ਨਵੀਂ ਦਿੱਲੀ, 24 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਅੱਜ ਤੱਕ ਕੋਰੋਨਾ ਵਾਇਰਸ ਦੇ 1,31,868 ਕੇਸ ਪਤਾ ਲੱਗਣ ਦੇ ਨਾਲ ਇਹ ਦੁਨੀਆ ਦਾ 11ਵਾਂ ਸਭ ਤੋਂ ਵੱਧ ਪ੍ਰਭਾਵਤ ਦੇਸ਼ ਬਣ ਗਿਆ ਹੈ ਤੇ ਇਸ ਬਿਮਾਰੀ ਦੇ ਪ੍ਰਭਾਵਤ ਲੋਕਾਂ ਦੇ ਪੱਖ ਤੋਂ ਏਸ਼ੀਆ ਵਿੱਚ ਦੂਸਰੇ ਥਾਂ ਜਾ ਪੁੱਜਾ ਹੈ। ਸੰਸਾਰ ਦੇ 10ਵੇਂ ਸਭ ਤੋਂ ਵੱਧ ਪ੍ਰਭਾਵਤ ਦੇਸ਼ ਇਰਾਨ ਵਿੱਚ ਇਸ ਵੇਲੇ ਤੱਕ 1,35,701 ਕੇਸ ਹਨ ਅਤੇ ਐਤਵਾਰ ਤੱਕ ਭਾਰਤ ਇਸ ਪੱਖੋਂ ਇਰਾਨ ਤੋਂ ਅੱਗੇ ਲੰਘ ਗਿਆ ਹੈ। ਏਸ਼ੀਆ ਵਿੱਚ ਤੁਰਕੀ ਵਿੱਚ ਸਭ ਤੋਂ ਵੱਧ 1,56,827 ਕੇਸ ਹਨ, ਜਿਨ੍ਹਾਂ ਵਿੱਚੋਂ 4340 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੂਸਰੇ ਥਾਂ ਉੱਤੇ ਭਾਰਤ ਵਿੱਚ ਅੱਜ ਐਤਵਾਰ ਤੱਲ 3868 ਲੋਕ ਮਾਰੇ ਜਾ ਚੁੱਕੇ ਹਨ।
ਅੱਜ ਐਤਵਾਰ ਨੂੰ ਭਾਰਤ ਵਿੱਚ ਕਰੀਬ ਛੇ ਹਜ਼ਾਰ ਨਵੇਂ ਕੇਸ ਪਤਾ ਲੱਗੇੇ ਹਨ ਅਤੇ ਸਵਾ ਸੌ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਐਤਵਾਰ ਸ਼ਾਮ ਤੱਕ ਮਿਲੀ ਸੂਚਨਾ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਕਹਿਰ ਅਜੇ ਵੀ ਮਹਾਰਾਸ਼ਟਰ ਵਿਚ ਹੈ ਤੇ ਓਥੇ 1577 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਪਿੱਛੋਂ ਗੁਜਰਾਤ ਵਿੱਚ 829, ਮੱਧ ਪ੍ਰਦੇਸ਼ ਵਿੱਚ 281, ਪੱਛਮੀ ਬੰਗਾਲ ਵਿੱਚ 269, ਦਿੱਲੀ ਵਿੱਚ 231, ਰਾਜਸਥਾਨ ਵਿੱਚ 160 ਅਤੇ ਉੱਤਰ ਪ੍ਰਦੇਸ਼ ਵਿੱਚ 155 ਮੌਤਾਂ ਹੋਈਆਂ ਹਨ।