Welcome to Canadian Punjabi Post
Follow us on

25

September 2021
 
ਨਜਰਰੀਆ

ਇਕੱਲੇਪਣ ਨਾਲ ਪੈਦਾ ਹੁੰਦੀ ਗੰਭੀਰ ਸਮੱਸਿਆ

July 09, 2021 03:01 AM

-ਰੰਜਨਾ ਮਿਸ਼ਰਾ
ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਮੁਤਾਬਕ ਭਾਰਤ ਵਿੱਚ 20 ਕਰੋੜ ਤੋਂ ਵੱਧ ਲੋਕ ਡਿਪ੍ਰੈਸ਼ਨ ਅਤੇ ਹੋਰ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹਨ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਕੰਮ ਕਰਦੇ ਲਗਭਗ 42 ਫੀਸਦੀ ਕਰਮਚਾਰੀ ਡਿਪ੍ਰੈਸ਼ਨ ਅਤੇ ਐਂਗਜਾਈਟੀ ਤੋਂ ਪੀੜਤ ਹਨ। ਡਿਪ੍ਰੈਸ਼ਨ ਅਤੇ ਇਕੱਲਾਪਣ ਭਾਰਤ ਸਮੇਤ ਪੂਰੀ ਦੁਨੀਆ ਲਈ ਵੱਡੀ ਸਮੱਸਿਆ ਬਣ ਗਿਆ ਹੈ ਤੇ ਇਸ ਨੂੰ ਸਿਰਫ ਸਮਾਜ ਦੀ ਜ਼ਿੰਮੇਵਾਰੀ ਮੰਨ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਇਕੱਲੇਪਣ ਵਿੱਚ ਘਿਰਿਆ ਵਿਅਕਤੀ ਖੁਦ ਆਪਣੀ ਤਬਾਹੀ ਦਾ ਕਾਰਨ ਬਣ ਜਾਂਦਾ ਹੈ, ਉਹ ਜ਼ਿੰਦਗੀ ਬਾਰੇ ਨਾ ਸੋਚ ਕੇ ਮੌਤ ਬਾਰੇ ਸੋਚਣ ਲੱਗਦਾ ਹੈ। ਡਾਕਟਰ ਤੋਂ ਆਪਣੇ ਰੋਗ ਦੀ ਦਵਾਈ ਪੁੱਛਣ ਦੀ ਬਜਾਏ ਆਪਣੀ ਮੌਤ ਦੀ ਤਰੀਕ ਪੁੱਛਣ ਲੱਗਦਾ ਹੈ। ਇਸ ਬਿਮਾਰੀ ਦਾ ਪਤਾ ਨਾ ਕਿਸੇ ਬਲੱਡ ਟੈਸਟ ਤੋਂ ਲੱਗਦਾ ਹੈ, ਨਾ ਸੀ ਟੀ ਸਕੈਨ ਜਾਂ ਐਕਸਰੇ ਤੋਂ। ਇਸ ਦੀ ਗੰਭੀਰਤਾ ਅਤੇ ਇਸ ਨਾਲ ਹੁੰਦੀ ਪੀੜ ਨੂੰ ਉਹੀ ਵਿਅਕਤੀ ਸਮਝਦਾ ਹੈ, ਜੋ ਖੁਦ ਇਸ ਦਾ ਸ਼ਿਕਾਰ ਹੋ ਜਾਵੇ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੇ ਨੌਜਵਾਨਾਂ ਦੀ ਮੌਤ ਦਾ ਤੀਸਰਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਕੱਲਾਪਣ ਹੈ। ਉਂਝ ਇਕੱਲਾਪਣ ਕਹਿਣ ਨੂੰ ਇੱਕ ਸ਼ਬਦ ਹੈ ਅਤੇ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਅਜੋਕੀਆਂ ਹਾਲਤਾਂ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਅਤੇ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਹੈ। ਇਕੱਲੇਪਣ ਦੇ ਸ਼ਿਕਾਰ ਸਿਰਫ ਉਹ ਹੀ ਲੋਕ ਨਹੀਂ ਹੁੰਦੇ, ਜੋ ਸਮਾਜ ਵਿੱਚ ਇਕੱਲੇ ਰਹਿੰਦੇ ਹੋਣ, ਸਗੋਂ ਇਸ ਦਾ ਸ਼ਿਕਾਰ ਨਹੀਂ ਵਾਰ ਅਜਿਹੇ ਲੋਕ ਵੀ ਹੁੰਦੇ ਹਨ, ਜੋ ਭਰੇ-ਪੂਰੇੇ ਪਰਵਾਰ, ਸਕੇ ਸੰਬੰਧੀਆਂ ਤੇ ਮਿੱਤਰਾਂ ਨਾਲ ਘਿਰੇ ਹੋਏ ਹੋਣ ਦੇ ਬਾਵਜੂਦ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹੋਣ। ਇਕੱਲੇਪਣ ਨਾਲ ਗ੍ਰਸਤ ਵਿਅਕਤੀ ਆਪਣੀ ਜ਼ਿੰਦਗੀ ਦਾ ਮਕਸਦ ਵੀ ਭੁੱਲ ਜਾਂਦਾ ਹੈ। ਨਾ ਉਸ ਦਾ ਕੋਈ ਟੀਚਾ ਹੁੰਦਾ ਹੈ ਅਤੇ ਨਾ ਕੁਝ ਕਰਨ ਦੀ ਕਾਮਨਾ। ਉਹ ਸਮਾਜ ਅਤੇ ਪਰਵਾਰ ਤੋਂ ਟੁੱਟਦਾ ਜਾਂਦਾ ਹੈ, ਹਰ ਰਿਸ਼ਤੇ ਅਤੇ ਹਰ ਭਾਵਨਾ ਤੋਂ ਉਸ ਦਾ ਮਨ ਉਠ ਹੋ ਜਾਂਦਾ ਹੈ।
ਅਜਿਹੇ ਰੋਗੀਆਂ ਦੇ ਕਾਰਨਾਂ ਦੀ ਪਛਾਣ ਕਰਨ ਦੀ ਕੋਈ ਤਕਨੀਕ ਅਜੇ ਵਿਕਸਤ ਨਹੀਂ ਹੋਈ। ਅਜਿਹੇ ਵਿਅਕਤੀ ਠੀਕ ਵੀ ਨਹੀਂ ਹੋਣਾ ਚਾਹੁੰਦੇ, ਕਿਉਂਕਿ ਉਹ ਜ਼ਿੰਦਗੀ ਤੋਂ ਅੱਕ ਚੁੱਕੇ ਹੁੰਦੇ ਹਨ। ਰਿਪੋਰਟਾਂ ਤੋਂ ਜਾਪਦਾ ਹੈ ਕਿ ਕੁਆਰਿਆਂ ਦੀ ਬਜਾਏ ਵਿਆਹੁਤਾ ਲੋਕਾਂ ਵਿੱਚ ਇਕੱਲੇਪਣ ਦੀ ਸਮੱਸਿਆ 60 ਫੀਸਦੀ ਤੱਕ ਵੱਧ ਵੱਧ ਹੁੰਦੀ ਹੈ। ਹਾਰਵਰਡ ਬਿਜ਼ਨਸ ਰੀਵਿਊ ਦੀ ਇੱਕ ਖੋਜ ਅਨੁਸਾਰ ਇਕੱਲੇਪਣ ਦੇ ਕਾਰਨ ਵਿਅਕਤੀ ਦੀ ਉਮਰ ਤੇਜ਼ੀ ਨਾਲ ਘਟਦੀ ਹੈ ਅਤੇ ਇਹ ਓਨਾ ਹੀ ਖਤਰਨਾਕ ਹੈ, ਜਿੰਨਾ ਕਿ ਇੱਕ ਦਿਨ ਵਿੱਚ 15 ਸਿਗਰਟਾਂ ਪੀਣੀਆਂ। ਵੱਡੀਆਂ ਸਮੱਸਿਆਵਾਂ ਅਤੇ ਸੰਕਟਾਂ ਨਾਲ ਘਿਰੇ ਹੋਏ ਵਿਅਕਤੀ ਅਕਸਰ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਹਨ। ਵੱਡੀਆਂ ਮਹਾਮਾਰੀਆਂ ਅਤੇ ਜੰਗ ਸਮੇਂ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਅਸੁਰੱਖਿਆ ਵਧ ਜਾਂਦੀ ਹੈ। ਕੋਰੋਨਾ ਕਾਲ ਵਿੱਚ ਤੇ ਖਾਸ ਕਰ ਕੇ ਲਾਕਡਾਊਨ ਦੇ ਸਮੇਂ ਸਭ ਨੇ ਇਸ ਇਕੱਲੇਪਣ ਨੂੰ ਮਹਿਸੂਸ ਕੀਤਾ। ਇਸ ਅਰਸੇ ਵਿੱਚ ਲੋਕਾਂ ਦੇ ਵਤੀਰੇ ਵਿੱਚ ਕਈ ਤਬਦੀਲੀਆਂ ਆਈਆਂ। ਉਨ੍ਹਾਂ ਵਿੱਚ ਗੁੱਸਾ, ਨਿਰਾਸ਼ਾ ਤੇ ਘੁਟਣ ਵਧ ਗਈ। ਇਹੀ ਭਾਵਨਾਵਾਂ ਵਿਅਕਤੀ ਨੂੰ ਇਕੱਲੇਪਣ ਦੇ ਹਨੇਰੇ ਵਿੱਚ ਧੱਕ ਦਿੰਦੀਆਂ ਹਨ।
ਇਕੱਲੇਪਣ ਅਤੇ ਇਕਾਂਤ ਵਿੱਚ ਬੜਾ ਫਰਕ ਹੈ। ਇਕੱਲਾਪਣ ਮਨ ਦੀ ਉਹ ਅਵਸਥਾ ਹੈ ਜਿਸ ਨੂੰ ਅਸੀਂ ਮਾਨਸਿਕ ਬਿਮਾਰੀ ਦਾ ਨਾਂਅ ਦੇ ਸਕਦੇ ਹਾਂ, ਜਦ ਕਿ ਇਕਾਂਤ ਵਿਅਕਤੀ ਦੇ ਅਧਿਆਤਮਕ ਵਿਕਾਸ ਦੀ ਅਵਸਥਾ ਹੈ। ਸਾਡੇ ਰਿਸ਼ੀ-ਮੁਨੀ ਇਕਾਂਤ ਵਿੱਚ ਸਾਧਨਾ ਕਰਦੇ ਸਨ। ਵੱਡੇ ਵੱਡੇ ਸਾਹਿਤਕਾਰ, ਕਲਾਕਾਰ, ਲੇਖਕ, ਪੱਤਰਕਾਰ ਤੇ ਵਿਗਿਆਨੀ ਆਪਣੇ ਸਿਰਜਣਾਤਮਕ ਕਾਰਜਾਂ ਲਈ ਇਕਾਂਤ ਦੀ ਭਾਲ ਵਿੱਚ ਰਹਿੰਦੇ ਹਨ। ਯੋਗੀ ਇਕਾਂਤ ਵਿੱਚ ਯੋਗ ਦੀ ਸਿਖਰ ਦੀ ਅਵਸਥਾ ਤੱਕ ਪਹੁੰਚ ਸਕਦਾ ਹੈ, ਭਾਵ ਇਕਾਂਤ ਸਿਰਜਣ ਦੀ ਲੋੜ ਹੈ, ਪਰ ਇਕੱਲਾਪਣ ਤਬਾਹੀ ਦਾ ਕਾਰਨ ਬਣਦਾ ਹੈ।
ਪਿੱਛੇ ਜਿਹੇ ਜਾਪਾਨ ਨੇ ਇਕੱਲਾਪਣ ਦੂਰ ਕਰਨ ਲਈ ਇੱਕ ਮੰਤਰਾਲਾ ਬਣਾਇਆ ਜਿਸ ਦਾ ਨਾਂਅ ਹੈ ‘ਮਨਿਸਟਰੀ ਆਫ ਲੋਨਲੀਨੈੱਸ’। ਉਂਝ ਜਾਪਾਨੀ ਲੋਕ ਆਪਣੇ ਕੰਮ ਬਾਰੇ ਕਮਰਸ਼ੀਲ ਤੇ ਇਮਾਨਦਾਰ ਮੰਨੇ ਜਾਂਦੇ ਹਨ, ਪਰ ਇਕੱਲਾਪਣ ਉਨ੍ਹਾਂ ਨੂੰ ਅੰਦਰ ਹੀ ਅੰਦਰ ਖੋਖਲਾ ਕਰਦਾ ਜਾ ਰਿਹਾ ਹੈ। ਜਾਪਾਨ ਦੀ ਸਾਢੇ 12 ਕਰੋੜ ਆਬਾਦੀ ਵਿੱਚ ਲਗਭਗ 63 ਲੱਖ ਬਜ਼ੁਰਗ ਅਤੇ ਛੇ ਕਰੋੜ ਤੋਂ ਵੱਧ ਨੌਜਵਾਨ ਹਨ, ਭਾਵ ਕੁੱਲ ਆਬਾਦੀ ਦਾ ਪੰਜ ਫੀਸਦੀ ਬਜ਼ੁਰਗ ਅਤੇ ਪੰਜਾਹ ਫੀਸਦੀ ਨੌਜਵਾਨ। ਇਹੀ ਬਜ਼ੁਰਗ ਜਾਪਾਨ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇਨ੍ਹਾਂ ਕੋਲ ਇਕੱਲੇਪਣ ਦਾ ਕੋਈ ਸਾਥੀ ਨਹੀਂ।
ਲੋਕ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਰੋਬੇਟ ਡੌਗ ਅਤੇ ਰੋਬੋਟ ਫਰੈਂਡਜ਼ ਦਾ ਸਹਾਰਾ ਲੈਂਦੇ ਹਨ, ਪਰ ਉਨ੍ਹਾਂ ਨੂੰ ਕਿਸੇ ਜ਼ਿੰਦਾ ਸਾਥੀ ਦਾ ਸਾਥ ਨਹੀਂ ਮਿਲਦਾ। ਇਸ ਲਈ ਸਾਲ 2020 ਵਿੱਚ ਖੁਦਕੁਸ਼ੀ ਦੇ ਅੰਕੜਿਆਂ ਨੂੰ ਦੇਖ ਕੇ ਉਥੋਂ ਦੀ ਸਰਕਾਰ ਪ੍ਰੇਸ਼ਾਨ ਹੈ। ਸੰਨ 2020 ਵਿੱਚ ਖੁਦਕੁਸ਼ੀ ਦੇ ਅੰਕੜੇ 2019 ਦੇ ਮੁਕਾਬਲੇ ਲਗਭਗ ਚਾਰ ਫੀਸਦੀ ਵਧ ਗਏ, ਭਾਵ ਉਥੇ ਹਰ 1 ਲੱਖ ਨਾਗਰਿਕਾਂ ਵਿੱਚੋਂ 16 ਨਾਗਰਿਕ ਖੁਦਕੁਸ਼ੀ ਕਰ ਰਹੇ ਸਨ ਤੇ ਜਾਂਚ ਵਿੱਚ ਪਾਇਆ ਗਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਕੱਲਾਪਣ ਹੈ। ਤਦ ਉਥੋਂ ਦੀ ਸਰਕਾਰ ਨੇ ਇਹ ਮੰਤਰਾਲਾ ਬਣਾਇਆ, ਜਿਹੜਾ ਜਾਪਾਨ ਵਿੱਚ ਇਕੱਲੇਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਕਰੇਗਾ, ਸਕੂਲਾਂ-ਕਾਲਜਾਂ, ਕਲੱਬਾਂ ਤੇ ਮੰਤਰਾਲਿਆਂ ਦੇ ਨਾਲ ਰਲ ਕੇ ਇਕੱਲੇਪਣ ਦੇ ਲੱਛਣਾਂ ਨੂੰ ਪਛਾਣੇਗਾ ਅਤੇ ਇਕੱਲੇ ਦੀ ਸਮੱਸਿਆ ਦੂਰ ਕਰਨ ਦੀ ਯੋਜਨਾ ਬਣਾਈ ਜਾਵੇਗੀ।
2018 ਵਿੱਚ ਬ੍ਰਿਟੇਨ ਨੇ ਵੀ ੲਦਾਂ ਦਾ ਮੰਤਰਾਲਾ ਬਣਾਇਆ ਸੀ। ਕੀ ਸਮਾਂ ਆ ਗਿਆ ਹੈ ਕਿ ਇਕੱਲੇਪਣ ਲਈ ਭਾਰਤ ਵਿੱਚ ਵੀ ਮੰਤਰਾਲਾ ਬਣਾਇਆ ਜਾਵੇ, ਜਿਵੇਂ ਜਾਪਾਨ ਵਿੱਚ ਬਣਾਇਆ ਹੈ ਕਿਉਂਕਿ ਖੁਦਕੁਸ਼ੀ ਵਰਗੀ ਸਮੱਸਿਆ ਇੱਕ ਮਹਾਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਜੋ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਫੈਲ ਰਹੀ ਹੈ।

 
Have something to say? Post your comment