ਚੰਡੀਗੜ੍ਹ, 17 ਅਕਤੂਬਰ (ਪੋਸਟ ਬਿਊਰੋ)- ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਕੇਸ ਵਿੱਚ ਝਾੜ ਪਾਉਂਦਿਆਂ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਡਵੀਜ਼ਨ ਬੈਂਚ ਨੇ ਏਅਰ ਇੰਡੀਆ ਨੂੰ ਕਿਹਾ ਕਿ ਜੇ ਢੰਗ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਸ ਨੂੰ ਸਮੁੱਚੇ ਵਿਸ਼ਵ ਵਿੱਚ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਅਸਲ ਵਿੱਚ ਹਾਈ ਕੋਰਟ ਨੇ ਏਅਰ ਇੰਡੀਆ ਦੇ ਸਥਾਨਕ ਅਫਸਰ ਕੋਲੋਂ ਸਮੁੱਚੇ ਵਿਸ਼ਵ 'ਚ ਏਅਰ ਇੰਡੀਆ ਦੇ ਆਪਰੇਸ਼ਨ, ਸੰਭਾਵਨਾ ਤੇ ਮੌਜੂਦਾ ਕੰਮ-ਕਾਜ ਦੀ ਜਾਣਕਾਰੀ ਮੰਗੀ ਸੀ, ਪਰ ਉਨ੍ਹਾਂ ਨੇ ਸਿਰਫ ਚੰਡੀਗੜ੍ਹ ਬਾਰੇ ਹੀ ਜਵਾਬ ਦਿੱਤਾ ਸੀ। ਇਸ ਉੱਤੇ ਹਾਈ ਕੋਰਟ ਨੇ ਝਾੜ ਪਾ ਕੇ ਏਅਰ ਇੰਡੀਆ ਦੇ ਆਪਰੇਸ਼ਨ ਐਗਜ਼ੀਕਿਊਟਿਵ ਡਾਇਰੈਕਟਰ ਨੂੰ ਨਿੱਜੀ ਤੌਰ ਉਤੇ ਤਲਬ ਕਰ ਲਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ ਚੰਡੀਗੜ੍ਹ ਏਅਰਪੋਰਟ 'ਤੇ ਕੈਟ ਲਾਈਟਾਂ ਲਗਾਉਣ ਦਾ ਕੰਮ ਕਰ ਰਹੀ ਕੰਪਨੀ ਐਸ ਈ ਡੀ ਨੂੰ ਨਵੇਂ ਸਿਰਿਉਂ ਨੋਟਿਸ ਜਾਰੀ ਕੀਤਾ ਹੈ। ਪਿਛਲੀ ਵਾਰ ਇਸ ਨੂੰ ਧਿਰ ਬਣਾਇਆ ਗਿਆ ਸੀ, ਪਰ ਨੋਟਿਸ ਨਹੀਂ ਮਿਲਿਆ ਸੀ। ਇਸ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਕੋਰਟ ਦੀ ਹਦਾਇਤ ਉੱਤੇ ਹਵਾਈ ਅੱਡੇ ਦੇ ਪਾਬੰਦੀ ਸ਼ੁਦਾ ਖੇਤਰ ਦੀਆਂ ਨਾਜਾਇਜ਼ ਉਸਾਰੀਆਂ ਢਾਹੁਣ ਗਈ ਟੀਮ ਨੇ ਜੇ ਦਾਇਰੇ ਤੋਂ ਬਾਹਰ ਕੋਈ ਉਸਾਰੀ ਢਾਹੀ ਹੋਵੇ ਤਾਂ ਇਸ ਦਾ ਮੁਆਵਜ਼ਾ ਸਬੰਧਤ ਅਫਸਰ ਕੋਲੋਂ ਵਸੂਲਿਆ ਜਾਵੇਗਾ। ਇਹ ਗੱਲ ਹਾਈ ਕੋਰਟ ਨੇ ਉਸ ਵੇਲੇ ਸਪੱਸ਼ਟ ਕੀਤੀ ਜਦੋਂ ਦੋ ਪਟੀਸ਼ਨਾਂ ਵਿੱਚ ਕਿਹਾ ਗਿਆ ਸੀ ਕਿ ਦਸਤੇ ਵੱਲੋਂ ਗਲਤ ਕਾਰਵਾਈ ਕੀਤੀ ਗਈ, ਜਦੋਂ ਕਿ ਕੁਝ ਉਸਾਰੀਆਂ ਸਹੀ ਸਨ।