ਡੇਰਾ ਬਾਬਾ ਨਾਨਕ, 27 ਜੁਲਾਈ (ਪੋਸਟ ਬਿਊਰੋ)- ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕਾਰੀਡੋਰ ਬਣਾਉਣ ਵਾਸਤੇ ਕਿਸਾਨਾਂ ਦੀਆਂ ਐਕੁਆਇਰ ਕੀਤੀਆਂ ਜ਼ਮੀਨਾਂ ਦੀ ਬਕਾਏ ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਨੌਕਰੀ ਜਾਂ ਪੰਜ ਲੱਖ ਰੁਪਏ ਦੇਣ ਦਾ ਵਾਅਦਾ ਪੂਰਾ ਨਾ ਹੋਣ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਤਾਰਪੁਰ ਕਾਰੀਡੋਰ ਉੱਤੇ ਪੱਕਾ ਧਰਨਾ ਲਾਇਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਮੁਖਤਾਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਕਰਤਾਰਪੁਰ ਕਾਰੀਡੋਰ ਬਣਾਉਣ ਵੇਲੇਇਸ ਕਾਰੀਡੋਰ ਉੱਤੇੇ ਪੈਸੰਜਰ ਟਰਮੀਨਲ ਲਈ ਸੈਂਕੜੇ ਕਿਸਾਨਾਂ ਦੀ 108 ਕਿੱਲੇ ਜ਼ਮੀਨ ਪਿੰਡ ਪੱਖੋਕੇ, ਟਾਹਲੀ ਸਾਹਿਬ, ਮਾਨ, ਜੌੜੀਆਂ, ਡੇਰਾ ਬਾਬਾ ਨਾਨਕ ਵਿਖੇ ਐਕੁਆਇਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਰੀਡੋਰ ਬਣਨ ਪਿੱਛੋਂ ਅਜੇ ਤਕ ਸਰਕਾਰ ਨੇ ਜ਼ਮੀਨਾਂ ਦੀ ਬਕਾਇਆ ਰਾਸ਼ੀ ਤੇ ਉਨ੍ਹਾਂ ਨੂੰ ਨੌਕਰੀ ਜਾਂ ਪੰਜ ਲੱਖ ਰੁਪਏ ਰਾਸ਼ੀ ਨਹੀਂ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਪਿੱਛੋਂ ਉਨ੍ਹਾਂ ਨੂੰ ਬਕਾਇਆ ਰਾਸ਼ੀ ਦੇਣ ਤੋਂ ਇਲਾਵਾ ਡੇਰਿਆਂ ਨੂੰ ਜਾਂਦੇ ਰਾਹਾਂ, ਦਰੱਖਤਾਂ, ਟਿਊਬਵੈਲ ਦੇ ਕਮਰਿਆਂ ਆਦਿ ਦੀ ਬਕਾਇਆ ਅਦਾਇਗੀ ਨਹੀਂ ਦਿੱਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਕਤ ਪਿੰਡਾਂ ਦੇ ਕਿਸਾਨਾਂ ਦੀ ਬਕਾਇਆ ਰਾਸ਼ੀ ਨਾ ਮਿਲੀ, ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਧਰਨੇ ਵਿੱਚ ਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾ ਵੀ ਪੁੱਜੇ ਅਤੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਉਸ ਸਮੇਂ ਤਕ ਕਾਰੀਡੋਰ ਉੱਤੇ ਧਰਨਾ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਵੱਲੋਂ ਕਾਰੀਡੋਰ ਉੱਤੇ ਲੰਗਰ ਵੀ ਲਾ ਦਿੱਤੇ ਗਏ ਹਨ।