ਨਿਊਯਾਰਕ, 2 ਅਗਸਤ (ਪੋਸਟ ਬਿਊਰੋ)- ਭਾਰਤ ਨੇ ਕੱਲ੍ਹ ਯੂ ਐਨ ਰਾਸ਼ਟਰ ਸਕਿਓਰਟੀ ਕੌਂਸਲ ਦੀ ਪ੍ਰਧਾਨਗੀ ਦਾ ਜ਼ਿੰਮਾ ਸੰਭਾਲ ਲਿਆ ਅਤੇ ਉਹ ਇਸੇ ਮਹੀਨੇ ਦੌਰਾਨ ਸਮੁੰਦਰੀ ਸੁਰੱਖਿਆ, ਸ਼ਾਂਤੀ ਸਥਾਪਨਾ ਅਤੇ ਅੱਤਵਾਦ ਦੇ ਮੁਕਾਬਲੇ ਨਾਲ ਸਬੰਧਿਤ ਸਮਝੌਤਿਆਂ ਉੱਤੇ ਦਸਤਖਤ ਕਰਨ ਲਈ ਸਮਾਰੋਹਾਂ ਦੀ ਅਗਵਾਈ ਕਰੇਗਾ।
ਇਸ ਮੌਕੇ ਯੂ ਐਨ ਵਿੱਚ ਭਾਰਤ ਦੇ ਰਾਜਦੂਤ ਟੀ ਐਸ ਤਿਰੂਮੂਰਤੀ ਨੇ ਫਰਾਂਸ ਦਾ ਉਸ ਵੱਲੋਂ ਕੀਤੇ ਸਮਰਥਨ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਇਤਿਹਾਸਕ ਅਤੇ ਮਜ਼ਬੂਤ ਸੰਬੰਧ ਹਨ। ਤਿਰੂਮੂਰਤੀ ਨੇ ਕਿਹਾ ਕਿ ਭਾਰਤ ਆਪਣੀ ਪ੍ਰਧਾਨਗੀ ਹੇਠ ਤਿੰਨ ਉਚ ਪੱਧਰੀ ਮੀਟਿੰਗਾਂ ਕਰਨ ਵਾਲਾ ਹੈ, ਜਿਸ ਵਿੱਚ ਸਮੁੰਦਰੀ ਸੁਰੱਖਿਆ, ਸ਼ਾਂਤੀ ਸਥਾਪਨਾ ਤੇ ਅੱਤਵਾਦ ਦਾ ਮੁਕਾਬਲਾ ਵਰਗੇ ਅਹਿਮ ਮੁੱਦਿਆਂਦੀ ਚਰਚਾ ਹੋਵੇਗੀ ਅਤੇ ਭਾਰਤ ਸ਼ਾਂਤੀ ਸੈਨਿਕਾਂ ਦੀ ਯਾਦ ਵਿੱਚ ਵੀ ਪ੍ਰੋਗਰਾਮ ਕਰੇਗਾ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕੌਂਸਲ ਦੇ ਏਜੰਡੇ ਵਿੱਚ ਸੀਰੀਆ, ਇਰਾਕ, ਸੋਮਾਲੀਆ, ਯਮਨ ਅਤੇ ਮੱਧ ਪੂਰਬ ਦੇ ਮੁੱਦਿਆਂ ਉੱਤੇ ਹੋਣ ਵਾਲੀਆਂ ਕਈਆਂ ਅਹਿਮ ਬੈਠਕਾਂ ਸ਼ਾਮਲ ਹਨ। ਸੁਰੱਖਿਆ ਕੌਂਸਲ ਵਿੱਚ ਸੋਮਾਲੀਆ, ਮਾਲੀ ਤੇ ਲਿਬਨਾਨ ਵਿੱਚ ਯੂ ਐਨ ਦੀ ਅੰਤਰਿਮ ਫੋਰਸ ਉੱਤੇ ਵੀ ਮਤੇ ਪਾਸ ਹੋਣਗੇ। ਫਰਾਂਸ ਨੇ ਕਿਹਾ ਹੈ ਕਿ ਉਹ ਸਮੁੰਦਰੀ ਸੁਰੱਖਿਆ, ਸ਼ਾਂਤੀ ਸਥਾਪਨਾ ਅਤੇ ਅੱਤਵਾਦ ਦੇ ਮੁਕਾਬਲੇ ਵਰਗੇ ਰਣਨੀਤਕ ਮੁੱਦਿਆਂ ਉੱਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਫਰਾਂਸ ਦੇ ਭਾਰਤ ਵਿੱਚ ਰਾਜਦੂਤ ਇਮੈਨੂਏਲ ਲਿਨੇਨ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਭਾਰਤ ਯੂ ਐਨ ਰਾਸ਼ਟਰ ਸੁਰੱਖਿਆ ਕੌਂਸਲ ਦੀ ਫਰਾਂਸ ਤੋਂ ਪ੍ਰਧਾਨਗੀ ਸੰਭਾਲ ਰਿਹਾ ਹੈ।
ਯੂ ਐਨ ਸਕਿਓਰਟੀ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2021-22 ਦੇ ਕਾਰਜਕਾਲ ਦੌਰਾਨ ਸੁਰੱਖਿਆ ਕੌਂਸਲ ਵਿੱਚ ਇਹ ਭਾਰਤ ਵੱਲੋਂ ਕੀਤੀ ਜਾਣ ਵਾਲੀ ਪਹਿਲੀ ਪ੍ਰਧਾਨਗੀ ਹੈ। ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਭਾਰਤ ਦਾ ਦੋ ਸਾਲਾ ਕਾਰਜਕਾਲ 1 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ। ਭਾਰਤ ਨੇ ਕਿਹਾ ਕਿ ਉਹ 15 ਤਾਕਤਵਰ ਦੇਸ਼ਾਂ ਵਾਲੇ ਯੂ ਐਨ ਦੀ ਪ੍ਰਧਾਨਗੀ ਦੌਰਾਨ ਸਮੁੰਦਰੀ ਸੁਰੱਖਿਆ, ਸ਼ਾਂਤੀ ਸਥਾਪਨਾ ਅਤੇ ਅੱਤਵਾਦ ਦਾ ਮੁਕਾਬਲੇ ਆਦਿ ਉੱਤੇ ਆਪਣਾ ਧਿਆਨ ਕੇਂਦਰਤ ਕਰੇਗਾ। ਤਿਰੂਮੂਰਤੀ ਨੇ ਅੱਗੇ ਕਿਹਾ ਕਿ ਉਹ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਵਿਦੇਸ਼ ਮੰਤਰੀ (ਐਸ ਜੈਸ਼ੰਕਰ) ਦਾ ਸਾਡੇ ਸਥਾਈ ਮਿਸ਼ਨ, ਖ਼ਾਸ ਤੌਰ ਉੱਤੇ ਸੁਰੱਖਿਆ ਕੌਂਸਲ ਦੌਰਾਨ ਸਾਡੇ ਕਾਰਜਕਾਲ ਦੌਰਾਨ, ਸਾਡਾ ਮਾਰਗ ਦਰਸ਼ਨ ਕਰਨ ਲਈ ਧੰਨਵਾਦ ਕਰਦੇ ਹਨ।