Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਭੂਆ ਦੀ ਟੇਪ ਰਿਕਾਰਡਰ

May 14, 2021 09:04 AM

-ਪ੍ਰਕਾਸ਼ ਸਿੰਘ ਜੈਤੋ
ਘਰ ਦਿਆਂ ਨੇ ਦਸਵੀਂ ਮਸਾਂ ਕਰਵਾਈ ਸੀ, ਦਸਵੀਂ ਤੋਂ ਨੌਕਰੀ ਲੱਗਣ ਤੱਕ ਟਾਈਮ ਪਾਸ ਲਈ ਨੇੜੇ ਇੱਕ ਬਾਬੇ ਦੇ ਘਰ ਵਿੱਚ ਚਲਦੇ ਡੇਰੇ ਜਾਣ ਲੱਗ ਪਿਆ। ਬਾਬਾ ਜਿਸ ਕਮਰੇ ਵਿੱਚ ਗੱਦੀ ਲਾ ਕੇ ਲੋਕਾਂ ਨੂੰ ਮਿਲਦਾ ਸੀ, ਉਥੇ ਉਸ ਨੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਉਹ ਬਾਬਾ ਆਪਣੇ ਭਗਤਾਂ ਦੇ ਦੁੱਖ ਦੂਰ ਕਰਨ ਲਈ ਸਵਾ ਸੌ ਰੁਪਏ ਵਿੱਚ ਹਰ ਐਤਵਾਰ ਸਹਿਜ ਪਾਠ ਦਾ ਭੋਗ ਪਾਉਂਦਾ ਸੀ, ਪਰ ਮੈਂ ਉਸ ਨੂੰ ਪਾਠ ਕਰਦਿਆਂ ਕਦੇ ਨਹੀਂ ਦੇਖਿਆ। ਮੈਂ ਉਸ ਬਾਬੇ ਕੋਲ ਪਾਠ ਕਰਨ ਲੱਗ ਪਿਆ। ਦੋ ਕੁ ਮਹੀਨਿਆਂ ਵਿੱਚ ਤਿੰਨ ਕੁ ਸੌ ਰੁਪੱਏ ਇਕੱਠੇ ਹੋ ਗਏ। ਮਨ ਦੀ ਇੱਕੋ ਰੀਝ ਸੀ, ਕਦੋਂ ਪੰਜ ਸੌ ਰੁਪਏ ਇਕੱਠੇ ਹੋਣ ਅਤੇ ਉਨ੍ਹਾਂ ਸਮਿਆਂ ਵਿੱਚ ਨਵੀਂ ਨਵੀਂ ਚੱਲੀ ਇੱਟ ਦੀ ਸ਼ਕਲ ਵਰਗੀ, ਚਾਰ ਚਿੱਟੇ ਅਤੇ ਇੱਕ ਲਾਲ ਬਟਨ ਵਾਲੀ ਟੇਪ ਰਿਕਾਰਡਰ ਲੈ ਕੇ ਆਵਾਂ। ਕਹਿੰਦੇ ‘ਬਿੱਲੀ ਦੇ ਭਾਗੀਂ ਮਸਾਂ ਛਿੱਕੂ ਟੁੱਟਿਆ', ਇੱਕ ਦਿਨ ਮਹਿਰੇ ਸਿੱਖਾਂ ਦਾ ਮੁੰਡਾ, ਜਿਸ ਨੂੰ ਜੂਆ ਖੇਡਣ ਦੀ ਆਦਤ ਸੀ, ਜੂਏ ਵਿੱਚ ਪੈਸੇ ਹਾਰ ਗਿਆ, ਅਤੇ ਹਫਤਾ ਕੁ ਪਹਿਲਾਂ ਲਿਆਂਦੀ ਨਵੀਂ ਟੇਪ ਰਿਕਾਰਡਰ ਮੈਨੂੰ ਤਿੰਨ ਸੌ ਰੁਪਏ ਵਿੱਚ ਹੀ ਦੇ ਗਿਆ। ਟੇਪ ਰਿਕਾਰਡਰ ਕਾਰਨ ਮੇਰੀ ਵੱਖਰੀ ਟੌਹਰ ਸੀ। ਗਾਣੇ ਸੁਣਨ ਦੇ ਸ਼ੌਂਕੀ ਮੁੰਡੇ ਮੱਲੋਮੱਲੀ ਮੇਰੇ ਨਾਲ ਯਾਰੀ ਪਾਉਣ ਨੂੰ ਫਿਰਦੇ।
ਇੱਕ ਸ਼ਾਮ ਮੇਰੇ ਸਭ ਤੋਂ ਵੱਡੇ ਮਾਮੇ ਦਾ ਪੁੱਤ, ਜੋ ਮੈਥੋਂ ਤਿੰਨ-ਚਾਰ ਸਾਲ ਵੱਡਾ ਸੀ, ਆ ਗਿਆ। ਤਿੰਨ ਕੁ ਦਿਨ ਸਾਡੇ ਕੋਲ ਰਹਿ ਕੇ ਜਾਣ ਲੱਗਾ ਤਾਂ ਮੇਰੀ ਮਾਂ ਨੂੰ ਕਹਿੰਦਾ, ‘‘ਭੂਆ, ਮੈਨੂੰ ਵੀਰੇ ਤੋਂ ਟੇਪ ਰਿਕਾਰਡਰ ਦਿਵਾ ਦੇ, ਮੈਂ ਹਫਤਾ ਕੁ ਸੁਣ ਕੇ ਮੋੜ ਦੇਊਂਗਾ।” ਮੇਰੇ ਨਾ ਚਾਹੁੰਦਿਆਂ ਵੀ ਮਾਮੇ ਦਾ ਪੁੱਤ ਮਾਂ ਤੋਂ ਟੇਪ ਰਿਕਾਰਡਰ ਲੈ ਗਿਆ। ਜਿਹੜੀ ਰੌਣਕ ਮੇਰੇ ਕੋਲ ਲੱਗਦੀ ਸੀ, ਉਹ ਨਾਨਕੀਂ ਲੱਗਣ ਲੱਗੀ। ਟੇਪ ਵਿੱਚ ਨਵੇਂ ਗੀਤ ਭਰਨ ਦੇ ਪੰਜ ਕੁ ਰੁਪਏ ਲੱਗਦੇ ਸੀ, ਮਾਮੇ ਦਾ ਪੁੱਤ ਨਿੱਤ ਨਵੇਂ ਗੀਤ ਭਰਵਾ ਕੇ ਉਚੀ ਆਵਾਜ਼ ਵਿੱਚ ਗੁਆਂਢੀਆਂ, ਖਾਸ ਕਰ ਕੇ ਛੋਟੇ ਮਾਮੇ ਕਿਆਂ ਨੂੰ ਸੁਣਾਇਆ ਕਰੇ।
ਮਾਮੇ ਹੋਰੀ ਤਿੰਨ ਭਰਾ ਸਨ। ਛੋਟੇ ਦੋਵੇਂ ਇਕੱਠੇ ਸਨ ਅਤੇ ਵੱਡਾ ਇਕੱਲਾ ਸੀ। ਛੋਟੇ ਦੀ ਵੱਡੇ ਮਾਮੇ ਨਾਲ ਘੱਟ ਹੀ ਬਣਦੀ ਸੀ। ਸਾਰਾ ਦਿਨ ਟੇਪ ਰਿਕਾਰਡਰ ਵੱਜਿਆ ਕਰੇ ਤੇ ਛੋਟੀ ਮਾਮੀ ਨੂੰ ਪਤਾ ਲੱਗ ਗਿਆ ਕਿ ਇਹ ਟੇਪ ਰਿਕਾਰਡਰ ਭੂਆ ਕੀ ਹੈ। ਉਦੋਂ ਫੋਨ ਹੁੰਦੇ ਨਹੀਂ ਸੀ, ਮਸਾਂ ਚਿੱਠੀਆਂ ਪਾ ਕੇ ਵੀਹ ਦਿਨਾਂ ਬਾਅਦ ਟੇਪ ਰਿਕਾਰਡਰ ਵਾਪਸ ਮੰਗਵਾਈ। ਜਦ ਗੁਆਂਢ ਟੇਪ ਰਿਕਾਰਡਰ ਵੱਜਣੋਂ ਬੰਦ ਹੋ ਗਈ ਤਾਂ ਛੋਟੀ ਮਾਮੀ ਨੂੰ ਪਤਾ ਲੱਗਾ ਗਿਆ ਕਿ ਟੇਪ ਰਿਕਾਰਡਰ ਭੂਆ ਦੇ ਪਿੰਡ ਵਾਪਸ ਚਲੀ ਗਈ ਹੈ। ਦੋ ਦਿਨ ਲੰਘੇ ਸਨ ਕਿ ਸਵੇਰੇ ਦਸ ਕੁ ਵਜੇ ਮੇਰੀ ਸਭ ਤੋਂ ਛੋਟੀ ਮਾਮੀ ਆ ਗਈ। ਮਾਮੀ ਨੇ ਚਾਹ ਪਾਣੀ ਪੀਤਾ ਤਾਂ ਮੇਰੀ ਮਾਂ ਨੇ ਮੇਰੀ ਮਾਮੀ ਦਾ ਖਰਾਬ ਜਿਹਾ ਮੂਡ ਦੇਖ ਕੇ ਪੁੱਛ ਲਿਆ, ‘‘ਕਿਵੇਂ ਬਹੂ ਸੁੱਖ ਆ, ਮੂੰਹ ਜਿਹਾ ਸੁਜਾਈ ਬੈਠੀ ਐਂ।” ਮਾਮੀ ਜਿਵੇਂ ਬੋਲਣ ਨੂੰ ਤਿਆਰ ਸੀ, ਕਹਿੰਦੀ, ‘‘ਵੱਡੇ ਸਾਥੋਂ ਚੰਗੇ ਹੋ ਗਏ, ਸਾਨੂੰ ਤਾਂ ਪਤਾ ਵੀ ਨਹੀਂ ਸੀ ਬਈ ਤੁਸੀਂ ਟੇਪ ਰਿਕਾਰਡਰ ਲਈ ਆ ਤੇ ਵੱਡੇ ਦਾ ਮੁੰਡਾ ਸਾਡੇ ਸਿਰਹਾਣੇ ਵਜਾਉਂਦਾ ਰਿਹਾ।” ਫਿਰ ਮਾਮੀ ਕੁਝ ਰੁਕ ਕੇ ਬੋਲੀ, ‘‘ਬੀਬੀ ਮੈਂ ਟੇਪ ਰਿਕਾਰਡਰ ਲੈ ਕੇ ਜਾਣੀ ਆ, ਜੇ ਦੇਣੀ ਆ ਦੱਸ, ਨਹੀਂ ਤਾਂ...।” ਮਾਮੀ ਅੱਗੇ ਕੁਝ ਨਹੀਂ ਬੋਲੀ। ਫਿਰ ਮੇਰੀ ਮਾਂ ਨੇ ਮੈਨੂੰ ਬਿਨਾਂ ਪੁੱਛਿਆ ਟੇਪ ਰਿਕਾਰਡਰ ਕੱਪੜੇ ਵਿੱਚ ਲਪੇਟ ਕੇ ਮੇਰੀ ਮਾਮੀ ਦੇ ਮੂਹਰੇ ਲਿਆ ਧਰੀ ਤੇ ਬੋਲੀ, ‘‘ਲੈ ਚੱਕ, ਟੇਪ ਰਿਕਾਰਡਰ ਸੋਥੋਂ ਚੰਗੀ ਆ, ਤੂੰ ਬੈਠ, ਮੈਂ ਰੋਟੀ ਬਣਾਉਣੀ ਆਂ।” ਮਾਮੀ ਦੀ ਸਾਰੀ ਭੁੱਖ ਮਰ ਗਈ ਤੇ ਟੇਪ ਰਿਕਾਰਡਰ ਆਪਣੇ ਨਾਲ ਲਿਆਂਦੇ ਦਰੀ ਦੇ ਝੋਲੇ ਵਿੱਚ ਪਾ ਕੇ ਖੜ੍ਹੀ ਹੋ ਗਈ ਤੇ ਇਸ ਵਾਰ ਬੇਬੇ ਨੂੰ ਬਹੁਤ ਪਿਆਰ ਨਾਲ ਬੋਲੀ, ‘‘ਬੀਬੀ ਜੀ, ਮੈਨੂੰ ਰੋਟੀ ਦੀ ਭੁੱਖ ਨਹੀਂ, ਮੈਂ ਛੇਤੀ ਮੁੜਨਾ, ਤੇਰੇ ਬਾਈ ਦੀ ਅੱਜ ਪਾਣੀ ਦੀ ਵਾਰੀ ਆ, ਜਵਾਕ ਘਰੇ ਇਕੱਲੇ ਆ।” ਇਹ ਕਹਿੰਦਿਆਂ ਮਾਮੀ ਨੇ ਮੇਰਾ ਮੋਢਾ ਪਲੋਸਿਆ ਅਤੇ ਬੇਬੇ ਦੇ ਪੈਰੀਂ ਹੱਥ ਲਾ ਕੇ ਟੇਪ ਰਿਕਾਰਡਰ ਵਾਲਾ ਝੋਲਾ ਚੁੱਕ ਕੇ ਤੁਰ ਪਈ। ਮਾਮੀ ਹੱਥ ਵਿੱਚ ਟੇਪ ਰਿਕਾਰਡਰ ਵਾਲਾ ਝੋਲਾ ਲੈ ਕੇ ਜੇਤੂ ਅੰਦਾਜ਼ ਵਿੱਚ ਜਾ ਰਹੀ ਸੀ ਤੇ ਮਨ ਵਿੱਚ ਚਾਅ ਸੀ, ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਗੁਆਂਢੀਆਂ ਨੂੰ ਟੇਪ ਰਿਕਾਰਡਰ ਲਾ ਕੇ ਸੁਣਾ ਦਿਆਂ।
ਉਸ ਵੇਲੇ ਨੂੰ ਅੱਜ ਜਦ ਯਾਦ ਕਰਦੇ ਹਾਂ ਤਾਂ ਸੋਚਦੇ ਹਾਂ ਕਿ ਕਿੰਨੀਆਂ ਛੋਟੀਆਂ ਸਨ ਸਾਡੀਆਂ ਖੁਸ਼ੀਆਂ। ਅੱਜ ਚਾਰ ਸਾਲ ਦੀ ਮੇਰੀ ਪੋਤਰੀ ਵੀ ਮੇਰਾ ਮੋਬਾਈਲ ਫੋਨ ਨਹੀਂ ਲੈਂਦੀ, ਸਗੋਂ ਆਪਣੇ ਮੰਮੀ-ਪਾਪਾ ਵਾਲੇ ਮਹਿੰਗੇ ਮੋਬਾਈਲ ਨਾਲ ਖੇਡਣਾ ਪਸੰਦ ਕਰਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’