Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਕਹਾਣੀ: ਲਿਖ ਦਿਓ ਨਾ ਪਾਪਾ ਵਸੀਅਤ ਵਿੱਚ

July 21, 2021 03:15 AM

-ਸੰਗੀਤਾ ਸੇਠੀ
ਪਿਤਾ ਐਵੇਂ ਤਾਂ ਨਹੀਂ ਬਣ ਜਾਂਦਾ ਕੋਈ, ਖੂਨ ਨਾਲ ਸਿੰਝਦਾ ਏ ਆਪਣੇ ਪੌਦੇ ਨੂੰ। ਪਿਆਰ ਦੀ ਖਾਦ, ਦੁਲਾਰ ਦੀ ਤਪਸ਼, ਭਾਵਨਾ ਦੇ ਝੋਂਕਿਆਂ ਨਾਲ ਪਲੋਸਦਾ ਹੈ, ਤਦ ਵੱਡਾ ਹੁੰਦਾ ਹੈ ਪੌਦਾ ਅਤੇ ਉਸ ਦੇ ਬਗੀਚੇ ਦੀ ਸ਼ੋਭਾ ਬਣਦਾ ਹੈ। ਉਹ ਪੌਦਾ ਕਦੇ ਫੁੱਲਾਂ ਵਾਲਾ ਪੌਦਾ ਬਣਦਾ ਹੈ ਤਾਂ ਕਦੇ ਰੁੱਖ, ਪਰ ਇਹ ਕਿੱਦਾਂ ਦਾ ਪੌਦਾ ਹੈ ਪਾਪਾ, ਜਿਸ ਨੂੰ ਆਪਣੇ ਬਗੀਚੇ ਵਿੱਚੋਂ ਪੁੱਟ ਕੇ ਦੂਸਰੇ ਬਗੀਚੇ ਦੀ ਸ਼ੋਭਾ ਬਣਾ ਦਿੱਤਾ ਜਾਂਦਾ ਏ। ਅਕਸਰ ਇਹ ਪ੍ਰਸ਼ਨ ਉਠਦਾ ਸੀ ਇੰਦੂ ਦੇ ਮਨ ਵਿੱਚ, ਪਰ ਪਾਪਾ ਦੀ ਗੋਦ ਵਿੱਚ ਲੱਖ ਵਾਰ ਸਿਰ ਰੱਖਣ ਦੇ ਬਾਅਦ ਵੀ ਉਹ ਪੁੱਛ ਨਹੀਂ ਸਕੀ। ਮਾਂ ਤੋਂ ਪੁੱਛਦੀ ਬੱਸ ਇੱਕੋ ਜਵਾਬ ਮਿਲਦਾ, ‘‘ਦੁਨੀਆ ਦਾ ਦਸਤੂਰ ਹੈ ਲਾਡੋ, ਹਰ ਬਾਬੁਲ ਨਿਭਾਉਂਦਾ ਹੈ।”
ਇੰਦੂ ਦੇ ਬਾਬੁਲ ਨੇ ਵੀ ਨਿਭਾਇਆ ਸੀ ਇਹ ਦਸਤੂਰ, ਜਦ ਇੰਦੂ ਦੇ ਆਲੇ-ਦੁਆਲੇ ਚਾਚੀਆਂ, ਮਾਮੀਆਂ ਇਹ ਗੀਤ ਗਾਉਂਦੇ ਹੋਏ ਉਸ ਨੂੰ ਹਲਦੀ ਲਾਉਂਦੀਆਂ ਰਹੀਆਂ :
‘ਇਨ੍ਹਾਂ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬੁਲ ਡੋਲਾ ਨਹੀਂ ਲੰਘਦਾ’।
ਇਹ ਗੁਹਾਰ ਬੇਟੀ ਦੀ ਹੁੰਦੀ ਹੈ। ਤਦ ਬਾਬੁਲ ਕਹਿੰਦਾ ਹੈ :
‘ਇੱਕ ਇੱਟ ਪੁਟਾ ਦਿਆਂਗਾ, ਧੀਏ ਘਰ ਜਾ ਆਪਣੇ।’
ਅਤੇ ਕਿੰਨੀਆਂ ਬੇਰਹਿਮ ਅਤੇ ਚਮਕੀਲੀਆਂ ਚੀਜ਼ਾਂ ਦਾ ਲਾਲਚ ਦੇ ਕੇ ਬੇਟੀ ਨੂੰ ਡੋਲੀ ਵਿੱਚ ਬਿਠਾ ਦਿੱਤਾ ਜਾਂਦਾ ਹੈ। ਇੰਦੂ ਨੇ ਬਹੁਤ ਗੁਹਾਰ ਲਾਈ ਸੀ ਮਾਂ-ਪਾਪਾ ਨੂੰ, ‘‘ਮਾਂ, ਇੰਨੀਆਂ ਸਾੜੀਆਂ, ਇੰਨੇ ਭਾਂਡੇ ਨਾ ਦਿਓ, ਸਭ ਫਜੂਲ ਖਰਚੀ ਏ। ਸ਼ੇਖਰ ਦੇ ਘਰ ਵੀ ਤਾਂ ਹੋਣਗੇ ਭਾਂਡੇ।”
‘‘ਲਾਡੋ! ਸਭ ਦਸਤੂਰ ਏ ਦੁਨੀਆ ਦਾ, ਫਿਰ ਖਾਲੀ ਹੱਥ ਥੋੜ੍ਹੀ ਵਿਦਾ ਕਰਾਂਗੇ।” ਇੰਦੂ ਦੀਆਂ ਇਹ ਸਾਰੀਆਂ ਗੱਲਾਂ ਵਿਅਰਥ ਸਨ। ਬੇਸ਼ੱਕ ਸਮਾਜ ਸਾਸ਼ਤਰ ਵਿੱਚ ਇੰਦੂ ਨੇ ਪੜ੍ਹਿਆ ਸੀ ਕਿ ਹਰ ਇਸਤਰੀ ਦਾ ਪਿਤਾ ਦੇ ਧਨ ਉੱਤੇ ਅਧਿਕਾਰ ਹੁੰਦਾ ਹੈ, ਪਰ ਪਿਤਾ ਦੇ ਕਰਜ਼ੇ ਨੂੰ ਧਨ ਨਹੀਂ ਮੰਨਿਆ ਜਾ ਸਕਦਾ, ਪਿਤਾ ਦੀ ਚਾਦਰ ਦੇਖੀ ਜਾਂਦੀ ਹੈ।
ਇੰਦੂ ਸ਼ੇਖਰ ਨਾਲ ਆਪਣੀ ਗ੍ਰਹਿਸਥੀ ਵਿੱਚ ਬਿਜ਼ੀ ਹੋ ਗਈ, ਪਰ ਮਾਂ-ਬਾਪ ਨੂੰ ਯਾਦ ਕਰਨਾ ਨਹੀਂ ਭੁੱਲੀ। ਸਾਲ-ਦਰ-ਸਾਲ ਮਾਂ-ਪਾਪਾ ਦੇ ਤੋਹਫਿਆਂ ਦੀ ਪਰੰਪਰਾ ਚਲਦੀ ਰਹੀ। ਕਦੇ ਰੱਖੜੀ ਤਾਂ ਕਦੇ ਟਿੱਕਾ, ਕਦੇ ਹੋਲੀ, ਕਦੇ ਦੀਵਾਲੀ, ਮਾਂ ਸੰਦੂਕ ਵਿੱਚ ਸਾਂਭੀਆਂ ਸਾੜ੍ਹੀਆਂ ਕੱਢਦੀ ਤਾਂ ਪਾਪਾ ਆਪਣੇ ਬਕਸੇ ਵਿੱਚ ਰੱਖੇ ਕੁਝ ਨੋਟ ਅਤੇ ਤੋਹਫੇ ਵਿੱਚ ਆਈ ਡਾਇਰੀ ਜਾਂ ਪੈੱਨ ਦਿੰਦੇ। ਪਿਛਲੇ ਸਾਲ ਮਾਂ ਦੇ ਜਾਣ ਦੇ ਬਾਅਦ ਪਾਪਾ ਇਕੱਲੇ ਰਹਿ ਗਏ ਸਨ। ਵੀਡੀਓ ਕਾਲ ਉੱਤੇ ਪਾਪਾ ਦਾ ਚਿਹਰਾ ਤਸੱਲੀ ਨਹੀਂ ਦਿੰਦਾ ਤਾਂ ਇੰਦੂ ਗਿਆਰਾਂ ਘੰਟੇ ਦੀ ਬਸ ਦੀ ਯਾਤਰਾ ਕਰਨਾ ਜ਼ਰੂਰੀ ਸਮਝਦੀ। ਇੰਦੂ ਦੇ ਪਾਪਾ ਦੇ ਸ਼ਹਿਰ ਵਿੱਚ ਫੇਰੇ ਵਧ ਗਏ ਸਨ।
‘‘ਆ ਜਾ ਇੰਦੂ ! ਮਾਂ ਦਾ ਸੰਦੂਕ ਸੰਭਾਲ ਲੈ। ਹੋਰ ਵੀ ਕੁਝ ਹਿਸਾਬ ਕਰਨਾ ਏ ਤੇਰੇ ਨਾਲ। ਸ਼ੇਖਰ ਨੂੰ ਨਾਲ ਲੈ ਕੇ ਆਉਣਾ। ਰੋਹਨ ਨੂੰ ਵੀ ਲੈ ਆਵੀਂ।'' ਉਸ ਦਿਨ ਪਾਪਾ ਦੀ ਹੰਝੂਆਂ ਭਰੀਆਂ ਅੱਖਾਂ ਇੰਦੂ ਤੋਂ ਛਿਪ ਨਾ ਸਕੀਆਂ।
‘‘ਹਾਂ ਪਾਪਾ! ਰੋਹਨ ਦੇ ਪੇਪਰ ਹੋ ਜਾਣ, ਉਂਝ ਆਨਲਾਈਨ ਹੀ ਹੈ, ਫਿਰ ਆਵਾਂਗੀ। ਤਸੱਲੀ ਨਾਲ।” ਇੰਦੂ ਨੇ ਕਿਹਾ ਤਾਂ ਪਾਪਾ ਦੀਆਂ ਡਬਡਬਾ ਗਈਆਂ।
‘‘ਮੇਰਾ ਕੀ ਭਰੋਸਾ! ਇਸ ਮਹਾਮਾਰੀ ਦਾ ਨਹੀਂ ਪਤਾ, ਕਦੋਂ ਕੀ ਹੋ ਜਾਵੇ, ਪਾਣੀ ਦਾ ਬੁਲਬੁਲਾ ਏ ਇਨਸਾਨ ਦੀ ਜ਼ਿੰਦਗੀ।” ਪਾਪਾ ਨੀਰਸ ਅੰਦਾਜ ਵਿੱਚ ਬੋਲ ਰਹੇ ਸਨ। ਅੱਜ ਪਾਪਾ ਨੂੰ ਕੀ ਹੋ ਗਿਆ ਏ, ਸ਼ੇਖਰ ਨੂੰ ਵੀ ਯਾਦ ਕਰਦੇ ਨੇ, ਰੋਹਨ ਨੂੰ ਵੀ, ਉਸ ਨੂੰ ਬੁਲਾ ਕੇ ਹਿਸਾਬ ਕਰਨਾ ਚਾਹੁੰਦੇ ਨੇ। ਇੰਦੂ ਨੂੰ ਪਾਪਾ ਦੀਆਂ ਉਹ ਸਭ ਡਾਇਰੀਆਂ ਯਾਦ ਆਉਣ ਲੱਗੀਆਂ ਜਿਨ੍ਹਾਂ ਵਿੱਚ ਸ਼ਾਇਰੀ ਲਿਖੀ ਸੀ। ਲੱਗਦਾ ਏ ਪਾਪਾ ਡਾਇਰੀਆਂ ਵਿਚਲੇ ਸ਼ੇਅਰ ਪੜ੍ਹ ਕੇ ਭਾਵੁਕ ਹੋ ਰਹੇ ਨੇ।
ਮਈ ਦੀ ਤਿੱਖੀ ਧੁੱਪ ਵਿੱਚ ਸ਼ੇਖਰ ਨੂੰ ਸਫਰ ਕਰਨਾ ਪਸੰਦ ਨਹੀਂ ਸੀ, ਪਰ ਇੰਦੂ ਨੇ ਪਾਪਾ ਦੀ ਗੱਲ ਦੱਸੀ ਤਾਂ ਤੁਰ ਪਏ। ਗੇਟ ਉੱਤੇ ਪਹੁੰਚਦੇ ਹੀ ਛੋਟੀ ਭਰਜਾਈ ਨੂੰ ਦੇਖਿਆ। ਭਤੀਜੀ ਪ੍ਰੀਆ ਤੇ ਸਕਸ਼ਮ ਵੀ ਬਗੀਚੇ ਵਿੱਚ ਖੇਡ ਰਹੇ ਸਨ। ਰੋਹਨ ਭੱਜ ਕੇ ਉਨ੍ਹਾਂ ਨੂੰ ਮਿਲਣ ਗਿਆ। ‘‘ਓਹ ਵਾਹ! ਦੁਰਗ ਤੋਂ ਵੀਰ ਜੀ ਵੀ ਆਏ ਹਨ, ਵੱਡੇ ਵੀਰ ਅਤੇ ਭਾਬੀ ਵੀ ਰਾਇਗੜ੍ਹ ਤੋਂ ਆਏ ਹਨ। ਅੱਛਾ ਤਾਂ ਪਾਪਾ ਨੇ ਸਾਰਾ ਕੁਨਬਾ ਹੀ ਇਕੱਠਾ ਕੀਤਾ ਹੋਇਆ ਏ।” ਇੰਦੂ ਦਿਲ ਹੀ ਦਿਲ ਵਿੱਚ ਕਹਿ ਰਹੀ ਸੀ।
ਵੱਡੀ ਭਾਬੀ ਪਹਿਲਾਂ ਤੋਂ ਹੀ ਰਸੋਈ ਵਿੱਚ ਨਾਸ਼ਤੇ ਦੀ ਤਿਆਰੀ ਕਰ ਰਹੀ ਸੀ। ਛੋਟੀ ਭਾਬੀ ਤਦ ਤੱਕ ਇੰਦੂ ਅਤੇ ਸ਼ੇਖਰ ਦੇ ਲਈ ਚਾਹ ਲੈ ਆਈ ਸੀ। ਅੱਜ ਡਾਈਨਿੰਗ ਟੇਬਲ ਉੱਤੇ ਰੌਣਕ ਸੀ। ਛੇ ਕੁਰਸੀਆਂ ਵਾਲਾ ਡਾਈਨਿੰਗ ਟੇਬਲ ਵੀ ਛੋਟਾ ਪੈ ਗਿਆ ਸੀ। ਤਿੰਨ ਕੁਰਸੀਆਂ ਤੇ ਇੱਕ ਸਟੂਲ ਅਲੱਗ ਸੈੱਟ ਕੀਤਾ ਗਿਆ। ਪਾਪਾ ਦਾ ਚਿਹਰਾ ਸ਼ਾਂਤ ਸੀ। ਪੋਹਾ ਖਾਣ ਦੇ ਬਾਅਦ ਚਾਹ ਦੀ ਆਖਰੀ ਘੁੱਟ ਪੀ ਕੇ ਸਾਈਡ ਵਿੱਚ ਰੱਖ ਕੇ ਬੈਠ ਗਏ, ਜਿਵੇਂ ਕਿਸੇ ਦੇ ਇੰਤਜ਼ਾਰ ਵਿੱਚ ਸਨ।
‘‘ਬੱਚਿਓ! ਅੱਜ ਤੁਹਾਨੂੰ ਸਾਰਿਆਂ ਨੂੰ ਇਸ ਲਈ ਬੁਲਾਇਆ ਹੈ ਕਿ ਇਹ ਮਕਾਨ ਮਾਂ ਦੇ ਨਾਂਅ ਸੀ। ਮਾਂ ਦੇ ਜਾਣ ਦੇ ਬਾਅਦ ਇਸ ਦਾ ਅਧਿਕਾਰ ਹਟ ਗਿਆ ਹੈ, ਜਿਸ ਨੂੰ ਟਾਈਟਲ ਓਪਨ ਹੋਣਾ ਕਹਿੰਦੇ ਹਨ।” ਪਾਪਾ ਨੇ ਬਿਨਾਂ ਭੂਮਿਕਾ ਦੇ ਗੱਲ ਸ਼ੁਰੂ ਕਰ ਦਿੱਤੀ ਸੀ।
ਸਭ ਚੁੱਪ! ਤਾਂ ਵੱਡੇ ਵੀਰ ਜੀ ਨੇ ਕਿਹਾ, ‘‘ਪਾਪਾ ਤੁਸੀਂ ਆਪਣੇ ਨਾਂਅ ਉੱਤੇ ਰਜਿਸਟਰੀ ਕਰਵਾ ਲਓ।”
‘‘ਮੇਰਾ ਕੀ ਭਰੋਸਾ! ਅੱਜ ਹਾਂ, ਕੱਲ੍ਹ ਨਹੀਂ, ਫਿਰ ਮੇਰੇ ਸਾਹਮਣੇ ਬਟਵਾਰਾ ਹੋ ਜਾਏ। ਮੈਂ ਵਸੀਅਤ ਕਰਨਾ ਚਾਹੁੰਦਾ ਹਾਂ। ਤਿੰਨ ਹਿੱਸੇ ਕਰ ਲਓ”। ਇਕਦਮ ਸਪੱਸ਼ਟ ਸ਼ਬਦਾਂ ਵਿੱਚ ਬੋਲਦੇ ਹੋਏ ਪਾਪਾ ਨੇ ਇੱਕ ਮੋਟੀ ਜਿਹੀ ਮਟਮੈਲੇ ਰੰਗ ਦੀ ਫਾਈਲ ਰੱਖ ਦਿੱਤੀ ਸੀ।
‘‘ਤਾਂ ਇਸ ਲਈ ਬੁਲਾਇਆ ਸੀ ਤੁਸੀਂ ਪਾਪਾ!” ਇੰਦੂ ਫਟ ਪਈ। ਛੋਟੀ ਭਾਬੀ ਅਤੇ ਵੱਡੀ ਭਾਬੀ ਸੋਚ ਵਿੱਚ ਪੈ ਗਈਆਂ ਸਨ। ਉਨ੍ਹਾਂ ਦੇ ਚਿਹਰੇ ਉਤੇ ਇੱਕ ਰੰਗ ਆ ਰਿਹਾ ਸੀ, ਇੱਕ ਜਾ ਰਿਹਾ ਸੀ ਕਿ ਇੰਦੂ ਦੀਦੀ ਕੀ ਬੋਲੇਗੀ।
‘‘ਪਾਪਾ! ਜੇ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਤੁਹਾਡੀ ਜਾਇਦਾਦ ਵਿੱਚੋਂ ਹਿੱਸਾ ਲਵਾਂਗੀ, ਤਾਂ ਭੁੱਲ ਜਾਣਾ” ਇੰਦੂ ਦੇ ਬੋਲਾਂ ਵਿੱਚ ਤਿੱਖਾਪਣ ਸੀ।
‘‘...ਪਰ ਧੀਆਂ ਦਾ ਬਰਾਬਰ ਦਾ ਅਧਿਕਾਰ ਹੁੰਦਾ ਹੈ।” ਛੋਟੇ ਵੀਰ ਜੀ ਬੋਲੇ।
‘‘ਹਾਂ! ਹੁੰਦਾ ਹੈ ਵੀਰ ਜੀ, ਪਰ ਉਹ ਅਧਿਕਾਰ ਸਾਰੀ ਉਮਰ ਤੋਂ ਘਰੋਂ ਲੈਂਦੀ ਰਹਿੰਦੀ ਏ। ਵਿਆਹ ਵਿੱਚ ਦਾਜ ਦੇ ਨਾਂਅ ਉੱਤੇ, ਕਦੇ ਤਿੱਥ-ਤਿਉਹਾਰ ਦੇ ਨਾਂਅ ਉੱਤੇ, ਬੱਚਿਆਂ ਦੇ ਜਨਮ ਉੱਤੇ ਤਾਂ ਕਦੀ ਭਰਾਵਾਂ ਦਾ ਵਿਆਹ ਉੱਤੇ, ਧੀਆਂ ਤਾਂ ਹਮੇਸ਼ਾ ਲੈਂਦੀਆਂ ਰਹਿੰਦੀਆਂ ਹਨ” ਬੋਲਦੇ ਹੋਏ ਇੰਦੂ ਦਾ ਗਲਾ ਭਰ ਆਇਆ।
‘‘ਪਾਪਾ! ਮੈਂ ਤੁਹਾਡੇ ਬਗੀਚੇ ਦਾ ਉਹ ਪੌਦਾ ਹਾਂ ਜੋ ਦੂਸਰੇ ਬਗੀਚੇ ਵਿੱਚ ਲਾਇਆ ਗਿਆ ਅਤੇ ਉਸ ਬਗੀਚੇ ਵਿੱਚ ਵੀ ਕੁਸ਼ਲ ਮਾਲੀ ਹੁੰਦਾ ਹੈ ਨਾ, ਮੈਨੂੰ ਤੁਸੀਂ ਸ਼ੇਖਰ ਵਰਗੇ ਕੁਸ਼ਲ ਮਾਲੀ ਦੇ ਹੱਥਾਂ ਵਿੱਚ ਸੌਂਪਿਆ। ਕੋਈ ਕਮੀ ਨਹੀਂ ਆਈ ਮੇਰੇ ਜੀਵਨ ਵਿੱਚ।” ਇੰਦੂ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰਾ ਅਵਿਰਲ ਹੋ ਗਈ। ਸ਼ੇਖਰ ਇੰਦੂ ਨਾਲ ਸਹਿਮਤ ਹੁੰਦੇ ਹੋਏ ਸਿਰ ਹਿਲਾ ਰਹੇ ਸਨ। ਵੱਡੀ ਭਾਬੀ ਅਤੇ ਛੋਟੀ ਭਾਬੀ ਡਾਈਨਿੰਗ ਟੇਬਲ ਉੱਤੇ ਕੂਹਣੀ ਟਿਕਾਈ ਬੈਠੀਆਂ ਸਨ।
‘‘ਹਾਂ ਪਾਪਾ! ਤੁਹਾਨੂੰ ਵਸੀਅਤ ਲਿਖਣੀ ਏ ਨਾਂ ਤਾਂ ਮੇਰੇ ਨਾਂਅ ਉਹ ਸਾਰੀਆਂ ਡਾਇਰੀਆਂ ਲਿਖ ਦਿਓ ਜਿਨ੍ਹਾਂ ਵਿੱਚ ਤੁਹਾਡੀ ਸ਼ੇਅਰ-ਓ-ਸ਼ਾਇਰੀਆਂ ਲਿਖੀਆਂ ਹਨ, ਉਹ ਨੋਟ ਬੁਕਸ ਦੇ ਦਿਓ ਜਿਨ੍ਹਾਂ ਵਿੱਚ ਤੁਹਾਡੇ ਹੱਥਾਂ ਨਾਲ ਬਲਿਊ-ਬਲੈਕ ਸਿਆਹੀ ਨਾਲ ਮੁਕੇਸ਼ ਤੇ ਰਫੀ ਦੇ ਸਾਰੇ ਗਾਣੇ ਲਿਖੇ ਹਨ। ਉਹ ਐਬਲਮ ਲਿਖ ਦਿਓ ਮੇਰੇ ਨਾਂਅ ਜਿਨ੍ਹਾਂ ਵਿੱਚ ਤੁਹਾਡੀਆਂ ਤੇ ਮਾਂ ਦੀਆਂ ਸਭ ਯਾਤਰਾਵਾਂ ਦੀਆਂ ਬਲੈਕ ਐਂਡ ਵ੍ਹਾਈਟ ਫੋਟੋਆਂ ਹਨ ਤੇ ਤੁਹਾਡਾ ਉਹ ਫਿਲੇਟੇਲੀ ਐਬਲਮ ਜਿਸ ਵਿੱਚ ਵਿਸ਼ਵ ਦੇ ਸਾਰੇ ਦੇਸ਼ਾਂ ਦੇ ਡਾਕ ਟਿਕਟ ਹਨ ਤੇ ਤੁਹਾਡਾ ਉਹ ਸਿੱਕਿਆਂ ਦਾ ਸੰਗ੍ਰਹਿ, ਕਰ ਦਿਓ ਮੇਰੇ ਨਾਂਅ ਪਾਪਾ।” ਇੰਦੂ ਸੁਬਕ ਰਹੀ ਸੀ।
‘‘ਦੇਣਾ ਹੀ ਚਾਹੁੰਦੇ ਹੋ ਨਾ ਤੁਸੀਂ ਮੈਨੂੁੰ ਕੁਝ, ਤਾਂ ਮਾਂ ਦੇ ਸੰਦੂਕ ਵਿੱਚੋਂ ਕੁਝ ਸਾੜ੍ਹੀਆਂ ਦੇ ਦਿਓ ਤਾਂ ਕਿ ਮੈਂ ਮਾਂ ਦੀ ਮਹਿਕ ਮਹਿਸੂਸ ਕਰ ਸਕਾਂ, ਹੋਰ... ਹੋਰ...” ਇੰਦੂ ਦੀ ਹਿਚਕੀ ਬੱਝ ਗਈ ਸੀ।
‘‘...ਅਤੇ ਦੇ ਸਕਦੇ ਹੋ ਤਾਂ ਮੈਨੂੰ ਆਪਣਾ ਉਹ ਬਲਿਊ ਵਾਲਾ ਕੋਟ ਦੇ ਦਿਓ, ਜਿਸ ਵਿੱਚ ਛਿਪਕ ਕੇ ਮੈਂ ਤੁਹਾਡੀ ਗੋਦ ਵਿੱਚ ਸੌਂ ਜਾਇਆ ਕਰਦੀ ਸੀ। ਲਿਖ ਦਿਓ ਨਾ ਉਹ ਵਸੀਅਤ!” ਇੰਦੂ ਤੋਂ ਅੱਗੇ ਬੋਲਿਆ ਨਾ ਗਿਆ ਸੀ। ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਦੋਵਾਂ ਭਾਬੀਆਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਵਹਿ ਰਹੇ ਸਨ। ਪਾਪਾ ਦੀਆਂ ਅੱਖਾਂ ਵਿੱਚੋਂ ਦੋ ਬੂੰਦਾਂ ਉਸ ਮਟਮੈਲੀ ਫਾਈਲ ਉੱਤੇ ਲੁੜਕ ਪਈਆਂ ਸਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ