ਓਟਵਾ, 6 ਮਈ (ਪੋਸਟ ਬਿਊਰੋ) : ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦੀ ਵੰਡ ਸਬੰਧੀ ਕੰਮਕਾਜ ਵੇਖ ਰਹੇ ਮਿਲਟਰੀ ਦੇ ਜਨਰਲ ਦਾ ਕਹਿਣਾ ਹੈ ਕਿ ਇਸ ਸਮੇਂ ਇਮਿਊਨਾਈਜ਼ੇਸ਼ਨ ਲਈ ਯੋਗ ਹੋ ਚੁੱਕੇ ਕੈਨੇਡੀਅਨਾਂ ਦੇ ਬਾਵਜੂਦ ਆਉਣ ਵਾਲੇ ਮਹੀਨਿਆਂ ਵਿੱਚ ਉਸ ਹਰ ਸ਼ਖਸ ਨੂੰ ਵੈਕਸੀਨ ਮਿਲ ਸਕੇਗੀ ਜੋ ਵੈਕਸੀਨ ਲਵਾਉਣਾ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਜਲਦ ਹੀ ਕੈਨੇਡਾ ਕੋਲ ਹਰ ਕਿਸੇ ਨੂੰ ਵੈਕਸੀਨੇਟ ਕਰਨ ਲਈ ਵਾਧੂ ਮਾਤਰਾ ਵਿੱਚ ਵੈਕਸੀਨ ਹੋਵੇਗੀ।
ਹੈਲਥ ਕੈਨੇਡਾ ਵੱਲੋਂ 12 ਤੋਂ 15 ਸਾਲ ਉਮਰ ਵਰਗ ਦੇ ਕੈਨੇਡੀਅਨਾਂ ਨੂੰ ਵੈਕਸੀਨੇਟ ਕਰਨ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਪਹਿਲਾਂ ਫੈਡਰਲ ਸਰਕਾਰ ਦਾ ਟੀਚਾ ਸਤੰਬਰ ਦੇ ਅੰਤ ਤੱਕ ਸਾਰੇ ਚਾਹਵਾਨ ਤੇ ਯੋਗ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨਾ ਸੀ। ਹਾਲਾਂਕਿ ਮੇਜਰ ਜਨਰਲ ਡੈਨੀ ਫੋਰਟਿਨ ਨੇ ਵੀਰਵਾਰ ਨੂੰ ਇਹ ਸੰਕੇਤ ਦਿੱਤਾ ਕਿ ਗਰਮੀਆਂ ਤੱਕ ਸਾਰੇ ਯੋਗ ਕੈਨੇਡੀਅਨਾਂ ਨੂੰ ਵੈਕਸੀਨ ਦਾ ਪਹਿਲਾ ਸ਼ੌਟ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਉਨ੍ਹਾਂ ਇਸ ਦੀ ਪੁਸ਼ਟੀ ਵੀ ਨਹੀਂ ਕੀਤੀ ਕਿ ਹਰ ਕਿਸੇ ਨੂੰ ਸਤੰਬਰ ਦੇ ਅੰਤ ਤੱਕ ਵੈਕਸੀਨ ਦਾ ਦੂਜਾ ਸ਼ੌਟ ਮਿਲ ਜਾਵੇਗਾ। ਇਸ ਸਮੇਂ ਵੈਕਸੀਨ ਦੀ ਡਲਿਵਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਟੀਚਾ ਹਾਸਲ ਕਰਨ ਯੋਗ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਡਾ· ਹੌਵਰਡ ਨਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਭਰ ਵਿੱਚ ਇਸ ਸਮੇਂ ਅੰਦਾਜ਼ਨ 1·63 ਮਿਲੀਅਨ ਲੋਕ 12 ਤੋਂ 15 ਸਾਲ ਉਮਰ ਵਰਗ ਨਾਲ ਸਬੰਧਤ ਹਨ ਜਿਹੜੇ ਵੈਕਸੀਨ ਹਾਸਲ ਕਰਨ ਦੇ ਯੋਗ ਹਨ।ਇਸ ਲਈ ਪਹਿਲਾਂ ਨਾਲੋਂ ਇਸ ਸਮੇਂ ਸਾਡੇ ਕੋਲ ਐਨੀ ਵੈਕਸੀਨ ਹੈ ਕਿ ਅਸੀਂ ਇਨ੍ਹਾਂ ਨੂੰ ਫਰਸਟ ਡੋਜ਼ ਦੇ ਸਕੀਏ।
ਫੋਰਟਿਨ ਨੇ ਆਖਿਆ ਕਿ ਹੁਣ ਤੱਕ ਕੈਨੇਡਾ ਭਰ ਵਿੱਚ ਕੋਵਿਡ-19 ਵੈਕਸੀਨਜ਼ ਦੀਆਂ 18 ਮਿਲੀਅਨ ਡੋਜ਼ਾਂ ਵੰਡੀਆਂ ਤੇ ਲਾਈਆਂ ਜਾ ਚੁੱਕੀਆਂ ਹਨ। ਮਈ ਦੇ ਅੰਤ ਤੱਕ ਇਹ ਅੰਕੜਾ 25 ਮਿਲੀਅਨ ਡੋਜ਼ਾਂ ਤੱਕ ਅੱਪੜ ਜਾਵੇਗਾ।