ਓਟਵਾ,12 ਮਈ (ਪੋਸਟ ਬਿਊਰੋ) : ਅਪਰੈਲ ਵਿੱਚ ਕੋਵਿਡ-19 ਵੈਕਸੀਨ ਐਸਟ੍ਰਾਜ਼ੈਨੇਕਾ ਦਾ ਆਪਣਾ ਪਹਿਲਾ ਸ਼ੌਟ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਦੂਜਾ ਸ਼ੌਟ ਲੈਣ ਦੀ ਤਿਆਰੀ ਕਰ ਰਹੇ ਹਨ।
ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਕੰਜ਼ਰਵੇਟਿਵ ਐਮਪੀ ਤੇ ਹੈਲਥ ਕ੍ਰਿਟਿਕ ਮਿਸੇ਼ਲ ਰੈਂਪਲ ਗਾਰਨਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਡਾਕਟਰਾਂ ਦੀ ਸਲਾਹ ਅਨੁਸਾਰ ਜਦੋਂ ਵੀ ਉਨ੍ਹਾਂ ਨੂੰ ਵੈਕਸੀਨੇਸ਼ਨ ਦੀ ਪੇਸ਼ਕਸ਼ ਕੀਤੀ ਜਾਵੇ ਉਹ ਦੂਜਾ ਸ਼ੌਟ ਲਵਾ ਲੈਣ। ਕਈ ਕੈਨੇਡੀਅਨ ਇਹ ਪੁੱਛ ਰਹੇ ਹਨ ਕਿ ਉਨ੍ਹਾਂ ਵੱਲੋਂ ਐਸਟ੍ਰਾਜ਼ੈਨੇਕਾ ਦੀ ਪਹਿਲੀ ਡੋਜ਼ ਲਵਾਈ ਗਈ ਹੈ ਤੇ ਹੁਣ ਉਨ੍ਹਾਂ ਨੂੰ ਇਸੇ ਵੈਕਸੀਨ ਦੀ ਦੂਜੀ ਡੋਜ਼ ਲਵਾਉਣੀ ਚਾਹੀਦੀ ਹੈ ਜਾਂ ਕਿਸੇ ਦੂਜੀ ਵੈਕਸੀਨ ਦੀ ਡੋਜ਼ ਲਵਾਉਣੀ ਚਾਹੀਦੀ ਹੈ। ਇਹ ਸਵਾਲ ਇਸ ਲਈ ਉੱਠ ਰਹੇ ਹਨ ਕਿਉਂਕਿ ਕਈ ਪ੍ਰੋਵਿੰਸਾਂ ਵੱਲੋਂ ਇਸ ਹਫਤੇ ਇਸ ਵੈਕਸੀਨ ਦੀ ਵਰਤੋਂ ਸੀਮਤ ਕਰ ਦਿੱਤੀ ਗਈ ਹੈ। ਇਸ ਪਿੱਛੇ ਵੀ ਦੋ ਕਾਰਨ ਹਨ ਇੱਕ ਤਾਂ ਐਸਟ੍ਰਾਜ਼ੈਨੇਕਾ ਦੀ ਸਪਲਾਈ ਘੱਟ ਮਿਲ ਰਹੀ ਹੈ ਤੇ ਦੂਜਾ ਬਲੱਡ ਕਲੌਟ ਦੀਆਂ ਮਿਲ ਰਹੀਆਂ ਰਿਪੋਰਟਾਂ ਕਾਰਨ ਡਾਕਟਰ ਅਹਿਤਿਆਤ ਵਰਤਣੀ ਚਾਹੁੰਦੇ ਹਨ।
ਕਈ ਪ੍ਰੋਵਿੰਸਾਂ ਵੱਲੋਂ ਐਸਟ੍ਰਾਜੈ਼ਨੇਕਾ ਦੇ ਪਹਿਲੇ ਸ਼ੌਟਸ ਹੀ ਰੋਕਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੂਜੇ ਸ਼ੌਟਸ ਦਿੱਤੇ ਜਾ ਸਕਣ ਜਿਹੜੇ ਪਹਿਲਾਂ ਇਹੋ ਵੈਕਸੀਨ ਲਵਾ ਚੁੱਕੇ ਹਨ। ਹਾਲਾਂਕਿ ਓਨਟਾਰੀਓ, ਜਿੱਥੇ ਟਰੂਡੋ ਨੇ ਆਪਣੀ ਪਹਿਲੀ ਡੋਜ਼ ਲਈ ਸੀ, ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਅਜੇ ਤੱਕ ਇਸ ਸਬੰਧ ਵਿੱਚ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਕੀ ਐਸਟ੍ਰਾਜ਼ੈਨੇਕਾ ਦਾ ਦੂਜਾ ਸ਼ੌਟ ਲਾਇਆ ਜਾਵੇਗਾ ਜਾਂ ਨਹੀਂ।ਇਸ ਨਾਲ ਵਾਇਲਾਂ ਦੇ ਐਕਸਪਾਇਰ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ।
ਇਸ ਦੌਰਾਨ ਵੈਕਸੀਨ ਦੀਆਂ ਡੋਜ਼ਾਂ ਮਿਕਸ ਕਰਕੇ ਦੇਣ ਦੇ ਸਬੰਧ ਵਿੱਚ ਵੀ ਚਰਚਾ ਚੱਲ ਰਹੀ ਹੈ। ਇਹ ਪਤਾ ਲਾਉਣ ਦੀ ਵੀ ਕੋਸਿ਼ਸ਼ ਚੱਲ ਰਹੀ ਹੈ ਕਿ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲਵਾਉਣ ਵਾਲਿਆਂ ਲਈ ਕਿਸੇ ਹੋਰ ਵੈਕਸੀਨ ਦਾ ਦੂਜਾ ਸ਼ੌਟ ਲਵਾਉਣਾ ਫਾਇਦੇਮੰਦ ਹੋਵੇਗਾ ਜਾਂ ਨਹੀਂ।ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹੈਲਥ ਕੈਨੇਡਾ ਤੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਦਿੱਤੀ ਜਾਣ ਵਾਲੀ ਕਿਸੇ ਸੇਧ ਦੀ ਉਡੀਕ ਕਰ ਰਹੇ ਹਨ।