Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਮੋਗਾ, ਨਹੀਂ ਏ ਹੁਣ ਚਾਹ ਜੋਗਾ ... ਆਈਪੀਐੱਲ ਵਿਚ ਸ਼ਾਨਦਾਰ ਕਾਰਗ਼ੁਜ਼ਾਰੀ ਸਦਕਾ ਹਰਪ੍ਰੀਤ ਬਰਾੜ ਨੇ ਕੀਤਾ ਮੋਗੇ ਦਾ ਨਾਂ ਰੌਸ਼ਨ

May 12, 2021 04:13 AM

 

 

‘ਚਾਚਾ ਚੰਡੀਗੜ੍ਹੀਆ’, ਐਕਟਰ ਸੋਨੂੰ ਸੂਦ ਅਤੇ ਜੱਜ ਲਵਪ੍ਰੀਤ ਕੌਰ ਬਰਾੜ ਵੀ ਬਣੇ ਸੀ ਮੋਗੇ ਦੀ ਸ਼ਾਨ

ਬਰੈਂਪਟਨ, (ਡਾ. ਝੰਡ) - ਕਿਸੇ ਸਮੇਂ ਮੋਗੇ ਬਾਰੇ ਇਹ ਕਹਾਵਤ ਮਸ਼ਹੂਰ ਹੁੰਦੀ ਸੀ, ਅਖੇ "ਮੋਗਾ, ਚਾਹ ਜੋਗਾ"। ਪਰ ਮੋਗਾ ਸ਼਼ਹਿਰ ਦੇ ਬਾਰੇ ਹੁਣ ਇਹ ਕਹਾਵਤ ਝੂਠੀ ਸਾਬਤ ਹੋ ਗਈ ਹੈ। ਹੁਣ ਮੋਗਾ ਚਾਹ ਜੋਗਾ ਨਹੀਂ ਰਹਿ ਗਿਆ ਹੈ, ਸਗੋਂ ਮੋਗੇ ਜਿ਼ਲੇ ਦੇ ਵਸਨੀਕਾਂ ਨੇ ਜੀਵਨ ਦੇ ਵੱ਼ਖ-ਵੱਖ ਖ਼ੇਤਰਾਂ ਵਿਚ ਵੱਡੀਆਂ ਮੱਲਾਂ ਮਾਰ ਕੇ ਇਸ ਨੂੰ ਬਿਲਕੁਲ ਗ਼ਲਤ ਸਾਬਤ ਕਰ ਦਿੱਤਾ ਹੈ।
ਮੋਗੇ ਦੀ ਗੱਲ ਕਰਦਿਆਂ ਉੱਥੋਂ ਦੇ ਜੰਮਪਲ ਡਾ. ਗੁਰਨਾਮ ਸਿੰਘ ‘ਤੀਰ’ ਉਰਫ਼ ‘ਚਾਚਾ ਚੰਡੀਗੜ੍ਹੀਆ’ ਦਾ ਸੱਭ ਤੋਂ ਪਹਿਲਾਂ ਚੇਤਾ ਜ਼ਰੂਰ ਆਉਂਦਾਾ ਹੈ। ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਅਤੇ ਇਕ ਬਹੁਤ ਵਧੀਆ ਹਾਸਰਸ-ਲੇਖਕ ਸਨ। ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਹਾਸਰਸ-ਭਰਪੂਰ ਪੁਸਤਕਾਂ ‘ਅਕਲ-ਜਾੜ੍ਹ’, ‘ਮੈਨੂੰ ਮੈਥੋਂ ਬਚਾਓ’, ‘ਗੁੜ੍ਹਤੀ’, ‘ਹੱਸਦਾ ਪੰਜਾਬ’, ‘ਵਾਹ ਪਿਆ ਜਾਣੀਏ’, ਆਦਿ ਅੱਖਾਂ ਦੇ ਅੱਗਿਉਂਂ ਫਿ਼ਲਮ ਵਾਂਗ ਲੰਘ ਜਾਂਦੀਆਂ ਹਨ। ਇਸ ਦੇ ਨਾਲ ਹੀ ਮੋਗੇ ਦੇ ਜੰਮਪਲ ਫਿਲਮਾਂ ਦੇ ਮਸ਼ਹੂਰ ਐਕਟਰ ਸੋਨੂ ਸੂਦ ਨੂੰ ਕੌਣ ਨਹੀਂ ਜਾਣਦਾ। ਪੰਜਾਬੀ ਫਿਲਮਾਂ ਵਿਚ ਤਾਂ ਉਸ ਦਾ ਨਾਂ ਕਈ ਸਾਲਾਂ ਤੋਂ ਲੋਕਾਂ ਦੀ ਜ਼ਬਾਨ ‘ਤੇ ਹੈੈ। ਪਰ ਪਿਛਲੇ ਸਾਲ ਦੇ ਆਰੰਭ ਵਿਚ ਹੀ ਸਾਰੀ ਦੁਨੀਆਂ ਵਿਚ ਸ਼ੁਰੂ ਹੋਈ ਮਹਾਂਮਾਰੀ ਦੌਰਾਨ ਪੰਜਾਬ ਦੇ ਅਨੇਕਾਂ ਲੋੜਵੰਦ ਲੋਕਾਂ ਦੀ ਵਿੱਤੀ ਅਤੇ ਹੋਰ ਕਈ ਤਰੀਕਿਆਂ ਨਾਲ ਮਦਦ ਕਰਕੇ ਉਸ ਨੇ ਖ਼ੂਬ ਨਾਮਣਾ ਖੱਟਿਆ ਹੈ।
ਇਸ ਦੇ ਨਾਲ ਹੀ ਕੁਝ ਮਹੀਨੇ ਪਹਿਲਾਂ ਮੋਗੇ ਦੀ ਜੰਮਪਲ ਲਵਪ੍ਰੀਤ ਕੌਰ ਬਰਾੜ ਸਪੁੱਤਰੀ ਸਵ. ਜਗਸੀਰ ਸਿੰਘ ਬਰਾੜ ਨੇ ਪੀ.ਸੀ.ਐੱਸ. (ਜੁਡੀਸ਼ੀਅਲ) ਮੁਕਾਬਲੇ ਦੀ ਕਠਨ ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕਰਕੇ ਜੱਜ ਬਣੀ ਅਤੇ ਉਸ ਨੇ ਆਪਣੇ ਜਿ਼ਲੇ ਮੋਗੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਲਵਪ੍ਰੀਤ ਬਰਾੜ ਬਰੈਂਪਟਨ ਦੀ ਅੱਜਕੱਲ੍ਹ ਚਰਚਿਤ ‘ਟੀਪੀਏਆਰ ਕਲੱਬ’ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੇ ਵੱਡੇ ਭਰਾ ਰੂੜ ਸਿੰਘ ਬਰਾਬ ਦੀ ਪੋਤਰੀ ਹੈ ਅਤੇ ਲਵਪ੍ਰੀਤ ਦੀ ਇਸ ਸ਼ਾਨਦਾਰ ਕਾਮਯਾਬੀ ਉੱਪਰ ਸੰਧੂਰਾ ਬਰਾਂੜ ਨੂੰ ਕਲੱਬ ਦੇ ਮੈਂਬਰਾਂ ਅਤੇ ਉਨਾਂ੍ਹ ਦੇ ਹੋਰ ਸ਼ੁਭ-ਚਿੰਤਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਇਨ੍ਹਾਂ ਤੋਂ ਅੱਗੇ ਇਹ ਕਿ ਹੁਣ ਕ੍ਰਿਕਟ-ਪ੍ਰੇਮੀਆਂ ਦੀ ਹਰਮਨ-ਪਿਆਰੀ ਮਸ਼ਹੂਰ ‘ਇੰਡੀਅਨ ਪ੍ਰੀਮੀਅਰ ਲੀਗ’ (ਆਈ.ਪੀ.ਐੱਲ.) ਦੇ ਮੈਚਾਂ ਵਿਚ ਧੂੰਆਂਧਾਰ ਬੱਲੇਬਾਜ਼ੀ ਕਰਕੇ ਮੋਗੇ ਜਿ਼ਲੇ ਦੇ ਪਿੰਡ ਹਰੀਏਵਾਲ ਦਾ ਇਕ ਹੋਰ ਜੰਮਪਲ ਨੌਜੁਆਨ ਹਰਪ੍ਰੀਤ ਬਰਾੜ ਨੇ ਆਪਣੇ ਸ਼ਹਿਰ ਮੋਗੇ ਨੂੰ ਸਮੁੱਚੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਬੀਤੇ ਦਿਨੀਂ ਹੋਏ ਇਕ ਆਈ.ਪੀ.ਐੱਲ ਮੈਚ ਵਿਚ ਉਸ ਦੀ ਬੱਲੇਬਾਜ਼ੀ ਅੱਗੇ ਕਹਿੰਦੇ-ਕਹਾਉਂਦੇ ਬੱਲੇਬਾਜ਼ ਵਿਰਾਟ ਕੋਹਲੀ, ਮੈਕਸਵੈੱਲ ਅਤੇ ੲ ਬੀ ਡੀ ਵਿਲੀਅਰਜ਼ ਵੀ ਬਹੁਤਾ ਚਿਰ ਨਹੀਂ ਟਿਕ ਸਕੇ ਅਤੇ ਇਸ ਤਰ੍ਹਾਂ ਉਸ ਦੀ ਬੱਲੇਬਾਜ਼ੀ ਨੇ ਪੂਰਾ ਮੈਚ ਹੀ ਬਦਲ ਕੇ ਰੱਖ ਦਿੱਤਾ। ਨਤੀਜੇ ਵਜੋਂ, ਇਹ ਮੈਚ ਪੰਜਾਬ ਦੀ ਟੀਮ ਨੇ ਆਪਣੇ ਮਜ਼ਬੂਤ ਹੱਥਾਂ ਵਿਚ ਕਰ ਲਿਆ ਅਤੇ ਇਸ ਵਿਚ ਹਰਪ੍ਰੀਤ ਬਰਾੜ ਨੂੰ ‘ਮੈਨ ਆਫ਼ ਦ ਮੈਚ’ ਦਾ ਖਿ਼ਤਾਬ ਵੀ ਹਾਸਲ ਹੋਇਆ ਹੈ। ਇਹ ਮੋਗੇ ਜਿ਼ਲੇ ਦੀ ਸ਼ਾਨ ਵਿਚ ਇਕ ਹੋਰ ‘ਸੁਨਹਿਰੀ ਫੱ਼ੁਲ’ ਵਾਂਗ ਹੈ।
ਇਹ ਕੇਵਲ ਹਰਪ੍ਰੀਤ ਬਰਾੜ ਅਤੇ ਮੋਗੇ ਵਾਲਿਆਂ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਸ ਨੂੰ ਇਹ ਮਾਣ-ਸਨਮਾਨ ਮਿਲਣ ‘ਤੇ ਪਿੰਡ-ਵਾਸੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਫੁੱਲੇ ਨਹੀਂ ਸਮਾਅ ਰਹੇ। ਸਾਰਿਆਂ ਦੀਆਂ ਅਸੀਸਾਂ ਅਤੇ ਸ਼ੁਭ-ਇੱਛਾਵਾਂ ਹਰਪ੍ਰੀਤ ਬਰਾੜ ਦੇ ਨਾਲ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਕ੍ਰਿਕਟ ਦੀ ਦੁਨੀਆਂ ਵਿਚ ‘ਸਟਾਰ’ ਬਣ ਕੇ ਚਮਕੇਗਾ।

 
Have something to say? Post your comment