* ਆਸਟਰੇਲੀਆ ਨੇ ਭਾਰਤ ਬਾਰੇ ਯਾਤਰਾ ਪਾਬੰਦੀ ਜਾਇਜ਼ ਦੱਸੀ
ਵਾਸ਼ਿੰਗਟਨ, 3 ਮਈ, (ਪੋਸਟ ਬਿਊਰੋ)- ਅਮਰੀਕਾ ਨੇ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਭਾਰਤ ਤੋਂ ਅਜਿਹੇ ਸਾਰੇ ਗੈਰ-ਅਮਰੀਕੀ ਲੋਕਾਂ ਦੇ ਆਪਣੇ ਦੇਸ਼ ਵਿਚ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ ਹੈ, ਜਿਹੜੇ ਬੀਤੇ 14 ਦਿਨਾਂ ਵਿੱਚ ਭਾਰਤ ਵਿਚ ਰਹੇ ਰਹੇ ਹੋਣ। ਇਹ ਆਦੇਸ਼ 4 ਮਈ ਤੋਂ ਲਾਗੂ ਹੋਇਆ ਹੈ। ਇਸ ਹੁਕਮਵਿੱਚ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਵਾਲਿਆਂ, ਉਨ੍ਹਾਂ ਦੇ ਗੈਰ-ਅਮਰੀਕੀ ਜੀਵਨਸਾਥੀ ਅਤੇ ਬੱਚਿਆਂ ਤੇ ਕੁਝ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਛੋਟ ਰਹੇਗੀ। ਇਹ ਪਾਬੰਦੀ ਅਗਲੇ ਆਦੇਸ਼ ਤੱਕ ਜਾਰੀ ਰਹੇਗੀ।
ਅਸਲ ਵਿੱਚ ਅਮਰੀਕਾ ਦੀ ਬਾਈਡੇਨ ਸਰਕਾਰ ਨੇ ਇਹ ਫੈਸਲਾ ਭਾਰਤ ਵਿਚ ਵੱਧਦੇ ਜਾਂਦੇ ਕੋਰੋਨਾ ਵਾਇਰਸ ਤੇ ਉਸ ਦੇ ਕੁਝ ਨਵੇਂ ਸਟ੍ਰੇਨਜ਼ ਦੀ ਭਾਰਤ ਵਿਚ ਮੌਜੂਦਗੀ ਕਾਰਨ ਕੀਤਾ ਹੈ। ਇਹ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਦੇਸ਼ ਜਾਰੀ ਕਰ ਕੇ ਕਿਹਾ ਕਿ ਯਾਤਰਾ ਪਾਬੰਦੀ ਵਿਚ ਛੋਟ ਬ੍ਰਾਜ਼ੀਲ, ਚੀਨ, ਈਰਾਨ ਤੇ ਦੱਖਣੀ ਅਫਰੀਕਾ ਤੋਂ ਆਉਂਦੇ ਯਾਤਰੀਆਂ ਬਾਰੇ ਵੀ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ 26 ਅਪ੍ਰੈਲ ਨੂੰ ਜਾਰੀ ਆਦੇਸ਼ ਵਿਚ ਆਖਿਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਐੱਫ-1 ਅਤੇ ਐੱਮ-1 ਵੀਜ਼ਾ ਹੈ ਤੇ ਉਨ੍ਹਾਂ ਦੀਆਂ ਕਲਾਸਾਂ ਇਕ ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣੀਆਂ ਹਨ, ਉਨ੍ਹਾਂ ਨੂੰ ਯਾਤਰਾ ਛੋਟ ਮੰਗਣ ਦੀ ਲੋੜ ਨਹੀਂ ਹੈ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲੇ 30 ਦਿਨਾਂ ਦੇ ਅੰਦਰ ਉਹ ਅਮਰੀਕਾ ਆ ਸਕਦੇ ਹਨ।
ਪਾਰਲੀਮੈਂਟ ਮੈਂਬਰ ਟਿਮ ਬਰਚੇਟ ਨੇ ਟਵੀਟ ਕਰ ਕਿਹਾ ਕਿ ਭਾਰਤ ਸਾਡਾ ਸਹਿਯੋਗੀ ਹੈ ਅਤੇ ਅਸੀਂ ਉਸ ਉੱਤੇ ਯਾਤਰਾ ਸਬੰਧੀ ਪਾਬੰਦੀਆਂ ਲਾ ਰਹੇ ਹਨ, ਪਰ ਮੈਕਸੀਕੋ ਦੀਆਂ ਸਰਹੱਦਾਂ ਖੁੱਲ੍ਹੀਆਂ ਛੱਡੀਆਂ ਹਨ। ਦੂਸਰੇ ਪਾਸੇ ਭਾਰਤੀ-ਅਮਰੀਕੀ ਪਾਰਲੀਮੈਂਟ ਮੈਂਬਰ ਰੋ ਖੰਨਾ ਨੇ ਯਾਤਰਾ ਪਾਬੰਦੀਆਂ ਨੂੰ ਜਾਇਜ਼ ਦੱਸ ਕੇ ਕਿਹਾਕਿ ਲਾਭ ਤੋਂ ਵੱਧ ਲੋਕ ਦੀਆਂ ਜਿ਼ੰਦਗੀਆਂ ਅਹਿਮ ਹਨ ਅਤੇ ਉਹ ਜਿ਼ੰਦਗੀਆਂ ਨੂੰ ਪਹਿਲ ਦੇ ਰਹੇ ਹਨ।
ਓਧਰ ਆਸਟਰੇਲੀਆਵੱਲੋਂ ਭਾਰਤ ਦੀਯਾਤਰਾ ਬਾਰੇ ਸਖ਼ਤ ਪਾਬੰਦੀਆਂ ਉੱਤੇਭਾਰਤੀ ਲੋਕਾਂ ਅਤੇ ਮਨੁੱਖੀ ਹੱਕਾਂਬਾਰੇ ਬਹੁਤ ਸਾਰੇ ਸੰਗਠਨਾਂ ਨੇ ਭਾਰੀ ਵਿਰੋਧ ਕੀਤਾ ਹੈ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਜਾਣਦੇ ਹਨ ਤੇ ਦਿਲੋਂ ਦੁਖੀ ਹਨ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਦੀਆਂ ਤਕਲੀਫ਼ਾਂ ਵਧ ਗਈਆਂ ਹਨ, ਜੋ ਭਾਰਤ ਵਿਚ ਫਸੇ ਹਨ ਤੇ ਆਸਟਰੇਲੀਆ ਨਹੀਂ ਆ ਸਕਦੇ, ਪਰ ਇਸ ਸਮੇਂ ਭਾਰਤ ਦੀ ਜੋ ਹਾਲਤ ਹੈ, ਉਸ ਦੇ ਕਾਰਨ ਗੰਭੀਰ ਰਿਸਕ ਨਹੀਂ ਲਿਆ ਜਾ ਸਕਦਾ। ਇਸ ਲਈ ਆਸਟਰੇਲੀਆਈ ਲੋਕਾਂ ਦੇ ਜਨਤਕ ਤੇ ਸਿਹਤ ਬਾਰੇ ਧਿਆਨ ਹੇਠ ਹੀ ਅਜਿਹੇ ਸਖ਼ਤ ਫ਼ੈਸਲੇ ਲਏ ਗਏ ਹਨ ਅਤੇ ਇਸ ਬਾਰੇ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਹ ਵੀ ਕਿਹਾ ਕਿ ਏਦਾਂ ਕਰਨਾ ਇਸ ਲਈ ਵੀ ਲਾਜ਼ਮੀ ਸੀ ਕਿ ਕੁਝ ਲੋਕ ਦੋਹਾ (ਕਤਰ) ਦਾ ਰਾਹ ਫੜ ਕੇ ਆਸਟਰੇਲੀਆ ਵਿਚ ਦਾਖਲ ਹੁੰਦੇ ਸਨ। ਇਸ ਵੇਲੇ ਏਦਾਂ ਕਰਨਾ ਗਲਤ ਹੀ ਨਹੀਂ, ਗੈਰ ਕਾਨੂੰਨੀ ਵੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਸਭ ਜਨਤਕ ਸਿਹਤ ਦੇ ਕਾਰਨ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਸਮੇਂ 9000 ਤੋਂ ਵੱਧ ਆਸਟਰੇਲੀਅਨ ਲੋਕ ਭਾਰਤ ਵਿਚ ਫਸੇ ਹਨ ਅਤੇ ਘਰ ਵਾਪਸੀ ਦੀ ਉਡੀਕ ਵਿੱਚ ਹਨ। ਇਹ ਪਾਬੰਦੀਆਂ ਅਜੇ 15 ਮਈ 2021 ਤੱਕ ਹਨ ਅਤੇ ਇਸ ਦੌਰਾਨ ਕੋਰੋਨਾ ਦੇ ਅੰਕੜਿਆਂ ਉੱਤੇਨਜ਼ਰ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਮੁਤਾਬਕ ਹੀ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।