ਫਿਲੌਰ, 17 ਅਕਤੂਬਰ (ਪੋਸਟ ਬਿਊਰੋ)- ਭਾਰਤ ਦਾ ਬੇਸ਼ੁਮਾਰ ਕੀਮਤੀ ਹੀਰਾ ਕੋਹਿਨੂਰ ਅੰਗਰੇਜ਼ਾਂ ਦੀ ਰਾਣੀ ਨੂੰ ਤੋਹਫੇ ਵਿੱਚ ਨਹੀਂ ਸੀ ਦਿੱਤਾ ਗਿਆ, ਉਸ ਸਮੇਂ ਦੇ ਮਹਾਰਾਜਾ ਦਲੀਪ ਸਿੰਘ ਦੀ ਇੱਛਾ ਵਿਰੁੱਧ ਅੰਗਰੇਜ਼ਾਂ ਨੇ ਕੋਹਿਨੂਰ ਨੂੰ ਗਲਤ ਢੰਗ ਨਾਲ ਹਥਿਆ ਲਿਆ ਸੀ। ਇਹ ਖੁਲਾਸਾ ਆਰ ਟੀ ਆਈ ਤੋਂ ਮਿਲੀ ਜਾਣਕਾਰੀ ਨਾਲ ਹੋਇਆ ਹੈ।
ਪੰਜਾਬ ਦੇ ਆਰ ਟੀ ਆਈ ਵਰਕਰ ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਹਿਨੂਰ ਹੀਰੇ ਦੀ ਜਾਣਕਾਰੀ ਆਰ ਟੀ ਆਈ ਦੇ ਰਾਹੀਂ ਇਸ ਕਰ ਕੇ ਲੈਣੀ ਪਈ ਕਿ ਜਦੋਂ ਉਹ ਕੁਝ ਮਹੀਨੇ ਪਹਿਲਾਂ ਲੰਡਨ ਗਏ ਤਾਂ ਉਥੇ ਬ੍ਰਿਟੇਨ ਦੇ ਮਿਊਜ਼ੀਅਮ ਵਿੱਚ ਪਏ ਕੋਹਿਨੂਰ ਨੂੰ ਦੇਖਣ ਗਏ ਸਨ, ਜਿੱਥੇ ਹੀਰੇ ਦੇ ਨਾਲ ਹੋਰ ਵੀ ਚੀਜ਼ਾਂ ਪਈਆਂ ਹਨ। ਕੋਹਿਨੂਰ ਨੂੰ ਦੇਖਣ ਲਈ ਉਨ੍ਹਾਂ ਨੇ ਭਾਰਤੀ ਕਰੰਸੀ ਦੇ ਹਿਸਾਬ 3500 ਰੁਪਏ ਪ੍ਰਤੀ ਵਿਅਕਤੀ ਦੀ ਟਿਕਟ ਖਰੀਦੀ ਅਤੇ ਦੂਜਾ ਉਥੇ ਬ੍ਰਿਟਿਸ਼ ਸਰਕਾਰ ਨੇ ਬਾਕਾਇਦਾ ਲਿਖ ਕੇ ਲਾਇਆ ਹੋਇਆ ਹੈ ਕਿ ਇਹ ਹੀਰਾ ਉਨ੍ਹਾਂ ਨੂੰ ਤੋਹਫੇ ਵਿੱਚ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਨੇ ਆਰ ਟੀ ਆਈ ਤੋਂ ਜਾਣਕਾਰੀ ਹਾਸਲ ਕੀਤੀ ਤਾਂ ਇੱਕ ਨਹੀਂ, ਸਗੋਂ ਕਈ ਖੁਲਾਸੇ ਹੋਏ। ਸਭ ਤੋਂ ਵੱਡਾ ਭੇਦ ਇਹੀ ਖੁੱਲ੍ਹ ਗਿਆ ਕਿ ਅੰਗਰੇਜ਼ਾਂ ਨੂੰ ਕੋਹਿਨੂਰ ਹੀਰਾ ਤੋਹਫੇ ਵਿੱਚ ਨਹੀਂ ਦਿੱਤਾ ਗਿਆ ਸੀ।
ਰੋਹਿਤ ਸਭਰਵਾਲ ਨੂੰ ਆਰ ਟੀ ਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 1849 ਵਿੱਚ ਐਂਗਲੋ-ਸਿੱਖ ਜੰਗ ਦੀ ਸਮਾਪਤੀ ਤੋਂ ਬਾਅਦ ਲਾਹੌਰ ਵਿੱਚ ਬ੍ਰਿਟਿਸ਼ ਫੌਜ ਨਾਲ ਸ਼ਾਂਤੀ ਸੰਧੀ ਹੋਈ ਸੀ। ਓਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਸਿਰਫ 13-14 ਸਾਲ ਦੇ ਸਨ। ਬ੍ਰਿਟਿਸ਼ ਫੌਜ ਨੇ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਕੋਹਿਨੂਰ ਹੀਰਾ ਲੈਣ ਦੀ ਪੇਸ਼ਕਸ਼ ਦੱਸੀ, ਜਿਸ ਨੂੰ ਦੇਣ ਤੋਂ ਮਹਾਰਾਜਾ ਨੇ ਮਨ੍ਹਾ ਕਰ ਦਿੱਤਾ, ਪਰ ਉਨ੍ਹਾਂ ਦੀ ਇੱਛਾ ਵਿਰੁੱਧ ਬ੍ਰਿਟਿਸ਼ ਫੌਜ ਨੇ ਕੋਹਿਨੂਰ ਆਪਣੇ ਕਬਜ਼ੇ ਵਿੱਚ ਲੈ ਕੇ ਮਹਾਰਾਣੀ ਦੇ ਸਪੁਰਦ ਕਰ ਦਿੱਤਾ।