ਸਾਨ ਫਰਾਂਸਿਸਕੋ, 17 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਹੋ ਰਹੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਲੋਕਾਂ ਨੂੰ ਵੋਟਿੰਗ ਕਰਨ ਤੋਂ ਰੋਕਣ ਵਾਲਿਆਂ ਦੇ ਚਾਲਿਆਂ ਖਿਲਾਫ ਆਪਣੀਆਂ ਨੀਤੀਆਂ ਸਖਤ ਕਰਨ ਦਾ ਐਲਾਨ ਕੀਤਾ ਹੈ।
ਵਰਨਣ ਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਕਈ ਕਿਸਮ ਦੀਆਂ ਭਰਮਾਊ ਜਿਹੀਆਂ ਜਾਣਕਾਰੀਆਂ ਫੈਲਾਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੈਸੇਜ ਨਾਲ ਵੀ ਵੋਟ ਕਰ ਸਕਦੇ ਹਨ। ਵੋਟਾਂ ਦੀ ਗਿਣਤੀ ਬਾਰੇ ਵੀ ਉਨ੍ਹਾਂ ਨੂੰ ਵਰਗਲਾਇਆ ਜਾਂਦਾ ਹੈ। ਫੇਸਬੁੱਕ ਨੇ ਇਨ੍ਹਾਂ ਸਭ ਭਰਮਾਊ ਜਾਣਕਾਰੀਆਂ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸੰਬੰਧ ਵਿੱਚ ਫੇਸਬੁੱਕ ਦੀ ਪਬਲਿਕ ਪਾਲਿਸੀ ਮੈਨੇਜਰ ਜੈਸਿਕਾ ਲੇਇੰਵਾਂਡ ਨੇ ਕਿਹਾ ਜੇ ਕਿਸੇ ਯੂਜ਼ਰਜ਼ ਨੂੰ ਮਤਦਾਨ ਨਾਲ ਜੁੜੀ ਕੋਈ ਵੀ ਅਜਿਹੀ ਜਾਣਕਾਰੀ ਨਜ਼ਰ ਆਉਂਦੀ ਹੈ ਜੋ ਉਨ੍ਹਾਂ ਦੇ ਹਿਸਾਬ ਨਾਲ ਗਲਤ ਹੈ ਤਾਂ ਉਹ ਫੇਸਬੁੱਕ ਵਿੱਚ ਉਸ ਦੀ ਰਿਪੋਰਟ ਸਿ਼ਕਾਇਤ ਕਰਵਾ ਸਕਦੇ ਹਨ। ਸੂਬੇ ਦੇ ਚੋਣ ਕਮਿਸ਼ਨ ਲਈ ਵੀ ਰਿਪੋਰਟਿੰਗ ਚੈਨਲ ਬਣਾਏ ਗਏ ਹਨ।' ਚੋਣਾਂ ਨਾਲ ਜੁੜੀਆਂ ਜਾਣਕਾਰੀਆਂ ਦੀ ਪ੍ਰਮਾਣਿਕਤ ਜਾਂਚਣ ਲਈ ਕੰਪਨੀ ਉਸ ਨੂੰ ਮਾਹਰਾਂ ਕੋਲ ਭੇਜੇਗੀ। ਜਾਣਕਾਰੀ ਗਲਤ ਨਿਕਲਣ 'ਤੇ ਉਹ ਨਿਊਜ਼ ਫੀਡ 'ਚ ਸਭ ਤੋਂ ਆਖਰ 'ਤੇ ਨਜ਼ਰ ਆਵੇਗਾ। ਉਸ ਨਾਲ ਮਾਹਰਾਂ ਦੀਆਂ ਵਾਧੂ ਜਾਣਕਾਰੀਆਂ ਵੀ ਜੋੜੀਆਂ ਜਾਣਗੀਆਂ।