ਲੰਡਨ, 11 ਮਈ (ਪੋਸਟ ਬਿਊਰੋ)- ਭਾਰਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਹੀਰਾ ਵਪਾਰੀ ਨੀਰਵ ਮੋਦੀ ਨੇ ਭਾਰਤ ਨੂੰ ਹਵਾਲਗੀ ਤੋਂ ਬਚਣ ਲਈ ਲੰਡਨ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਲਈ ਅਰਜ਼ੀ ਦਿੱਤੀ ਹੈ।
ਅਪ੍ਰੈਲ ਵਿੱਚ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਉੱਤੇ ਦਸਤਖ਼ਤ ਕੀਤੇ ਸਨ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਦੇ ਲੱਗਭਗ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਕੇਸ ਵਿੱਚ ਲੋੜੀਂਦਾ ਹੈ। ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ ਪੀ ਐਸ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਅਪੀਲ ਦਾਇਰ ਕੀਤੀ ਗਈ ਹੈ ਪਰ ਹਾਈ ਕੋਰਟ ਦੇ ਜੱਜ, ਜਿਸ ਨੇ ਇਸ ਬਾਰੇ ਫੈਸਲਾ ਲੈਣਾ ਹੈ, ਉਸ ਨੂੰ ਅਜੇ ਤੱਕ ਕੇਸ ਨਹੀਂ ਸੌਂਪਿਆ ਗਿਆ। 50 ਸਾਲਾ ਨੀਰਵ ਮੋਦੀ ਇਸ ਸਮੇਂ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਹੈ। ਉਸ ਦੀ ਭਾਰਤ ਨੂੰ ਹਵਾਲਗੀ ਦੇਣ ਦਾ ਫੈਸਲਾ ਵੈਸਟ ਮਿੰਸਟਰ ਮੈਜਿਸਟ੍ਰੇਟ ਕੋਰਟ ਦੇ ਜੱਜ ਸੈਮ ਗੂਜੀ ਦੁਆਰਾ ਫਰਵਰੀ ਵਿੱਚ ਕੀਤਾ ਗਿਆ ਸੀ ਕਿ ਨੀਰਵ ਮੋਦੀ ਨੇ ਭਾਰਤੀ ਅਦਾਲਤ ਸਾਹਮਣੇ ਜਵਾਬ ਦੇਣਾ ਹੈ ਅਤੇ ਬ੍ਰਿਟਿਸ਼ ਕਾਨੂੰਨ ਤਹਿਤ ਹਵਾਲਗੀ ਉੱਤੇ ਰੋਕ ਲਾਗੂ ਨਹੀਂ ਹੁੰਦੀ।