Welcome to Canadian Punjabi Post
Follow us on

25

September 2021
 
ਨਜਰਰੀਆ

ਜਦੋਂ ਥਾਣੇਦਾਰ ਦਾ ਮੋਬਾਈਲ ਮੋੜਿਆ

July 27, 2021 02:35 AM

-ਸੁਰਜੀਤ ਭਗਤ
ਅਜੇ ਮੈਂ ਸਟੇਟ ਬੈਂਕ ਆਫ ਪਟਿਆਲਾ ਦੀ ਭਾਰਤ ਨਗਰ ਚੌਕ, ਲੁਧਿਆਣਾ ਬ੍ਰਾਂਚ ਵਿੱਚੋਂ ਬਾਹਰ ਨਿਕਲ ਕੇ ਮੋਟਰ ਸਾਈਕਲ ਸਟਾਰਟ ਕਰਨ ਲੱਗਾ ਸਾਂ ਕਿ ਥੱਲੇ ਪਿਆ ਇੱਕ ਮੋਬਾਈਲ ਅਚਾਨਕ ਮੇਰੀ ਨਜ਼ਰੀਂ ਪਿਆ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮੋਬਾਈਲ ਫੋਨਾਂ ਦਾ ਅੱਜ ਵਾਂਗ ਘੜਮੱਸ ਨਹੀਂ ਸੀ ਪਿਆ ਕਿ ਮੰਗਤੇ ਵੀ ਫੋਨ ਫੜੀ ਫਿਰਦੇ ਹੋਣ। ਇਹ ਉਹ ਸਮਾਂ ਸੀ, ਜਦੋਂ ਮੋਬਾਈਲ ਫੋਨ ਕਮੀਜ਼ ਦੀ ਮੋਹਰਲੀ ਜੇਬ ਵਿੱਚ ਹੋਣਾ ਇੱਕ ਰੁਤਬਾ ਮੰਨਿਆ ਜਾਂਦਾ ਸੀ। ਉਸ ਦਾ ਦੋ ਇੰਚੀ ਬਾਹਰ ਨਿਕਲਿਆ ਐਨਟੀਨਾ ਵੀ ਲੋਕ ਤਾਜ਼ੀ ਬੰਨ੍ਹੀ ਪੱਗ ਵਾਂਗ ਸ਼ੀਸ਼ੇ ਵਿੱਚ ਨਿਹਾਰਦੇ ਸਨ। ਖੈਰ, ਫੋਨ ਚੁੱਕ ਲਿਆ ਤੇ ਅੱਗੇ ਪਿੱਛੇ ਵੇਖਣ ਲੱਗਾ, ਮਤਾ ਇਸ ਦਾ ਮਾਲਕ ਕਿਸੇ ਪਾਸਿਓਂ ਆ ਹੀ ਨਿਕਲੇ।
ਕੋਈ ਅੱਗੇ ਪਿੱਛੇ ਨਾ ਆਉਂਦਾ ਵੇਖ ਕੇ ਮੈਂ ਮੋਬਾਈਲ ਤੋਂ ਕੀਤੀ ਆਖਰੀ ਕਾਲ ਬਾਰੇ ਪਤਾ ਕਰਨ ਦਾ ਯਤਨ ਕਰਨ ਲੱਗਾ ਤਾਂ ਕਿ ਇਸ ਉੱਤੇ ਦੁਬਾਰਾ ਫੋਨ ਕਰ ਕੇ ਉਸ ਦੇ ਮਾਲਕ ਦਾ ਪਤਾ ਲਾਇਆ ਜਾ ਸਕੇ। ਬੈਂਕ ਵਿੱਚ ਮੇਰੇ ਨਾਲ ਆਏ ਸੱਜਣ ਵੱਲੋਂ ਦਿੱਤੀ ‘ਨੇਕ ਸਲਾਹ' ਮੁਤਾਬਕ ਸਿਮ ਬਾਹਰ ਕੱਢ ਕੇ ਸੁੱਟ ਦੇਣ ਬਾਰੇ ਤਾਂ ਬਿਲਕੁਲ ਹੀ ਨਹੀਂ ਸੀ ਸੋਚ ਸਕਦਾ ਸਗੋਂ ਮੈਂ ਉਸ ਦੇ ਅਸਲੀ ਮਾਲਕ ਤੱਕ ਉਸ ਨੂੰ ਪੁਚਾਉਣ ਦਾ ਪ੍ਰਬਲ ਖਾਹਿਸ਼ਮੰਦ ਸਾਂ। ਲੱਖ ਕੋਸ਼ਿਸ਼ ਉੱਤੇ ਵੀ ਵਾਪਸੀ ਕਾਲ ਨਾ ਹੋ ਸਕੀ। ਫੋਨ ਉੱਤੇ ਕਿਸੇ ਪਾਸਿਓਂ ਆਉਣ ਵਾਲੀ ਕਾਲ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਮੇਰੇ ਕੋਲ ਚਾਰਾ ਨਹੀਂ ਸੀ ਰਹਿ ਗਿਆ। ਮੈਂ ਫੋਨ ਜੇਬ ਵਿੱਚ ਪਾ ਕੇ ਘਰ ਨੂੰ ਹੋ ਤੁਰਿਆ। ਕੋਈ ਪੌਣੇ ਕੁ ਘੰਟੇ ਬਾਅਦ ਫੋਨ ਦੀ ਘੰਟੀ ਵੱਜੀ। ਚੁੱਕਿਆ ਤਾਂ ਇੱਕ ਰੋਅਬਦਾਰ ਆਵਾਜ਼ ਮੇਰੇ ਕੰਨੀ ਪਈ।
‘‘ਕੌਣ ਬੋਲਦੈਂ?” ਉਸ ਦੇ ਪੁੱਛਣ ਦਾ ਲਹਿਜ਼ਾ ਕਾਫੀ ਰੁੱਖਾ ਸੀ। ‘‘ਮੈਂ ਜੀ...” ਆਪਣਾ ਨਾਂਅ ਦੱਸਿਆ। ‘‘ਤੈਨੂੰ ਪਤੈ ਇਹ ਫੋਨ ਕੀਹਦਾ?” ਆਵਾਜ਼ ਰੁੱਖੇਪਣ ਤੋਂ ਪੁਲਸੀਆ ਦਾਬੇ ਵਿੱਚ ਬਾਦਲ ਗਈ। ‘‘ਜੀ ਤੁਹਾਡਾ ਹੀ ਹੋਣੈ, ਜੋ ਕਹਿ ਰਹੇ ਹੋ” ਮੈਂ ਅਜੇ ਵੀ ਸਹਿਜ ਸਾਂ। ‘‘ਮਾਂ ਥਾਣੇਦਾਰ ਬੋਲਦਾਂ।” ਉਸ ਦੇ ਬੋਲਾਂ ਤੋਂ ਪੁਲਸੀਆ ਸੁਭਾਅ ਦੀ ਸਪੱਸ਼ਟ ਝਲਕ ਪੈ ਰਹੀ ਸੀ। ‘‘ਦੱਸੋ ਜੀ, ਫਿਰ ਮੇਰੇ ਲਾਇਕ ਕੋਈ ਸੇਵਾ?” ਮੈਂ ਅਜੇ ਵੀ ਬੜੇ ਠਰੰ੍ਹਮੇ ਨਾਲ ਉਤਰ ਦੇ ਰਿਹਾ ਸਾਂ। ‘‘ਇਹ ਮੇਰਾ ਫੋਨ ਆ।” ਉਸ ਅਜੇ ਵੀ ਉਸੇ ਲਹਿਜ਼ੇ ਵਿੱਚ ਬੋਲ ਰਿਹਾ ਸੀ। ‘‘ਮੈਂ ਤਾਂ ਜਨਾਬ ਇਹ ਕਿਹਾ ਹੀ ਨਹੀਂ ਕਿ ਇਹ ਫੋਨ ਮੇਰਾ ਆ।” ਮੈਂ ਇਹ ਤਾੜ ਗਿਆ ਕਿ ਉਹ ਸ਼ਾਇਦ ਇਹ ਚਾਹੁੰਦਾ ਸੀ ਕਿ ਉਸ ਦਾ ਫੋਨ ਮੈਂ ਉਥੇ ਜਾ ਕੇ ਦੇ ਆਵਾਂ ਜਿੱਥੇ ਉਹ ਇਸ ਵਕਤ ਖੜਾ ਸੀ। ਮੈਂ ਬਿਨਾਂ ਡਰੇ, ਬਿਨਾਂ ਘਬਰਾਏ ਕਿਹਾ, ‘‘ਜਨਾਬ ਤੁਸੀਂ ਤਾਂ ਆਲ੍ਹਾ ਅਫਸਰ ਓ ਪੁਲਸ ਦੇ, ਜੇ ਫੋਨ ਤੁਹਾਡਾ ਏ ਤਾਂ ਤੁਹਾਨੂੰ ਦੇਣਾ ਹੀ ਏ, ਪਰ ਜੇ ਇਹ ਫੋਨ ਜੇ ਕਿਸੇ ਰਾਜ ਮਿਸਤਰੀ ਨਾਲ ਕੰਮ ਕਰਦੇ ਦਿਹਾੜੀਦਾਰ ਮਜ਼ਦੂਰ ਦਾ ਵੀ ਹੁੰਦਾ ਤਾਂ ਮੈਂ ਉਸ ਨੂੰ ਜਾ ਕੇ ਫੜਾ ਆਉਣਾ ਸੀ।” ‘‘ਬੱਲੇ ਓ ਤੇਰੇ” ਉਸ ਦੇ ਮੂੰਹੋਂ ਨਿਕਲਿਆ। ਸ਼ਾਇਦ ਉਹ ਮੇਰੇ ਤੋਂ ਅਜਿਹੇ ਮੂੰਹ ਫੱਟ ਹੋਣ ਦੀ ਆਸ ਨਹੀਂ ਸੀ ਰੱਖਦਾ।
‘‘ਮੈਂ ਅਜੇ ਅੱਧਾ ਪੌਣਾ ਘੰਟਾ ਘਰੇ ਹਾਂ। ਆ ਜੋ ਅਤੇ ਆ ਕੇ ਫੋਨ ਲੈ ਜਾਓ। ਨਹੀਂ ਤਾਂ ਬਾਅਦ ਵਿੱਚ ਘਰੋਂ ਆ ਕੇ ਲੈ ਜਾਣਾ। ਮੈਂ ਜਵਾਹਰ ਨਗਰ ਰਹਿੰਦਾ ਹਾਂ। ਮੈਂ ਆਪਣਾ ਸਿਰਨਾਵਾਂ ਦੱਸਿਆ। ‘‘ਕੈਂਪ ਵਿੱਚ?” ਕੈਂਪ ਲਫਜ਼ ਸੁਣ ਕੇ ਉਹ ਕੁਝ ਏਦਾਂ ਤ੍ਰਭਕਿਆ, ਜਿਵੇਂ ਮੈਂ ਉਸ ਉੱਤੇ ਕੋਈ ਪੱਥਰ ਸੁੱਟ ਦਿੱਤਾ ਹੋਵੇ। ਇਥੇ ਰਹਿਣ ਵਾਲੇ ਲੋਕਾਂ ਉੱਤੇ ਉਸ ਨੂੰ ਸ਼ਾਇਦ ਇਤਬਾਰ ਨਹੀਂ ਸੀ। ਦਰਅਸਲ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਗਰੀਬ-ਗੁਰਬੇ ਲੋਕਾਂ ਲਈ ਸਮੇਂ ਦੀ ਸਰਕਾਰ ਵੱਲੋਂ ਉਨ੍ਹਾਂ ਨੂੁੰ ਛੋਟੇ-ਛੋਟੇ ‘ਮਡ ਹੱਟ' ਬਣਾ ਕੇ ਦਿੱਤੇ ਗਏ ਸਨ। ਸਿਤਮ ਜ਼ਰੀਫੀ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਸੱਤ ਤੋਂ ਵੱਧ ਦਹਾਕੇ ਬੀਤਣ ਦੇ ਬਾਵਜੂਦ ਗਰੀਬੀ ਉੱਤੇ ਅਨਪੜ੍ਹਤਾ ਕਾਰਨ ਇੱਥੇ ਰਹਿਣ ਵਾਲਿਆਂ ਨੂੰ ਬਹੁਤੇ ਚੰਗੇ ਨਹੀਂ ਸੀ ਸਮਝਿਆ ਜਾਂਦਾ। ਬੇਹੱਦ ਸੰਘਣੀ ਆਬਾਦੀ ਸੀ। ਘਣਤਾ ਦੇ ਹਿਸਾਬ ਨਾਲ ਬੱਕਰੀਆਂ ਦੇ ਵਾੜੇ ਨਾਲੋਂ ਵੀ ਗੱਲ ਗਈ ਗੁਜ਼ਰੀ ਸੀ।‘‘ਮੈਂ ਇੱਥੇ ਹੀ ਜੰਮਿਆਂ ਪਲਿਆ, ਪੜ੍ਹਿਆ ਤੇ ਇੱਥੇ ਹੀ ਰਹਿੰਦਾ ਹਾਂ। ਮੇਰਾ ਨਾਂਅ ਪੁੱਛ ਲਓ ਤੇ ਫਲਾਣੇ ਥਾਂ ਆ ਜਾਣਾ।” ਮੈਂ ਉਸ ਨੂੰ ਨਕਸ਼ਾ ਸਮਝਾ ਦਿੱਤਾ। ਪਤਾ ਨਹੀਂ ਉਸ ਨੂੰ ਮੇਰੀਆਂ ਗੱਲਾਂ ਉੱਤੇ ਕਿੰਨਾ ਇਤਬਾਰ ਸੀ। ਉਹ ਅੱਧੇ ਘੰਟੇ ਦੀ ਥਾਂ ਪੰਦਰਾਂ-ਵੀਹਾਂ ਮਿੰਟਾਂ ਵਿੱਚ ਉਥੇ ਆ ਪੁੱਜਾ। ਮਿੱਥੀ ਜਗ੍ਹਾ ਉੱਤੇ ਜਦੋਂ ਮੈਂ ਉਸ ਨੂੰ ਮਿਲ ਕੇ ਉਸ ਦਾ ਫੋਨ ਉਸ ਦੇ ਹਵਾਲ ਕੀਤਾ ਤਾਂ ਉਸ ਨੂੰ ਜਿਵੇਂ ਯਕੀਨ ਨਹੀਂ ਸੀ ਆ ਰਿਹਾ ਕਿ ਉਹ ‘ਕੈਂਪ' ਵਿੱਚ ਖੜ੍ਹਾ ਹੈ ਅਤੇ ਇਸ ਇਲਾਕੇ ਦੇ ਇੱਕ ਬਾਸ਼ਿੰਦੇ ਕੋਲੋਂ ਆਪਣਾ ਡਿੱਗਾ ਫੋਨ ਵਾਪਸ ਲੈ ਰਿਹਾ ਹੈ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਚੰਗੇ-ਮੰਦੇ ਬੰਦੇ ਹਰ ਇਲਾਕੇ ਵਿੱਚ ਹੁੰਦੇ ਹਨ, ਗਰੀਬਾਂ ਦੀਆਂ ਸੰਘਣੀਆਂ ਆਬਾਦੀਆਂ ਜ਼ਰਾ ਪਹਿਲਾਂ ਬਦਨਾਮ ਹੋ ਜਾਂਦੀਆਂ ਹਨ ਕਿਉਂਕਿ ਉਥੋਂ ਮਾਡਰਨ ਕਾਲੋਨੀਆਂ ਵਾਂਗ ਪੰਜ ਸੌ ਗਜ਼ ਵਿੱਚ ਚਾਰ ਜਣੇ ਨਹੀਂ, ਸਗੋਂ 33 ਗਜ਼ ਵਿੱਚ ਸੱਤ-ਅੱਠ ਜਣੇ ਰਹਿੰਦੇ ਹਨ।
ਜਦੋਂ ਮੈਂ ਇਹ ਦੱਸਿਆ ਕਿ ਸੰਸਾਰ ਭਰ ਵਿੱਚ ਆਪਣੀ ਲੋਕ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਵੀ ਸਾਰੀ ਉਮਰ ਸਾਡੇ ਇਸੇ ਇਲਾਕੇ ਵਿੱਚ ਬਿਤਾਈ ਹੈ ਤਾਂ ਉਸ ਦਾ ਚਿਹਰਾ ਵੇਖਣ ਵਾਲਾ ਸੀ। ਉਹ ਇਨ੍ਹਾਂ ਲੋਕਾਂ ਬਾਰੇ ਮਨ ਵਿੱਚ ਬਣਾਈ ਆਪਣੀ ਸੋਚ `ਤੇ ਸ਼ਰਮਿੰਦਾ ਹੋਇਆ ਜਾਪਦਾ ਸੀ ਤੇ ਆਮ ਸਥਿਤੀ ਵਿੱਚ ਆ ਰਿਹਾ ਸੀ। ਮੈਂ ਉਸ ਨੂੰ ਇਹ ਗੱਲ ਸਮਝਾਉਣ ਵਿੱਚ ਪੂਰੀ ਤਰ੍ਹਾਂ ਕਾਯਮਾਬ ਹੋਇਆ ਕਿ ਜ਼ਰੂਰੀ ਨਹੀਂ ਕਿ ਗਰੀਬੀ ਤੇ ਅਨਪੜ੍ਹਤਾ ਦਾ ਸਿਰਫ ਚੋਰੀ-ਚਕਾਰੀ ਜਾਂ ਬੇਈਮਾਨੀ ਨਾਲ ਹੀ ਨਾਤਾ ਹੋਵੇ।
ਚੰਗੇ-ਮਾੜੇ ਬੰਦੇ ਕਿਤੇ ਵੀ ਹੋ ਸਕਦੇ ਹਨ। ਫੋਨ ਸਹੀ-ਸਲਾਮਤ ਮਿਲਣ ਉੱਤੇ ਉਹ ਬੇਹੱਦ ਖੁਸ਼ ਸੀ। ‘‘ਠੀਕ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤਾਂ ਆਸ ਛੱਡੀ ਬੈਠਾ ਸੀ। ਅੱਜ ਕੱਲ੍ਹ ਤਾਂ ਫੋਨ ਮਿਲਦੇ ਸਾਰ ਬੰਦੇ ਸਿੰਮ ਕੱਢ ਕੇ ਖਾਲੀ ਸੈੱਟ ਵੇਚਣ ਤੁਰ ਪੈਂਦੇ ਹਨ। ਫਿਰ ਕਿਹੜਾ ਪਤਾ ਲੱਗਦੈ? ਤੁਸੀ ਵੀ ਏਦਾਂ ਕਰ ਸਕਦੇ ਸੀ, ਪਰ ਮੇਰਾ ਮੋਬਾਈਲ ਸਹੀ ਸਲਾਮਤ ਮੇਰੇ ਕੋਲ ਹੈ, ਇਸ ਦਾ ਅਜੇ ਤੱਕ ਵੀ ਯਕੀਨ ਨਹੀਂ ਆ ਰਿਹਾ ਭਾਈ ਸਾਹਿਬ! ਮੇਰਾ ਨੰਬਰ ਲੈ ਲਓ, ਕਦੇ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਣਾ।” ਉਸ ਦਾ ਥਾਣੇਦਾਰੀ ਵਾਲਾ ਮੁਲੱ੍ਹਮਾ ਲਹਿ ਗਿਆ ਮਹਿਸੂਸ ਹੋ ਰਿਹਾ ਸੀ ਅਤੇ ਉਸ ਦਾ ਲਹਿਜ਼ਾ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ‘‘ਤੁਹਾਡੀ ਮਿਹਰਬਾਨੀ ਭਾਅ ਜੀ, ਤੁਹਾਡੇ ਨਾਲ ਕੰਮ ਨਾ ਈ ਪਵੇ ਤਾਂ ਚੰਗੈ'' ਮੈਂ ਹਾਸੇ-ਹਾਸੇ ਵਿੱਚ ਹੱਥ ਜੋੜਦਿਆਂ ਟਕੋਰ ਲਾਈ ਤਾਂ ਉਸ ਨੇ ਜਾਣ ਲਈ ਮੋਟਰ ਸਾਈਕਲ ਨੂੰ ਕਿੱਕ ਮਾਰ ਲਈ।”

 
Have something to say? Post your comment