੀਆਂ ਕਿ ਇਹ ਸਾਨੂੰ ਚੰਗੇ ਸਮਝਦਾ ਹੈ ਤੇ ਸੱਚ ਕਹਿੰਦਾ ਹੈ। ਕਈ ਕਹਿੰਦੀਆਂ ਨੀਂ ਇਹ ਖੁੱਲ੍ਹਦਾ ਜਾਂਦਾ ਹੈ। ਇਹਨੂੰ ਹੋਰ ਵੀ ਛੰਦ ਆਉਂਦੇ ਹੋਣਗੇ। ਕੋਈ ਉਸ ਨੂੰ ਕਹਿੰਦੀ, ‘ਜੀਜਾ, ਹੋਰ ਵੀ ਆਉਂਦੇ ਛੰਦ ਕਿ ਮੁੱਕਗੇ।'' ਫਿਰ ਜੀਜਾ ਵੀ ਸੰਗ ਜਿਹੀ ਲਾਹ ਕੇ ਕਹਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ,
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਮੇਰੀ ਮਾਂ।
ਕੁੜੀਆਂ ਖ਼ੁਸ਼ ਹੋ ਜਾਂਦੀਆਂ ਅਤੇ ਸਮਝਦੀਆਂ ਕਿ ਸਾਡੇ ਮਾਂ-ਪਿਓ ਨੂੰ ਕਿੰਨਾ ਸਤਿਕਾਰ ਦਿੰਦਾ ਹੈ। ਕੋਲ ਖੜ੍ਹੀ ਇੱਕ ਹੋਰ ਟਕੋਰਦੀ ਹੈ, ‘ਕੁੜੇ ਛੰਦ ਤਾਂ ਇਹਨੂੰ ਯਾਦ ਸੀ ਐਵੇਂ ਸਾਲੀਆਂ ਦਾ ਰੋਅਬ ਦੇਖ ਕੇ ਭੁੱਲ ਗਿਆ ਸੀ। ਕੋਈ ਹੋਰ ਵੀ ਆਉਂਦਾ ਕਿ ਪੱਲਾ ਝਾੜ ਬੈਠਿਆਂ।’ ਅੱਗੋਂ ਲਾੜਾ ਅਗਲਾ ਛੰਦ ਛੋਹ ਦਿੰਦਾ। ਕੋਲ ਖੜ੍ਹੀ ਕੁੜੀ ਦੇ ਮਾਮੇ ਦੀ ਕੁੜੀ ਚਿਤਾਰਦੀ ਹੈ, ‘ਜੀਜਾ ਹੋਰਾਂ ਦੇ ਕਹੇ ਤਾਂ ਭੁੱਟ ਭੁੱਟ ਸੁਣਾਈ ਗਿਆ, ਕੀ ਮੇਰੀ ਵਾਰੀ ਤੇਰੇ ਛੰਦ ਮੁੱਕਗੇ?’
ਉਸ ਕੋਲ ਤਾਂ ਪਹਿਲਾਂ ਹੀ ਜਵਾਬ ਹੁੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਢੇਰਨਾ,
ਵਿਆਹ ਮੁਕਲਾਵਾ `ਕੱਠਾ ਦੇ ਦਿਓ, ਘੜੀ ਘੜੀ ਨਾ ਫੇਰਨਾ।
“ਚੱਲ ਵਿਆਹ-ਮੁਕਲਾਵਾ `ਕੱਠਾ ਦੇਣਾ ਜਾਂ ਨਾ ਦੇਣਾ ਮਾਪਿਆਂ ਦੀ ਮਰਜ਼ੀ ਆ। ਤੂੰ ਕੋਈ ਕੰਮ ਦੀ ਗੱਲ ਵੀ ਕਰ, ਸਾਡੀ ਕੁੜੀ ਦਾ ਕਿੰਨਾ ਕੁ ਖਿਆਲ ਰੱਖੇਂਗਾ?’ ਕੋਈ ਆਪਣੀ ਉਤਸੁਕਤਾ ਜ਼ਾਹਰ ਕਰਦੀ। ਜਵਾਬ ਪਹਿਲਾਂ ਤਿਆਰ ਹੁੰਦਾ”
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਾਲਾ,
ਕੁੜੀ ਤੁਹਾਡੀ ਨੂੰ ਇਉਂ ਰੱਖੂੰਗਾ, ਜਿਉਂ ਮੋਤੀਆਂ ਦੀ ਮਾਲਾ।
ਇਹ ਛੰਦ ਸੁਣਾ ਕੇ ਉਹ ਸਮਝਦਾ ਕਿ ਇਸ ਤੋਂ ਪ੍ਰਭਾਵਿਤ ਹੋ ਕੇ ਸਾਲੀਆਂ ਉਸ ਦਾ ਖਹਿੜਾ ਛੱਡ ਦੇਣਗੀਆਂ ਅਤੇ ਉਹ ਡੋਲੀ ਲੈ ਕੇ ਚਲਾ ਜਾਵੇਗਾ, ਪਰ ਕਿੱਥੇ, ਸਾਲੀਆਂ ਦਾ ਝੁਰਮੁਟ ਉਸ ਨੂੰ ਜੀਜਾ ਹੋਰ, ਜੀਜਾ ਹੋਰ ਕਹਿ ਕੇ ਹੋਰ ਛੰਦ ਸੁਣਾਉਣ ਲਈ ਮਜਬੂਰ ਕਰ ਦਿੰਦਾ ਅਤੇ ਉਸ ਨੂੰ ਫਸੇ ਨੂੰ ਕਹਿਣਾ ਪੈਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ,
ਧੀ ਤੁਹਾਡੀ ਨੂੰ ਇੰਜ ਰੱਖਾਂਗਾ, ਜਿਉਂ ਮੁੰਦਰੀ ਵਿੱਚ ਹੀਰਾ।
ਕੋਈ ਸਿਆਣੀ ਆ ਕੇ ਕਹਿੰਦੀ, ‘ਨੀਂ ਬਸ ਕਰੋ ਇਨ੍ਹਾਂ ਨੇ ਜਾਣਾ ਵੀ ਦੂਰ ਆ। ਜਦੋਂ ਫਿਰ ਆਇਆ, ਸੁਣ ਲਿਓ।’ ਫਿਰ ਸੱਸ ਆਪਣਾ ਵਿਹਾਰ ਕਰਨ ਲੱਗਦੀ। ਉਹ ਵਿਆਹ ਵਾਲੇ ਕਾਕੇ ਦਾ ਸਿਰ ਪਲੋਸ ਕੇ ਲੱਡੂ, ਖੋਪੇ ਦੇ ਗੁੱਟ ਅਤੇ ਕਈ ਹੋਰ ਚੀਜ਼ਾਂ ਉਸ ਦੀ ਝੋਲੀ ਵਿੱਚ ਸਿਰ ਤੋਂ ਵਾਰ ਕੇ ਪਾ ਦਿੰਦੀ ਤੇ ਕਹਿੰਦੀ, ‘ਰਾਜ਼ੀ ਬਾਜ਼ੀ ਰਹੇ ਮੇਰਾ ਪੁੱਤ, ਜੁਆਨੀਆਂ ਮਾਣੇ, ਅੱਜ ਵਾਂਗੂੰ ਹੱਸਦਾ ਖੇਲ੍ਹਦਾ ਆਵੇ ਤੇ ਹੱਸਦਾ ਖੇਲ੍ਹਦਾ ਜਾਵੇ।’ ਇਹ ਬਚਨ ਸੁਣ ਕੇ ਉਹ ਸਾਥੀਆਂ ਸਮੇਤ ਵਾਪਸ ਜੰਝ-ਘਰ ਆ ਜਾਂਦਾ।
ਅੱਜ ਕੱਲ੍ਹ ਇਹ ਰਸਮ ਤਕਰਬੀਨ ਖ਼ਤਮ ਹੋ ਗਈ ਹੈ। ਮੈਰਿਜ ਪੈਲੇਸ ਦੇ ਵਿਆਹ ਕੁਝ ਘੰਟਿਆਂ ਦੀ ਖੇਡ ਹੀ ਰਹਿ ਗਏ ਹਨ। ਪਹਿਲਾਂ ਤਾਂ ਬਰਾਤ 12 ਵਜੇ ਦੇ ਨੇੜੇ-ਤੇੜੇ ਪੁੱਜਦੀ ਹੈ। ਫਿਰ ਜਲਦੀ-ਜਲਦੀ ਚਾਹ ਪੀ ਕੇ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਲਈ ਚਲੇ ਜਾਂਦੇ ਹਨ। ਉਥੇ ਭਾਈ ਜੀ ਨੂੰ ਵੀ ਇਹ ਰਸਮ ਜਲਦੀ ਨਿਬੇੜਨ ਲਈ ਇਸ਼ਾਰਾ ਕੀਤਾ ਜਾਂਦਾ ਹੈ। ਆਉਂਦਿਆਂ ਸਾਰ ਸ਼ਗਨ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਡੀ ਜੇ ਵਾਲੇ ਆਪਣਾ ਰੰਗ ਵਿਖਾਉਂਦੇ ਹਨ। ਸ਼ਗਨ ਪਾ ਕੇ ਅਗਲੇ ਰੋਟੀ ਖਾਣ ਵੱਲ ਅਹੁਲਦੇ ਹਨ ਤੇ ਬਸ ਵਿਆਹ ਖ਼ਤਮ ਹੋਣ ਦੇ ਨੇੜੇ। ਕੁੜੀ ਦੀ ਡੋਲੀ ਤੋਰਨ ਦਾ ਸਮਾਂ ਆ ਜਾਂਦਾ ਹੈ। ਦੱਸੋ ਏਨੇ ਕੁ ਸਮੇਂ ਵਿੱਚ ਕਿਸ ਨੇ ਛੰਦ ਸੁਣਨੇ ਤੇ ਕਿਸ ਨੇ ਸੁਣਾਉਣੇ ਨੇ। ਛੰਦ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹਨ ਲਈ ਮਿਲਦੇ ਹਨ, ਵਿਆਹ ਦੀਆਂ ਕਈ ਹੋਰ ਰਸਮਾਂ ਵਾਂਗ ਇਹ ਰਸਮ ਵੀ ਅਲੋਪ ਹੋ ਗਈ ਹੈ।

 
Have something to say? Post your comment