Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਮੁਨਾਫੇ ਵਾਲਾ ਘਾਟਾ

April 09, 2021 08:31 AM

-ਪ੍ਰਿੰਸੀਪਲ ਵਿਜੈ ਕੁਮਾਰ
ਸਾਨੂੰ ਪਿਤਾ ਜੀ ਕਦੇ-ਕਦੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਦੱਸਿਆ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ ਗੱਲ ਇਹ ਸੀ ਕਿ ਤੱਤ-ਭੜੱਤੀ, ਭਾਵ ਬਿਨਾਂ ਸੋਚੇ ਵਿਚਾਰੇ ਅਤੇ ਬਿਨਾਂ ਤਹੱਮਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ। ਇਨਸਾਨ ਨੂੰ ਆਪਣੇ ਉਨ੍ਹਾਂ ਫੈਸਲਿਆਂ ਉੱਤੇ ਅਕਸਰ ਪਛਤਾਉਣਾ ਪੈਂਦਾ ਹੈ। ਛੋਟੇ ਹੁੰਦਿਆਂ ਸਾਨੂੰ ਪਿਤਾ ਜੀ ਦੀਆਂ ਉਨ੍ਹਾਂ ਨਸੀਹਤਾਂ ਦੀ ਸਮਝ ਨਹੀਂ ਸੀ ਪਈ, ਪਰ ਉਨ੍ਹਾਂ ਦੇ ਦੁਨੀਆ ਛੱਡ ਜਾਣ ਤੋਂ ਬਾਅਦ ਜਦੋਂ ਸਾਨੂੰ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਪਏ ਤਾਂ ਪਿਤਾ ਜੀ ਦੀ ਉਹ ਨਸੀਹਤ ਯਾਦ ਆਉਂਦੀ। ਸਾਡੇ ਇੱਕ ਖਾਸ ਰਿਸ਼ਤੇਦਾਰ ਨੇ ਸਾਡੇ ਕੋਲੋਂ ਉਧਾਰ ਲਏ ਪੈਸੇ ਇਹ ਕਹਿ ਕੇ ਮੋੜਨ ਤੋਂ ਨਾਂਹ ਕਰ ਦਿੱਤੀ ਕਿ ‘ਮੈਂ ਤੁਹਾਡੇ ਪੈਸੇ ਮੋੜ ਦਿੱਤੇ ਸਨ, ਤੁਸੀਂ ਧੋਖਾ ਕਰ ਕੇ ਮੈਥੋਂ ਮੁੜ ਤੋਂ ਪੈਸੇ ਮੰਗਦੇ ਹੋ।’ ਮਾਂ ਨੇ ਉਸ ਰਿਸ਼ਤੇਦਾਰ ਨੂੰ ਘਰ ਬੁਲਾ ਕੇ ਸਮਝਾਇਆ ਕਿ ਉਹ ਬੇਈਮਾਨੀ ਨਾ ਕਰੇ, ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਉਸ ਨੂੰ ਰਾਸ ਨਹੀਂ ਆਵੇਗੀ, ਪਰ ਉਸ ਰੱਬੇ ਦੇ ਬੰਦੇ ਨੂੰ ਨਾ ਮਾਂ ਦੀ ਅਰਜ਼ੋਈ ਉੱਤੇ ਤਰਸ ਆਇਆ ਤੇ ਨਾ ਸਾਡੇ ਪਰਵਾਰ ਦੀ ਗੁਰਬੱਤ ਉੱਤੇ। ਸਾਡੇ ਉਸ ਖਾਸ ਰਿਸ਼ਤੇਦਾਰ ਦੇ ਭਰਾਵਾਂ ਤੇ ਹੋਰ ਮਿੱਤਰਾਂ ਸੱਜਣਾ ਨੇ ਵੀ ਉਸ ਨੂੰ ਪੈਸੇ ਮੋੜਨ ਨੂੰ ਕਿਹਾ, ਕਿਉਂਕਿ ਉਹ ਉਸ ਦੀ ਪੁਰਾਣੀ ਬਦਨੀਤੀ ਦੀ ਫਿਤਰਤ ਜਾਣਦੇ ਸਨ, ਪਰ ਉਸ ਨੇ ਕਿਸੇ ਦੀ ਨਾ ਮੰਨੀ।
ਅਸੀਂ ਚਾਰੇ ਭਰਾਵਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਆਪਣੇ ਉਸ ਰਿਸ਼ਤੇਦਾਰ ਨਾਲ ਕੋਈ ਸੰਬੰਧ ਨਹੀਂ ਰੱਖਣਾ, ਇੱਥੋਂ ਤੱਕ ਕਿ ਬੋਲ ਚਾਲ ਤੱਕ ਵੀ ਨਹੀਂ ਰੱਖਣੀ। ਸਾਡੇ ਇਸ ਫੈਸਲੇ ਦੀ ਭਣਕ ਮਾਂ ਦੇ ਕੰਨੀਂ ਵੀ ਪੈ ਗਈ। ਇੱਕ ਦਿਨ ਮਾਂ ਨੇ ਮੈਨੂੰ ਬਿਠਾ ਕੇ ਕਿਹਾ, ‘‘ਕਾਕਾ, ਤੁਸੀਂ ਐਨੇ ਵੱਡੇ ਹੋ ਗਏ ਕਿ ਮੈਨੂੰ ਬਿਨਾਂ ਪੁੱਛਿਆਂ ਸੰਬੰਧ ਰੱਖਣ ਅਤੇ ਤੋੜਨ ਦੇ ਫੈਸਲੇ ਕਰਨ ਲੱਗ ਪਏ ਹੋ। ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਗੁੱਸਾ ਹੈ ਉਸ ਉਤੇ। ਮੈਂ ਜਾਣਦੀ ਹਾਂ ਉਸ ਨਾਲ ਸੰਬੰਧ ਤੋੜਨਾ, ਪਰ ਮੈਂ ਉਸ ਵਰਗੀ ਮੂਰਖ ਨਹੀਂ। ਮੇਰੇ ਸਿਰ ਉੱਤੇ ਮੇਰਾ ਪਤੀ ਨਹੀਂ। ਨਾ ਤੁਹਾਡਾ ਕੋਈ ਤਾਇਆ ਹੈ, ਨਾ ਚਾਚਾ ਅਤੇ ਮਾਮਾ। ਸਾਨੂੰ ਕੱਲ੍ਹ ਨੂੰ ਕਿਸੇ ਦੀ ਲੋੜ ਪੈ ਸਕਦੀ ਹੈ। ਲੋਕਾਂ ਨੇ ਕਹਿਣਾ ਕਿ ਇਹ ਕਮਾਉਣ ਕਿਆ ਲੱਗ ਪਏ, ਇਹ ਤਾਂ ਰਿਸ਼ਤੇਦਾਰਾਂ ਨੂੰ ਵੀ ਬੇਈਮਾਨ ਦੱਸਣ ਲੱਗ ਪਏ। ਪੈਸਿਆਂ ਤੋਂ ਰਿਸ਼ਤੇ ਜ਼ਿਆਦਾ ਵੱਡੇ ਹੁੰਦੇ ਹਨ। ਪਤਾ ਨਹੀਂ ਕਿਸ ਬੰਦੇ ਦੀ ਕਦ ਲੋੜ ਪੈ ਜਾਵੇ। ਜੇ ਉਸ ਨਾਲ ਮਿਲਵਰਤਣ ਨਹੀਂ ਰੱਖਣਾ ਨਾ ਰੱਖੋ, ਪਰ ਬੋਲਦੇ ਚੱਲਦੇ ਜ਼ਰੂਰ ਰਹੋ।”
ਮਾਂ ਦਾ ਹੁਕਮ ਭਲਾ ਕਿਵੇਂ ਮੋੜਿਆ ਜਾ ਸਕਦਾ ਸੀ। ਅਸੀਂ ਆਪਣੇ ਉਸ ਰਿਸ਼ਤੇਦਾਰ ਨੂੰ ਬੁਲਾਉਂਦੇ ਚਲਾਉਂਦੇ ਤਾਂ ਰਹੇ, ਪਰ ਮਨੋਂ ਨਹੀਂ। ਮੇਰਾ ਮਨ ਆਪਣੀ ਬੇਬਸੀ ਅਤੇ ਮੂਰਖ ਬਣਨ ਕਾਰਨ ਉਬਾਲੇ ਖਾਂਦਾ ਰਿਹਾ। ਮਨ ਚਾਹੁੰਦਾ ਸੀ ਕਿ ਕਿਸੇ ਸਿਆਣੇ ਬੰਦੇ ਨਾਲ ਗੱਲ ਕਰ ਕੇ ਉਸ ਕੋਲੋਂ ਸਲਾਹ ਮੰਗੀ ਜਾਵੇ। ਸ਼ੁਰੂ-ਸ਼ੁਰੂ ਵਿੱਚ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦਾ ਸਾਂ। ਉਥੋਂ ਸੇਵਾ ਮੁਕਤ ਹੋ ਚੁੱਕੇ ਇੱਕ ਮੁੱਖ ਅਧਿਆਪਕ ਕਦੇ ਕਦੇ ਆਉਂਦੇ ਸਨ, ਜਿਨ੍ਹਾਂ ਦੀ ਸੂਝ-ਬੂਝ ਦੀਆਂ ਗੱਲਾਂ ਅਕਸਰ ਹੁੰਦੀਆਂ ਸਨ। ਮੇਰੇ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਹੋ ਗਈ ਸੀ। ਇੱਕ ਦਿਨ ਵਿਹਲ ਅਤੇ ਸਮਾਂ ਵੇਖ ਕੇ ਮੈਂ ਆਪਣੇੇ ਉਸ ਰਿਸ਼ਤੇਦਾਰ ਦੀ ਬੇਈਮਾਨੀ ਦੀ ਗੱਲ ਸਾਂਝੀ ਕਰ ਕੇ ਉਨ੍ਹਾਂ ਨੂੰ ਪੁੱਛਿਆ ਕਿ ਸਾਨੂੰ ਉਸ ਨਾਲ ਸੰਬੰਧ ਰੱਖਣੇ ਚਾਹੀਦੇ ਹਨ ਜਾਂ ਨਹੀਂ? ਮੈਂ ਉਨ੍ਹਾਂ ਨੂੰ ਆਪਣੀ ਮਾਂ ਦੇ ਵਿਚਾਰ ਵੀ ਦੱਸ ਦਿੱਤੇ।
ਸੇਵਾ ਮੁਕਤ ਮੁੱਖ ਅਧਿਆਪਕ ਨੇ ਮੇਰੀ ਸਾਰੀ ਕਹਾਣੀ ਸੁਣ ਕੇ ਕਿਹਾ, ‘‘ਮਾਸਟਰ ਜੀ, ਤੁਹਾਡੀ ਮਾਂ ਬੁੱਧੀਮਾਨ ਅਤੇ ਸਿਆਣੀ ਔਰਤ ਹੈ, ਉਸ ਦਾ ਫੈਸਲਾ ਬਿਲਕੁਲ ਠੀਕ ਹੈ। ਪੈਸੇ ਪਿੱਛੇ ਲੱਗ ਕੇ ਉਮਰ ਭਰ ਲਈ ਆਪਣੇ ਹੱਥੋਂ ਇੱਕ ਰਿਸ਼ਤੇਦਾਰ ਗੁਆ ਬੈਠਣਾ ਸਮਝਦਾਰੀ ਨਹੀਂ। ਆਪਣੇ ਉਸ ਰਿਸ਼ਤੇਦਾਰ ਦੇ ਨਾ ਚਾਹੁੰਦੇ ਹੋਏ ਵੀ ਉਸ ਨਾਲ ਸੰਬੰਧ ਬਣਾ ਕੇ ਰੱਖੇ। ਇਹ ਸੌਦਾ ਘਾਟੇ ਵਾਲਾ ਹੋ ਕੇ ਵੀ ਮੁਨਾਫੇ ਵਾਲਾ ਹੋਵੇਗਾ।”
ਮੈਂ ਉਨ੍ਹਾਂ ਨੂੰ ਕੋਈ ਹੋਰ ਸਵਾਲ ਕਰਨ ਵਾਲਾ ਹੀ ਸੀ ਕਿ ਉਨ੍ਹਾਂ ਅੱਗੇ ਗੱਲ ਤੋਰਦਿਆਂ ਕਿਹਾ, ‘‘ਮੈਂ ਤੁਹਾਨੂੰ ਆਪਣੇ ਬੀਤੀ ਦਾਸਤਾਂ ਸੁਣਾਉਂਦਾ ਹਾਂ। ਮੇਰਾ ਅਤੇ ਮੇਰੇ ਸਾਲੇ ਦਾ ਸਾਂਝਾ ਕਾਰੋਬਾਰ ਸੀ। ਮੇਰਾ ਇੱਕੋ ਇੱਕ ਸਾਲਾ ਹੈ। ਉਸ ਨੇ ਭਲੇ ਸਮੇਂ ਵਿੱਚ ਮੇਰੇ ਨਾਲ ਤੀਹ ਹਜ਼ਾਰ ਰੁਪਏ ਦੀ ਧੋਖਾਧੜੀ ਕਰ ਲਈ। ਮੈਂ ਸਭ ਕੁਝ ਜਾਣਦਿਆਂ ਵੀ ਕੁਝ ਨਹੀਂ ਕਿਹਾ। ਉਸ ਨੇ ਵਪਾਰ ਵਿੱਚੋਂ ਮੇਰਾ ਹਿੱਸਾ ਵੀ ਕੱਢ ਦਿੱਤਾ। ਸਾਲੇ ਦਾ ਖਾਸ ਰਿਸ਼ਤਾ ਹੋਣ ਕਾਰਨ ਮੈਂ ਉਹ ਵੀ ਜ਼ਰ ਲਿਆ। ਮੇਰੀ ਪਤਨੀ ਨੇ ਉਸ ਨਾਲ ਮੂੰਹ ਵੱਟ ਲਿਆ। ਇੱਕ ਦਿਨ ਮੇਰੇ ਸਾਰੇ ਬੱਚੇ ਮੈਨੂੰ ਕਹਿਣ ਲੱਗੇ ਕਿ ਪਿਤਾ ਜੀ, ਅਸੀਂ ਆਪਣੇ ਮਾਮਾ ਜੀ ਨਾਲ ਅੱਜ ਤੋਂ ਕੋਈ ਰਿਸ਼ਤਾ ਨਹੀਂ ਰੱਖਣਾ, ਕਿਉਂਕਿ ਉਨ੍ਹਾਂ ਨੇ ਸਾਡੇ ਨਾਲ ਹੇਰਾਫੇਰੀ ਕੀਤੀ ਹੈ। ਮੈਂ ਉਨ੍ਹਾਂ ਦੀ ਗੱਲ ਸੁਣ ਲਈ, ਪਰ ਅੱਗੋਂ ਉਨ੍ਹਾਂ ਨੂੰ ਹਾਂ ਜਾਂ ਨਾਂਹ ਦਾ ਜਵਾਬ ਨਹੀਂ ਦਿੱਤਾ। ਇੱਕ ਦੋ ਮਹੀਨਿਆਂ ਬਾਅਦ ਉਨ੍ਹਾਂ ਨੇ ਮੈਨੂੰ ਇੱਕ ਵੇਰ ਫੇਰ ਆਪਣੇ ਮਾਮੇ ਨਾਲ ਸੰਬੰਧ ਤੋੜਨ ਲਈ ਕਿਹਾ। ਮੈਨੂੰ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣੀ ਹੀ ਪਈ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਕੰਮ ਘਾਟੇ ਵਾਲੇ ਹੋ ਕੇ ਵੀ ਮੁਨਾਫੇ ਵਾਲੇ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਉਹ ਰਿਸ਼ਤੇ ਵਿੱਚ ਤੁਹਾਡਾ ਮਾਮਾ ਲੱਗਦਾ ਹੈ। ਉਹ ਹੈ ਵੀ ਇਕੱਲਾ। ਉਸ ਨਾਲ ਸਾਰੀ ਉਮਰ ਵਾਹ ਰਹਿਣਾ ਹੈ। ਤੁਹਾਡੇ ਵਿਆਹਾਂ ਉੱਤੇ ਉਹ ਮਾਮੇ ਦੇ ਰਿਸ਼ਤੇ ਦੀ ਹੈਸੀਅਤ ਵਿੱਚ ਘੱਟ ਤੋਂ ਘੱਟ ਚਾਰ ਪੰਜ ਲੱਖ ਰੁਪਏ ਖਰਚ ਕਰੇਗਾ। ਉਸ ਨੇ ਸਾਡੇ ਨਾਲ ਕੇਵਲ ਤੀਹ ਹਜ਼ਾਰ ਰੁਪਏ ਦੀ ਬੇਈਮਾਨੀ ਕੀਤੀ ਹੈ। ਤੁਸੀਂ ਦੱਸੋ ਕਿ ਜੇ ਅਸੀਂ ਉਸ ਨਾਲ ਰਿਸ਼ਤਾ ਤੋੜ ਲੈਂਦੇ ਹਾਂ ਤਾਂ ਉਹ ਤੁਹਾਡੇ ਵਿਆਹਾਂ ਉੱਤੇ ਵੀ ਨਹੀਂ ਆਵੇਗਾ। ਰਿਸ਼ਤੇਦਾਰੀ ਵਿੱਚ ਸਾਡੀ ਜੱਗ ਹਸਾਈ ਹੋਵੇਗੀ, ਅਸੀਂ ਲੱਖਾਂ ਦੇ ਘਾਟੇ ਵਿੱਚ ਵੀ ਰਹਾਂਗੇ। ਕੁਝ ਰਿਸ਼ਤੇਦਾਰ ਸਾਨੂੰ ਵੀ ਕਸੂਰਵਾਰ ਦੱਸਣਗੇ। ਭਵਿੱਖ ਵਿੱਚ ਉਸ ਨਾਲ ਸੰਬੰਧ ਰੱਖਣ ਦੀਆਂ ਸੰਭਾਵਨਾਵਾਂ ਬਿਲਕੁਲ ਖਤਮ ਹੋ ਜਾਣਗੀਆਂ। ਤੁਹਾਡੇ ਵਿਆਹਾਂ ਕਾਰਜਾਂ ਵਿੱਚ ਮਾਮੇ ਦੀ ਭੂਮਿਕਾ ਕੌਣ ਨਿਭਾਏਗਾ? ਮੇਰੀ ਸੋਚ ਅਨੁਸਾਰ ਸਾਡੇ ਲਈ ਇਹ ਮੁਨਾਫੇ ਵਾਲਾ ਘਾਟਾ ਹੈ। ਹੋ ਸਕਦਾ ਹੈ ਕਿ ਸਮੇਂ ਨਾਲ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਜਾਵੇ। ਤੁਸੀਂ ਦੱਸੋ ਕਿ ਸਾਨੂੰ ਉਸ ਦੇ ਨਾਲ ਸੰਬੰਧ ਰੱਖਣੇ ਚਾਹੀਦੇ ਹਨ ਜਾਂ ਨਹੀਂ। ਮੇਰੇ ਬੱਚੇ ਮੇਰੇ ਤਰਕ ਨਾਲ ਸਹਿਮਤ ਹੋ ਗਏ। ਮੇਰੀ ਇਸ ਆਪ ਬੀਤੀ ਨਾਲ ਤੁਹਾਨੂੰ ਸਾਰਾ ਕੁਝ ਸਮਝ ਜਾਣਾ ਚਾਹੀਦਾ ਹੈ।”
ਮੈਨੂੰ ਅੱਜ ਤੱਕ ਵੀ ਉਸ ਸੂਝਵਾਨ ਮੁੱਖ ਅਧਿਆਪਕਾ ਦਾ ਉਹ ਘਾਟੇ ਵਾਲਾ ਮੁਨਾਫਾ ਨਹੀਂ ਭੁੱਲਦਾ।

Have something to say? Post your comment