Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਜਗਤਾ-ਭਗਤਾ

April 19, 2021 02:35 AM

-ਕਮਲਜੀਤ ਸਿੰਘ ਬਨਵੈਤ
ਜਗਤੇ-ਭਗਤੇ ਨੂੰ ਸਰਦਾਰ ਜਗਤ ਸਿੰਘ ਅਤੇ ਸਰਦਾਰ ਭਗਤ ਸਿੰਘ ਕਹਿ ਕੇ ਸਲਾਮਾਂ ਹੋਣ ਲੱਗੀਆਂ। ਜਗਤਾ-ਭਗਤਾ ਉਨ੍ਹਾਂ ਨੂੰ ਉਦੋਂ ਕਹਿੰਦੇ ਸਨ, ਜਦੋਂ ਉਨ੍ਹਾਂ ਨੇ ਬੇਟ ਦਾ ਬੰਜਰ ਦੋ ਹਲਾਂ ਨਾਲ ਪੁੱਟਿਆ ਸੀ। ਅੱਜਕੱਲ੍ਹ ਉਹ ਕਈ ਕਈ ਟਰੈਕਟਰ ਤੇ ਕੰਬਾਈਨਾਂ ਦੇ ਮਾਲਕ ਹਨ। ਪਿੰਡ ਦੇ ਬਾਹਰਵਾਰ ਪਾਈ ਮਹਿਲ ਵਰਗੀ ਕੋਠੀ ਦੇ ਪਿਛਵਾੜੇ ਦਸ-ਬਾਰਾਂ ਕੋਠੇ ਪਰਵਾਸੀ ਮਜ਼ਦੂਰਾਂ ਲਈ ਹਨ। ਉਨ੍ਹਾਂ ਦੀਆਂ ਘਰ ਵਾਲੀਆਂ ਨਵੇਂ ਪੂਰ ਦੀਆਂ ਬਹੂਆਂ ਵਾਂਗ ਤੜਕੇ ਉਠ ਕੇ ਧਾਰ ਨਹੀਂ ਕੱਢਦੀਆਂ ਅਤੇ ਨਾ ਭੱਠੀ ਵਿੱਚ ਅੱਗ ਬਾਲਣ ਲਈ ਫੂਕਾਂ ਮਾਰਨੀਆਂ ਪੈਂਦੀਆਂ ਹਨ। ਸਾਰਾ ਕੰਮ ਪਰਵਾਸੀ ਮਜ਼ਦੂਰਾਂ ਦੀਆਂ ਤੀਵੀਆਂ ਦੇ ਸਿਰ ਉੱਤੇ ਚੱਲਦਾ ਹੈ।
ਜਦੋਂ ਕਦੇ ਗੱਲ ਤੁਰਦੀ ਹੈ ਕਿ ਪੰਜਾਬੀਆਂ ਨੇ ਯੂ ਪੀ ਦੇ ਬੰਜਰ ਪੁੱਟ ਕੇ ਆਬਾਦ ਕੀਤੇ ਹਨ ਅਤੇ ਪੰਜਾਬੀਆਂ ਦੀ ਅੱਜ ਉਥੇ ਸਰਦਾਰੀ ਹੈ ਤਾਂ ਮੇਰੀਆਂ ਅੱਖਾਂ ਮੂਹਰੇ ਜਗਤਾ-ਭਗਤਾ ਘੁੰਮ ਜਾਂਦੇ ਹਨ, ਨਹੀਂ ਸੱਚ ਜਗਤ ਸਿੰਘ-ਭਗਤ ਸਿੰਘ। ਬੇਟ ਦੀ ਬੰਜਰ ਜ਼ਮੀਨ ਉਨ੍ਹਾਂ ਨੂੰ ਹਜ਼ਾਰਾਂ ਨਹੀਂ, ਸੈਂਕੜਿਆਂ ਵਿੱਚ ਮਿਲ ਜਾਂਦੀ ਸੀ। ਜਿਹੜਾ ਖੇਤ ਅੱਜ ਪੰਜਾਹ ਲੱਖ ਨੂੰ ਮਿਲਦਾ ਹੋਣਾ, ਉਹਦਾ ਭਾਅ ਸੱਤਰਵਿਆਂ ਵਿੱਚ ਸੈਂਕੜਿਆਂ ਵਿੱਚ ਸੀ। ਖੇਤ ਦਾ ਮੁੱਲ ਹਜ਼ਾਰਾਂ ਨੂੰ 80ਵਾਂ ਟੱਪ ਕੇ ਹੋਇਆ। ਤਦ ਤੱਕ ਦੋਵੇਂ ਭਰਾ ਸੌ-ਸੌ ਖੇਤਾਂ ਦੇ ਮਾਲਕ ਬਣ ਚੁੱਕੇ ਸਨ। ਪਹਿਲਾ ਟਰੈਕਟਰ ਵੀ ਸ਼ਾਇਦ ਉਨ੍ਹਾਂ ਨੇ ਭਲੇ ਵੇਲਿਆਂ ਵਿੱਚ ਹਜ਼ਾਰਾਂ ਦਾ ਲਿਆ ਸੀ। ਟਿਊਬਵੈਲ ਦਾ ਇੰਜਣ ਵੀ ਸੈਂਕੜਿਆਂ ਵਿੱਚ ਸੀ। ਗੱਡਾ ਵੇਚ ਕੇ ਰੇੜ੍ਹੀ ਵੀ ਸਾਡੇ ਪਿੰਡ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਲਈ। ਜਗਤ ਸਿੰਘ-ਭਗਤ ਸਿੰਘ ਅੱਜ ਸੱਤਰਵਿਆਂ ਨੂੰ ਢੁੱਕੇ ਹੋਣਗੇ, ਪਰ ਦਸ ਸਾਲ ਪਹਿਲਾਂ ਤੱਕ ਉਨ੍ਹਾਂ ਨੇ ਹੱਥ ਵਿੱਚੋਂ ਕਹੀ ਨਹੀਂ ਸੀ ਛੱਡੀ। ਦੋਵੇਂ ਪੁੱਤਰਾਂ ਦੇ ਬਰਾਬਰ ਡਹਿ ਕੇ ਕੰਮ ਕਰਦੇ। ਖੇਤੀਂ ਪਹਿਲਾਂ ਵਾਂਗ ਰੋਜ਼ ਦਾ ਗੇੜਾ, ਮੰਡੀਆਂ ਦੇ ਚੱਕਰ। ਬੱਸ ਉਹ ਕਾਰ ਹੀ ਨਹੀਂ ਸੀ ਚਲਾ ਸਕਦੇ।
ਪੰਜ ਕੁ ਸਾਲ ਪਹਿਲਾਂ ਚੰਡੀਗੜ੍ਹ ਤੋਂ ਮੁਹਾਲੀ ਉਨ੍ਹਾਂ ਦੇ ਘਰ ਮਿਲਣ ਗਿਆ ਤਾਂ ਪਹਿਲੀ ਵਾਰ ਦੋਵੇਂ ਭਰਾ ਘਰ ਦੇ ਵਿਹੜੇ ਵਿੱਚ ਮੰਜੇ ਉਤੇ ਵਿਹਲੇ ਬੈਠੇ ਨਜ਼ਰ ਪਏ। ਚੰਗਾ ਲੱਗਾ। ਪੁਰਾਣੇ ਵੇਲੇ ਦੀਆਂ ਗੱਲਾਂ ਦਿੱਲ ਭਰ ਕੇ ਕੀਤੀਆਂ। ਜਦੋਂ ਅਸੀਂ ਪਿੰਡ ਰਹਿ ਕੇ ਕਾਲਜ ਪੜ੍ਹਦੇ ਸੀ ਤਾਂ ਆਪਣੇ ਚਾਰ ਸਿਆੜਾਂ ਵਿੱਚ ਖੇਤੀ ਖੁਦ ਹੀ ਕਰਦੇ। ਜਗਤੇ-ਭਗਤੇ ਹੁਰਾਂ ਤੋਂ ਟਰੈਕਟਰ ਨਾਲ ਜ਼ਮੀਨ ਵਹਾ ਲੈਣੀ ਅਤੇ ਉਹ ਫਸਲ ਪੱਕਣ `ਤੇ ਦਾਣਿਆਂ ਨਾਲ ਭਰੀ ਆਪਣੀ ਟਰਾਲੀ ਦੇ ਉਪਰ ਸਾਡੀਆਂ ਵੀ ਦੋ-ਚਾਰ ਬੋਰੀਆਂ ਰੱਖ ਕੇ ਮੰਡੀ ਲੈ ਜਾਂਦੇ। ਸਾਨੂੰ ਪਿੰਡ ਵਾਲੇ ਕਹਿੰਦੇ ਤਾਂ ਪਾੜ੍ਹੇ ਸਨ, ਪਰ ਖੇਤਾਂ ਵਿੱਚ ਅਸੀ ਵੀ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।
ਚੰਡੀਗੜ੍ਹ ਰਹਿਣ ਲੱਗਾ ਤਾਂ ਵੀ ਪਿੰਡ ਤੋਂ ਟੁੱਟ ਨਹੀਂ ਸਕਿਆ। ਦਸੀਂ-ਪੰਦਰੀਂ ਦਿਨੀਂ ਗੇੜਾ ਵੱਜਦਾ ਰਿਹਾ। ਆਹ ਜਦੋਂ ਦੇ ਬੇਬੇ-ਭਾਈਆ ਜੀ ਸਦਾ ਲਈ ਗਏ, ਬੱਸ ਆਪਣਾ ਪਿੰਡ ਵੀ ਇੱਕ ਤਰ੍ਹਾਂ ਪਰਾਇਆ ਜਿਹਾ ਹੋ ਗਿਆ। ਜਗਤ ਸਿੰਘ-ਭਗਤ ਸਿੰਘ ਨਾਲ ਦੂਹਰੀ ਰਿਸ਼ਤੇਦਾਰੀ ਪੈਂਦੀ ਹੈ। ਇਸ ਲਈ ਸਾਲ-ਛਿਮਾਹੀ ਗੇੜਾ ਵੱਜਦਾ ਰਿਹਾ।
ਪਿਛਲੀ ਵਾਰ ਪਿੰਡ ਗਿਆ ਤਾਂ ਜਗਤ ਸਿੰਘ ਤੇ ਭਗਤ ਸਿੰਘ ਦੀ ਕੋਠੀ ਵਿਚਾਲੇ ਛੇ ਫੁੱਟੀ ਕੰਧ ਖੜ੍ਹੀ ਸੀ। ਸਮਝ ਨਾ ਲੱਗੇ ਕਿ ਪਹਿਲਾਂ ਕਿਹੜੇ ਵਿਹੜੇ ਵੜਾਂ। ਜੱਕੋ-ਤੱਕੀ ਵਿੱਚ ਪਿਆ ਤੇ ਸਿਆਣਿਆਂ ਦੇ ਕਹਿਣ ਮੁਤਾਬਕ ਵੱਡੇ ਭਗਤ ਸਿੰਘ ਦੇ ਘਰ ਵੜ ਗਿਆ। ਥੋੜ੍ਹੇ ਚਿਰ ਬਾਅਦ ਜਗਤ ਸਿੰਘ ਉਥੇ ਆ ਗਿਆ। ਉਹਦੇ ਬਾਕੀ ਦੇ ਟੱਬਰ ਦੀਆਂ ਆਵਾਜ਼ਾਂ ਤਾਂ ਘਰੋਂ ਆ ਰਹੀਆਂ ਸਨ, ਪਰ ਪਹਿਲਾਂ ਵਾਂਗ ਮਿਲਣ ਕੋਈ ਨਾ ਆਇਆ। ਹੌਲੀ ਹੌਲੀ ਭਾਫ ਨਿਕਲੀ ਕਿ ਜਗਤ ਸਿੰਘ ਤੇ ਭਗਤ ਸਿੰਘ ਦਾ ਵਰਤ ਵਿਹਾਰ ਹੀ ਰਹਿ ਗਿਆ ਹੈ, ਦੋਵਾਂ ਦੇ ਮੁੰਡਿਆਂ ਅਤੇ ਤੀਵੀਆਂ ਦੇ ਮੂੰਹ ਵਿੰਙੇ ਹਨ। ਭਗਤ ਸਿੰਘ ਥੋੜ੍ਹਾ ਭਾਵੁਕ ਹੈ ਤੇ ਸੱਚਾ-ਸੁੱਚਾ ਵੀ, ਪਰ ਜਗਤ ਸਿੰਘ ਨੂੰ ਬੁੱਲ੍ਹ ਮੀਚ ਕੇ ਗੱਲ ਕਰਨ ਦੀ ਆਦਤ ਹੈ। ਪਰਵਾਸੀ ਮਜ਼ਦੂਰ ਸਾਡੇ ਲਈ ਚਾਹ ਲੈ ਆਇਆ, ਪਰ ਹੋਰ ਕੋਈ ਜੀਅ ਆਪਣੇ ਕਮਰਿਆਂ ਵਿੱਚੋਂ ਬਾਹਰ ਨਾ ਨਿਕਲਿਆ। ਭਗਤ ਸਿੰਘ ਫਿੱਸ ਪਿਆ ਕਿ ਦੋਵਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗਾ ਹੈ। ਗੱਲ ਇੱਥੋਂ ਤੱਕ ਵਧ ਗਈ ਕਿ ਦੋ ਡੰਗ ਦੀ ਰੋਟੀ ਮਿਲਣੀ ਔਖੀ ਹੋ ਗਈ ਹੈ। ਦੋਵਾਂ ਭਰਾਵਾਂ ਦੀ ਆਵਾਜ਼ ਵਿੱਚ ਤਰਲਾ ਸੀ, ਬਈ ਆਹ ਦਿਨ ਦੇਖਣ ਨੂੰ ਬੰਜਰ ਪੁੱਟਿਆ, ਰਾਤਾਂ ਦੀ ਨੀਂਦ ਖਰਾਬ ਕੀਤੀ। ਕਹਿੰਦੇ ਪੋਤੇ-ਪੋਤੀਆਂ ਨੂੰ ਦਾਦਿਆਂ ਨਾਲ ਤੁਰਦਿਆਂ ਵੀ ਸ਼ਰਮ ਆਉਂਦੀ ਹੈ।
ਮੈਂ ਭਰਿਆ ਮਨ ਲੈ ਕੇ ਵਾਪਸ ਆ ਗਿਆ। ਬੇਬੇ ਕਹਿੰਦੀ ਹੁੰਦੀ ਸੀ ਸ਼ਹਿਰਾਂ ਨਾਲੋਂ ਪਿੰਡਾਂ ਦਾ ਹਾਲ ਵੱਧ ਮਾੜਾ ਹੋਣ ਲੱਗਾ ਹੈ। ਕਿਸੇ ਨੂੰ ਕੁਝ ਕਹਿਣ ਦਾ ਜ਼ਮਾਨਾ ਨਹੀਂ ਰਹਿ ਗਿਆ, ਨਾ ਹੀ ਕੋਈ ਵੱਡਿਆਂ ਦੀ ਸੁਣੇ। ਉਸ ਤੋਂ ਬਾਅਦ ਮੇਰਾ ਪਿੰਡ ਜਾਣਾ ਬਿਲਕੁਲ ਘੱਟ ਗਿਆ। ਕਈ ਸਾਲਾਂ ਬਾਅਦ ਪਿਛਲੇ ਹਫਤੇ ਉਦੋਂ ਪਿੰਡ ਗਿਆ, ਜਦੋਂ ਵੱਡੇ ਤਾਏ ਦਾ ਮੁੰਡਾ ਜ਼ਿਆਦਾ ਢਿੱਲਾ ਹੋ ਗਿਆ ਸੀ। ਕਹਿੰਦੇ ਉਹਦੇ ਗੁਰਦੇ ਫੇਲ੍ਹ ਹੋ ਗਏ, ਜਿਗਰ ਵਿੱਚ ਵੀ ਖਰਾਬੀ ਹੈ। ਉਹ ਪਿੰਡ ਦੇ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਸੀ। ਮੈਂ ਸਿੱਧਾ ਹਸਪਤਾਲ ਖਬਰ ਲੈਣ ਜਾ ਪੁੱਜਾ। ਗੇਟ ਤੋਂ ਅੰਦਰ ਵੜਨ ਲੱਗਾ ਸੀ ਕਿ ਕੰਧ ਦੀ ਛਾਵੇਂ ਬੈਂਚ ਉੱਤੇ ਬੈਠੇ ਜਗਤ ਸਿੰਘ ਅਤੇ ਭਗਤ ਸਿੰਘ ਦਿਸ ਪਏ। ਦੋਵੇਂ ਆਉਣ ਜਾਣ ਵਾਲਿਆਂ ਨੂੰ ਹੱਥ ਜੋੜ ਕੇ ਫਤਹਿ ਬੁਲਾ ਰਹੇ ਸਨ। ਉਹ ਮੇਰੇ ਵੱਲੋਂ ਗੱਲ ਤੋਰਨ ਤੋਂ ਪਹਿਲਾਂ ਹੀ ਬੋਲ ਪਏ, ‘‘ਬਾਈ ਸਿਆਂ, ਅਸੀਂ ਇੱਥੇ ਸੇਵਾ ਸੰਭਾਲ ਲਈ ਆ। ਨਾ ਘਰ ਦਿਆਂ ਦੀ ਟੈਂ-ਟੈਂ, ਨਾ ਪੈਂ-ਪੈਂ। ਨਾ ਸਿਆਣਿਆਂ ਦੀ ਲੜਾਈ, ਨਾ ਬਹੂਆਂ ਦੇ ਪਿੱਟ-ਸਿਆਪੇ। ਕੌਣ ਝਾਕਦਾ ਰਹੇ ਦੋ ਡੰਗ ਦੀ ਰੋਟੀ ਲਈ ਬਹੂਆਂ ਦੇ ਹੱਥਾਂ ਵੱਲ। ਇੱਥੇ ਵਧੀਆ ਖਾਣ-ਪੀਣ, ਫਰੂਟ ਵਾਧੂ, ਰਾਤ ਨੂੰ ਦੁੱਧ। ਬਿਮਾਰ ਹੋ ਜਾਓ ਤਾਂ ਡਾਕਟਰ ਹਾਜ਼ਰ। ਮਰੀਜ਼ ਨੂੰ ਇੱਕ ਵਾਰ ਜੀ ਕਹਿੰਦੇ ਆਂ, ਮੂਹਰਿਓਂ ਦਸ ਵਾਰ ਕਹਾਊਨੇ ਆਂ। ਅਸੀਂ ਛੱਡ ਦਿੱਤੀ ਦੁਨੀਆਦਾਰੀ, ਸਵੇਰੇ ਸ਼ਾਮ ਰੱਬ ਰੱਬ ਕਰੀਦਾ। ਤੂੰ ਦੁਬਾਰਾ ਘਰ ਰਹਿਣ ਨੂੰ ਮਜਬੂਰ ਨਾ ਕਰੀਂ। ਅਸੀਂ ਸਭ ਨੂੰ ਇਹੋ ਸਿੱਖਿਆ ਦਿੰਦੇ ਹਾਂ, ਛੱਡੋ ਵਾਧੂ ਦੀ ਦੁਨੀਆਦਾਰੀ। ਅਸਲ ਕਮਾਈ ਇਹੋ ਆ। ਪਹਿਲਾਂ ਸਾਰੀ ਉਮਰ ਪਹਾੜਾਂ ਨਾਲ ਸਿਰ ਮਾਰਿਆ, ਫਿਰ ਨਿਆਣਿਆਂ ਦੀ ਤਮਾ ਵਿੱਚ ਫਸੇ ਰਹੇ।''
ਮੈਨੂੰ ਲੱਗਾ, ਜਿਵੇਂ ਦਹਾਕਿਆਂ ਬਾਅਦ ਜਗਤੇ-ਭਗਤੇ ਨੂੰ ਮੁੜ ਮਿਲ ਰਿਹਾ ਹੋਵਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’