Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਨਜਰਰੀਆ

ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਣੀ ਚਾਹੀਏ

September 07, 2021 02:20 AM

-ਡਾਕਟਰ ਦਰਸ਼ਨ ਪਾਲ
ਇਤਿਹਾਸ ਜ਼ਿੰਦਗੀ ਵਾਂਗ ਹੀ ਇੱਕ ਬੜਾ ਦਿਲਚਸਪ ਤੇ ਅਲੌਕਿਕ ਵਰਤਾਰਾ ਹੈ। ਜਿਉਂਦੇ ਜਾਗਦੇ ਪਾਤਰਾਂ ਵਾਂਗ। ਵਿਗਸਦੇ ਬਿਨਸਦੇ ਇਨਸਾਨਾਂ ਵਾਂਗ। ਇਹ ਕਦੇ ਬੜਾ ਹਾਰਿਆ ਹੋਇਆ, ਥੱਕਿਆ ਹੋਇਆ, ਉਦਾਸ ਤੇ ਹਤਾਸ਼ ਹੁੰਦਾ ਹੈ, ਕਦੇ ਸਰਪੱਟ ਦੌੜਦਾ ਹੋਇਆ, ਜੋਸ਼ ਭਰਪੂਰ, ਕੋਹਰਾਮ ਮਚਾਉਂਦਾ ਹੋਇਆ, ਵਿਸ਼ਾਲ ਕ੍ਰਾਂਤੀ/ ਤਬਦੀਲੀਆਂ ਦੇ ਰੂਪ ਵਿੱਚ ਸਾਹਮਣੇ ਹੁੰਦਾ ਹੈ। ਕਦੇ ਬੁਝੀ ਹੋਈ ਭੁੱਬਲ ਵਾਂਗ ਹੁੰਦਾ ਹੈ ਅਤੇ ਕਦੇ ਸਹਿਕਦੀ ਹੋਈ ਕਿਸੇ ਚੰਗਿਆੜੀ ਵਾਂਗ, ਪਰ ਕਈ ਵਾਰ ਇਹ ਬੁਝ ਰਹੀ, ਧੁਖ਼ ਰਹੀ ਇੱਕ ਚੰਗਿਆੜੀ ਤੋਂ ਲਟ-ਲਟ ਬਲਦੇ ਭਾਂਬੜਾਂ ਵਿੱਚ ਵੀ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਇੱਕ ਵਾਰ ਨਹੀਂ, ਅਣਗਿਣਤ ਵਾਰ ਸੰਸਾਰ ਇਤਿਹਾਸ ਵਿੱਚ ਵਾਪਰਿਆ ਹੈ।
ਇਸ ਤੱਥ ਦੀ ਪੁਸ਼ਟੀ ਲਈ ਇੱਕ ਮਿਸਾਲ ਹੀ ਕਾਫੀ ਹੋਵੇਗੀ। ਅੰਗਰੇਜ਼ੀ ਬਸਤੀਵਾਦ ਤੋਂ ਹਿੰਦੋਸਤਾਨੀ ਆਜ਼ਾਦੀ ਦੀ ਪਹਿਲੀ ਲੜਾਈ 1857 ਦੀ ਬਗਾਵਤ ਹੈ। ਈਸਟ ਇੰਡੀਆ ਕੰਪਨੀ ਦੀ ਫੌਜ ਦੇ ਇੱਕ ਸੈਨਿਕ ਮੰਗਲ ਪਾਂਡੇ ਦੀ ਅੱਠ ਅਪ੍ਰੈਲ 1857 ਨੂੰ ਸ਼ਹਾਦਤ ਨਾਲ ਇਹ ਕਹਾਣੀ ਸ਼ੁਰੂ ਹੁੰਦੀ ਹੈ। ਕੁਝ ਦਿਨਾਂ ਪਿੱਛੋਂ 10 ਮਈ 1857 ਨੂੰ ਮੇਰਠ ਵਿੱਚ ਇਸ ਕਹਾਣੀ ਤੋਂ ਮਹਾਂ ਕਾਵਿ ਬਣਨ ਦਾ ਮੁੱਢ ਬੱਝਦਾ ਹੈ। ਵੇਖਦੇ ਹੀ ਵੇਖਦੇ ਚੰਗਿਆੜੀ ਭਾਂਬੜ ਵਿੱਚ ਬਦਲ ਜਾਂਦੀ ਹੈ ਤੇ ਚਹੁੰ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਲਖਨਊ, ਕਾਨਪੁਰ, ਝਾਂਸੀ, ਗਵਾਲੀਅਰ, ਦਿੱਲੀ ਸਣੇ ਪੂਰੇ ਮੱਧ ਭਾਰਤ ਨੂੰ ਆਪਣੇ ਅਸਰ ਹੇਠ ਲੈ ਲੈਂਦੀ ਹੈ। ਸ਼ਹਿਰਾਂ, ਤਾਕਤ ਦੇ ਕੇਂਦਰਾਂ ਦੀ ਘੇਰਾਬੰਦੀ ਹੁੰਦੀ ਹੈ। ਇਕਲੌਤੀ ਘਟਨਾ ਵੱਡੀ ਜੰਗ ਵਿੱਚ ਬਦਲਣ ਹੋਣ ਲੱਗਦੀ ਹੈ। ਅੰਗਰੇਜ਼ ਕੰਪਨੀ ਦੀਆਂ ਤਾਕਤਵਰ ਫੌਜਾਂ ਨਾਲ ਜੰਗਾਂ ਹੁੰਦੀਆਂ ਅਤੇ ਪੂਰੇ 14 ਮਹੀਨੇ ਬਗਾਵਤੀ ਯੋਧੇ ਈਸਟ ਇੰਡੀਆ ਕੰਪਨੀ ਨੂੰ ਵਾਹਣੀਂ ਪਾਈ ਰੱਖਦੇ ਹਨ। ਕੰਪਨੀ ਦਾ ਰਾਜ ਖਤਮ ਹੁੰਦਾ ਹੈ, ਭਾਵੇਂ ਇਸ ਜੰਗ ਵਿੱਚ ਉਹ ਖੁਦ ਵੀ ਵੱਡੀ ਗਿਣਤੀ ਵਿੱਚ ਨੇਸਤੋ-ਨਾਬੂਦ ਹੋ ਜਾਂਦੇ ਹਨ।
ਬਹੁਤੀ ਸਮਾਨਤਾ ਨਾ ਹੋਣ ਦੇ ਬਾਵਜੂਦ ਮੌਜੂਦਾ ਕਿਸਾਨੀ ਘੋਲ ਨਾਲ ਇਸ ਦੇ ਕਈ ਸਮਾਨਾਂਤਰ ਪਾਸਾਰ ਹਨ। ਜੂਨ ਤੋਂ ਸਤੰਬਰ 2020 ਵਿੱਚ ਭਾਰਤ ਸਰਕਾਰ ਖੇਤੀ/ ਮੰਡੀ ਤੇ ਖੁਰਾਕ ਪਦਾਰਥਾਂ ਨਾਲ ਸੰਬੰਧਤ ਤਿੰਨ ਕਾਨੂੰਨ ਬੜੀ ਕਾਹਲੀ ਵਿੱਚ ਪਾਸ ਕਰਦੀ ਹੈ। ਕੋਰੋਨਾ ਮਹਾਮਾਰੀ ਤੋਂ ਬੇਵੱਸ ਲੋਕ ਘਰੀਂ ਤਾੜੇ ਹੋਏ ਹਨ। ਸਾਰਾ ਹਿੰਦੋਸਤਾਨ ਚੁੱਪਚਾਪ ਸਾਹ-ਸਤਹੀਣ ਹੋਇਆ ਪਿਆ ਹੈ। ਦੂਰ ਦੂਰ ਕਿਤੇ ਰੋਸ਼ਨੀ ਦੀ ਕਿਰਨ ਵਿਖਾਈ ਨਹੀਂ ਦੇ ਰਹੀ। ਸਿਰਫ ਖੇਤੀ ਨਾਲ ਸੰਬੰਧਤ ਹੀ ਨਹੀਂ, ਸਨਅਤੀ ਮਜ਼ਦੂਰਾਂ ਨਾਲ ਸੰਬੰਧਤ ਕਾਨੂੰਨਾਂ ਨਾਲ ਵੀ ਛੇੜਛਾੜ ਕਰ ਕੇ, ਕੁਝ ਨਵੇਂ ਕਾਨੂੰਨ ਪਾਸ ਕੀਤੇ ਗਏ।
ਜਿਵੇਂ ਅਕਸਰ ਇਤਿਹਾਸ ਵਿੱਚ ਕਈ ਵਾਰ ਅਣਕਿਆਸਿਆ ਵਾਪਰ ਜਾਂਦਾ ਹੈ, ਐਨ ਉਵੇਂ ਹੋਇਆ। ਜਦੋਂ ਸਾਰਾ ਸ਼ਹਿਰ ਸੁੱਤਾ ਪਿਆ ਹੋਵੇ, ਉਦੋਂ ਵੀ ਕੋਈ ਨਾ ਕੋਈ ਜਾਗਦਾ ਹੀ ਹੁੰਦਾ ਹੈ। ਇਨ੍ਹਾਂ ਉਦਾਸ, ਨਿਰਾਸ਼ ਸਮਿਆਂ ਵਿੱਚ ‘ਪੰਜਾਬ ਸਿੰਘ’ ਜਾਗਦਾ ਸਾਬਤ ਹੋਇਆ। ਉਹ ਬੁਝ ਰਹੀ ਭੁੱਬਲ ਵਿੱਚ ਇੱਕ ਚਮਕਦੀ ਚਿੰਗਾੜੀ ਵਾਂਗ ਸੀ। ਸਮੁੱਚੇ ਭਾਰਤ ਵਿੱਚ ਇਕੱਲਾ। ਪੰਜਾਬ ਵਿੱਚ ਕਾਰਜਸ਼ੀਲ ਕਿਸਾਨ ਜਥੇਬੰਦੀਆਂ ਦੀ ਸੁਲਝੀ ਲੀਡਰਸ਼ਿਪ ਨੇ ਜਦੋਂ ਇਨ੍ਹਾਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਗੰਭੀਰ ਅਧਿਐਨ ਕੀਤਾ ਤਾਂ ਉਨ੍ਹਾਂ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਜਾਣ ਨਾਲ ਛੋਟੇ, ਦਰਮਿਆਨੇ ਕਿਸਾਨ ਤਾਂ ਉਜੜਨਗੇ ਹੀ, ਆਮ ਗਰੀਬ ਕਾਰੋਬਾਰੀ, ਖਪਤਕਾਰ, ਗਾਹਕ ਦਾ ਜਿਉਣਾ ਵੀ ਮੁਹਾਲ ਹੋ ਜਾਵੇਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬਿਨਾਂ ਦੇਰ ਕੀਤਿਆਂ ਤਿੰਨ ਖੇਤੀ ਕਾਨੂੰਨਾਂ ਅਤੇ ਜਿਸ ਗੈਰ ਸੰਵਿਧਾਨਕ, ਗੈਰ ਜਮਹੂਰੀ ਤਰੀਕੇ ਨਾਲ ਸਰਕਾਰ ਨੇ ਇਹ ਪਾਸ ਕੀਤੇ ਸਨ, ਦੇ ਖਿਲਾਫ ਅੰਦੋਲਨ ਵਿੱਢ ਦਿੱਤਾ। ਜਿਵੇਂ 1857 ਵਿੱਚ ਮੇਰਠ ਨਵੇਂ ਮਹਾਂ-ਕਾਵਿ ਦਾ ਕੇਂਦਰ ਬਿੰਦੂ ਬਣਿਆ, ਉਵੇਂ ਪੰਜਾਬ ਕਿਸਾਨ/ ਮਜ਼ਦੂਰ ਅੰਦੋਲਨ ਦੇ ਮੁੱਢ ਦਾ ਕੇਂਦਰ ਬਿੰਦੂ ਬਣਿਆ। ਕਿਸਾਨ ਯੂਨੀਅਨਾਂ ਦੀ ਆਵਾਜ਼ ਨਾਲ ਅੰਦੋਲਨੀ ਹਵਾ ਰੁਮਕਣ ਲੱਗੀ। ਹਵਾ ਦੇ ਰੁਮਕਣ ਨਾਲ ਚਿੰਗਾੜੀ ਪਹਿਲਾਂ ਚਮਕੀ, ਫਿਰ ਭਬਕਣ ਲੱਗੀ। ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਲੰਘ ਕੇ ਗੁਆਂਢੀਆਂ ਦੀਆਂ ਸਰਹੱਦਾਂ ਤੱਕ ਇਸ ਦੀ ਰੋਸ਼ਨੀ ਪਹੁੰਚੀ। 1857 ਦੇ ਸਾਕੇ ਵਾਂਗ ਵੇਖਦੇ ਹੀ ਵੇਖਦੇ ਦਸੰਬਰ 2020 ਤੱਕ ਇਸ ਅੰਦੋਲਨ ਨੇ ਪੂਰੇ ਉੱਤਰੀ ਭਾਰਤ ਨੂੰ ਲਪੇਟ ਵਿੱਚ ਲੈ ਲਿਆ। ਚਿੰਗਾੜੀ ਭਾਂਬੜ ਬਣ ਗਈ। ਪੰਜਾਬੀਆਂ ਨੇ ਗੁਆਂਢੀ ਜਗਾ ਦਿੱਤੇ। ਉਨ੍ਹਾਂ ਨੇ ਪੰਜਾਬ ਸਿੰਘ ਦੇ ਕਾਫਲੇ ਦਾ ਬਾਹਾਂ ਫੈਲਾ ਕੇ ਸੁਆਗਤ ਕੀਤਾ। ਇਹ ਇੰਝ ਹੀ ਹੋਣਾ ਸੀ, ਕਿਉਂਕਿ ਬਕੌਲ ਦੁਸ਼ਿਅੰਤ ਕੁਮਾਰ :
ਏਕ ਚਿੰਗਾਰੀ ਕਹੀਂ ਸੇ ਢੂੰਡ ਲਾਓ ਦੋਸਤੋ
ਇਸ ਦੀਏ ਮੇਂ ਤੇਲ ਸੇ ਭੀਗੀ ਹੂਈ ਬਾਤੀ ਤੋ ਹੈ।
ਪੰਜਾਬੀ ਤਾਂ ਗੁਆਂਢੀਆਂ ਲਈ ਚੰਗਿਆੜੀ ਹੀ ਨਹੀਂ, ਬਲਦੀ ਹੋਈ ਮਸ਼ਾਲ ਲੈ ਕੇ ਪਹੁੰਚੇ ਸਨ ਅਤੇ ਫਿਰ ਬੱਸ, ਫਹੁੜੀਆਂ ਉੱਤੇ ਤੁਰ ਰਿਹਾ ਇਤਿਹਾਸ ਸਰਪਟ ਦੌੜਨ ਲੱਗਾ। ਦੀਵੇ ਤੋਂ ਦੀਵਾ ਜਾਗਣ ਲੱਗਾ। ਜਮਨਾ ਦੇ ਪੱਛਮੀ ਕੰਢੇ ਤੋਂ ਖਲੋ ਕੇ ਜਦੋਂ ਅੰਦੋਲਨਕਾਰੀ ਕਿਸਾਨਾਂ ਨੇ ਯੂ ਪੀ, ਉਤਰਾਖੰਡ ਵਾਸੀਆਂ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਗਾਜ਼ੀਪੁਰ ਵੱਲ ਵਹੀਰਾਂ ਘੱਤ ਲਈਆਂ, ‘ਸੱਦੀ ਹੋਈ ਭਰਾਵਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ” ਵਾਂਗ। ਯੂ ਪੀ, ਉਤਰਾਖੰਡ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਸਮੇਤ ਸਾਰਿਆਂ ਨੇ ਰਲ ਕੇ ਦਿੱਲੀ ਨੂੰ ਘੇਰਾ ਘੱਤਿਆ।
ਕਿਸਾਨ ਅੰਦੋਲਨ ਅਨੇਕਾਂ ਕਿਸਮ ਦੀਆਂ ਦੁਸ਼ਵਾਰੀਆਂ ਉਲੰਘਦਾ ਦਿਨੋ ਦਿਨ ਹੋਰ ਵੱਧ ਨਿਖਾਰ ਨਾਲ ਨਵੀਆਂ ਅਤੇ ਸਹੀ ਦਿਸ਼ਾਵਾਂ ਵੱਲ ਵਧ ਰਿਹਾ ਹੈ। ਅੱਜ ਇਸ ਅੰਦੋਲਨ ਦੀ ਚੜ੍ਹਤ ਇਸ ਕਰ ਕੇ ਹੈ ਕਿ ਇਸ ਨੇ ਹਰ ਕਿਸਮ ਦੇ ਜਾਤੀ, ਧਾਰਮਿਕ, ਨਸਲੀ ਤੇ ਇਲਾਕਾਈ ਮੱਤਭੇਦਾਂ ਨੂੰ ਬੜੇ ਸਹਿਜ ਤੇ ਸੂਝ ਨਾਲ ਸਰ ਕਰ ਲਿਆ ਹੈ। ਸਭ ਤਰ੍ਹਾਂ ਦੀਆਂ ਮਜ਼੍ਹਬੀ ਨਫਰਤਾਂ ਤੇ ਵੰਡੀਆਂ ਦੀਆਂ ਲਕੀਰਾਂ ਮੇਸ ਦਿੱਤੀਆਂ ਹਨ। ਇਸ ਸਫਰ ਦੌਰਾਨ ਲੀਡਰਸ਼ਿਪ ਵੱਲੋਂ ਕੀਤੇ ਨਵੇਂ ਤਜਰਬਿਆਂ ਅਤੇ ਕਵਾਇਦਾਂ ਨਾਲ ਇਸ ਨੇ ਹੋਰ ਵਿਸ਼ਾਲਤਾ ਹਾਸਲ ਕੀਤੀ ਹੈ। ‘ਸਮਾਨਾਂਤਰ ਕਿਸਾਨ ਸੰਸਦ’ ਵਰਗੇ ਨਵੀਨ ਤਜ਼ਰਬੇ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਦੀਆਂ ਸਿਖਰਾਂ ਛੂਹੀਆਂ ਹਨ। ਕਾਰਪੋਰੇਟ ਸੈਕਟਰ ਨਾਲ ਲਾਈਨ ਖਿੱਚ ਕੇ ਵਿੱਢੀ ਹੋਈ ਇਹ ਜੰਗ ਦੁਨੀਆ ਵਿੱਚ ਬੇਮਿਸਾਲ ਸਾਬਤ ਹੋਈ ਹੈ। ਅੰਦੋਲਨ ਦੇ ਅਸਰ ਹੇਠ ਆਏ ਇਲਾਕਿਆਂ, ਖਾਸ ਕਰ ਕੇ ਪੰਜਾਬ ਤੇ ਹਰਿਆਣਾ ਵਿੱਚ ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਤਬਦੀਲੀ ਦਾ ਆਗਾਜ਼ ਦਿੱਸਦਾ ਹੈ। ਵਿਦਿਆਰਥੀਆਂ ਨੌਜਵਾਨਾਂ ਅਤੇ ਇਸਤਰੀ ਵਰਗ ਵਿੱਚ ਨਵਾਂ ਕ੍ਰਾਂਤੀਕਾਰੀ ਜੋਸ਼ ਅਤੇ ਚੇਤਨਾ ਵਿਕਸਤ ਹੋਈ ਹੈ।
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸਮੁੱਚਾ ਭਾਰਤ ਜਾਗ ਉਠਿਆ ਹੈ। ਵੱਡੇ ਵੱਡੇ ‘ਵਿਸ਼ਾਲ ਜਾਗੋ ਸਮਾਰੋਹਾਂ’ ਵਾਂਗ ਜਾਟ ਪੰਚਾਇਤਾਂ, ਕਿਸਾਨ ਪੰਚਾਇਤਾਂ ਹੋ ਰਹੀਆਂ ਹਨ। ਉਮੀਦ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਦੇਸ਼ ਦੇ ਸਾਰੇ ਰਾਜਾਂ ਵਿੱਚ ਇਕਾਈਆਂ (ਕਿਸਾਨ ਇਕਾਈਆਂ) ਗਠਿਤ ਹੋ ਜਾਣ। ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਕਦੇ ਸੈਂਕੜੇ ਅਤੇ ਕਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮੁਲਾਜ਼ਮ, ਮਜ਼ਦੂਰ ਸਾਥੀ ਦਿੱਲੀ ਦੇ ਸਥਾਈ ਮੋਰਚਿਆਂ ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਤਾਮਿਲ ਨਾਡੂ, ਕਰਨਾਟਕ, ਕੇਰਲ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ ਆਦਿ ਵਿੱਚ ਕਿਸਾਨ ਅੰਦੋਲਨ ਦਾ ਜਾਦੂਮਈ ਅਸਰ ਹੋ ਰਿਹਾ ਹੈ। ਦੇਸ਼ ਵਿੱਚੋਂ ਕੋਈ ਅਜਿਹੀ ਕਿਸਾਨ ਜਥੇਬੰਦੀ, ਸਭਾ ਨਹੀਂ ਬਚੀ, ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਾ ਬਣੀ ਹੋਵੇ।
ਪੰਜਾਬ ਤੋਂ ਉਠੀ ਛੋਟੀ ਜਿਹੀ ਚਿੰਗਾੜੀ ਸਮੁੱਚੇ ਦੇਸ਼, ਸੰਸਾਰ ਲਈ ਬਹੁਤ ਵੱਡਾ ਚਾਨਣ ਮੁਨਾਰਾ, ਇੱਕ ਦਗਦਾ ਸੂਰਜ ਬਣ ਚੁੱਕੀ ਹੈ। ਇਹ ਬਹੁ ਪਸਾਰੀ ਲਹਿਰ ਬਣ ਚੁੱਕੀ ਹੈ। ਜਿਵੇਂ 1857 ਦੀ ਬਗਾਵਤ ਨੇ ਹਿੰਦੋਸਤਾਨ ਵਿੱਚੋਂ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਕਰ ਦਿੱਤਾ, ਇਸੇ ਤਰ੍ਹਾਂ ਇਸ ਕਿਸਾਨ ਅੰਦੋਲਨ ਨੇ ਕੀ ਕੀ ਬਦਲਣਾ, ਕੀ ਕੀ ਉਖਾੜ ਦੇਣਾ ਅਤੇ ਕੀ ਕੀ ਸੁਆਰ ਦੇਣਾ ਹੈ, ਇਹ ਇਤਿਹਾਸ ਦੱਸੇਗਾ। ਇੱਕ ਗੱਲ ਪੱਕੀ ਹੈ ਕਿ ਇਸ ਅੰਦੋਲਨ ਨੇ ਇਤਿਹਾਸ ਦੇ ਮੁਹਾਂਦਰੇ ਉੱਤੇ ਅਮਿੱਟ ਛਾਪ ਛੱਡੀ ਹੈ। ਇਹ ਅੰਦੋਲਨ ਕਿਸੇ ਵੱਡੇ ਅਦਿੱਖ ਬਦਲਾਅ ਦਾ ਸ਼ੁਰੂਆਤੀ ਬਿਗਲ ਹੈ।
ਪ੍ਰਸਿੱਧ ਹਿੰਦੀ ਸ਼ਾਇਰ ਦੁਸ਼ਿਅੰਤ ਕੁਮਾਰ ਦੇ ਸ਼ਬਦਾਂ ਵਿੱਚ :
ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ,
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਣੀ ਚਾਹੀਏ।
ਮੇਰੇ ਸੀਨੇ ਮੇਂ ਨਹੀਂ, ਤੋ ਤੇਰੇ ਸੀਨੇ ਮੇਂ ਸਹੀ
ਹੋ ਕਹੀਂ ਭੀ ਆਗ, ਲੇਕਿਨ ਆਗ ਜਲਨੀ ਚਾਹੀਏ।
ਅਤੇ ਅੱਜ ਇਹ ਮੰਜ਼ਰ ਚੁਫੇਰੇ ਨਜ਼ਰ ਆ ਰਿਹਾ ਹੈ। ਇਹ ਅੰਦੋਲਨ ਮਹਿਜ਼ ਕੋਈ ਬੇਮਕਸਦ ਹੰਗਾਮਾ ਨਹੀਂ। ਇਹ ਸਾਡੇ ਸਮਾਜ, ਸਟੇਟ ਦੀ ਕੋਝੀ ਸੂਰਤ ਬਦਲਣ ਲਈ ਲੜਿਆ ਜਾ ਰਿਹਾ ਅੰਦੋਲਨ ਬਣ ਚੁੱਕਿਆ ਹੈ। ਲੋਕ ਸੀਨਿਆਂ ਵਿੱਚ ਬਲ ਰਹੀ ਅੱਗ, ਰੋਹ ਅਤੇ ਗੁੱਸਾ ਹਕੂਮਤ ਤੋਂ ਨਿਆਂ ਦੀ ਮੰਗ ਕਰ ਰਿਹਾ ਹੈ। ਮੁਜ਼ੱਫਰ ਨਗਰ ਦਾ ‘ਕਿਸਾਨ ਮਹਾਂਕੁੰਭ’ ਇਸ ਸਾਰੇ ਕੁਝ ਦੀ ਤਾਈਦ ਕਰਦਾ ਹੈ। ਲੱਖਾਂ ਦੀ ਗਿਣਤੀ ਵਿੱਚ ਦੂਰ-ਦੁਰਾਡਿਓਂ ਪਹੁੰਚਿਆ ਕਿਸਾਨਾਂ ਦਾ ਸੈਲਾਬ ਇਸ ਤੱਥ ਦਾ ਸੰਕੇਤ ਹੈ ਕਿ ਸਾਡੇ ਦੇਸ਼ ਨੂੰ ਮੌਜੂਦਾ ਨਵ ਉਦਾਰਵਾਦੀ ਕਾਰਪੋਰੇਟੀ ਵਿਕਾਸ ਮਾਡਲ ਨਹੀਂ ਚਾਹੀਦਾ, ਸਗੋਂ ਦੇਸ਼ ਦੇ ਸਥਾਈ ਅਤੇ ਸਰਬ ਪੱਖੀ ਵਿਕਾਸ ਲਈ ਸਾਨੂੰ ਸਾਡਾ ਆਪਣਾ ਵੱਖਰਾ ਮਾਡਲ ਵਿਕਸਤ ਕਰਨ ਦੀ ਲੋੜ ਹੈ।
ਕਿਸਾਨ ਆਖਰ ਚਾਹੁੰਦੇ ਕੀ ਹਨ? ਕੁਝ ਵੀ ਤਾਂ ਨਹੀਂ। ਮਾਤਰ ਇਹੋ ਕਿ (ੳ) ਇਹ ਪਾਸ ਕੀਤੇ ਕਾਨੂੰਨ ਸਾਨੂੰ ਨਹੀਂ ਚਾਹੀਦੇ, ਸਾਡੇ ਉੱਤੇ ਇਹ ਕਾਨੂੰਨ ਜ਼ਬਰਦਸਤੀ ਨਾਲ ਲਾਗੂ ਨਾ ਕਰੋ, ਅਤੇ (ਅ) ਸਾਡੀਆਂ ਪੁੱਤਰਾਂ-ਧੀਆਂ ਵਾਂਗ ਪਾਲੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਉੱਤੇ ਵਾਜਬ ਭਾਅ ਦੇਵੋ।
ਪਰ ਤੁਸੀਂ ਹੋ ਕਿ ਰਾਜ ਹਠ ਅਧੀਨ ਸਾਨੂੰ ਅਣਸੁਣੇ ਕਰ ਕੇ ਸਿਰਫ ਤੇ ਸਿਰਫ ਕਾਰਪੋਰੇਟਾਂ ਦੀ ਹੀ ਸੁਣ ਰਹੇ ਹੋ। ਸੁਣੋ ਵੀ ਕਿਉਂ ਨਾ! ਆਖਰ ਉਨ੍ਹਾਂ ਨੇ ਤੁਹਾਨੂੰ ਕੁਰਸੀ ਉੱਤੇ ਬਿਠਾਇਆ ਹੈ, ਪਰ ਕਿਸਾਨਾਂ/ ਲੋਕਾਂ ਨੂੰ ਪਤਾ ਹੈ ਕਿ :
‘‘ਤੁਮਹਾਰੇ ਪਾਂਵੋਂ ਕੇ ਨੀਚੇ ਕੋਈ ਜ਼ਮੀਨ ਨਹੀਂ
ਕਮਾਲ ਯੇ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ।”

 
Have something to say? Post your comment