Welcome to Canadian Punjabi Post
Follow us on

29

March 2024
 
ਸੰਪਾਦਕੀ

ਪਾਦਰੀਪਣ ਦੀ ਸਾਰਥਕਤਾ ਨੂੰ ਕੋਰਨਾ ਵਾਇਰਸ ਦਾ ਖੋਰਾ ਜਾਂ ?

April 10, 2020 07:58 AM

ਪੰਜਾਬੀ ਪੋਸਟ ਸੰਪਾਦਕੀ

ਈਸਾਈ ਧਰਮ ਗਿਣਤੀ ਪੱਖੋਂ ਵਿਸ਼ਵ ਦਾ ਸੱਭ ਤੋਂ ਵੱਡਾ ਧਰਮ ਹੈ ਅਤੇ ਇਸਦੇ ਸੱਭ ਤੋਂ ਅਹਿਮ ਉਸਤਵਾਂ ਵਿੱਚੋਂ ਗੁੱਡ ਫਰਾਈ-ਡੇਅ ਅਤੇ ਈਸਟਰ ਨੂੰ ਇਸ ਲੌਂਗ ਵੀਕ ਐਂਡ ਦੌਰਾਨ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਨੇ ਈਸਾਈ ਧਰਮ ਦੇ ਸੱਭ ਤੋਂ ਅਹਿਮ ਅਤੇ ਕੇਂਦਰੀ ਸਥਾਨ (ਵੈਟੀਕਨ) ਦਾ ਘਰ ਹੋਣ ਦਾ ਰੁਤਬਾ ਮਾਨਣ ਵਾਲੇ ਇਟਲੀ ਮੁਲਕ ਉੱਤੇ ਜਿੰਨੀ ਮਾਰ ਕੀਤੀ ਹੈ, ਉਹ ਸੱਭ ਦੇ ਸਾਹਮਣੇ ਹਨ। 9 ਅਪਰੈਲ ਨੂੰ ਪੋਪ ਫਰਾਂਸਿਸ ਨੇ ਗੁੱਡ ਫਰਾਈ ਡੇਅ ਤੋਂ ਪਹਿਲਾਂ ‘ਪੱਵਿਤਰ ਸ਼ੁੱਕਰਵਾਰ’ (Holy Thursday) ਦੀਆਂ ਰਸਮਾਂ ਈਸਾਈ ਧਰਮ ਦੇ ਇਤਿਹਾਸ ਵਿੱਚ ਇੱਕ ਕਿਸਮ ਨਾਲ ਇੱਕਲਿਆਂ ਹੀ ਨਿਭਾਈਆਂ। ਸੈਂਕੜੇ ਸਾਲਾਂ ਤੋਂ ਜਿੱਥੇ ਇਸ ਦਿਨ ਵੈਟੀਕਨ ਵਿੱਚ ਪੋਪ ਦੇ ਇਰਦ ਗਿਰਦ ਲੱਖਾਂ ਲੋਕ ਇੱਕਤਰ ਹੁੰਦੇ ਸਨ, ਇਸ ਵਾਰ ਮਸਾਂ ਦਸ ਕੁ ਲੋਕ ਸਨ, ਉਹ ਵੀ ਇੱਕ ਦੂਜੇ ਤੋਂ ਦੂਰੀਆਂ ਬਣਾ ਕੇ ਖੜੇ ਸਨ। ਵਰਨਣਯੋਗ ਹੈ ਕਿ ਪੋਪ ਫਰਾਂਸਿਸ ਨੂੰ ਦੋ ਵਾਰ ਕੋਰੋਨਾ-ਵਾਇਰਸ ਤੋਂ ਪਾਜਿ਼ਟਿਵ ਪਾਇਆ ਜਾ ਚੁੱਕਾ ਹੈ।

ਵਿਸ਼ਵ ਭਰ ਦੇ ਮੰਦਰ, ਗੁਰਦੁਆਰੇ, ਮਸਜਿਦ ਅਤੇ ਗਿਰਜਾ ਘਰ ਇੱਕ ਕਿਸਮ ਨਾਲ ਬੰਦ ਹਨ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਖੁਦ ਪੈਰੋਕਾਰਾਂ ਨੂੰ ਆਉਣ ਤੋਂ ਮਨਾਹੀ ਕੀਤੀ ਜਾ ਰਹੀ ਹੈ ਕਿਉਂਕਿ ਅਜਿਹਾ ਕਰਨਾ ਹੀ ਮੌਤ ਤੋਂ ਬਚਣ ਦਾ ਰਾਹ ਰਹਿ ਗਿਆ ਹੈ। ਮੌਤ ਉੱਤੇ ਜਿੱਤ ਪਾਉਣ ਦੇ ਜਿਸ ਖਿਆਲ ਦੀ ਬੁਨਿਆਦ ਉੱਤੇ ਧਰਮ ਦੀ ਸਾਰਥਕਤਾ ਖੜੀ ਹੈ, ਕੋਰੋਨਾਵਾਇਰਸ ਦੇ ਧੱਕੇ ਸਾਹਮਣੇ ਉਹ ਖਿਆਲ ਜਰਕ ਕੇ ਰਹਿ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਕੀ ਕੋਰੋਨਾਵਾਇਰਸ ਨੇ ਧਰਮ ਦੀ ਸਾਰਥਕਤਾ ਨੂੰ ਧੱਕਾ ਮਾਰਿਆ ਹੈ ਜਾਂ ਧਾਰਮਿਕਤਾ ਨੂੰ? ਧਰਮ ਅਤੇ ਧਾਰਮਿਕਤਾ ਵਿੱਚ ਫਰਕ ਬਹੁਤ ਸੂਖਮ ਪਰ ਵੱਡਾ ਫਰਕ ਹੁੰਦਾ ਹੈ। ਧਰਮ ਮਨੁੱਖ ਦਾ ਸਵੈ ਦੀ ਪ੍ਰਾਪਤੀ ਲਈ ਕੀਤਾ ਜਾਣ ਵਾਲਾ ਨਿੱਜੀ ਕਰਮ ਅਤੇ ਸੰਕਪਲ ਹੁੰਦਾ ਹੈ ਜੋ ਉਸਨੇ ਆਪਣੇ ਰਹਿਬਰਾਂ ਵੱਲੋਂ ਦਰਸਾਏ ਗਏ ਅਸੂਲਾਂ ਮੁਤਾਬਕ ਚੁਣਿਆ ਹੁੰਦਾ ਹੈ। ਇਸ ਤੋਂ ਉਲਟ ਧਾਰਮਿਕਤਾ (Religiosity) ਧਰਮ ਦਾ ਬਾਹਰੀ ਰੰਗ ਭੇਖ ਹੈ ਜੋ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਇਸ ਧਰਤੀ ਤੋਂ ਚਲੇ ਜਾਣ ਬਾਅਦ ਸਥਾਪਿਤ ਹੋ ਜਾਣ ਵਾਲੇ ਪਾਦਰੀਪਣ (Clergy) ਦੇ ਸਮੇਂ ਨਾਲ ਬਣਾਏ ਨੇਮਾਂ ਅਨੁਸਾਰ ਘੜਿਆ ਜਾਂਦਾ ਹੈ। ਮਨੁੱਖ ਦੇ ਨਿੱਜ ਦੇ ਵਿਕਾਸ ਨੂੰ ਪਰਪੱਕ ਕਰਨ ਦੇ ਸਿਧਾਂਤ ਉੱਤੇ ਟਿਕੇ ਧਰਮ ਅਤੇ ਧਾਰਮਿਕਤਾ(Religiosity) ਦੇ ਵਰਤਾਰੇ ਦੀ ਦੀ ਘੋਖ ਕਰਨ ਵਾਲੇ ਲੋਕ ਪਾਦਰੀਪਣ (Clergy), ਮੁਲਾਣੇਪਣ, ਗਰੰਥੀਵਾਦ, ਪੰਡਤਵਾਦ ਆਦਿ ਦੇ ਵਰਤਾਰੇ ਵਿੱਚ ਕੋਈ ਫਰਕ ਨਹੀਂ ਸਮਝਦੇ।

ਬੇਸ਼ੱਕ ਪੰਡਤਵਾਦ ਨੂੰ ਪਾਦਰੀਪਣ (Clergyਦਾ ਦਾਦਾ ਪੜਦਾਦਾ ਆਖਿਆ ਜਾ ਸਕਦਾ ਹੈ ਪਰ ਹਿੰਦੂ ਧਰਮ ਦੇ ਵਿਕਾਸ ਕਰਮ ਵਿੱਚ ਬੀਤ ਚੁੱਕੇ ਲੰਬੇ ਸਮੇਂ ਕਾਰਣ ਪੰਡਤਵਾਦ ਦੇ ਆਰੰਭ ਕਾਲ ਬਾਰੇ ਗੱਲ ਕਰਨੀ ਔਖੀ ਹੈ। ਇਸਦੇ ਉਲਟ ਈਸਾਈ ਧਰਮ ਵਿੱਚ ਪਾਦਰੀਪਣ ਦੇ ਆਰੰਭ ਹੋਣ ਬਾਰੇ ਬਾਰੇ ਇੱਕ ਦਿਲਚਸਪ ਦੰਦ ਕਥਾ ਹੈ।  ਇਸ ਦੰਦ ਕਥਾ ਮੁਤਾਬਕ ਜਦੋਂ ਪੈਗੰਬਰ ਈਸਾ ਮਸੀਹ ਜੀ ਸਲੀਬ ਉੱਤੇ ਚੜਨ ਤੋਂ ਬਾਅਦ ਤੀਜੇ ਦਿਨ ਮੁੜ ਧਰਤੀ ਉੱਤੇ ਪਰਤ ਆਏ, ਜਿਸ ਨੂੰ ਪੁਨਰ-ਉਥਾਨ  (Resurrectionਆਖਿਆ ਜਾਂਦਾ ਹੈ, ਤਾਂ ਆਪ ਜੀ ਪੈਦਾ ਹੋਏ ਭਿਆਨਕ ਹਾਲਾਤਾਂ ਦਾ ਜ਼ਾਇਜਾ ਲੈਣ ਚੁੱਪ ਚੁਪੀਤੇ ਪੈਦਲ ਯਾਤਰਾ ਉੱਤੇ ਨਿਕਲ ਪਏ। ਉਹ ਹਾਲੇ ਕੁੱਝ ਦੂਰ ਹੀ ਗਏ ਸਨ ਕਿ ਇੱਕ ਪਿੰਡ ਦੇ ਬਾਹਰਵਾਰ ਇੱਕ ਵਿਅਕਤੀ ਲੋਕਾਂ ਦੇ ਹਜੂਮ ਨੂੰ ਸੰਬੋਧਨ ਕਰਦੇ ਹੋਏ ਪੂਰੀ ਦ੍ਰਿੜਤਾ ਨਾਲ ਸਮਝਾ ਰਿਹਾ ਸੀ ਕਿ ਈਸਾ ਮਸੀਹ ਨੇ ਮਨੁੱਖਤਾ ਦੇ ਭਲੇ ਵਾਸਤੇ ਸਾਨੂੰ ਆਹ ਕਰਨ ਦੀ ਹਦਾਇਤ ਦਿੱਤੀ ਹੈ ਜਾਂ ਆਹ ਨਿਰਦੇਸ਼ ਦਿੱਤੇ ਹਨ। ਈਸਾ ਮਸੀਹ ਨੇ ਮਲਕੜੇ ਜਿਹਾ ਜਾ ਕੇ ਉਸ ਵਿਅਕਤੀ ਦੇ ਮੋਢੇ ਉੱਤੇ ਹੱਥ ਰੱਖ ਕੇ ਆਖਿਆ, ‘ਭਾਈ ਸਾਹਿਬ, ਮੈਂ ਅਜਿਹਾ ਕਦੇ ਕੁੱਝ ਨਹੀਂ ਕਿਹਾ ਜੋ ਮੇਰੇ ਨਾਮ ਉੱਤੇ ਤੁਸੀਂ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਦੱਸ ਰਹੇ ਹੋ’। ਆਖਦੇ ਹਨ ਕਿ ਉਸ ਆਦਮੀ ਨੇ ਈਸਾ ਮਸੀਹ ਦਾ ਹੱਥ ਮੋਢੇ ਤੋਂ ਹਲੂਣ ਕੇ ਪਰੇ ਕਰਦੇ ਹੋਏ ਕਿਹਾ, ‘ਮੇਰੀ ਗੱਲ ਸੁਣੋ, ਤੁਸੀਂ ਹੁਣ ਮਰ ਚੁੱਕੇ ਹੋ। ਹੁਣ ਤੋਂ ਬਾਅਦ ਲੋਕ ਤੁਹਾਨੂੰ ਸਲੀਬ ਉੱਤੇ ਟੰਗਿਆ ਵੇਖ ਕੇ ਮੱਥੇ ਟੇਕਿਆ ਕਰਨਗੇ ਅਤੇ ਮੇਰੀਆਂ ਗੱਲਾਂ ਸੁਣ ਕੇ ਧਰਵਾਸ ਹਾਸਲ ਕਰਨਗੇ ਬੇਸ਼ੱਕ ਮੈਂ ਤੇਰੇ ਨਾਮ ਉੱਤੇ ਕੁੱਝ ਵੀ ਆਖ ਦਿਆਂ’। ਆਖਦੇ ਹਨ ਕਿ ਇਸ ਤਰਾਂ ਈਸਾ ਜੀ ਦੇ ਸਲੀਬ ਚੜਨ ਤੋਂ ਤੀਜੇ ਦਿਨ ਹੀ ਪਾਦਰੀਪਣ ਪੈਦਾ ਹੋ ਗਿਆ ਸੀ। ਉੱਨੀ ਇੱਕੀ ਦੇ ਫਰਕ ਨਾਲ ਸਾਰੇ ਧਰਮਾਂ ਦਾ ਇਹੀ ਹਾਲ ਹੈ। ਜਿਹੜਾ ਧਰਮ ਪੁਰਾਣਾ ਹੈ ਤਾਂ ਉਸ ਵਿੱਚ ਪਾਦਰੀਪਣ ਦਾ ਜੱਟ ਜੱਫਾ ਵੱਧ ਤਾਕਤਵਰ ਹੈ ਅਤੇ ਜੇ ਧਰਮ ਨਵਾਂ ਤਾਂ ਉਸਦਾ ਪਾਦਰੀਪਣ ਹਾਲੇ ਆਪਣੇ ਪੁਰਾਣੇ ਸਾਥੀਆਂ ਦੀ ਬਰਾਬਰੀ ਕਰਨ ਦੀ ਕੋਸਿ਼ਸ਼ ਵਿੱਚ ਮਸਰੂਫ ਹੈ।  

ਈਸਾਈ ਧਰਮ ਵਿੱਚ ਇਹ ਆਮ ਪ੍ਰਚੱਿਲਤ ਹੈ ਕਿ ਈਸਾ ਮਸੀਹ ਜੀ ਨੇ ਕਿਹਾ ਸੀ ਕਿ ਜਿੱਥੇ ਕਿਤੇ ਦੋ ਜਾਂ ਤਿੰਨ ਵਿਅਕਤੀ ਇੱਕਤਰ ਹੋ ਕੇ ਰੱਬ ਦਾ ਨਾਮ ਲੈਣਗੇ, ਉੱਥੇ ਮੈਂ ਹਾਜ਼ਰ ਹੋਵਾਂਗਾ। ਇਹ ਗੱਲ ਸਿੱਖ ਧਰਮ ਵਿੱਚ ਪੰਚ ਪ੍ਰਧਾਨ ਦੇ ਸਿਧਾਂਤ ਵਾਗੂੰ ਮਨੁੱਖਾਂ ਦੇ ਰਲ ਰੱਬ ਦਾ ਨਾਮ ਲੈਣ ਦੀ ਸਾਖੀ ਭਰਦੀ ਹੈ। ਕੋਰੋਨਾ ਵਾਇਰਸ ਕਾਰਣ ਸ੍ਰੀ ਦਰਬਾਰ ਸਾਹਿਬ ਅਮ੍ਰਤਿਸਰ ਤੋਂ ਲੈ ਕੇ ਵੈਟੀਕਨ ਤੋਂ ਸਾਊਦੀ ਅਰਬੀਆ ਵਿੱਚ ਮੱਕੇ ਤੱਕ ਸੱਭ ਕੁੱਝ ਬੰਦ ਕਰਨ ਦੇ ਹੁਕਮ ਦੀ ਮਜਬੂਰੀ ਨੇ ਮੁੜ ਲੋਕਾਂ ਨੂੰ ਲੱਖਾਂ ਤੋਂ ਪੰਚ ਪ੍ਰਧਾਨ ਦੇ ਨੁਕਤੇ ਉੱਤੇ ਲਿਆ ਕੇਂਦਰਿਤ ਕੀਤਾ ਹੈ।

ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਵਰਤਾਰਾ ਅਸਥਾਈ ਸਾਬਤ ਹੋਵੇਗਾ ਜਾਂ ਹੁਣ ਤੋਂ ਬਾਅਦ ਲੋਕ ਆਪਣੇ ਨਿੱਜ ਧਰਮ (Religious philosophy centered on the spiritual growth of an individual’s self) ਉੱਤੇ ਕੇਂਦਰਿਤ ਹੋ ਜਾਣਗੇ? ਕੀ ਸਥਾਪਿਤ ਧਰਮ ਦੇ ਵੱਡੇ ਖਰਚਿਆਂ ਅਤੇ ਵੱਡੇ ਆਡੰਬਰਾਂ ਵਾਲੇ ਵਾਲੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਗਿਰਜਾ ਘਰਾਂ ਵਾਲੇ ਸਰੂਪ ਨੂੰ ਖੋਰਾ ਲੱਗੇਗਾ? ਜਾਂ ਫੇਰ ਪਾਦਰੀਪਣ ਆਪਣੇ ਪਹਿਲਾਂ ਵਾਲੇ‘ਜੱਟ ਜੱਫੇ’ ਵਾਲੇ ਰੂਪ ਵਿੱਚ ਪਰਤ ਆਵੇਗਾ? ਇਸ ਪਾਦਰੀਪਣ ਵਿੱਚ ਧਰਮ ਦੇ ਨਾਮ ‘ਬਾਬਾ ਕਲਚਰ’ ਦੇ ਕਾਰਜ-ਕਰਤਾ ਵੀ ਸ਼ਾਮਲ ਹਨ ਜੋ ਹਰ ਧਰਮ ਵਿੱਚ ਖੂਬ ਗਿਣਤੀ ਵਿੱਚ ਪਾਏ ਜਾਂਦੇ ਹਨ।

ਇੱਕ ਪੁਰਾਤਨ ਯੂਨਾਨੀ ਕਥਾ ਮੁਤਾਬਕ ਫੀਨਿਕਸ ਇੱਕ ਅਜਿਹਾ ਪੰਛੀ ਹੁੰਦਾ ਹੈ ਜੋ ਪੰਜ ਸੌ ਸਾਲ ਦਾ ਜੀਵਨ ਕਾਲ ਭੋਗ ਕੇ ਆਪਣੇ ਅੰਤ ਸਮੇਂ ਖੁਦ ਹੀ ਅੱਗ ਪੈਦਾ ਕਰਕੇ ਖੁਦ ਨੂੰ ਉਸ ਵਿੱਚ ਭਸਮ ਕਰ ਲੈਂਦਾ ਹੈ। ਜਦੋਂ ਉਸਦੀ ਚਿਤਾ ਦੀ ਅੱਗ ਠੰਡੀ ਹੋ ਜਾਂਦੀ ਹੈ ਤਾਂ ਫੀਨਿਕਸ ਉਸੇ ਰਾਖ ਵਿੱਚੋਂ ਮੁੜ ਸੁਰਜੀਤ ਹੋ ਜਾਂਦਾ ਹੈ। ਕੀ ਕੋਰੋਨਾ ਵਾਇਰਸ ਵੱਲੋਂ ਮਾਰਿਆ ਧੱਕਾ ਸਥਾਪਿਤ ਪਾਦਰੀਪਣ ਨੂੰ ਕਮਜ਼ੋਰ ਕਰਨ ਵਿੱਚ ਕੋਈ ਰੋਲ ਅਦਾ ਕਰੇਗਾ ਜਾਂ ਪਾਦਰੀਪਣ ਮਿਥਿਹਾਸਕ ਫੀਨਿਕਸ ਪੰਛੀ ਵਾਗੂੰ ਫੇਰ ਮੁੜ ਸੁਰਜੀਤ ਹੋ ਜਾਵੇਗਾ?  

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ