ਬਠਿੰਡਾ, 20 ਨਵੰਬਰ (ਪੋਸਟ ਬਿਊਰੋ)- ਪਰਲਜ਼ ਗਰੁੱਪ ਦੇ ਅਰਬਪਤੀ ਮਾਲਕ ਤੇ ਧੋਖਾਧੜੀ ਦੇ ਦੋਸ਼ਾਂ ਵਿੱਚ ਫਸੇ ਹੋਏ ਨਿਰਮਲ ਸਿੰਘ ਭੰਗੂ ਬਠਿੰਡਾ ਜੇਲ੍ਹ ਵਿੱਚ ਸ਼ਾਇਦ ‘ਛੁੱਟੀ' ਕੱਟਣ ਹੀ ਆਉਂਦੇ ਜਾਪਦੇ ਹਨ।
ਮਿਲੇ ਵੇਰਵਿਆਂ ਮੁਤਾਬਕ ਨਿਰਮਲ ਸਿੰਘ ਭੰਗੂ ਜਦ ਤੋਂ ਬਠਿੰਡਾ ਜੇਲ੍ਹ ਲਿਆਂਦੇ ਗਏ ਹਨ, ਉਨ੍ਹਾਂ 889 ਦਿਨਾਂ 'ਚੋਂ 671 ਦਿਨ ਮੁਹਾਲੀ ਦੇ ਹਸਪਤਾਲ ਵਿੱਚ ਗੁਜ਼ਾਰੇ ਹਨ। ਬਠਿੰਡਾ ਪੁਲਸ ਨੂੰ ਹਸਪਤਾਲ ਵਿੱਚ ‘ਵੀ ਆਈ ਪੀ' ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ ਵਿੱਚ ਪੈ ਚੁੱਕੀ ਹੈ। ਜ਼ਿਲਾ ਪੁਲਸ ਨੇ ਉਨ੍ਹਾਂ ਨਾਲ ਚਾਰ ਮੁਲਾਜ਼ਮਾਂ ਦੀ ਗਾਰਦ ਲਾਈ ਹੋਈ ਹੈ। ਪਰਲਜ਼ ਕੰਪਨੀ ਦੇ ਕੱਖੋਂ ਹੌਲੇ ਕੀਤੇ ਨਿਵੇਸ਼ਕ ਦਿੱਲੀ ਵਿੱਚ 22 ਅਕਤੂਬਰ ਤੋਂ ਭੁੱਖ ਹੜਤਾਲ 'ਤੇ ਹਨ।
ਆਰ ਟੀ ਆਈ ਤਹਿਤ ਬਠਿੰਡਾ ਜੇਲ੍ਹ ਤੋਂ ਹਾਸਲ ਕੀਤੇ ਵੇਰਵੇ ਮੁਤਾਬਕ ਬਠਿੰਡਾ ਜੇਲ੍ਹ 'ਚ ਨਿਰਮਲ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਏ ਤੇ ਅਗਲੇ ਦਿਨ ਮੁਹਾਲੀ ਦੇ ਹਸਪਤਾਲ 'ਚ ਇਲਾਜ ਲਈ ਚਲੇ ਗਏ। ਤੱਥਾਂ ਅਨੁਸਾਰ 13 ਜੂਨ 2016 ਤੋਂ 19 ਨਵੰਬਰ 2018 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 889 ਦਿਨ ਬਣਦਾ ਹੈ, ਜਿਸ 'ਚੋਂ 671 ਦਿਨ ਭੰਗੂ ਨੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਬਿਤਾਏ ਹਨ। ਇਸ ਦਾ ਮਤਲਬ ਭੰਗੂ ਨੇ 29 ਮਹੀਨਿਆਂ 'ਚੋਂ ਕਰੀਬ 22 ਮਹੀਨੇ ਹਸਪਤਾਲ 'ਚ ਬਿਤਾਏ ਹਨ, ਸਿਰਫ 218 ਦਿਨ ਬਠਿੰਡਾ ਜੇਲ੍ਹ ਵਿੱਚ ਟਿਕੇ ਹਨ।
ਥਾਣਾ ਥਰਮਲ ਬਠਿੰਡਾ ਵਿੱਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀ ਜੀ ਐਫ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਅਤੇ ਹੋਰਾਂ ਖਿਲਾਫ ਧਾਰਾ 406, 420 ਦਾ ਕੇਸ ਦਰਜ ਕੀਤਾ ਗਿਆ ਸੀ। ਸੀ ਬੀ ਆਈ ਨੇ ਭੰਗੂ ਉੱਤੇ 45 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਫਰਵਰੀ 2014 ਵਿੱਚ ਕੇਸ ਦਰਜ ਕੀਤਾ ਸੀ ਤੇ ਓਦੋਂ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਸੀ। ਪੰਜਾਬ ਪੁਲਸ ਭੰਗੂ ਨੂੰ ਤਿਹਾੜ ਤੋਂ ਬਠਿੰਡਾ ਜੇਲ੍ਹ ਲੈ ਆਈ ਸੀ। ਜਾਣਕਾਰ ਸੂਤਰਾਂ ਮੁਤਾਬਕ ਉਹ ਤਿਹਾੜ ਜੇਲ੍ਹ ਵਿੱਚ ਕਾਫੀ ਤੰਗੀ ਮਹਿਸੂਸ ਕਰਦੇ ਸਨ। ਏਥੇ ਆਏ ਨਿਰਮਲ ਭੰਗੂ ਜੇਲ੍ਹ ਵਿੱਚ ਇਕ ਰਾਤ ਕੱਟਣ ਮਗਰੋਂ ਹੀ 14 ਜੂਨ 2016 ਨੂੰ ਮੁਹਾਲੀ ਦੇ ਹਸਪਤਾਲ 'ਚ ਭਰਤੀ ਹੋ ਗਏ, ਜਿਥੇ ਉਹ ਲਗਾਤਾਰ 18 ਫਰਵਰੀ 2017 ਤੱਕ (248 ਦਿਨ) ਰਹੇ। ਉਨ੍ਹਾਂ ਦੀ ਗਾਰਦ ਵਿੱਚ ਇਕ ਸਬ ਇੰਸਪੈਕਟਰ, ਦੋ ਹੌਲਦਾਰ ਅਤੇ ਦੋ ਸਿਪਾਹੀ ਸਨ। ਇਸ ਤੋਂ ਬਾਅਦ ਜੇਲ੍ਹ ਵਿੱਚ ਕਰੀਬ ਦੋ ਮਹੀਨੇ ਕੱਟਣ ਮਗਰੋਂ ਉਹ ਫਿਰ 28 ਅਪ੍ਰੈਲ 2017 ਨੂੰ ਮੁਹਾਲੀ ਹਸਪਤਾਲ ਚਲੇ ਗਏ, ਜਿਥੇ ਉਹ ਪੰਜ ਜੂਨ 2017 ਤੱਕ (ਕਰੀਬ 40 ਦਿਨ) ਰਹੇ। ਇਸ ਤੋਂ ਬਾਅਦ ਦੋ ਮਹੀਨੇ ਜੇਲ੍ਹ ਵਿੱਚ ਰਹੇ ਤੇ ਤੀਜੀ ਵਾਰ ਇਕ ਅਗਸਤ 2017 ਨੂੰ ਮੁਹਾਲੀ ਹਸਪਤਾਲ ਚਲੇ ਗਏ। ਇਸ ਦੌਰਾਨ ਉਹ ਛੇ ਸਤੰਬਰ 2017 ਤੱਕ (37 ਦਿਨ) ਹਸਪਤਾਲ ਵਿੱਚ ਹੀ ਰਹੇ। ਮਿਲੀ ਜਾਣਕਾਰੀ ਅਨੁਸਾਰ ਪੌਣੇ ਦੋ ਮਹੀਨੇ ਜੇਲ੍ਹ ਵਿੱਚ ਰਹਿਣ ਪਿੱਛੋਂ ਉਹ 25 ਅਕਤੂਬਰ 2017 ਤੋਂ ਤਿੰਨ ਮਾਰਚ 2018 ਤੱਕ (123 ਦਿਨ) ਹਸਪਤਾਲ ਰਹੇ। ਇਸੇ ਤਰ੍ਹਾਂ 17 ਕੁ ਦਿਨ ਜੇਲ੍ਹ ਵਿੱਚ ਕੱਟਣ ਮਗਰੋਂ ਫਿਰ 21 ਮਾਰਚ 2018 ਤੋਂ 14 ਜੁਲਾਈ 2018 ਤੱਕ (115 ਦਿਨ) ਹਸਪਤਾਲ ਵਿੱਚ ਭਰਤੀ ਰਹੇ। ਹਫਤੇ ਮਗਰੋਂ ਜੇਲ੍ਹ ਵਿੱਚ ਭੰਗੂ ਦੀ ਤਬੀਅਤ ਵਿਗੜ ਗਈ ਤੇ ਉਹ 21 ਜੁਲਾਈ 2018 ਤੋਂ 24 ਅਕਤੂਬਰ 2018 ਤੱਕ (95 ਦਿਨ) ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਰਹੇ।