Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
 
ਮਨੋਰੰਜਨ

ਕਹਾਣੀ : ਗੰਨੂ

March 24, 2021 02:29 AM

-ਜੈਨੰਦਨ
ਦਸ ਬਸੰਤ ਦੇਖਣ ਦੇ ਬਾਅਦ ਪੰਜਵੀਂ ਕਲਾਸ ਤੋਂ ਅੱਗੇ ਪੜ੍ਹਨ ਲਈ ਗੰਨੂ ਨੂੰ ਆਪਣੇ ਚਾਚਾ ਕੋਲ ਸ਼ਹਿਰ ਆਉਣਾ ਪਿਆ। ਪਿੰਡ ਵਿੱਚ ਸਰਕਾਰੀ ਸਕੂਲ ਤੋਂ ਉਪਰ ਦਾ ਸਾਧਨ ਨਹੀਂ ਸੀ। ਪੰਜ ਕੋਹ ਦੂਰ ਇੱਕ ਦੂਸਰੇ ਪਿੰਡ ਮੰਜੌਰ ਵਿੱਚ ਇੱਕ ਖਸਤਾਹਾਲ ਹਾਈ ਸਕੂਲ ਸੀ, ਜਿੱਥੇ ਰੋਜ਼ ਆਉਣ-ਜਾਣ ਅਤੇ ਅੱਗੇ ਪੜ੍ਹਨ ਦਾ ‘ਹਾਰੇ ਨੂੰ ਹਰਿਨਾਮ' ਵਾਲਾ ਇੱਕੋ-ਇੱਕ ਬਦਲ ਸੀ। ਉਸ ਦੇ ਕਿਸਾਨ ਪਿਤਾ ਰਾਮਚਰਨ ਨੇ ਲੋਹੇ ਦੇ ਕਾਰਖਾਨੇ ਵਿੱਚ ਕੰਮ ਕਰਦੇ ਆਪਣੇ ਛੋਟੇ ਭਰਾ ਰਾਮਸ਼ਰਨ ਨੂੰ ਕਿਹਾ, ‘‘ਗੰਨੂ ਨੂੰ ਅਸੀਂ ਅੱਗੇ ਚੰਗੀ ਤਰ੍ਹਾਂ ਪੜ੍ਹਾਉਣਾ ਚਾਹੁੰਦੇ ਹਾਂ ਛੋਟੇ। ਤੂੰ ਜੇ ਇਸ ਦਾ ਜਿੰਮਾ ਚੁੱਕ ਲਏਂ ਤਾਂ ਸਾਡੀ ਆਸ ਪੂਰੀ ਹੋ ਜਾਏਗੀ।”
ਦੋਵੇਂ ਭਰਾ ਵਿੱਚ ਬਹੁਤ ਪ੍ਰੇਮ ਸੀ। ਭਰਾ ਰਾਮਸ਼ਰਨ ਨੇ ਕਿਹਾ, ‘‘ਜ਼ਰੂਰ ਵੀਰ ਜੀ। ਗੰਨੂ ਦੇ ਅਸੀਂ ਵੀ ਕੁਝ ਲੱਗਦੇ ਹਾਂ, ਕਿਉਂ ਨਹੀਂ ਉਸ ਨੂੰ ਆਪਣੇ ਨਾਲ ਰੱਖਾਂਗੇ? ਇਸੇ ਦਾ ਤਾਂ ਜੋੜੀਦਾਰ ਹੈ ਸਾਡਾ ਛੋਟਾ ਤਰੇਂਗਨ। ਲਿਖਾ ਦੇਵਾਂਗੇ ਅਸੀਂ ਇਸ ਦਾ ਨਾਂਅ ਵੀ ਉਸੇ ਦੇ ਸਕੂਲ ਵਿੱਚ। ਦੋਵੇਂ ਇਕੱਠੇ ਆਇਆ-ਜਾਇਆ ਕਰਨਗੇ।”
ਰਾਮਚਰਨ ਬੜੇ ਖੁਸ਼ ਹੋਏ। ਖੁਸ਼ੀ ਦੇ ਮਾਰੇ ਗੰਨੂ ਦੇ ਅੰਦਰ ਬਹੁਤ ਸਾਰੇ ਸੁਫਨੇ ਖਿੜ ਉਠੇ; ਸ਼ਹਿ ਦੇਖੇਗਾ, ਚੌੜੀਆਂ ਸੜਕਾਂ, ਵੱਡੀਆਂ-ਵੱਡੀਆਂ ਬਿਲਡਿੰਗਾਂ, ਢੇਰ ਸਾਰੀਆਂ ਦੁਕਾਨਾਂ, ਤਰੇਂਗਨ ਵਾਂਗ ਸਕੂਲ ਦੀ ਡ੍ਰੈੱਸ, ਬੈਠਣ ਲਈ ਬੈਂਚ-ਡੈਸਕ, ਚਮਕਾਂ ਮਾਰਦੇ ਫਲੈਟ ਵਿੱਚ ਰਹਿਣ ਦਾ ਮਜ਼ਾ, ਬਿਜਲੀ ਦੀ ਜਗਮਗਾਹਟ, ਘਰ ਵਿੱਚ ਹੀ ਨਹਾਉਣਾ, ਘਰ ਵਿੱਚ ਹੀ ਟਾਇਲੇਟ। ਸਿਰਫ ਇੱਕ ਗੱਲ ਉਸ ਨੂੰ ਰੜਕ ਗਈ ਕਿ ਉਸ ਉਤੇ ਜੀਅ ਜਾਨ ਨਾਲ ਨਿਛਾਵਰ ਕਰਨ ਵਾਲੀ ਮਾਂ ਅਤੇ ਆਪਣੀ ਉਸ ਸਿੱਧੀ-ਸਾਦੀ ਗੋਰੀ ਗਾਂ ਦੀ ਵੱਛੀ ਨਾਲ ਲਿਪਟ ਨਹੀਂ ਸਕੇਗਾ। ਮਾਂ ਸਾਹਮਣੇ ਬਿਠਾ ਕੇ ਖਾਣਾ ਖੁਆਉਂਦੀ ਸੀ ਅਤੇ ਗੋਰੀ ਦੁੱਧ-ਦਹੀਂ ਨਾਲ ਉਸ ਨੂੰ ਤਿ੍ਰਪਤ ਰੱਖਦੀ ਸੀ।
ਗੰਨੂ ਸ਼ਹਿਰ ਆ ਗਿਆ। ਜ਼ਿਲਾ ਨਵਾਦਾ ਦੇ ਆਪਣੇ ਪਿੰਡ ਸੋਨੂੰਬਿਗਹਾ ਤੋਂ ਚਾਰ ਸੌ ਕਿਲੋਮੀਟਰ ਦੂਰ। ਸੁਫਨਿਆਂ ਦੇ ਜਿਵੇਂ ਫੁੱਲ ਖਿੜੇ ਸਨ ਉਸ ਦੇ ਮਨ ਵਿੱਚ, ਉਂਝ ਵੀ ਸਭ ਕੁਝ ਪਾਇਆ ਹੈ ਉਸ ਨੇ ਇੱਥੇ। ਸਕੂਲ ਬਸ ਆਉਂਦੀ, ਜਿਸ ਉੱਤੇ ਆਪਣੇ ਚਚੇਰੇ ਭਰਾ ਤਰੇਂਗਨ ਦੇ ਨਾਲ ਉਹ ਵੀ ਸਵਾਰ ਹੋ ਜਾਂਦਾ। ਰਾਮਸ਼ਰਨ ਨੇ ਕਿਹਾ ਦਿੱਤਾ ਸੀ ਘਰ ਵਿੱਚ, ‘ਇਸ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਮੇਰੇ ਦਿਆਲੂ-ਕਿਰਪਾਲੂ ਭਰਾ ਦਾ ਲਾਡਲਾ ਬੇਟਾ ਹੈ। ਉਨ੍ਹਾਂ ਨੇ ਇਕੱਲੇ ਖੇਤੀ ਸੰਭਾਲ ਕੇ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ। ਖੁਦ ਅਨਪੜ੍ਹ ਰਹਿ ਗਏ। ਤਰੇਂਗਨ ਵਾਂਗ ਘਰ ਵਿੱਚ ਹਰ ਚੀਜ਼ ਉੱਤੇ ਗੰਨੂ ਦਾ ਵੀ ਹੱਕ ਰਹੇਗਾ।”
ਤਰੇਂਗਨ ਅਤੇ ਉਸ ਦੀ ਮਾਂ ਨਿਹੋਰਾ ਦੇਵੀ ਨੇ ਪ੍ਰਵਚਨ ਵਾਂਗ ਇੱਕ ਕੰਨ ਵਿੱਚੋਂ ਸੁਣਿਆ ਅਤੇ ਦੂਸਰੇ ਵਿੱਚੋਂ ਕੱਢ ਦਿੱਤਾ। ਉਸ ਦਾ ਇੱਥੇ ਆ ਕੇ ਰਹਿਣਾ ਜ਼ਰਾ ਵੀ ਉਨ੍ਹਾਂ ਦੇ ਗਲੇ ਵਿੱਚੋਂ ਹੇਠਾਂ ਨਹੀਂ ਉਤਰ ਰਿਹਾ ਸੀ। ਤਰੇਂਗਨ ਨੇ ਤਾਂ ਉਸ ਦੇ ਆਉਂਦੇ ਹੀ ਰੋਹਬ ਝਾੜਦੇ ਹੋਏ ਸਾਫ-ਸਾਫ ਹਦਾਇਤ ਕਰ ਦਿੱਤੀ ਸੀ, ‘ਤੂੰ ਮੇਰਾ ਕੋਈ ਸਾਮਾਨ ਜਿਵੇਂ ਬੈਟ-ਬਾਲ, ਸਟਿਕ, ਕਿਤਾਬ, ਮੋਬਾਈਲ, ਸਾਈਕਲ ਨੂੰ ਹੱਥ ਨਹੀਂ ਲਾਵੇਂਗਾ, ਜੋ ਤੈਨੂੰ ਚਾਹੀਦੇ ਆਪਣੇ ਚਾਚੇ ਤੋਂ ਮੰਗ ਲੈਣਾ।’
ਨਿਹੋਰਾ ਦੇਵੀ ਵੀ ਖਿਝੀ ਹੋਈ ਸੀ ਕਿ ਬੇਵਜ੍ਹਾ ਉਸ ਦੇ ਬੇਟੇ ਦਾ ਇੱਕ ਹਿੱਸੇਦਾਰ ਲਿਆ ਕੇ ਸਿਰ ਉੱਤੇ ਬੋਝ ਵਧਾ ਦਿੱਤਾ। ਗੰਨੂ ਸਮਝ ਗਿਆ ਕਿ ਚਾਚਾ ਜ਼ਰੂਰ ਉਸ ਦੇ ਹਨ, ਪਰ ਇਹ ਘਰ ਉਸ ਦਾ ਨਹੀਂ। ਚਾਚੀ ਦੇ ਹਰ ਵਤੀਰੇ ਵਿੱਚ ਉਸ ਨੂੰ ਓਪਰੇਪਣ ਦੀ ਝਲਕ ਮਿਲ ਜਾਂਦੀ, ਖਾਣਾ ਖਵਾਉਣ ਵਿੱਚ, ਉਸ ਦੇ ਕੱਪੜੇ ਅਤੇ ਬੂਟ ਪਾਲਿਸ਼ ਵਿੱਚ, ਉਸ ਨਾਲ ਬੋਲਣ-ਚਾਲਣ ਵਿੱਚ, ਉਸ ਨੂੰ ਬਿਨਾਂ ਕਾਰਨ ਵਰਜਦੇ ਰਹਿਣ ਵਿੱਚ।
ਤਰੇਂਗਨ ਨਾਲ ਉਹ ਨੇੜਤਾ ਵਧਾਉਣਾ ਚਾਹੰੁਦਾ ਤਾਂ ਉਹ ਝਿੜਕ ਕੇ ਦੂਰ ਭਜਾ ਦਿੰਦਾ। ਉਹ ਜਦ ਵੀ ਘਰ ਵਿੱਚ ਹੁੰਦਾ ਮੋਬਾਈਲ ਨਾਲ ਚਿਪਕ ਜਾਂਦਾ। ਉਸ ਵਿੱਚੋਂ ਅਜੀਬ-ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ। ਗੰਨੂ ਨੂੰ ਇਸ ਤਰ੍ਹਾਂ ਦੇ ਮੋਬਾਈਲ ਦੇਖਣ ਦਾ ਕਦੇ ਮੌਕਾ ਨਹੀਂ ਮਿਲਿਆ ਸੀ। ਛੋਟਾ ਮੋਬਾਈਲ ਉਸ ਨੇ ਦੇਖਿਆ ਸੀ, ਜੋ ਬਟਨ ਉੱਤੇ ਉਂਗਲਾਂ ਦਬਾਉਣ ਨਾਲ ਕੰਮ ਕਰਦਾ ਸੀ। ਸਿਰਫ ਛੂਹ ਕੇ ਚੱਲਣ ਵਾਲਾ ਮੋਬਾਈਲ ਸੈਟ ਉਹ ਪਹਿਲੀ ਵਾਰ ਤਰੇਂਗਨ ਦੇ ਹੱਥ ਵਿੱਚ ਦੇਖ ਰਿਹਾ ਸੀ। ਦੋ-ਤਿੰਨ ਵਾਰ ਉਸ ਨੇ ਜ਼ਰਾ ਉਸ ਦੇ ਕੋਲ ਜਾ ਕੇ ਸਮਝਣਾ ਚਾਹਿਆ ਕਿ ਆਖਰ ਛੂਹ ਲੈਣ ਨਾਲ ਇਹ ਮੋਬਾਈਲ ਜਾਦੂ ਕਿਵੇਂ ਕਰ ਰਿਹਾ ਹੈ, ਪਰ ਉਸ ਨੇ ਉਸ ਉੱਤੇ ਜ਼ਰਾ ਵੀ ਨਰਮੀ ਨਹੀਂ ਵਰਤੀ। ਚਾਚੀ ਨੇ ਵੀ ਝਿੜਕ ਦਿੱਤਾ, ‘ਤੂੰ ਕਿਉਂ ਵਾਰ-ਵਾਰ ਮੇਰੇ ਪੁੱਤ ਨੂੰ ਤੰਗ ਕਰਦਾ ਰਹਿੰਦਾ ਏਂ। ਕੀ ਇਹੀ ਕੰਮ ਲਈ ਤੂੰ ਇੱਥੇ ਆਇਆ ਏਂ?’
ਉਦਾਸ ਹੋ ਕੇ ਗੰਨੂ ਬਾਲਕਨੀ ਵਿੱਚ ਜਾ ਕੇ ਕਿਤਾਬ-ਕਾਪੀ ਖੋਲ੍ਹ ਲੈਂਦਾ। ਉਸ ਦੇ ਪੜ੍ਹਨ ਦੀ ਥਾਂ ਚਾਚੀ ਨੇ ਬਾਲਕਨੀ ਤੈਅ ਕਰ ਦਿੱਤੀ ਸੀ। ਉਸ ਨੇ ਮਨ ਵਿੱਚ ਧਾਰ ਲਈ ਕਿ ਅੱਗੇ ਤੋਂ ਉਹ ਉਸ ਦੇ ਮੋਬਾਈਲ ਵੱਲ ਜ਼ਰਾ ਵੀ ਅੱਖ ਚੁੱਕ ਕੇ ਨਹੀਂ ਦੇਖੇਗਾ। ਪੜ੍ਹਨ ਆਇਆ ਹੈ ਤਾਂ ਬਸ ਪੜ੍ਹਾਈ ਵਿੱਚ ਮਨ ਲਾਏਗਾ।
ਕਿਸੇ ਤਰ੍ਹਾਂ ਇੱਕ ਸਾਲ ਪੂਰਾ ਹੋ ਗਿਆ ਤੇ ਛੇਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ ਹੋ ਗਈ। ਨਤੀਜਾ ਨਿਕਲਿਆ ਤਾਂ ਗੰਨੂ ਸੱਠ ਬੱਚਿਆਂ ਵਿੱਚੋਂ ਸਭ ਤੋਂ ਅੱਵਲ। ਤਰੇਂਗਨ ਫੇਲ੍ਹ ਹੁੰਦੇ-ਹੁੰਦੇ ਬਚਿਆ।
ਰਾਮਸ਼ਰਨ ਨੇ ਗੰਨੂ ਦੀ ਪਿੱਠ ਥਪਥਪਾ ਕੇ ਗਲੇ ਨਾਲ ਲਾ ਲਿਆ, ‘‘ਵਾਹ ਗੰਨੂ, ਤੂੰ ਕਮਾਲ ਕਰ ਦਿੱਤਾ ਬੇਟਾ। ਦੇਖ ਓ ਤਰੇਂਗਨਾ, ਪਿੰਡ ਤੋਂ ਆ ਕੇ ਇਸ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਇੱਕ ਤੂੰ ਨਾਲਾਇਕ ਜਿਹਾ ਮੋਬਾਈਲ ਵਿੱਚ ਹੀ ਰੁੱਝਾ ਰਿਹਾ, ਫਾਲਤੂ ਦੀ ਗੇਮ ਖੇਡਦਾ ਰਹਿੰਦਾ ਏਂ। ਮਨ੍ਹਾ ਕਰਦੇ-ਕਰਦੇ ਅਸੀਂ ਥੱਕ ਗਏ ਕਿ ਇਸ ਉਮਰ ਵਿੱਚ ਮੋਬਾਈਲ ਨਾਲ ਚਿਪਕਣਾ ਬਰਬਾਦੀ ਦੀ ਨਿਸ਼ਾਨੀ ਹੈ, ਪਰ ਲਾਡ ਕਾਰਨ ਨਾ ਤੇਰੀ ਮਾਂ ਤੈਨੂੰ ਰੋਕਦੀ ਏ ਅਤੇ ਨਾ ਤੂੰ ਖੁਦ ਰੁਕਦਾ ਏਂ। ਚੱਖ ਲਿਆ ਮਜ਼ਾ। ਕੱਲ੍ਹ ਨੂੰ ਅੱਖਾਂ ਵੀ ਖਰਾਬ ਹੋਣਗੀਆਂ ਅਤੇ ਭਵਿੱਖ ਵੀ ਹਨੇਰਾ ਵਿੱਚ ਜਾਏਗਾ।”
ਗੰਨੂ ਦੀ ਪ੍ਰਸ਼ੰਸਾ ਅਤੇ ਆਪਣੀ ਖਿਚਾਈ ਕਾਰਨ ਅੰਦਰ ਹੀ ਅੰਦਰ ਤਰੇਂਗਨ ਖਿਝ ਕੇ ਰਹਿ ਗਿਆ। ਉਸ ਦੀ ਮਾਂ ਨਿਹੋਰਾ ਨੂੰ ਵੀ ਲੱਗਾ ਕਿ ਬੇਵਜ੍ਹਾ ਇਸ ਮੁੰਡੇ ਕਾਰਨ ਉਸ ਦੇ ਬੱਚੇ ਨੂੰ ਅੱਜ ਫਿਟਕਾਰ ਸੁਣਨੀ ਪਈ ਹੈ। ਦੋਵਾਂ ਨੇ ਗੰਨੂ ਪ੍ਰਤੀ ਆਪਣਾ ਗੁੱਸਾ ਹੋਰ ਵਧਾ ਲਿਆ।
ਗੰਨੂ ਨੂੰ ਆਪਣੇ ਮਾਂ-ਬਾਪ ਅਤੇ ਗੋਰੀ ਗਾਂ ਯਾਦ ਆਉਣ ਲੱਗੀ। ਉਹ ਕਿਵੇਂ ਦੱਸੇ ਉਨ੍ਹਾਂ ਨੂੰ ਉਹ ਕਲਾਸ ਵਿੱਚ ਫਸਟ ਆ ਗਿਆ ਹੈ। ਬਾਪੂ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਅਤੇ ਮਾਂ ਉਸ ਨੂੰ ਲਾਡ ਲਡਾਉਂਦੀ ਨਾ ਥੱਕਦੀ। ਮੰਦਰ-ਮੰਦਰ ਘੁੰਮ ਕੇ ਪ੍ਰਮਾਤਮਾ ਦੀ ਕ੍ਰਿਪਾ ਸਮਝ ਕੇ ਦਿਲ ਖੋਲ੍ਹ ਕੇ ਪ੍ਰਸਾਦ ਚੜ੍ਹਾਉਣ ਜਾਂਦੀ। ਗੋਰੀ ਵੀ ਉਸ ਦੀ ਖੁਸ਼ੀ ਨੂੰ ਦੇਖਦੇ ਹੋਏ ਆਪਣਾ ਸਿਰਾ ਹਿਲਾਉਣ ਲੱਗ ਜਾਂਦੀ। ਉਸ ਨੇ ਇਕਾਂਤ ਦੇਖਦੇ ਹੋਏ ਆਪਣੇ ਚਾਚੇ ਨੂੰ ਸਹਿਮਦੇ ਹੋਏ ਕਿਹਾ, ‘‘ਚਾਚਾ ਜੀ, ਮੇਰਾ ਬਹੁਤ ਮਨ ਕਰਦਾ ਹੈ ਮਾਂ-ਬਾਪੂ ਅਤੇ ਗੋਰੀ ਗਾਂ ਨੂੰ ਮਿਲਣ ਦਾ?”
‘‘ਠੀਕ ਹੈ, ਅਸੀਂ ਜਾਣ ਦੀ ਫੁਰਸਤ ਕੱਢਦੇ ਹਾਂ। ਜੇ ਨਾ ਜਾ ਸਕੇ ਤਾਂ ਤੇਰੀ ਮੋਬਾਈਲ ਉੱਤੇ ਗੱਲ ਕਰਵਾ ਦਿਆਂਗੇ ਭਰਾ-ਭਾਬੀ ਨਾਲ। ਮੈਂ ਸਮਝਦਾ ਹਾਂ ਗੰਨੂ ਬੇਟਾ ਕਿ ਤੇਰੀ ਖੁਸ਼ੀ ਵਿੱਚ ਉਨ੍ਹਾਂ ਨੂੰ ਵੀ ਹਿੱਸੇਦਾਰ ਹੋਣ ਦਾ ਹੱਕ ਹੈ।”
‘‘ਤੁਸੀਂ ਗੱਲ ਕਿਵੇਂ ਕਰਵਾਓਗੇ, ਉਨ੍ਹਾਂ ਦੇਕੋਲ ਤਾਂ ਮੋਬਾਈਲ ਹੈ ਹੀ ਨਹੀਂ। ਪਿੰਡ ਨਾ ਬਿਜਲੀ ਹੈ, ਨਾ ਮੋਬਾਈਲ ਦਾ ਟਾਵਰ ਹੈ।”
‘‘ਅਖਬਾਰ ਵਿੱਚ ਅਸੀਂ ਪੜ੍ਹਿਆ ਹੈ ਕਿ ਸਰਕਾਰ ਨਵਾਦਾ ਦੇ ਪਿੰਡ-ਪਿੰਡ ਵਿੱਚ ਬਿਜਲੀ ਪਹੁੰਚਾ ਰਹੀ ਹੈ। ਟਾਵਰ ਵੀ ਉਥੇ ਲੱਗ ਚੁੱਕਾ ਹੈ। ਤੇਰੇ ਬਾਪੂ ਨੂੰ ਮੈਂ ਇੱਕ ਮੋਬਾਈਲ ਭਿਜਵਾ ਦਿਆਂਗਾ ਤਾਂ ਕਿ ਉਹ ਤੇਰੇ ਨਾਲ ਗੱਲ ਕਰ ਸਕਣ। ਅਜੇ ਮੈਂ ਇੱਕ ਟਰੇਨਿੰਗ ਦੇ ਲਈ ਕੋਲਕਾਤਾ ਜਾ ਰਿਹਾ ਹਾਂ। ਕੰਪਨੀ ਭੇਜ ਰਹੀ ਹੈ। ਤਿੰਨ-ਦਿਨ ਬਾਅਦ ਮੁੜਾਂਗਾ।”
ਰਾਮਸ਼ਰਨ ਦੇ ਜਾਂਦੇ ਹੀ ਘਰ ਵਿੱਚ ਇੱਕ ਨਵਾਂ ਹੰਗਾਮਾ ਸ਼ੁਰੂ ਹੋ ਗਿਆ। ਤਰੇਂਗਨ ਦਾ ਮੋਬਾਈਲ ਕਿਤੇ ਗਾਇਬ ਹੋ ਗਿਆ। ਘਰ ਦੇ ਚੱਪੇ-ਚੱਪੇ ਨੂੰ ਦੇਖ ਲਿਆ ਗਿਆ। ਜਦ ਕਿਤੇ ਨਹੀਂ ਮਿਲਿਆ ਤਾਂ ਉਂਗਲ ਗੰਨੂ ਵੱਲ ਉਠ ਗਈ। ਤਰੇਂਗਨ ਨੇ ਕਿਹਾ, ‘‘ਮੰਮੀ, ਇਸ ਦੀ ਨਜ਼ਰ ਮੇਰੇ ਮੋਬਾਈਲ ਉੱਤੇ ਲੱਗੀ ਸੀ। ਲਾਲਚਾ-ਲਲਚਾ ਕੇ ਦੇਖਦਾ ਰਹਿੰਦਾ ਸੀ। ਮੈਂ ਉਸ ਨੂੰ ਹੱਥ ਨਹੀਂ ਲਾਉਣ ਦਿੱਤਾ ਤਾਂ ਬਦਲਾ ਲੈਣ ਲਈ ਇਸ ਨੇ ਉਸ ਨੂੰ ਚੁੱਕ ਕੇ ਕਿਤੇ ਸੁੱਟ ਦਿੱਤਾ।”
ਇਸ ਤੋਹਮਤ ਉੱਤੇ ਗੰਨੂ ਦੀ ਆਤਮ ਤੱਕ ਕੰਬ ਗਈ। ਨਿਹੋਰਾ ਦੇਵੀ ਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ, ‘‘ਭਲਾ ਚਾਹੁੰਨੈ ਏਂ ਤਾਂ ਸਹੀ-ਸਹੀ ਦੱਸ ਦੇ, ਨਹੀਂ ਤਾਂ ਅਸੀਂ ਤੇਰਾ ਉਹ ਹਾਲ ਕਰਾਂਗੇ ਕਿ ਤੂੰ ਯਾਦ ਰੱਖੇਂਗਾ। ਫਸਟ ਆਉਣ ਕਾਰਨ ਤੈਨੂੰ ਘੁਮੰਡ ਹੋ ਗਿਐ ਤੈਨੂੰ?”
ਗੰਨੂ ਨੇ ਕੰਬਦੇ ਹੋਏ ਕਿਹਾ, ‘‘ਯਕੀਨ ਕਰੋ ਚਾਚੀ, ਮਾਂ ਦੀ ਸਹੁੰ ਕਾ ਕੇ ਕਹਿੰਦਾਂ, ਮੋਬਾਈਲ ਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ।”
ਤਰੇਂਗਨ ਨੇ ਉਸ ਦੇ ਢਿੱਡ ਵਿੱਚ ਦੋ-ਤਿੰਨ ਘਸੁੰਨ ਮਾਰ ਦਿੱਤੇ। ਮੋਬਾਈਲ ਦੇ ਬਹਾਨੇ ਜਿਵੇਂ ਉਹ ਉਸ ਦੇ ਫਸਟ ਹੋਣ ਕਾਰਨ ਪੈਦਾ ਹੋਈ ਨਫਰਤ ਤੇ ਪਿਤਾ ਦੀਆਂ ਝਿੜਕਾਂ ਦੀ ਕਸਰ ਕੱਢ ਲੈਣਾ ਚਾਹੁੰਦਾ ਸੀ। ਗੰਨੂ ਤੜਫ ਕੇ ਰਹਿ ਗਿਆ। ਚਾਹੁੰਦਾ ਤਾਂ ਉਹ ਉਸ ਨੂੰ ਚੁੱਕ ਕੇ ਪਟਕ ਦਿੰਦਾ, ਪਰ ਇਹ ਉਸ ਦਾ ਘਰ ਸੀ ਅਤੇ ਸਾਹਮਣੇ ਉਸ ਦੇ ਪੱਖ ਵਿੱਚ ਉਸ ਦੀ ਮਾਂ ਸੀ, ਜਿਸ ਕਾਰਨ ਉਹ ਗਿੱਦੜ ਵਾਂਗ ਹੁੰਦੇ ਹੋਏ ਵੀ ਸ਼ੇਰ ਬਣ ਗਿਆ ਸੀ।
ਉਸ ਦੇ ਲਗਾਤਾਰ ਨਾ ਨਾ ਕਰਨ ਉੱਤੇ ਚਾਚੀ ਨੇ ਉਸ ਨੂੰ ਇੱਕ ਥੱਪੜ ਮਾਰ ਦਿੱਤਾ ਤੇ ਸਟੋਰ ਰੂਮ ਵਿੱਚ ਬੰਦ ਕਰ ਦਿੱਤਾ ਅਤੇ ਕਹਿ ਦਿੱਤਾ ਕਿ ‘‘ਜਦ ਤੱਕ ਦੱਸੇਂਗਾ ਨਹੀਂ, ਭੁੱਖਾ-ਪਿਆਸਾ ਬੰਦ ਰਹੇਂਗਾ।”
ਗੰਨੂ ਭੁੱਖਾ ਪਿਆਸਾ ਕਮਰੇ ਵਿੱਚ ਬੁੰਦਾ ਰੋਂਦਾ-ਕਲਪਦਾ ਰਿਹਾ। ਇੱਕ ਵਾਰ ਫਿਰ ਉਹ ਆਪਣੀ ਮਾਂ ਬਾਪੂ ਤੇ ਗੋਰੀ ਗਾਂ ਨੂੰ ਯਾਦ ਕਰ ਕੇ ਸਹਿਣ ਦੀ ਤਾਕਤ ਇਕੱਠੀ ਕਰਦਾ ਰਿਹਾ। ਮਾਂ ਪੁੱਤ ਦੇ ਜ਼ੁਲਮ ਨੇ ਦੱਸ ਦਿੱਤਾ ਕਿ ਜਦ ਤੱਕ ਚਾਚਾ ਨਹੀਂ ਆਉਣਗੇ, ਇਸ ਨਰਕ ਵਿੱਚੋਂ ਉਸ ਦੀ ਰਿਹਾਈ ਨਹੀਂ ਹੋਵੇਗੀ। ਸੰਯੋਗ ਚੰਗਾ ਸੀ, ਰਾਮਸ਼ਰਨ ਇੱਕ ਦਿਨ ਪਹਿਲਾਂ ਆ ਗਏ ਤੇ ਮਾਸੂਮ ਗੰਨੂ ਉੱਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ। ਉਸ ਨੂੰ ਕਮਰੇ ਵਿੱਚੋਂ ਕੱਢਦੇ ਹੋਏ ਜਦ ਸਾਰੀ ਗੱਲ ਤੋਂ ਜਾਣੂ ਹੋਏ ਤਾਂ ਬੁਰੀ ਤਰ੍ਹਾਂ ਬਰਸ ਪਏ ਨਿਹੋਰਾ ਅਤੇ ਤਰੇਂਗਨ ਉੱਤੇ।
ਉਨ੍ਹਾਂ ਨੇ ਕਿਹਾ, ‘‘ਮੋਬਾਈਲ ਤਾਂ ਮੈਂ ਲੈ ਗਿਆ ਸੀ ਤਾਂ ਕਿ ਇਸ ਚਿਪਕੂ ਲੜਕੇ ਦੀ ਆਦਤ ਛੁਡਾ ਸਕਾਂ। ਇਸ ਦੇ ਹੱਥ ਵਿੱਚ ਅੱਗੇ ਤੋਂ ਮੋਬਾਈਲ ਕਦੇ ਨਹੀਂ ਆਏਗਾ।”
ਆਪਣੇ ਬੈਗ ਵਿੱਚੋਂ ਮੋਬਾਈਲ ਕੱਢਦੇ ਹੋਏ ਇੱਕ ਨੰਬਰ ਡਾਇਲ ਕੀਤਾ ਅਤੇ ਗੰਨੂ ਵੱਲ ਵਧਾਉਂਦੇ ਹੋਏ ਕਿਹਾ, ‘‘ਲੈ ਗੰਨੂ, ਆਪਣੇ ਬਾਪੂ ਨਾਲ ਗੱਲ ਕਰ। ਨਵਾਦਾ ਤੋਂ ਇੱਕ ਆਦਮੀ ਟਰੇਨਿੰਗ ਵਿੱਚ ਆਇਆ ਹੋਇਆ ਸੀ। ਉਸ ਦੇ ਹੱਥ ਮੈਂ ਵੀਰ ਜੀ ਦੇ ਲਈ ਇੱਕ ਮੋਬਾਈਲ ਸੈੱਟ ਭਿਜਵਾ ਦਿੱਤਾ ਹੈ। ਉਨ੍ਹਾਂ ਨੂੰ ਮਿਲ ਵੀ ਚੁੱਕਾ ਹੋਵੇਗਾ।”
ਗੰਨੂ ਉਸ ਕਾਤਲ ਮੋਬਾਈਲ ਨੂੰ ਛੂਹਣਾ ਨਹੀਂ ਚਾਹੁੰਦਾ ਸੀ, ਪਰ ਚਾਚਾ ਦਾ ਹੁਕਮ ਸੀ ਅਤੇ ਨਾਲ ਬਾਪੂ ਨਾਲ ਗੱਲ ਕਰਨ ਦੀ ਤਲਬ ਵੀ। ਓਧਰੋਂ ਜਦ ਉਸ ਦੇ ਬਾਪੂ ਰਾਮਚਰਨ ਨੇ ਮਿੱਠੀ ਆਵਾਜ ਵਿੱਚ ਉਸ ਨੂੰ ‘ਸੋਨਾ' ਕਿਹਾ ਤਾਂ ਆਵਾਜ਼ ਸੁਣ ਕੇ ਗੰਨ ੂਦੀਆਂ ਅੱਖਾਂ ਭਰ ਆਈਆਂ। ਖੁਦ ਉੱਤੇ ਕਾਬੂ ਕਰਦੇ ਹੋਏ ਕਿਹਾ, ‘‘ਮੈਂ ਇੱਥੇ ਠੀਕ ਹਾਂ ਬਾਪੂ, ਤੁਸੀਂ, ਮਾਂ ਅਤੇ ਗੋਰੀ ਕਿਵੇਂ ਹੋ?” ਕਹਿੰਦੇ ਹੋਏ ਗੰਨੂ ਦੀ ਆਵਾਜ਼ ਭਾਰੀ ਹੋ ਗਈ।
ਬਾਪੂ ਨੇ ਕਿਹਾ, ‘‘ਤੂੰ ਰੋ ਰਿਹਾ ਏਂ ਗੰਨੂ?”
‘‘ਬਾਪੂ, ਮੈਂ ਵੱਡਾ ਹੋ ਗਿਆ ਹਾਂ, ਸ਼ਹਿਰ ਨੇ ਮੈਨੂੰ ਹੁਸ਼ਿਆਰ ਬਣਾ ਦਿੱਤਾ ਹੈ। ਮੰਜੌਰ ਵਿੱਚ ਜਾ ਸਕਦਾਂ ਪੜ੍ਹਨ ਲਈ। ਸਕੂਲ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਮੈਂ ਉਥੇ ਚੰਗਾ ਪੜ੍ਹ ਲਵਾਂਗਾ। ਤੁਹਾਡਾ, ਮਾਂ ਦਾ ਅਤੇ ਗੋਰੀ ਦਾ ਵਿਛੋੜਾ ਮੇਰੇ ਤੋਂ ਜ਼ਰਿਆ ਨਹੀਂ ਜਾਂਦਾ।”
ਓਧਰੋਂ ਬਾਪੂ ਨੇ ਕਿਹਾ, ‘‘ਮੈਂ ਸਮਝ ਗਿਆ ਪੁੱਤ। ਕੱਲ੍ਹ ਹੀ ਮੈਂ ਗੱਡੀ ਫੜ ਕੇ ਆ ਰਿਹਾ ਹਾਂ ਤੈਨੂੰ ਲੈਣ ਲਈ।”
ਰਾਮਸ਼ਰਨ, ਨਿਹੋਰਾ ਦੇਵੀ ਅਤੇ ਤਰੇਂਗਨ ਗੁਨਾਹਗਾਰ ਦੀ ਤਰ੍ਹਾਂ ਅਵਾਕ ਦੇਖਦੇ ਰਹਿ ਗਏ ਉਸ ਨੂੰ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ