ਮਿਸੀਸਾਗਾ, 19 ਨਵੰਬਰ (ਪੋਸਟ ਬਿਊਰੋ) : ਸੀਜੇਐਮਆਰ 1320 ਏਐਮ ਰੇਡੀਓ ਸਟੇਸ਼ਨ ਦੇ ਪੰਜਾਬੀ ਰੇਡੀਓ ਪ੍ਰੋਡੀਊਸਰਜ਼ ਇੱਕ ਵਾਰੀ ਫੇਰ ਕਮਿਊਨਿਟੀ ਵਿੱਚ ਭੁੱਖ ਨਾਲ ਲੜਨ ਲਈ ਹਰ ਵੇਲੇ ਤਿਆਰ ਰਹਿਣ ਵਾਲੇ ਮਿਸੀਸਾਗਾ ਦੇ ਸੇਵਾ ਫੂਡ ਬੈਂਕ ਦੀ ਮਦਦ ਲਈ ਅੱਗੇ ਆਏ ਹਨ ਤੇ ਇੱਕ ਵਾਰੀ ਫਿਰ ਉਨ੍ਹਾਂ ਵੱਲੋਂ ਰੇਡੀਓਥਾਨ ਕਰਵਾਈ ਜਾ ਰਹੀ ਹੈ ਤੇ ਫੂਡ ਡਰਾਈਵ ਚਲਾਈ ਜਾ ਰਹੀ ਹੈ। ਪਿਛਲੀਆਂ ਸੱਤ ਰੇਡੀਓਥਾਨਜ਼ ਤੇ ਫੂਡ ਡਰਾਈਵਜ਼ ਤੋਂ ਸਾਂਝੇ ਤੌਰ ਉੱਤੇ 750,000 ਡਾਲਰ ਤੇ 320,000 ਪਾਊਂਡ ਫੂਡ, ਸੇਵਾ ਫੂਡ ਬੈਂਕ ਲਈ ਇੱਕਠਾ ਹੋਇਆ ਸੀ।
ਇਹ ਰੇਡੀਓਥਾਨ ਸ਼ੁੱਕਰਵਾਰ 23 ਨਵੰਬਰ ਨੂੰ ਸਾਰਾ ਦਿਨ ਚੱਲੇਗੀ। ਇਸ ਲਈ ਮਦਦ ਕਰਨ ਵਾਲੇ ਕਿਸੇ ਵੀ ਪੰਜਾਬੀ ਸ਼ੋਅਜ਼ ਵਿੱਚ ਕਾਲ ਕਰਕੇ ਆਪਣੀ ਗੱਲ ਤੇ ਆਪਣੇ ਵਿਚਾਰ ਪ੍ਰਗਟਾਅ ਸਕਣਗੇ। ਇਨ੍ਹਾਂ ਸ਼ੋਅਜ਼ ਵਿੱਚ ਰੰਗਲਾ ਪੰਜਾਬ, ਪਰਵਾਸੀ, ਪੰਜਾਬ ਦੀ ਗੂੰਜ, ਗੀਤਾਂ ਨਾਲ ਪ੍ਰੀਤਾਂ, ਯਾਹੂ ਰੇਡੀਓ, ਫੁਲਕਾਰੀ, ਸਰਗਮ, ਅੱਜ ਦੀ ਆਵਾਜ਼ ਤੇ ਮਹਿਫਿਲ ਸ਼ਾਮਲ ਹਨ। ਵੀਕੈਂਡ ਉੱਤੇ ਸਰੋਤੇ ਦਿਲ ਆਪਣਾ ਪੰਜਾਬੀ, ਸਾਂਝ ਦਿਲਾਂ ਦੀ, ਆਪਣਾ ਪੰਜਾਬ ਰੇਡੀਓ, ਸਾਡਾ ਵਿਰਸਾ ਤੇ ਰੋਡ ਨਿਊਜ਼ ਰੰਗੋਲੀ ਪ੍ਰੋਗਰਾਮਜ਼ ਉੱਤੇ ਵੀ ਡੋਨੇਸ਼ਨਜ਼ ਦੇ ਸਕਣਗੇ। ਸੀਜੇਐਮਆਰ ਦੇ ਮਾਲਕ ਵੀ ਇਸ ਨੇਕ ਕੰਮ ਲਈ ਕਾਫੀ ਮਸ਼ੱਕਤ ਕਰ ਰਹੇ ਹਨ।
ਸ਼ਨਿੱਚਰਵਾਰ, 24 ਨਵੰਬਰ ਨੂੰ ਪੀਲ ਰੀਜਨ ਦੇ 20 ਲੋਕਲ ਗੁਰਦੁਆਰਿਆਂ ਤੇ ਸਾਊਥ ਏਸ਼ੀਆਈ ਗਰੌਸਰੀ ਸਟੋਰਜ਼ ਵਿੱਚ ਵੀ ਵੱਡੇ ਪੱਧਰ ਉੱਤੇ ਫੂਡ ਡਰਾਈਵ ਚਲਾਈ ਜਾਵੇਗੀ। ਰੇਡੀਓ ਹੋਸਟ ਕੁਲਦੀਪ ਦੀਪਕ ਨੇ ਦੱਸਿਆ ਕਿ ਅਸੀਂ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ ਤਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਵੱਲੋਂ ਸਮਾਨਤਾ, ਸਮਾਜਕ ਨਿਆਂ ਤੇ ਸੇਵਾ ਦੇ ਸੁਨੇਹੇ ਨੂੰ ਆਪਣੀ ਜੀਵਨ ਜਾਚ ਵਿੱਚ ਅਪਣਾਈਏ। ਸੇਵਾ ਫੂਡ ਬੈਂਕ ਨਿਸਵਾਰਥ ਸੇਵਾ, ਸਰਬੱਤ ਦੇ ਭਲੇ ਰਾਹੀ ਇਹੋ ਕਰ ਰਿਹਾ ਹੈ।
ਸੇਵਾ ਫੂਡ ਬੈਂਕ ਦੇ ਪ੍ਰਬੰਧਕ ਜੋਤੀ ਬੇਦੀ ਨੇ ਆਖਿਆ ਕਿ ਇਸ ਵੀਕੈਂਡ ਨਾਲ ਸਾਡੇ ਕਲਾਇੰਟ ਪਰਿਵਾਰਾਂ ਦੀਆਂ ਜਿ਼ੰਦਗੀਆਂ ਉੱਤੇ ਸਕਾਰਾਤਮਕ ਪ੍ਰਭਾਵ ਪਵੇਗਾ।