Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾ

April 23, 2021 06:20 PM

ਟੋਰਾਂਟੋ, 23 ਅਪਰੈਲ (ਪੋਸਟ ਬਿਊਰੋ) : ਮੇਜਰ ਕੈਲੀ ਬ੍ਰੈਨਨ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ (ਸੀ ਏ ਐਫ) ਵਿੱਚ ਕੰਮ ਕਰਦਿਆਂ ਹੋਇਆਂ ਉਸ ਨੂੰ ਕਈ ਸਾਲਾਂ ਤੱਕ ਸੱਤਾ ਦੇ ਅਸੰਤੁਲਨ ਦਾ ਸਿ਼ਕਾਰ ਹੋਣਾ ਪਿਆ। ਇਸ ਵਿੱਚ ਸਾਬਕਾ ਡਿਫੈਂਸ ਚੀਫ ਜਨਰਲ ਜੌਨਾਥਨ ਵੈਂਸ ਨਾਲ ਸਬੰਧਾਂ ਬਾਰੇ ਵੀ ਬ੍ਰੈਨਨ ਨੇ ਖੁਲਾਸਾ ਕੀਤਾ ਤੇ ਆਖਿਆ ਕਿ ਵੈਂਸ ਉਸ ਦੇ ਦੋ ਬੱਚਿਆਂ ਦਾ ਪਿਤਾ ਹੈ।
ਬ੍ਰੈਨਨ ਨੇ ਆਖਿਆ “ਮੈਂ ਆਪਣੇ ਸਬੰਧਾਂ ਬਾਰੇ ਕੁੱਝ ਗੱਲਾਂ ਦਾ ਜਿ਼ਕਰ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਨਤੀਜੇ ਹਮੇਸ਼ਾਂ ਇੱਕੋ ਜਿਹੇ ਹੀ ਰਹੇ, ਇਸ ਲਈ ਮੈਨੂੰ ਚੁੱਪ ਰਹਿਣਾ ਹੀ ਪੈਣਾ ਸੀ।” ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਦੀ ਸਟੇਟਸ ਆਫ ਵੁਮਨ ਕਮੇਟੀ, ਜੋ ਕਿ ਸੀ ਏ ਐਫ ਵਿੱਚ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਤੇ ਇਸ ਤਰ੍ਹਾਂ ਦੇ ਮਾਹੌਲ ਨੂੰ ਬਦਲਣ ਲਈ ਅਧਿਐਨ ਕਰ ਰਹੀਆਂ ਦੋ ਪਾਰਲੀਆਮੈਂਟਰੀ ਕਮੇਟੀਆਂ ਵਿੱਚੋਂ ਇੱਕ ਹੈ, ਸਾਹਮਣੇ ਬਿਆਨ ਦਿੰਦਿਆਂ ਉਕਤ ਗੱਲਾਂ ਆਖੀਆਂ।
ਬੈ੍ਰਨਨ ਪਹਿਲੀ ਮਹਿਲਾ ਬਣ ਗਈ ਹੈ ਜਿਸ ਵੱਲੋਂ ਵੈਂਸ ਖਿਲਾਫ ਸੱਭ ਤੋਂ ਪਹਿਲਾਂ ਦੋਸ਼ ਲਾਏ ਗਏ ਹਨ। ਉਸ ਨੇ ਦੱਸਿਆ ਕਿ ਜਦੋਂ ਵੈਂਸ ਉਸ ਦਾ ਸੀਨੀਅਰ ਤੇ ਚੀਫ ਆਫ ਦ ਡਿਫੈਂਸ ਸਟਾਫ ਸੀ ਤਾਂ ਉਸ ਨਾਲ ਉਸ ਦੇ ਸ਼ਰੀਰਕ ਸਬੰਧ ਸਨ।ਪਰ ਵੈਂਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ। ਫੌਜ ਵਿੱਚ ਇਸ ਤਰ੍ਹਾਂ ਦੀਆਂ ਜਿਨਸੀ ਸ਼ੋਸ਼ਣ ਦੀਆਂ ਕਹਾਣੀਆਂ ਕਈ ਹੋਰਨਾਂ ਔਰਤਾਂ ਵੱਲੋਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਫਰਵਰੀ ਵਿੱਚ ਵੈਂਸ ਦੀ ਰਿਟਾਇਰਮੈਂਟ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਮਿਲਟਰੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਵੈਂਸ ਦੇ ਜਾਨਸ਼ੀਨ ਐਡਮਿਰਲ ਆਰਟ ਮੈਕਡੌਨਲਡ ਖਿਲਾਫ ਵੀ ਵੱਖਰੀ ਜਾਂਚ ਚੱਲ ਰਹੀ ਹੈ।
ਬ੍ਰੈਨਨ ਨੇ ਆਪਣੀ ਗਵਾਹੀ ਵਿੱਚ ਇਹ ਵੀ ਆਖਿਆ ਕਿ ਵੈਂਸ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਮਿਲਟਰੀ ਪੁਲਿਸ ਕੋਲ ਜਾਂਦੀ ਹੈ ਤਾਂ ਉਸ ਨੂੰ ਕੋਈ ਹੱਥ ਨਹੀਂ ਲਾ ਸਕੇਗਾ। ਇਸ ਲਈ ਵੈਂਸ ਨੇ ਬ੍ਰੈਨਨ ਨੂੰ ਜਾਂਚ ਸਰਵਿਸ ਨੂੰ ਝੂਠ ਬੋਲਣ ਦੀ ਹਦਾਇਤ ਦਿੱਤੀ ਸੀ। ਬ੍ਰੈਨਨ ਨੇ ਇਹ ਵੀ ਆਖਿਆ ਕਿ ਵੈਂਸ ਨੇ ਉਸ ਨੂੰ ਕਦੇ ਸ਼ਰੀਰਕ ਨੁਕਸਾਨ ਪਹੁੰਚਾਉਣ ਲਈ ਨਹੀਂ ਸੀ ਧਮਕਾਇਆ ਪਰ ਉਸ ਨੇ ਇਹ ਜ਼ਰੂਰ ਆਖਿਆ ਸੀ ਕਿ ਜੇ ਉਸ ਨੇ ਆਪਣੀ ਜੁ਼ਬਾਨ ਖੋਲ੍ਹੀ ਤਾਂ ਇਸ ਦੇ ਮਾੜੇ ਨਤੀਜੇ ਨਿਕਲਣਗੇ।
ਬ੍ਰੈਨਨ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਉਹ ਉਸ ਦੀ ਗੱਲ ਨਾ ਮੰਨਦੀ ਤਾਂ ਉਸ ਨੂੰ ਮਾੜੇ ਨਤੀਜੇ ਭੁਗਤਣੇ ਪੈਂਦੇ। ਉਸ ਨੇ ਆਖਿਆ ਕਿ ਵੈਂਸ ਉਸ ਦੇ ਦੋ ਬੱਚਿਆਂ ਦਾ ਪਿਤਾ ਹੈ ਪਰ ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਨਹੀਂ ਕੀਤੀ। ਸਟੇਟਸ ਆਫ ਵੁਮਨ ਕਮੇਟੀ ਤੇ ਡਿਫੈਂਸ ਕਮੇਟੀ ਵੱਲੋਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਵੈਂਸ ਤੇ ਕਮਾਂਡ ਦੇ ਹੋਰ ਸੀਨੀਅਰ ਆਗੂ ਜਿਨਸੀ ਸ਼ੋਸ਼ਣ ਦੇ ਦੋਸ਼ੀ ਹੋਣ ਦੇ ਬਾਵਜੂਦ ਐਨੇ ਉੱਚ ਅਹੁਦਿਆਂ ਉੱਤੇ ਕਿਵੇਂ ਪਹੁੰਚ ਗਏ। ਇਸ ਤੋਂ ਇਲਾਵਾ ਇਹ ਕਮੇਟੀਆਂ ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ ਕਿ ਮੈਂਬਰਾਂ ਲਈ ਰਿਪੋਰਟਿੰਗ ਦੀ ਪ੍ਰਕਿਰਿਆ ਐਨੀ ਔਖੀ ਤੇ ਗੁੰਝਲਦਾਰ ਕਿਉਂ ਹੈ ਤੇ ਇਸ ਨੂੰ ਰੋਕਣ ਲਈ ਕਿਹੋ ਜਿਹੀ ਤਬਦੀਲੀ ਕਰਨੀ ਚਾਹੀਦੀ ਹੈ।
ਹਾਲਾਂਕਿ ਬ੍ਰੈਨਨ ਦੇ ਮਾਮਲੇ ਦੀ ਜਾਂਚ ਜਾਰੀ ਹੈ ਪਰ ਉਸ ਨੂੰ ਨਹੀਂ ਲੱਗਦਾ ਕਿ ਉਸ ਨੂੰ ਇਨਸਾਫ ਮਿਲ ਸਕੇਗਾ। ਉਸ ਨੇ ਆਖਿਆ ਕਿ ਜੇ ਉਸ ਨੂੰ ਇਨਸਾਫ ਨਹੀਂ ਮਿਲਦਾ ਨਾ ਸਹੀ ਪਰ ਉਸ ਦੇ ਸਾਹਮਣੇ ਆਉਣ ਨਾਲ ਹੋਰਨਾਂ ਮਹਿਲਾਵਾਂ ਨੂੰ ਤਾਂ ਇਨਸਾਫ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ। ਹੋ ਸਕਦਾ ਹੈ ਕੋਈ ਨੀਤੀਆਂ ਵੀ ਬਦਲ ਜਾਣ, ਤੇ ਉਸ ਲਈ ਐਨਾ ਹੀ ਕਾਫੀ ਹੈ।
ਉਸ ਤੋਂ ਪਹਿਲਾਂ ਵੀ ਕਈ ਮਹਿਲਾਵਾਂ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਸੀ ਏ ਐਫ ਦੀ ਚੇਨ ਆਫ ਕਮਾਂਡ ਤੋਂ ਕੋਈ ਆਸ ਨਹੀਂ ਹੈ ਤੇ ਇਸ ਲਈ ਉਹ ਚਾਹੁੰਦੀਆਂ ਹਨ ਕਿ ਜੇ ਜਿਨਸੀ ਸ਼ੋਸ਼ਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮਿਸਲਟਰੀ ਪੁਲਿਸ ਵੱਲੋਂ ਜਾਂਚ ਕੀਤੇ ਜਾਣ ਦੀ ਥਾਂ ਇੱਕ ਇੰਡੀਪੈਂਡੈਂਟ ਬਾਡੀ ਉਨ੍ਹਾਂ ਦੇ ਮਸਲਿਆਂ ਨੂੰ ਵਿਚਾਰੇ ਤੇ ਜਾਂਚ ਕਰੇ।ਗੌਰਤਲਬ ਹੈ ਕਿ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ 2021 ਦੇ ਬਜਟ ਵਿੱਚ ਫੈਡਰਲ ਸਰਕਾਰ ਵੱਲੋਂ ਇਹ ਤਹੱਈਆ ਪ੍ਰਗਟਾਇਆ ਗਿਆ ਹੈ ਕਿ ਫੌਜ ਵਿੱਚ ਜਿਨਸੀ ਸ਼ੋਸ਼ਣ ਨਾਲ ਸਿੱਝਣ ਲਈ ਨਵਾਂ ਐਕਸਟਰਨਲ ਓਵਰਸਾਈਟ ਮੈਕੇਨਿਜ਼ਮ ਕਾਇਮ ਕੀਤਾ ਜਾਵੇਗਾ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ