Welcome to Canadian Punjabi Post
Follow us on

29

March 2024
 
ਨਜਰਰੀਆ

ਕਾਲੇ ਦੌਰ ਦੀ ਕੌੜੀ ਦਾਸਤਾਨ

May 13, 2021 10:25 AM

-ਸੂਬੇਦਾਰ ਸੋਹਨ ਲਾਲ ਭਾਮ
ਅਪਰੇਸ਼ਨ ਬਲਿਊ ਸਟਾਰ ਤੋਂ ਚਾਰ ਕੁ ਸਾਲ ਬਾਅਦ ਜਦੋਂ ਮੈਂ ਅਖਨੂਰ ਸੈਕਟਰ ਤੋਂ ਛੁੱਟੀ ਲੈ ਕੇ ਜੰਮੂ ਤੋਂ ਪੰਜਾਬ ਰੋਡਵੇਜ਼ ਦੀ ਲਾਰੀ ਰਾਹੀਂ ਟਾਂਡਾ ਬਸ ਸਟੈਂਡ ਪਹੁੰਚਿਆ ਤਾਂ ਅੱਡੇ ਦੀ ਰੌਣਕ ਗਾਇਬ ਸੀ। ਇੱਕ ਖੋਖੇ ਵਾਲੇ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅੱਜਕੱਲ੍ਹ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਾਰਨ ਸ਼ਾਮ ਪੰਜ ਵਜੇ ਤੋਂ ਬਾਅਦ ਕੋਈ ਵੀ ਬਸ ਕਿਤੇ ਨਹੀਂ ਜਾਂਦੀ। ਦੁਕਾਨਦਾਰ ਦਾ ਜਵਾਬ ਸੁਣ ਕੇ ਮੈਂ ਥੋੜ੍ਹਾ ਭੰਬਲਭੂਸੇ ਵਿੱਚ ਪੈ ਗਿਆ ਕਿਉਂਕਿ ਮੈਂ ਤਾਂ ਹੁਸ਼ਿਆਰਪੁਰ ਤੋਂ ਵੀ ਅੱਗੇ ਪਹੁੰਚਣਾ ਸੀ। ਵਕਤ ਦੀ ਕਮੀ ਮਹਿਸੂਸ ਕਰਦੇ ਹੋਏ ਮੈਂ ਬਸ ਅੱਡੇ ਤੋਂ ਆਪਣਾ ਸਾਮਾਨ ਚੁੱਕ ਕੇ ਜਲੰਧਰ-ਪਠਾਨਕੋਟ ਹਾਈਵੇ ਪਾਰ ਕਰ ਕੇ ਹੁਸ਼ਿਆਰਪੁਰ ਜਾਣ ਲਈ ਸੜਕ ਦੇ ਇੱਕ ਕਿਨਾਰੇ ਜਾ ਖੜ੍ਹਾ ਹੋਇਆ।
ਕੁਝ ਦੇਰ ਬਾਅਦ ਲੰਬੇ ਸਫਰ ਦਾ ਸਤਾਇਆ ਹੋਇਆ ਇੱਕ ਹੋਰ ਫੌਜੀ ਮੇਰੇ ਕੋਲ ਆਣ ਖੜ੍ਹਾ ਹੋਇਆ ਜਿਸ ਨੂੰ ਬੁੱਲ੍ਹੋਵਾਲ ਲਾਗੇ ਜਾਣਾ ਸੀ। ਕਾਫੀ ਇੰਤਜ਼ਾਰ ਕਰਨ ਪਿੱਛੋਂ ਜਦੋਂ ਸਾਨੂੰ ਉਥੋਂ ਅੱਗੇ ਜਾਣਾ ਦਾ ਕੋਈ ਸਾਧਨ ਨਾ ਮਿਲਿਆ ਤਾਂ ਉਸ ਵਕਤ ਮੈਨੂੰ ਆਪਣੇ ਘਰ ਤੱਕ ਪਹੁੰਚਣ ਦੇ ਸਭ ਮਨਸੂਬੇ ਚਕਨਾਚੂਰ ਹੁੰਦੇ ਮਹਿਸੂਸ ਹੋਣ ਲੱਗੇ ਤਾਂ ਫਿਰ ਮਨ ਵਿੱਚ ਆਇਆ ਕਿ ਜੇ ਹਾਲੇ ਇੱਥੋਂ ਬੁੱਲ੍ਹੋਵਾਲ ਵੱਲ ਜਾਣ ਦੀ ਕੋਈ ਜੁਗਾੜ ਮਿਲ ਜਾਵੇ ਤਾਂ ਅੱਜ ਦੀ ਰਾਤ ਆਪਣੀ ਘਰ ਵਾਲੀ ਦੇ ਨਾਨਕਾ ਪਿੰਡ ਫਤਿਹਪੁਰ (ਦੋਸੜਕਾ) ਵਿੱਚ ਗੁਜ਼ਾਰ ਲਵਾਂਗਾ। ਸੂਰਜ ਅਸਤ ਹੋਣ ਲੱਗਾ ਸੀ।
ਜਦੋਂ ਸਾਨੂੰ ਕੋਈ ਵਾਹਨ, ਟੈਕਸੀ ਜਾਂ ਕੋਈ ਹੋਰ ਸਾਧਨ ਆਦਿ ਨਾ ਮਿਲਿਆ ਤਾਂ ਫਿਰ ਅਸਾਂ ਦੋਵਾਂ ਨੇ ਆਪੋ ਆਪਣੇ ਬੋਰੀ ਬਿਸਤਰੇ ਸਮੇਟ ਪੈਦਲ ਚਾਲੇ ਪਾ ਦਿੱਤੇ। ਬਾਅਦ ਵਿੱਚ ਪਿੱਛਿਓਂ ਇੱਕ ਟਰੈਕਟਰ ਟਰਾਲੀ ਆਈ, ਜਿਸ ਨੇ ਕੰਧਾਲਾ ਜੱਟਾਂ ਜਾਣਾ ਸੀ। ਅਸੀਂ ਉਸ ਨੂੰ ਰੋਕ ਕੇ ਉਸ ਉਪਰ ਜਾ ਬੈਠੇ। ਅੱਡਾ ਸਰਾਂ ਪਹੰੁਚਣ ਉਤੇ ਉਥੇ ਰਾਤ ਦੇ ਹਨੇਰੇ ਵਿੱਚ ਸਾਨੂੰ ਕੋਈ ਨਾ ਮਿਲਿਆ। ਅੱਡੇ ਦੀਆਂ ਦੁਕਾਨਾਂ ਵੀ ਬੰਦ ਸਨ। ਇਸ ਲਈ ਉਥੇ ਰਾਤ ਰੁਕਣ ਦਾ ਕੋਈ ਹੀਲਾ ਵਸੀਲਾ ਨਾ ਬਣ ਸਕਿਆ। ਅਸੀਂ ਵਕਤ ਦੇ ਬੁਰੇ ਹਾਲਾਤ ਦੇ ਮੱਕੜ ਜਾਲ ਵਿੱਚ ਬੜੇ ਕਸੂਤੇ ਫਸ ਗਏ ਸਾਂ।
ਉਲਟ ਹਾਲਾਤ ਦੇ ਬਾਵਜੂਦ ਅਸੀਂ ਫਿਰ ਆਪੋ ਆਪਣੇ ਸਾਮਾਨ ਸਮੇਤ ਬੁੱਲ੍ਹੋਵਾਲ ਵੱਲ ਨੂੰ ਕੂਚ ਕਰ ਦਿੱਤਾ। ਹਾਲੇ ਅਸੀਂ ਦੋ-ਤਿੰਨ ਕਿਲੋਮੀਟਰ ਪੈਂਡਾ ਤੈਅ ਕੀਤਾ ਸੀ ਕਿ ਪਿਛਲੇ ਪਾਸਿਓਂ ਇੱਕ ਤੇਜ਼ ਰਫਤਾਰ ਗੱਡੀ ਸਾਡੇ ਬਰਾਬਰ ਆ ਕੇ ਰੁਕੀ। ਉਸ ਵਿਚ ਦੋ ਕਲੀਨ ਸ਼ੇਵ ਨੌਜਵਾਨ ਸਨ। ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ? ਜਵਾਬ ਵਿੱਚ ਉਨ੍ਹਾਂ ਨੂੰ ਕਿਹਾ: ਫਤਿਹਪੁਰ-ਦੋਸੜਕਾ। ਉਹ ਕਹਿਣ ਲੱਗੇ ਕਿ ਦੋਸੜਕੇ ਪੁਲਸ ਦਾ ਨਾਕਾ ਹੁੰਦਾ ਹੈ, ਇਸ ਲਈ ਅਸੀਂ ਉਥੇ ਨਹੀਂ ਜਾ ਸਕਦੇ। ਸਾਡੀ ਹਾਲਤ ਪਾਣੀਓਂ ਪਤਲੀ ਵੇਖ ਕੇ ਉਨ੍ਹਾਂ ਨੇ ਸਾਨੂੰ ਗੱਡੀ ਵਿੱਚ ਬਿਠਾ ਲਿਆ, ਪਰ ਬਾਅਦ ਵਿੱਚ ਉਹ ਮੁੱਛ ਫੁੱਟ ਗੱਭਰੂ ਸਾਨੂੰ ਬੁੱਲ੍ਹੋਵਾਲ ਦੇ ਚੋਅ ਦੀ ਉਜਾੜ ਵਿੱਚ ਛੱਡ ਕੇ ਪਿੱਛੇ ਨੂੰ ਰਫੂਚੱਕਰ ਹੋ ਗਏ। ਅਸੀਂ ਫਿਰ ਆਪੋ ਆਪਣਾ ਸਾਮਾਨ ਚੁੱਕਿਆ ਅਤੇ ਤਾਰਿਆਂ ਦੀ ਲੋਏ-ਲੋਏ ਉਜਾੜ ਵਿੱਚੋਂ ਲੰਘਦੇ ਹੋਏ ਬੁੱਲ੍ਹੋਵਾਲ ਸੁੰਨਸਾਨ ਬਾਜ਼ਾਰ ਵਿੱਚ ਜਾ ਪਹੁੰਚੇ। ਗੌਰਤਲਬ ਹੈ ਕਿ ਉਸ ਸਮੇਂ ਖਡਿਆਲਾ ਸੈਣੀਆਂ ਅਤੇ ਬੁੱਲ੍ਹੋਵਾਲ ਦੇ ਵਿਚਕਾਰ ਕੋਈ ਪੁਲ ਨਹੀਂ ਸੀ।
ਬੁੱਲ੍ਹੋਵਾਲ ਤੋਂ ਮੇਰਾ ਉਹ ਫੌਜੀ ਵੀਰ ਮੈਨੂੰ ਫਤਹਿ ਬੁਲਾ ਕੇ ਆਪਣੇ ਪਿੰਡ ਲਾਂਬੜੇ ਵੱਲ ਨੂੰ ਮੁੜ ਗਿਆ ਜਦ ਕਿ ਮੈਂ ਥੋੜ੍ਹਾ ਹੋਰ ਅੱਗੇ ਜਾ ਕੇ ਮਿਰਜ਼ਾਪਰ ਦੇ ਕੱਚੇ ਰਸਤੇ ਪੈ ਗਿਆ। ਮੈਨੂੰ ਤੁਰਿਆ ਜਾਂਦਾ ਵੇਖ ਡੰਗਰਾਂ ਦੇ ਬਾੜੇ ਵਿੱਚੋਂ ਇੱਕ ਕਿਸਾਨ ਬਜ਼ੁਰਗ ਨੇ ਖੰਘੂਰਾ ਜਿਹਾ ਮਾਰ ਕੇ ਮੈਨੂੰ ਚਿਤਾਵਨੀ ਦੇ ਲਹਿਜ਼ੇ ਵਿੱਚ ਇੰਝ ਆਖਿਆ, ‘ਅੱਧੀ ਰਾਤ ਵੇਲੇ ਤੈਨੂੰ ਜਵਾਨਾਂ ਕਿਹੜੀ ਬਿਪਤਾ ਪਈ ਹੈ। ਅੱਜਕੱਲ੍ਹ ਮਾਹੌਲ ਠੀਕ ਨਹੀਂ। ਅੱਗੇ ਧਿਆਨ ਨਾਲ ਜਾਵੀਂ, ਨਹੀਂ ਤਾਂ ਲੁੱਟਿਆ-ਪੁੱਟਿਆ ਜਾਵੇਂਗਾ।’ ਉਸ ਸਮੇਂ ਮੇਰੇ ਅਟੈਚੀ ਵਿੱਚ ਸੱਤ ਹਜ਼ਾਰ (ਅੱਜ ਦੇ ਮੁਤਾਬਕ 70-80 ਹਜ਼ਾਰ ਦੇ ਕਰੀਬ) ਰੁਪਏ ਸਨ। ਫਿਰ ਵੀ ਮੈਂ ਉਸ ਦੀਆਂ ਗੱਲਾਂ ਵੱਲ ਜ਼ਿਆਦਾ ਤਵੱਜੋਂ ਨਾ ਦਿੰਦਾ ਹੋਇਆ ਅੱਗੇ ਵਧਦਾ ਗਿਆ। ਰਾਤ ਦੇ ਖੌਫਨਾਕ ਹਨੇਰੇ ਵਿੱਚ ਰਸਤੇ ਵਿੱਚ ਭਾਵੇਂ ਮੈਨੂੰ ਕੋਈ ਨਾ ਮਿਲਿਆ, ਪਰ ਅਗਲੇ ਪਿੰਡ ਦਾਖਲ ਹੂੰਦੇ ਹੀ ਉਥੇ ਦੋ ਲਫੰਡਰ ਕੁੱਤਿਆਂ ਨੇ ਮੈਨੂੰ ਜ਼ਰੂਰ ਆ ਘੇਰਿਆ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮਕਾਨ ਦੀ ਛੱਤ ਉਪਰੋਂ ਜਦ ਇੱਕ ਔਰਤ ਨੇ ਮੈਨੂੰ ਵੇਖਿਆ ਤਾਂ ਉਸ ਨੇ ਆਪਣੇ ਪਤੀ ਨੂੰ ਜਗਾ ਕੇ ਮੇਰੇ ਵੱਲ ਇਸ਼ਾਰਾ ਕੀਤਾ। ਉਸ ਦੇ ਘਰ ਵਾਲੇ ਨੇ ਮੰਜੇ ਤੋਂ ਉਠ ਕੇ ਮੈਨੂੁੰ ਪੁੱਛਿਆ ਕਿ ਭਾਅ ਜੀ ਤੁਸੀਂ ਕੌਣ ਹੋ। ਮੈਂ ਉਸ ਨੂੰ ਕਿਹਾ ਕਿ ਮੈਂ ਫੌਜੀ ਹਾਂ ਤੇ ਫਤਿਹਪੁਰ ਜਾਣਾ ਹੈ। ਉਸ ਗੱਭਰੂ ਨੇ ਫਿਰ ਮੈਨੂੰ ਸਵਾਲ ਕੀਤਾ ਕਿ ਫਤਿਹਪੁਰ ਕਿਸ ਦੇ ਜਾਣਾ ਹੈ। ਜਦੋਂ ਮੈਂ ਉਸ ਨੂੰ ਆਪਣੇ ਮਾਮੇ-ਮਮਿਔਰਿਆਂ ਦੇ ਨਾਂਅ ਬਾਰੇ ਦੱਸਿਆ ਤਾਂ ਉਸ ਨੇ ਜਲਦੀ ਹੀ ਥੱਲੇ ਆ ਕੇ ਸਾਰੀ ਗੱਲਬਾਤ ਆਪਣੇ ਚਾਚਾ ਜੀ ਨੂੰ ਜਾ ਦੱਸੀ। ਫਿਰ ਮੁੰਡੇ ਦਾ ਚਾਚਾ ਮੇਰੇ ਕੋਲ ਆਇਆ ਤੇ ਬੜੇ ਅਦਬ ਨਾਲ ਕਹਿਣ ਲੱਗਾ ਕਿ ਫੌਜੀ ਸਾਬ੍ਹ, ਮਹਿੰਗਾ ਅਤੇ ਭਾਗ ਸਿੰਘ ਤਾਂ ਸਾਡੇ ਖਾਸ ਬੰਦੇ ਹਨ। ਇਹ ਆਖ ਕੇ ਉਹ ਦੋਵੇਂ ਚਾਚਾ-ਭਤੀਜਾ ਮੇਰੇ ਨਾਲ ਫਤਿਹਪੁਰ ਜਾਣ ਦੀ ਤਿਆਰੀ ਕਰਨ ਲੱਗੇ।
ਬਿਨਾਂ ਸ਼ੱਕ ਉਸ ਅਣਜਾਣ ਇਲਾਕੇ ਵਿੱਚ ਉਸ ਵੇਲੇ ਮੇਰੀ ਹਾਲਤ ਅਜਨਬੀ ਵਰਗੀ ਸੀ। ਦੋਵਾਂ ਭਲੇ ਪੁਰਸ਼ਾਂ ਦੀ ਹਮਦਰਦੀ ਅਤੇ ਉਨ੍ਹਾਂ ਦੇ ਘਰ ਵਿੱਚ ਰੱਖੇ ਘੜੇ ਦੇ ਠੰਢੇ ਪਾਣੀ ਨੇ ਮੈਨੂੰ ਸੇਰ ਤੋਂ ਸਵਾ ਸੇਰ ਬਣਾ ਦਿੱਤਾ। ਇੰਨੇ ਨੂੰ ਮੁੰਡੇ ਨੇ ਮੇਰਾ ਅਟੈਚੀ ਕੇਸ ਆਪਣੇ ਮੋਢੇ ਉਤੇ ਰੱਖ ਲਿਆ ਜਦ ਕਿ ਉਸ ਦੇ ਚਾਚੇ ਨੇ ਆਪਣੇ ਹੱਥ ਵਿੱਚ ਲੰਬੀ ਡਾਂਗ ਫੜ ਲਈ। ਉਭੜ-ਖਾਬੜ ਰਸਤੇ ਦੇ ਬਾਵਜੂਦ ਮੈਂ ਦੋਵਾਂ ਦੇ ਨਾਲ ਬੜੇ ਸਕੂਨ ਨਾਲ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸਾਂ।
ਰਾਤ ਦੇ ਠੀਕ ਇੱਕ ਵਜੇ ਫਤਹਿਪੁਰ ਪੁੱਜ ਕੇ ਸਭ ਤੋਂ ਪਹਿਲਾਂ ਮੈਂ ਰੱਬ ਦੀਆਂ ਰਹਿਮਤਾਂ ਦਾ ਕੋਟਿ-ਕੋਟਿ ਧੰਨਵਾਦ ਕੀਤਾ। ਉਸ ਤੋਂ ਬਾਅਦ ਚਾਚੇ-ਭਤੀਜੇ ਦਾ ਥ੍ਰੀ-ਐਕਸ ਰੰਮ ਦੀ ਬੋਤਲ ਨਾਲ ਸ਼ੁਕਰੀਆ ਕਰਦਾ ਹੋਇਆ ਆਪਣੇ ਬਿਸਤਰੇ ਉਤੇ ਢਹਿ-ਢੇਰੀ ਹੋ ਗਿਆ। ਅੱਜ ਜਦ ਕਦੇ ਪਿੰਡ ਦੀਆਂ ਸੱਥਾਂ ਵਿੱਚ ਉਸ ਕਾਲੇ ਦੌਰ ਦੇ ਚਰਚੇੇ ਚੱਲਦੇ ਹਨ ਤਾਂ ਪਿੰਡ ਪੰਡੋਰੀ-ਮਾਇਲ ਦੇ ਉਹ ਦੋਵੇਂ ਚਾਚਾ-ਭਤੀਜਾ ਮੈਨੂੰ ਫਰਿਸ਼ਤਿਆਂ ਵਾਂਗ ਜਾਪਣ ਲੱਗਦੇ ਹਨ, ਜਿਨ੍ਹਾਂ ਦੀ ਦਰਿਆਦਿਲੀ ਸਦਕਾ ਮੈਂ ਉਸ ਕਾਲੀ-ਬੋਲੀ ਰਾਤ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਸਕਿਆ। ਰੱਬ ਖੈਰ ਕਰੇ ਉਸ ਦੌਰ ਵਰਗੇ ਕਾਲੇ ਦਿਨ ਮੇਰੇ ਸੋਹਣੇ ਪੰਜਾਬ ਵਿੱਚ ਮੁੜ ਕਦੇ ਨਾ ਪਰਤਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ