Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਬਚਪਨ ਤੋਂ ਮਨ ਵਿੱਚ ਬੈਠਾ ਡਰ

May 14, 2021 09:03 AM

-ਪ੍ਰੀਤਮਾ ਦੋਮੇਲ
ਮੈਨੂੰ ਬਾਂਦਰਾਂ ਤੋਂ ਬੜਾ ਡਰ ਲੱਗਦਾ ਹੈ। ਸ਼ਾਇਦ ਤੁਹਾਨੂੰ ਸਭ ਨੂੰ ਵੀ ਲੱਗਦਾ ਹੋਵੇ, ਕਿਉਂਕਿ ਇਹ ਜਾਨਵਰ ਇੰਨਾ ਚੰਚਲ ਤੇ ਫੁਰਤੀਲਾ ਹੈ ਕਿ ਇਸ ਦੀਆਂ ਹਰਕਤਾਂ ਬਾਰੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਅਗਲੇ ਪਲ ਕੀ ਕਰ ਬੈਠੇ। ਵੈਸੇ ਮੈਂ ਇਹ ਗੱਲ ਉਦੋਂ ਦੀ ਸੁਣਾਉਣ ਲੱਗੀ ਹਾਂ, ਜਦੋਂ ਤੱਕ ਮੈਂ ਕਿਸੇ ਬਾਂਦਰ ਨੂੰ ਕਿਸੇ ਕੁੱਤੇ-ਬਿੱਲੇ ਜਾਂ ਮਨੁੱਖ ਨੂੰ ਵੱਢਦਿਆਂ ਨਹੀਂ ਸੀ ਦੇਖਿਆ। ਇਸੇ ਕਾਰਨ ਮੇਰੇ ਮਨ ਵਿੱਚ ਇਨ੍ਹਾਂ ਪ੍ਰਤੀ ਕੋਈ ਖਾਸ ਡਰ ਨਹੀਂ ਸੀ, ਕਿਉਂਕਿ ਮੈਂ ਪੰਜਾਬ ਦੇ ਜਿਸ ਸ਼ਹਿਰ ਦੀ ਜੰਮਪਲ ਹਾਂ, ਉੱਥੇ ਬਾਂਦਰਾਂ ਨੂੰ ਆਮ ਘੁੰਮਦੇ ਨਹੀਂ ਸੀ ਦੇਖਿਆ, ਸਿਰਫ ਮਦਾਰੀ ਦੇ ਇਸ਼ਾਰੇ ਉੱਤੇ ਉਨ੍ਹਾਂ ਨੂੰ ਤਮਾਸ਼ੇ ਵਿਖਾਉਂਦੇ ਦੇਖਿਆ ਸੀ। ਪੜ੍ਹਾਈ ਖਤਮ ਹੁੰਦਿਆਂ ਸਾਰ ਮੇਰੀ ਜਿਸ ਸ਼ਹਿਰ ਵਿੱਚ ਨੌਕਰੀ ਲੱਗੀ, ਉੱਥੇ ਬਾਂਦਰਾਂ ਦੇ ਟੋਲੇ ਆਮ ਭੱਜੇ ਫਿਰਦੇ ਸਨ, ਚਾਹੇ ਛੱਤ ਹੋਵੇ ਜਾਂ ਵਿਹੜਾ, ਬਰਾਂਡਾ ਜਾਂ ਸੜਕਾਂ ਜਾਂ ਗਲੀਆਂ, ਸਭ ਜਗ੍ਹਾ ਬਾਂਦਰ ਹੀ ਬਾਂਦਰ ਸਨ, ਪਰ ਉਹ ਕਿਸੇ ਨੂੰ ਕੁਝ ਨਹੀਂ ਸਨ ਕਹਿੰਦੇ। ਬਾਂਦਰੀਆਂ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛਾਤੀ ਨਾਲ ਚਿਪਕਾਈ ਅਕਸਰ ਛੱਤਾਂ ਦੀਆਂ ਮੁੰਡੇਰਾਂ ਜਾਂ ਰੁੱਖਾਂ ਦੀਆਂ ਟਾਹਣੀਆਂ ਵਿੱਚ ਬੈਠੀਆਂ ਦਿਖਾਈ ਦਿੰਦੀਆਂ। ਕਦੇ ਕਦੇ ਇੱਕ ਕਤਾਰ ਵਿੱਚ ਕਈ ਕਈ ਬੈਠੀਆਂ ਇੱਕ ਦੂਜੀ ਦਾ ਸਿਰ ਫਰੋਲਦੀਆਂ ਅਤੇ ਜੂੰਆਂ ਕੱਢਦੀਆਂ ਵੀ ਦਿਖ ਜਾਂਦੀਆਂ।
ਮੈਂ ਫਰਵਰੀ ਵਿੱਚ ਉੱਥੇ ਸਕੂਲ ਵਿੱਚ ਜੁਆਇਨ ਕੀਤਾ ਸੀ ਅਤੇ ਉਸ ਸ਼ਹਿਰ ਵਿੱਚ ਮੇਰੀ ਪਹਿਲੀ ਵਿਸਾਖੀ ਸੀ। ਅੱਜਕੱਲ੍ਹ ਮੈਨੂੰ ਪਤਾ ਨਹੀਂ, ਪਰ ਉਨ੍ਹਾਂ ਦਿਨਾਂ ਵਿੱਚ ਬੱਚੀਆਂ ਵਿੱਚ ਹੀਰੋ ਵਰਸ਼ਿਪ ਬਹੁਤ ਸੀ। ਨਵੀਆਂ ਆਈਆਂ ਜਵਾਨ-ਜਹਾਨ ਅਧਿਆਪਕਾਵਾਂ ਕੁੜੀਆਂ ਨੂੰ ਆਪਣੇ ਵਰਗੀਆਂ ਲੱਗਦੀਆਂ ਤੇ ਉਹ ਉਨ੍ਹਾਂ ਦੀਆਂ ਦੀਵਾਨੀਆਂ ਹੋ ਜਾਂਦੀਆਂ। ਮੇਰੀਆਂ ਵੀ ਕਈ ਚਹੇਤੀਆਂ ਬਣ ਗਈਆਂ। ਉਦੋਂ ਗਰਮੀਆਂ ਵਿੱਚ ਲੋਕ ਬਾਹਰ ਵਿਹੜਿਆਂ ਵਿੱਚ ਜਾਂ ਛੱਤ ਉੱਤੇ ਸੌਂਦੇ ਸਨ। ਪੱਖੇ ਲਾ ਕੇ ਸੌਣ ਦਾ ਰਿਵਾਜ਼ ਉਦੋਂ ਬਹੁਤ ਨਹੀ ਸੀ ਚੱਲਿਆ। ਮੈਨੂੰ ਇਕੱਲੀ ਨਾ ਭੇਜ ਕੇ ਮੇਰੇ ਪਿਤਾ ਜੀ ਨੇ ਮੇਰੀ ਛੋਟੀ ਭੈਣ ਜੋ ਅੱਠਵੀਂ ਵਿੱਚ ਪੜ੍ਹਦੀ ਸੀ, ਨੂੰ ਮੇਰੇ ਨਾਲ ਭੇਜ ਦਿੱਤਾ ਸੀ। ਉਸ ਦਿਨ ਅਸੀਂ ਆਪਣੇ ਕਮਰੇ ਦੇ ਸਾਹਮਣੇ ਤੜਕੇ ਸੁੱਤੀਆਂ ਸਾਂ ਕਿ ਮੇਰੀਆਂ ਚਾਰ-ਪੰਜ ਚਹੇਤੀਆਂ ਕੁੜੀਆਂ ਨੇ ਆ ਕੇ ਦਰਵਾਜ਼ਾ ਖੜਕਾਇਆ। ਖੋਲੋ-ਖੋਲੋ ਮੈਡਮ ਜੀ ਦਰਵਾਜ਼ਾ। ਚੱਲੋ ਸਾਡੇ ਨਾਲ ਬਾਹਰ ਨਹਿਰ ਉੱਤੇ ਵਿਸਾਖੀ ਦਾ ਇਸ਼ਨਾਨ ਕਰਨ ਲਈ। ਅੱਜ ਦੇ ਦਿਨ ਵਗਦੇ ਪਾਣੀ ਵਿੱਚ ਨਹਾਉਣਾ ਪੁੰਨ ਹੁੰਦਾ ਹੈ। ਮੈ ਘੂਕ ਸੁੱਤੀ ਪਈ ਸਾਂ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਉਨ੍ਹਾਂ ਨੂੰ ਝਿੜਕ ਕੇ ਕਿਹਾ, ‘‘ਜਾਓ, ਮੈਨੂੰ ਨਹੀਂ ਪੁੰਨ ਚਾਹੀਦਾ। ਮੈਨੂੁੰ ਸੌਣ ਦਿਓ। ਮੇਰੇ ਹਿੱਸੇ ਦਾ ਪੁੰਨ ਤੁਸੀਂ ਖੱਟ ਲਓ।” ਉਹ ਚੁੱਪ ਕਰ ਕੇ ਚਲੀਆਂ ਗੀਆਂ, ਪਰ ਜਾਂਦੇ ਜਾਂਦੇ ਇੱਕ ਕੁੜੀ ਬੋਲੀ, ‘‘ਮੈਡਮ, ਜੀ ਗੁਰੂਆਂ ਦਾ ਦਿਨ ਹੈ, ਐਦਾਂ ਨਾ ਕਹੋ, ਪਾਪ ਲੱਗਦਾ ਹੈ।” ਮੈਂ ਕਿਹਾ, ‘‘ਚੰਗਾ-ਚੰਗਾ ਲੱਗਣ ਦਿਓ ਮੈਨੂੰ ਪਾਪ। ਤੁਸੀਂ ਜਾਓ, ਲਾਓ ਨਹਿਰ ਵਿੱਚ ਡੁਬਕੀਆਂ, ਮੇਰੇ ਵੱਲੋਂ ਵੀ ਦੋ-ਚਾਰ ਡੁਬਕੀਆਂ ਲਾ ਲੈਣਾ।”
ਕਹਿ ਕੇ ਮੈਂ ਦਰਵਾਜ਼ੇ ਦੀ ਕੁੰਡੀ ਬੰਦ ਕਰ ਕੇ ਆ ਕੇ ਆਪਣੇ ਮੰਜੇ ਉੱਤੇ ਬੈਠੀ ਸਾਂ ਕਿ ਮੈਨੂੰ ਇੰਝ ਲੱਗਿਆ ਜਿਵੇਂ ਪਿੱਛੋਂ ਆ ਕੇ ਕਿਸੇ ਨੇ ਮੈਨੂੰ ਜੱਫਾ ਮਾਰ ਲਿਆ ਹੋਵੇ। ਜਦ ਮੈਂ ਪਿੱਛੇ ਪਿੱਠ ਉੱਤੇ ਮੁੱਕਾ ਮਾਰਿਆ ਤਾਂ ਝੱਟ ਇੱਕ ਵੱਡੇ ਸਾਰੇ ਬਾਂਦਰ ਨੇ ਮੈਨੂੰ ਅੱਗੋਂ ਆ ਕੇ ਦੋਵਾਂ ਹੱਥਾਂ ਨਾਲ ਫੜ ਕੇ ਮੇਰੇ ਮੱਥੇ ਉੱਤੇ ਦੰਦ ਮਾਰੇ। ਮੈਂ ਤਾਂ ਚੀਕਾਂ ਮਾਰਦੀ ਹੋਈ ਭੱਜ ਕੇ ਅੰਦਰ ਜਾ ਵੜੀ ਅਤੇ ਥਰ-ਥਰ ਕੰਬਦੀ ਹੋਈ ਦਰਵਾਜ਼ਾ ਬੰਦ ਕਰ ਕੇ ਉਸ ਨੂੰ ਫੜ ਕੇ ਖੜ੍ਹੀ ਹੋ ਗਈ ਤੇ ਦੇਖਣ ਲੱਗੀ ਕਿ ਬਾਂਦਰ ਭੈਣ ਨੂੰ ਤਾਂ ਨਹੀਂ ਕੱਟਦਾ, ਪਰ ਉਹ ਕਦੋਂ ਦਾ ਭੱਜ ਗਿਆ ਸੀ। ਉਦੋਂ ਗਰਮ-ਗਰਮ ਲਾਵਾ ਜਿਹਾ ਮੇਰੇ ਮੂੰਹ ਮੱਥੇ ਤੋਂ ਰਿੜ੍ਹਦਾ ਹੋਇਆ ਮੇਰੀ ਕਮੀਜ਼ ਦੇ ਅੰਦਰੋਂ ਹੁੰਦਾ ਹੋਇਆ ਮੇਰੀਆਂ ਲੱਤਾਂ ਤੱਕ ਪੁੱਜ ਗਿਆ। ਮੈਂ ਹੱਥ ਲਾ ਕੇ ਦੇਖਿਆ, ਉਫ ਉਹ ਤਾਂ ਖੂਨ ਸੀ। ਬੱਸ ਮੈਂ ਖੂਨ ਦੇਖ ਕੇ ਬੇਹੋਸ਼ ਹੋ ਕੇ ਡਿੱਗ ਪਈ। ਜਦ ਹੋਸ਼ ਆਈ ਤਾਂ ਹਸਪਤਾਲ ਵਿੱਚ ਸਾਂ ਅਤੇ ਬਾਅਦ ਵਿੱਚ ਮੇਰੇ ਪੇਟ ਵਿੱਚ 14 ਟੀਕੇ ਲੱਗੇ। ਅਪ੍ਰੈਲ ਦਾ ਗਰਮ ਮਹੀਨਾ ਅਤੇ ਸਿਰ-ਮੂੰਹ ਉੱਤੇ ਪੱਟੀਆਂ ਅਤੇ ਵੱਡੀਆਂ ਸੂਈਆਂ ਵਾਲੇ ਇੰਜੈਕਸ਼ਨ। ਵਾਹਿਗੁਰੂ, ਮੈਂ ਉਹ ਦਿਨ ਨਹੀਂ ਭੁੱਲ ਸਕਦੀ ਅਤੇ ਉਸ ਤੋਂ ਬਾਅਦ ਮੈਂ ਬਾਂਦਰਾਂ ਤੋਂ ਬਹੁਤ ਡਰਨ ਲੱਗ ਪਈ ਅਤੇ ਜਦ ਵੀ ਕਿਸੇ ਬਾਂਦਰ ਨੂੰ ਆਉਂਦਾ ਦੇਖਦੀ ਤਾਂ ਚੀਕਾਂ ਮਾਰਨ ਲੱਗ ਜਾਂਦੀ।
ਵਕਤ ਲੰਘਦਾ ਗਿਆ। ਪੁਰਾਣੀ ਸਦੀ ਮੁੱਕ ਗਈ ਤੇ ਨਵੀਂ ਸਦੀ ਨੇ ਆਪਣਾ ਚਿਹਰਾ ਸਾਡੇ ਸਾਹਮਣੇ ਫੈਲਾ ਦਿੱਤਾ। ਬੇਟਾ ਨਵਾਂ-ਨਵਾਂ ਫੌਜੀ ਅਫਸਰ ਬਣਿਆ ਸੀ। ਉਹ ਮੈਨੂੰ ਤੇ ਆਪਣੀ ਬੀਵੀ ਨੂੰ ਲੈ ਕੇ ਸ਼ਿਮਲੇ ਘੁੰਮਣ ਚਲਾ ਗਿਆ। ਅਸੀਂ ਫੌਜੀ ਗੈਸਟ ਹਾਊਸ ਵਿੱਚ ਠਹਿਰੇ ਸਾਂ। ਰੋਜ਼ ਸ਼ਿਮਲੇ ਦੀ ਕਿਸੇ ਖਾਸ ਜਗ੍ਹਾ ਨੂੰ ਦੇਖਣ ਦਾ ਪ੍ਰੋਗਰਾਮ ਬਣ ਜਾਂਦਾ। ਇੱਕ ਦਿਨ ਰਿੱਜ ਉੱਤੇ ਘੁੰਮੇ। ਦੂਜੇ ਦਿਨ ਲੱਕੜ ਬਾਜ਼ਾਰ ਦਾ ਚੱਕਰ ਮਾਰਿਆ ਅਤੇ ਸ਼ਾਪਿੰਗ ਕੀਤੀ। ਫਿਰ ਸੰਜੋਲੀ ਤੇ ਮੁਸ਼ੋਵਰਾ ਗਏ। ਉਥੇ ਘੋੜੇ ਵਾਲਿਆਂ ਦੀ ਚਲਾਕੀ ਦੇਖੀ। ਉਹ ਕਹਿਣ ਲੱਗੇ: ਐਹ ਦੋ ਪਹਾੜੀਆਂ ਤੋਂ ਅਗਲੇ ਹਿੱਲ ਟੌਪ ਤੋਂ ਹੇਠਾਂ ਸਤਲੁਜ ਦਰਿਆ ਹੈ। ਪਹਾੜ ਦੀ ਚੋਟੀ ਤੋਂ ਸਤਲੁਜ ਨੂੰ ਦੇਖਣ ਦਾ ਲਾਲਚ ਸਭ ਨੂੰ ਸੀ। ਸੋ ਫਟਾਫਟ ਸਾਰੇ ਘੋੜੇ ਹਾਇਰ ਕਰ ਲਏ ਗਏ। ਪੁੱਛਿਆ, ਬਈ ਕਿੰਨੀ ਦੇਰ ਵਿੱਚ ਉਥੇ ਪਹੁੰਚ ਜਾਵਾਂਗੇ। ਉਹ ਕਹਿਣ ਲੱਗੇ, ‘‘ਬੱਸ ਜੀ, ਘੰਟਾ ਕੁ ਲੱਗੇਗਾ।” ਹਜ਼ਾਰ ਹਜ਼ਾਰ ਇੱਕ ਘੋੜੇ ਦਾ ਕਿਰਾਇਆ ਸੀ। ਖੈਰ ਜੀ, 10 ਕੁ ਮਿੰਟ ਬਾਅਦ ਇੱਕ ਨੀਵੀਂ ਜਿਹੀ ਪਹਾੜੀ ਉੱਤੇ ਜਾ ਕੇ ਘੋੜਿਆਂ ਵਾਲੇ ਰੁਕ ਗਏ ਅਤੇ ਬੋਲੇ ਕਿ ਔਹ ਦੇਖੋ ਜੀ ਹੇਠਾਂ ਦਰਿਆ ਵਗਦਾ ਪਿਆ ਹੈ। ਸਾਨੂੰ ਤਾਂ ਉਥੇ ਕੋਈ ਦਰਿਆ ਨਾ ਦਿਸਿਆ। ਅਖੀਰ ਉਹ ਬੋਲੇ, ‘‘ਦੇਖੋ ਜੀ, ਸਾਨੂੰ ਦਰਿਆ ਚੰਗਾ ਭਲਾ ਦਿਸ ਰਿਹਾ ਹੈ, ਤੁਹਾਨੂੰ ਨਹੀਂ ਦਿਸਦਾ ਇਹ ਤੁਹਾਡੀ ਕਿਸਮਤ ਹੈ।” ਇੰਝ ਅਸੀਂ 10 ਮਿੰਟਾਂ ਵਿੱਚ ਹੀ ਹਜ਼ਾਰਾਂ ਰੁਪਏ ਲੁਟਾ ਕੇ ਵਾਪਸ ਆ ਗਏ।
ਅਗਲੇ ਦਿਨ ਅਸੀਂ ਜਾਖੂ ਮੰਦਰ ਦੇਖਣ ਗਏ। ਉਥੇ ਬਾਂਦਰ ਹੀ ਬਾਂਦਰ ਸਨ। ਮੈਂ ਦੋ-ਚਾਰ ਪੌੜੀਆਂ ਚੜ੍ਹ ਕੇ ਹੇਠਾਂ ਆ ਕੇ ਬੈਠ ਗਈ, ਕਿਉਂਕਿ ਬਾਂਦਰਾਂ ਤੋਂ ਮੈਂ ਪਹਿਲਾਂ ਹੀ ਬਹੁਤ ਡਰਦੀ ਸਾਂ। ਬੱਚੇ ਅੱਗੇ ਚਲੇ ਗਏ ਅਤੇ ਮੈਂ ਪੌੜੀਆਂ ਉੱਤੇ ਬੈਠੀ ਇਧਰ-ਉਧਰ ਝਾਕ ਰਹੀ ਸਾਂ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇੱਕ ਬਾਂਦਰੀ ਆ ਕੇ ਮੇਰੀ ਗੋਦੀ ਵਿੱਚ ਬੈਠ ਗਈ। ਜਦ ਮੈਂ ਉਸ ਨੂੰ ਦੇਖਿਆ, ਮੈਂ ਚੀਕਾਂ ਮਾਰਨ ਲੱਗ ਪਈ। ਆਸੇ-ਪਾਸੇ ਦੇ ਲੋਕ ਇਕੱਠੇ ਹੋ ਗਏ ਅਤੇ ਲੱਗੇ ਉਸ ਨੂੰ ਛਛਕਾਰਨ, ਪਰ ਉਹ ਆਰਾਮ ਨਾਲ ਅੱਖਾਂ ਬੰਦ ਕਰ ਕੇ ਮੇਰੀ ਗੋਦੀ ਵਿੱਚ ਬੈਠੀ ਰਹੀ। ਨਾ ਹਿੱਲੀ, ਨਾ ਡੁੱਲੀ। ਨਾ ਕਿਸੇ ਨੂੰ ਕੱਟਿਆ, ਨਾ ਵੱਢਿਆ। ਸਭ ਲੋਕ ਹੈਰਾਨ ਹੋ ਕੇ ਉਸ ਨੂੰ ਦੇਖਦੇ ਰਹੇ। ਇੰਨੇ ਵਿੱਚ ਮੇਰੇ ਬੱਚੇ ਆ ਗਏ। ਉਹ ਵੀ ਮੇਰੇ ਉਡੇ ਹੋਏ ਰੰਗ ਅਤੇ ਆਰਾਮ ਨਾਲ ਬੈਠੀ ਬਾਂਦਰੀ ਨੂੰ ਦੇਖਦੇ ਰਹੇ। ਫਿਰ ਕਿਸੇ ਨੇ ਕੁਝ ਫਲ ਸੁੱਟੇ ਅਤੇ ਛੋਲੇ ਵੀ ਅਤੇ ਉਹ ਖਾਣ ਵਾਲੀਆਂ ਚੀਜ਼ਾਂ ਦੇਖ ਕੇ ਉਥੋਂ ਚਲੀ ਗਈ। ਵਿੱਚੋਂ ਕਿਸੇ ਨੇ ਕਿਹਾ, ‘‘ਮੈਡਮ ਜੀ, ਕੋਈ ਪੁਰਾਣਾ ਰਿਸ਼ਤਾ ਲੱਗਦਾ ਹੈ ਤੁਹਾਡੇ ਨਾਲ, ਜੋ ਨਿਭਾਉਣ ਆਈ ਸੀ।” ਉਸ ਤੋਂ ਬਾਅਦ ਮੈਨੂੰ ਬਾਂਦਰਾਂ ਤੋਂ ਡਰ ਨਹੀਂ ਲੱਗਦਾ ਤੇ ਮੇਰੇ ਬੱਚੇ ਕਈ ਵਾਰ ਮਜ਼ਾਕ ਕਰਨ ਲੱਗ ਜਾਂਦੇ ਹਨ, ‘‘ਮੌਮ, ਅੱਜ ਬਾਜ਼ਾਰ ਵਿੱਚ ਸਾਨੂੰ ਤੁਹਾਡੀ ਭੈਣ ਮਿਲ ਗਈ ਸੀ। ਬੈਠੀ ਆਪਣੇ ਮੁੰਡੇ ਦੇ ਸਿਰ ਵਿੱਚੋਂ ਜੂੰਆਂ ਕੱਢ ਰਹੀ ਸੀ।” ਮੈਂ ਉਨ੍ਹਾਂ ਦੀ ਗੱਲ ਸੁਣ ਕੇ ਹੱਸ ਕੇ ਚੁੱਪ ਹੋ ਜਾਂਦੀ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”