Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਮਰਦਾਨਿਆ! ਕਾਈ ਨਾਨਕ ਦੀ ਖਬਰ ਆਖਿ..

September 27, 2019 09:49 AM

-ਗੱਜਣਵਾਲਾ ਸੁਖਮਿੰਦਰ ਸਿੰਘ
ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ 'ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਭਾਈ ਮਰਦਾਨਾ ਵਿੱਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰਕੇ ਉਹ ਆਪਣੇ ਦੀਨ ਵਿੱਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫ ਦੇਹ ਚੁਣੌਤੀਆਂ ਝੇਲਦਾ ਹੋਇਆ ਗੁਰੂ-ਆਸ਼ੇ 'ਤੇ ਪੂਰਾ ਖਰਾ ਉਤਰਿਆ।
ਭਲੇ ਭਾਈ ਮਰਦਾਨਾ ਦਾ ਇਕ ਗਰੀਬ ਪਛੜੇ ਘਰਾਣੇ ਨਾਲ ਸਬੰਧ ਸੀ, ਪਰ ਉਸ ਦਾ ਹਿਰਦਾ ਰੱਬੀ ਰਮਜ਼ਾਂ ਦੀਆਂ ਬਰੀਕ ਪਰਤਾਂ ਦੀ ਸਮਝ ਤੋਂ ਨਫੀ ਨਹੀਂ ਸੀ। ਉਸ ਦੇ ਧੁਰ-ਮਨ ਅੰਦਰ ਸ਼ੁਰੂ ਵਿੱਚ ਇਹ ਗੱਲ ਵਸ ਗਈ ਸੀ ਕਿ ਇਹ ਗੁਰੂ ਬਾਬਾ ਕੋਈ ਆਮ-ਸਧਾਰਨ ਪੁਰਖਾ ਨਹੀਂ, ਉਚ-ਮੰਡਲਾਂ ਦਾ ਵਾਸੀ ਕੋਈ ਬ੍ਰਹਿਮੰਡੀ ਗਿਆਤਾ ਹੈ। ਉਸ ਦਾ ਜਵਾਨੀ, ਬੁਢੇਪਾ ਤੇ ਉਮਰ ਦਾ ਅੰਤਲਾ ਪਹਿਰ ਗੁਰੂ ਸਾਹਿਬ ਦੇ ਲੇਖੇ ਲੱਗਣਾ ਇਸ ਗੱਲ ਦੀ ਗਵਾਈ ਦੇਂਦਾ ਹੈ। ਇਤਿਹਾਸ ਦੇ ਪੱਤਰੇ ਦੱਸਦੇ ਹਨ ਕਿ ਭਾਈ ਮਰਦਾਨਾ ਗੁਰੂ ਸਾਹਿਬ ਤੋਂ ਉਮਰ ਵਿੱਚ ਦਸ ਸਾਲ ਵਡੇਰਾ ਸੀ। ਪਹਿਲੀ ਉਦਾਸੀ 'ਤੇ ਜਾਣ ਵੇਲੇ ਭਾਈ ਮਰਦਾਨਾ 41 ਸਾਲਾਂ ਦਾ ਸੀ। ਉਸ ਦੀ ਗੁਰੂ ਬਾਬਾ ਦੇ ਨਿਰੰਤਰ ਸਾਥ ਦੀ ਚਾਹਤ ਪੂਰੀ ਹਿਯਾਤੀ ਮਨ-ਮਸਤਕ ਅੰਦਰ ਐਸੀ ਛਾਈ ਰਹੀਂ ਕਿ ਉਹ ਵਾਰ-ਵਾਰ ਗੁਰੂ ਸਾਹਿਬ, ‘‘ਬਾਬਾ! ਮੈਂ ਇਕ ਹੋਰ ਦਾਨ ਦੀ ਭਿਖਿਆ ਮੰਗਦਾ ਹਾਂ ਕਿ ਮੈਂ ਸਦਾ ਤੁਹਾਡੇ ਨਾਲ ਰਹਾਂ।''
ਕਬਹੂੰ ਨ ਤਜੀਏ ਦਯਾਲ।
ਸਦਾ ਰਾਖ ਚਰਨਨ ਨਾਲ।
ਗੁਰੂ ਸਾਹਿਬ ਨਾਲ ਵਰ੍ਹਿਆਂ ਬੱਧੀ ਸੰਗ ਕਰਦਿਆਂ ਭਾਈ ਮਰਦਾਨਾ ਤਲਵੰਡੀ ਵਾਲਾ ਗਰੀਬਾ ਡੂਮ ਨਹੀਂ ਸੀ ਰਿਹਾ, ਉਹ ਵੀ ਆਤਮਿਤ ਰੂਹਾਨੀ ਦੀ ਖਾਸ ਮੰਜ਼ਲ ਨੂੰ ਹਾਸਲ ਹੋ ਗਿਆ ਸੀ। 12 ਸਾਲਾਂ ਦੇ ਵੱਡੇ ਭ੍ਰਮਣ ਪਿੱਛੋਂ ਇਕ ਵਾਰ ਜਦ ਦੋਨੋਂ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਵਾਪਸ ਤਲਵੰਡੀ ਪਹੁੰਚੇ ਤਾਂ ਉਹ ਨਗਰ ਤੋਂ ਬਾਹਰ ਦੋ-ਤਿੰਨ ਕੋਹ ਪਿਛਾਂਹ ਹੀ ਬੈਠ ਗਏ। ਤਦ ਭਾਈ ਮਰਦਾਨਾ ਆਖਦਾ, ‘‘ਬਾਬਾ ਜੀ! ਹੁਕਮ ਹੋਵੇ ਤਾਂ ਮੈਂ ਘਰ ਵਲੋਂ ਫਿਰਿ ਆਵਾਂ, ਜਾ ਕੇ ਵੇਖਾਂ ਮਾਣੁ (ਮਨੁੱਖ) ਮੁਏ ਗਏ, ਕੀ ਹਾਲ ਹੋਇਆ ਹੋਵੇਗਾ ਉਨ੍ਹਾਂ ਦਾ।'' ਗੁਰੂ ਸਾਹਿਬ ਆਖਦੇ, ‘‘ਮਰਦਾਨੇ! ਤੂੰ ਚਲਾ ਜਾ, ਪਰ ਮੇਰਾ ਨਾਂ ਨਾ ਲਈ, ਜੇ ਕੋਇ ਆਇ ਆ ਕੇ ਤੈਨੂੰ ਪੁੱਛੇ ਕਿ ਨਾਨਕ ਦੀ ਕਾਈ ਖਬਰ? ਤਾਂ ਈਵੈ (ਇਵੇਂ) ਆਖੀ ਕਿ ਮੈਂ ਜਾਣਦਾ ਨਾਹੀਂ, ਜਿਦੋਕਣਾ (ਜਦ ਦਾ) ਸੁਲਤਾਨਪੁਰਹੁ ਡੇਰਾ ਲੁਟਾਇ ਨਿਕਲਿਆ ਤਿਦੋਕਣਾ (ਤਦ ਦਾ) ਮੈਂ ਉਸ ਦਾ ਨਾਉ ਜਪਦਾ ਫਿਰਦਾ ਹਾਂ। ਪਤਾ ਨਹੀਂ ਕਿਥੇ ਚਲਾ ਗਇਆ- ਤੂੰ ਈਵੈ ਆਖੀ।'' ਭਾਈ ਮਰਦਾਨਾ ਗੁਰੂ ਸਾਹਿਬ ਨੂੰ ਪਿੰਡ ਤਲਵੰਡੀ ਤੋਂ ਬਾਹਰ ਉਥੇ ਹੀ ਬਿਠਾ ਕੇ ਆਪ ਅਬਾਦ ਘਰਾਂ ਵਿੱਚ ਚਲਾ ਗਿਆ। ਉਸ ਨੂੰ ਵੇਖ ਕੇ ਲੋਕ ਇਕੱਠੇ ਹੋਣ ਲੱਗੇ। ਲੋਕ ਆਖਣ ਲੱਗੇ, ‘‘ਮਰਦਾਨਾ ਡੂਮ ਆਇਆ, ਮਰਦਾਨਾ ਡੂਮ ਆਇਆ, ਜੋ ਨਾਨਕ ਨਾਲ ਗਇਆ ਸਾ।'' ਸਭਿ ਆ ਕੇ ਉਸ ਦੇ ਪੈਰੀ ਪਈ ਜਾਣ, ਮੱਥਾ ਟੇਕੀ ਜਾਣ। ਇਕ ਦੂਜੇ ਨਾਲ ਘੁਸਰ ਮਸਰ ਜਿਹੀ ਕਰਦੇ ਹੋਏ ਆਖੀ ਜਾਣ, ‘‘ਇਸ ਉਪਰ ਵੀ ਬਾਬੇ ਦੇ ਨਾਲ ਦਾ ਪਰਤਾਪ ਹੈ। ਇਹ ਪਹਿਲਾਂ ਵਾਲਾ ਮਰਦਾਨਾ ਨਹੀਂ ਰਿਹਾ, ਇਸ ਦੇ ਸਿਰ ਤੇ ਵੀ ਉਸ ਬਾਬੇ ਨਾਨਕ ਦਾ ਸਾਇਆ ਹੈ।'' ਇਸ ਤਰ੍ਹਾਂ ਸੁਣ-ਸੁਣ ਕੇ ਸਾਰੇ ਨਗਰ ਦੇ ਲੋਕ ਆਈ ਜਾਣ ਤੇ ਚਰਨ ਬੰਦਨਾ ਕਰੀ ਜਾਣ। ਫਿਰ ਭਾਈ ਮਰਦਾਨਾ ਆਪੇ ਸਕੇ ਸਹੋਦਰਿਆਂ ਨੂੰ ਮਿਲ ਕੇ ਛੇਤੀ-ਛੇਤੀ ਗੁਰੂ ਬਾਬੇ ਦੇ ਘਰ ਚਲਾ ਗਿਆ।
ਮਾਤਾ ਤਿ੍ਰਪਤਾ ਨੇ ਅਚਾਨਕ ਚਿਰਾਂ ਤੋਂ ਵਿਛੜੇ ਮਰਦਾਨੇ ਨੂੰ ਵੇਖਿਆ ਤਾਂ ਉਹ ਉਸ ਡੂਮ ਦੇ ਗਲੇ ਚਿੰਬੜ ਗਈ ਛੱਡੇ ਹੀ ਨਾ। ਫਿਰ ਮਾਤਾ ਨੇ ਆਪਣੇ ਮੁੱਖੋਂ ਆਖਿਆ, ‘‘ਮਰਦਾਨਿਆ! ਕਾਈ ਨਾਨਕ ਦੀ ਖਬਰ ਆਖਿ”। ਭਾਈ ਮਰਦਾਨਾ ਨੇ ਕਿਹਾ, ‘‘ਜਿਦੋਕਣਾ ਸੁਲਤਾਨਪਰੋਂ ਡੇਰਾ ਲੁਟਾਇ ਨਿਕਲਿਆ ਤਿਦੋਕਣਾ ਕਿਹੁ ਨਾ ਜਾਪੀ ਉਹ ਕਿਥੇ ਗਇਆ ਹਉ (ਮੈਂ) ਭੀ ਉਸ ਦਾ ਨਾਮ ਜਪਦਾ ਫਿਰਿਦਾ ਹਾਂ। ਉਹ ਕਿਥਾਊ (ਕਿਥੇ) ਹੈ ਸੁ ਉਹ ਜਾਣੇ।'' ਮਾਤਾ ਜਾਣ ਗਈ, ਉਸ ਦੇ ਚਿਹਰੇ-ਮੋਹਰੇ ਤੋਂ ਭਾਪ ਗਈ ਕਿ ਉਸ ਦਾ ਇਹ ਪੱਕਾ ਮਿੱਤਰ ਮਰਦਾਨਾ, ਨਾਨਕ ਨੂੰ ਛੱਡ ਕੇ ਇਕੱਲਾ ਨਹੀਂ ਆ ਸਕਦਾ। ਨਾਨਕ ਜ਼ਰੂਰ ਇਸ ਦੇ ਨਾਲ ਹੋਵੇਗਾ। ਜਦ ਭਾਈ ਮਰਦਾਨਾ ਮਿਲ ਕੇ ਪਿੰਡੋ ਬਾਹਰ ਨਿਕਲਿਆ ਤਾਂ ਮਾਤਾ ਕੁਝ ਮਿਠਾਈ ਵਗੈਰਾ ਨਾਲ ਲੈ ਕੇ ਉਸ ਦੀ ਪੈੜ ਦੱਬ ਕੇ ਮਗਰ-ਮਗਰ ਚੱਲ ਪਈ। ਉਸ ਵੇਖਿਆ ਬਾਬਾ ਨਾਨਕ ਬਾਹਰ ਉਜਾੜ 'ਚ ਬੈਠਾ ਸੀ।
ਛੋਟੇ ਹੁੰਦਿਆਂ ਭਾਈ ਮਰਦਾਨਾ ਜਦ ਘਰੋਂ ਬਾਹਰ ਨਿਕਲਦਾ ਤਾਂ ਪਿੰਡ 'ਚ ਚੱਲਦਿਆਂ ਉਸ ਦੇ ਕਦਮ ਸੁਭਵਕ ਹੀ ਬਾਬੇ ਦੇ ਘਰ ਦੇ ਦਰ ਅੱਗੇ ਆ ਕੇ ਰੁਕ ਜਾਂਦੇ। ਉਥੇ ਰੁਕ ਕੇ ਉਹ ਰਬਾਬ ਵਜਾਉਣ ਲੱਗ ਪੈਂਦਾ। ਉਹ ਉਸ ਵੇਲੇ ਦੇ ਭਗਤਾਂ ਦੇ ਪਦੇ ਗਾਉਂਦਾ, ਜਾਣੋਂ ਉਸ ਕੋਲ ਸੰਗੀਤ ਦੀ ਹੀ ਕਿਰਤ ਨਹੀਂ, ਸਗੋਂ ਭਗਤੀ ਭਾਵ ਦਾ ਗਿਆਨ ਵੀ ਸੀ। ਇਕ ਦਿਨ ਭਾਈ ਮਰਦਾਨਾ ਰਬਾਬ ਨਾਲ ਕੋਈ ਪ੍ਰਸਿੱਧ ਵਾਰ ਗਾ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁੁੱਛਿਆ, ‘‘ਮਰਦਾਨੇ! ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ। ਰਬਾਬ ਸੁਣ ਕੇ ਪ੍ਰਤੀਤ ਹੁੰਦਾ ਤੈਨੂੰ ਤਾਂ ਰਾਗਾਂ ਦੀ ਬੜੀ ਸੋਝੀ ਹੈ, ਕਿੰਨਾਂ ਚੰਗਾ ਹੋਵੇ ਜੇ ਤੰੂ ਉਸ ਸੁਆਮੀ ਦੀ ਉਸਤਤ 'ਚ ਰੱਬੀ ਬਾਣੀ ਨੂੰ ਸੁਰ ਦੇ ਕੇ ਸਰਸ਼ਾਰ ਕਰੇਂ।''
ਰਚੀਆਂ ਸਾਖੀਆਂ ਕਥਾਵਾਂ ਨੂੰ ਵਾਚਦਿਆਂ ਲੱਗਦਾ ਹੈ ਕਿ ਸਾਡੇ ਇਤਿਹਾਸਕਾਰਾਂ ਵਿਖਿਆਨਕਾਰਾਂ ਅਤੇ ਪ੍ਰਚਾਰਕਾਂ ਨੇ ਬਹੁਤੇ ਥਾਈ ਭਾਈ ਮਰਦਾਨਾ ਨੂੰ ਪਛੜੀ ਜਾਤ ਦਾ ਕਹਿ ਕੇ, ਇਕ ਭੁੱਖੜ ਬਿਰਤੀ ਵਾਲੇ ਬੰਦੇ ਦਾ ਅਕਸ ਉਘਾੜਿਆ ਹੈ। ਭਾਈ ਮਰਦਾਨੇ ਨੂੰ ਇਕ ਲਾਗੀ, ਡੂਮ ਕਹਿ ਕੇ ਕਥਾਨਕ ਨੂੰ ਲੁਭਾਉਣਾ ਤੇ ਰੌਚਕ ਬਣਾਉਣ ਦੇ ਰੂਪ ਵਿੱਚ ਸਿਰਜਿਆ ਹੈ। ਜਦ ਸਾਰਾ ਸਮਾਜ ਸਭ ਪੱਖਾਂ ਤੋਂ ਨਿਘਰ ਚੁੱਕਾ ਸੀ, ਇਖਲਾਕੀ ਕਦਰਾਂ ਕੀਮਤਾਂ ਵਿਸਰ ਗਈਆ ਸਨ, ਭੋਲੇ ਭਾਲੇ ਲੋਕਾਂ ਦੀ ਕਿਰਤ ਨਾਲ ਲੁੱਟ ਜ਼ੋਰਾਂ 'ਤੇ ਸੀ, ਊਚ-ਨੀਚ ਤੇ ਜਾਤ-ਪਾਤ ਦਾ ਸਿਖਰ ਸੀ, ਗੁਰੂ ਸਾਹਿਬ ਨੇ ਇਸ ਮਨਫੀ ਵਰਤਾਰੇ ਨੂੰ ਦੂਰ ਕਰਨ ਲਈ ਨਵੀਂ ਮਾਨਵੀ ਕ੍ਰਾਂਤੀ ਦਾ ਆਗਾਜ਼ ਕੀਤਾ। ਭਲਾਂ ਉਸ ਮਹਾਨ ਕ੍ਰਾਂਤੀਕਾਰੀ ਗੁਰੂ ਨਾਲ ਤਮਾਮ ਉਮਰ ਬਿਤਾਉਣ ਵਾਲਾ ਭਾਈ ਮਰਦਾਨਾ ਅਸੂਝਵਾਨ ਕਿਵੇਂ ਰਹਿ ਸਕਦਾ ਸੀ। ਸਾਡੇ ਵਿਦਵਾਨਾਂ ਤੇ ਰਚਨਹਾਰਿਆਂ ਨੇ ਮਰਦਾਨੇ ਬਾਰੇ ਹਲਕੀ ਪੱਧਰ ਦਾ ਵਿਖਿਆਨ ਕਰਕੇ ਉਸ ਦੇ ਅੰਤਰ-ਚਿੰਤਨ ਨੂੰ ਨਹੀਂ ਜਾਣਿਆ, ਉਹ ਉਸ ਦੇ ਅੰਦਰ ਦੀ ਅਗਮ ਨਿਗਮ ਦੀ ਸੋਝੀ ਨੂੰ ਪਛਾਣ ਹੀ ਨਹੀਂ ਸਕੇ।
ਭਾਈ ਮਰਦਾਨਾ ਪੱਕਾ ਮੁਸਲਮਾਨ ਸੀ। ਪੰਜ ਵਕਤ ਦਾ ਨਮਾਜ਼ੀ, ਰਮਜ਼ਾਨ ਦੇ ਦਿਨੀ ਰੋਜ਼ਾ ਰੱਖਦਾ ਸੀ। ਫਿਰ ਵੀ ਦੂਜੇ ਦਿਨੀ ਅਮਲ ਵਿੱਚ ਰਹਿ ਕੇ ਉਹ ਗੁਰੂ ਸਾਹਿਬ ਦੇ ਦਿ੍ਰੜ ਕਰਵਾਏ ਉਪਦੇਸ਼ 'ਤੇ ਚੱਲਦਿਆਂ, ਉਨ੍ਹਾਂ ਦੇ ਬਚਨਾਂ 'ਤੇ ਵਾਅਦੇ-ਵਫਾ ਰਿਹਾ।
ਅਨੇਕਾਂ ਸਾਲ ਗੁਰੂ ਸਾਹਿਬ ਦੀ ਸੰਗਤ ਵਿੱਚ ਰਹਿੰਦਿਆਂ ਉਹ ਅਜਿਹੀ ਅਵਸਥਾ ਵਿੱਚ ਆ ਗਿਆ ਕਿ ਉਹ ਗੁਰੂ ਸਾਹਿਬ ਤੋਂ ਵਿਛੋੜਾ ਮੂਲ ਨਹੀਂ ਸੀ ਚਹੁੰਦਾ। ਇਕ ਵਾਰ ਭਾਈ ਮਰਦਾਨਾ ਨੇ ਗੁਰੂ ਸਾਹਿਬ ਦੇ ਜਵਾਬ ਵਿੱਚ ਹੌਸਲਾ ਕਰਦੇ ਹੋਏ ਕਹਿ ਹੀ ਦਿੱਤਾ, ‘‘ਜੀ ਤੂੰ ਖੁਦਾਇ ਦਾ ਡੂਮ ਹੈਂ, ਮੈਂ ਤੇਰਾ ਡੂਮ, ਤੈ ਖੁਦਾਇ ਪਾਇਆ ਹੈ, ਤੈ ਖੁਦਾਇ ਦੇਖਿਆ ਹੈ, ਤੇਰਾ ਕਹਿਆ ਖੁਦਾ ਕਰਦਾ ਹੈ, ਤੂੰ ਮੇਰੀ ਬੇਨਤੀ ਸੁਣਿ ਜੀ! ਏਕ ਮੈਨੋ ਵਿਛੋੜਣਾ ਨਾਹੀ, ਆਪ ਨਾਲਹੁ, ਨ ਐਥੇ ਨ ਓਥੇ।''
ਗੁਰੂ ਸਾਹਿਬ ਨੇ ਭਾਈ ਮਰਦਾਨਾ ਦੇ ਵੱਡੇ ਤਿਆਗ ਅਤੇ ਉਸ ਦੀ ਘਾਲ ਕਮਾਈ ਨੂੰ ਖੂਬ ਨਿਵਾਜਿਆ। ਉਸ ਦੀ ਨਿਛਾਵਰਤਾ ਦੀ ਦੇਣ ਦਾ ਮੁੱਲ ਨਹੀਂ ਰੱਖਿਆ। ਤਵਾਰੀਖ ਦੱਸਦੀ ਹੈ ਕਿ ਭਾਈ ਮਰਦਾਨਾ ਤੇ ਗੁਰੂ ਸਾਹਿਬ ਜਦ ਬਗਦਾਦ ਫੇਰੀ ਤੋਂ ਬਾਅਦ ਅਫਗਾਨਿਸਤਾਨ ਭੱਖਰ ਤੇ ਕੰਧਰ ਦੇ ਇਲਾਕੇ ਵਿੱਚ ਅਫਗਾਨਿਸਤਾਨ ਕੁਰਮ ਦਰਿਆ ਕੋਲ ਜਾ ਰਹੇ ਸਨ ਤਾਂ ਭਾਈ ਮਰਦਾਨਾ ਦੀ ਸਿਹਤ ਖਰਾਬ ਹੋਣ ਲੱਗੀ, ਦੇਹੀ ਜਵਾਬ ਦੇਣ ਲੱਗੀ। ਇਸ ਦੌਰਾਨ ਭਾਈ ਮਰਦਾਨਾ ਨੇ ਆਖਿਆ, ‘‘ਜੀ, ਮੇਰੀ ਦੇਹ ਕਿੱਥੇ ਛੂਟੇਗੀ?'' ਗੁਰੂ ਸਾਹਿਬ ਆਖਿਆ, ‘‘ਤੇਰੀ ਦੇਹ ਭਲੀ ਜਗ੍ਹਾ ਛੁੱਟੇਗੀ।'' ਭਾਈ ਮਰਦਾਨਾ ਨੇ ਕਿਹਾ, ‘‘ਜੀ ਤੁਸੀ ਹਾਜ਼ਰ ਹੋਸੋ ਨਾ?'' ਗੁਰੂ ਸਾਹਿਬ ਬੋਲੇ, ‘‘ਮਰਦਾਨਾ! ਅਸੀਂ ਤੇਰਾ ਕੰਮ ਕਰਕੇ ਜਾਸੀਏ (ਜਾਵਾਂਗੇ)।'' ਤਦ ਭਾਈ ਮਰਦਾਨੇ ਪੁੱਛਿਆ, ‘‘ਜੀ ਸਾੜੋਗੇ ਜਾਂ ਦੱਬੋਗੇ?'' ਗੁਰੂ ਸਾਹਿਬ ਆਖਿਆ, ‘‘ਮਰਦਾਨਾ ਜੋ ਤੂੰ ਆਖੇ ਸੋ ਕਰੀਏ।'' ਫਿਰ ਗੁਰੂ ਸਾਹਿਬ ਉਸ ਨੂੰ ਖੁਰਮ ਸ਼ਹਿਰ ਲੈ ਗਏ। ਉਥੇ ਪੰਜਾਵੇਂ ਦਿਨ ਗੁਰੂ ਸਾਹਿਬ ਪੁੱਛਿਆ, ‘‘ਕਿਉ ਮਰਦਾਨਾ ਦੇਹਿ ਖਬਰਾਂ।'' ਭਾਈ ਮਰਦਾਨਾ ਨੇ ਆਖਿਆ, ‘‘ਜੀ ਤਈਆਰੀ ਹੈ।'' ਕੁਝ ਪਲਾਂ ਬਾਅਦ ਭਾਈ ਮਰਦਾਨਾ ਪੂਰੇ ਹੋ ਗਏ। ਭਾਈ ਮਰਦਾਨਾ ਜੀ ਜੀਵਨ ਯਾਤਰਾ ਸੰਪੰਨ ਹੋ ਗਈ।
ਭਾਈ ਮਰਦਾਨਾ ਜਦ ਕਾਲਵੱਸ ਹੋ ਗਏ ਤਾਂ ਗੁਰੂ ਸਾਹਿਬ ਨੇ ਆਪਣੇ ਅਰਸ਼ੀ ਸਾਥੀ ਦੇ ਤਿਆਗ ਅਤੇ ਸਿਦਕ ਦਾ ਮੁੱਲ ਅਦਾ ਕੀਤਾ। ਉਨ੍ਹਾਂ ਨੇ ਭਾਈ ਮਰਦਾਨਾ ਦੇ ਨਾਂ 'ਤੇ ਰਚੇ ਤਿੰਨ ਸਲੋਕਾਂ ਨੂੰ ਬਾਣੀ ਅਥਵਾ ਬਾਣੀਕਾਰ ਦੇ ਰੂਪ ਵਿੱਚ ਸ੍ਰੇਸ਼ਟ ਸਿਰੋਪੇ ਦੀ ਬਖਸ਼ਿਸ਼ ਕਰਦਿਆਂ, ਉਸ ਨੂੰ ਬ੍ਰਹਮੀ ਪੁਰਖ ਬਣਾ ਦਿੱਤਾ। ਕਦੇ-ਕਦੇ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਆਪਣੇ ਮਹਾਨ ਸੰਗੀ 'ਤੇ ਬਹੁਤ ਉਚਤਾ ਦੀ ਬਖਸ਼ਿਸ਼ ਕਰ ਦਿੱਤੀ ਪਰ ਅਸੀਂ ਭਾਈ ਮਰਦਾਨਾ ਨੂੰ ਕੋਈ ਉਚਾ ਸਥਾਨ ਨਹੀਂ ਦੇ ਸਕੇ। ਅੱਜ ਗੁਰੂ ਨਾਨਕ ਦੇਵ ਦਾ ਅਸੀਂ ਕੁੱਲ ਆਲਮ ਵਿੱਚ 550ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ। ਕਿੰਨਾ ਚੰਗਾ ਹੁੰਦਾ ਕਿ ਉਸ ਧੰਨਤਾ ਦੇ ਯੋਗ, ਨੇਕ-ਬਖਤ ਭਾਈ ਮਰਦਾਨਾ ਨੂੰ ਵੀ ਚੇਤੇ ਕਰਦੇ ਹੋਏ, ਕਿਸੇ ਸਮਾਰਕ ਦਾ ਨਿਰਮਾਣ ਕਰਕੇ, ਦੀਨੀ ਵਿਤਕਰਿਆਂ ਦੇ ਵੇਗ ਨੂੰ ਠੱਲ੍ਹਣ ਲਈ ਕੋਈ ਪੈਗਾਮ ਦੇ ਸਕਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ