Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਅਦਭੁੱਤ ਲੋਕ ਕਾਵਿ ਰੂਪ ਥਾਲ

September 25, 2019 01:10 PM

-ਸੁਖਦੇਵ ਮਾਦਪੁਰੀ
‘ਥਾਲ’ ਪੰਜਾਬੀ ਲੋਕ ਗੀਤਾਂ ਦਾ ਅਜਿਹਾ ਰੂੁੁਪ ਹੈ, ਜੋ ਪੰਜਾਬ ਦੀਆਂ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ 'ਤੇ ਖੜੋਤੀਆਂ ਕੁੜੀਆਂ ਤੇ ਮੁਟਿਆਰਾਂ ਇਸ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋਂ ਨਾਲ ਗਾਉਂਦੀਆਂ ਹਨ। ਇਸ ਨੂੰ ਥਾਲ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਉਂਜ ਜਵਾਨ ਤੇ ਨਵ ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਦਾਂ ਤੇ ਭੈਣਾਂ ਨਾਲ ਰਲ ਕੇ ਥਾਲ ਪਾਉਂਦੀਆਂ ਹਨ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਰੋੜਿਆਂ ਦੀ ਖੇਡ ਦੇ ਨਾਲ ਹੀ ਇਹ ਖੇਡ ਖੇਡਣ ਲੱਗ ਜਾਂਦੀਆਂ ਹਨ। ਇਹ ਖੇਡ ਆਮ ਤੌਰ 'ਤੇ ਦੁਪਹਿਰ ਸਮੇਂ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
ਥਾਲ ਸੱਤਾਂ ਤੈਹਾਂ (ਪਰਦਿਆਂ) ਵਾਲੀ ਲੀਰਾਂ ਦੀ ਧਾਗਿਆਂ ਨਾਲ ਗੁੰਦੀ ਹੋਈ ਗੇਂਦ ਨਾਲ ਖੇਡੇ ਜਾਂਦੇ ਹਨ, ਜਿਸ ਨੂੰ ਖਿੱਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਸ ਦੇ ਖੇਡਣ ਦਾ ਤਰੀਕਾ ਬਹੁਤ ਸੌਖਾ ਤੇ ਸਰਲ ਹੈ। ਉਂਜ ਗਿਣਤੀ 'ਤੇ ਕੋਈ ਵੀ ਪਾਬੰਦੀ ਨਹੀਂ। ਆਮ ਤੌਰ 'ਤੇ ਇਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਖਿਡਾਰਨਾਂ ਅੱਧ ਚੱਕਰ ਵਿਚ ਧਰਤੀ 'ਤੇ ਬੈਠ ਜਾਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਇਕ ਕੁੜੀ ਇਕ ਹੱਥ ਨਾਲ ਖਿੱਦੋ ਨੂੰ ਹਵਾ ਵਿਚ ਉਛਾਲਦੀ ਤੇ ਫੇਰ ਸੱਜੇ ਹੱਥ ਦੀ ਤਲੀ 'ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ 'ਤੇ ਬੁੜ੍ਹਕਾਉਂਦੀ ਹੋਈ ਨਾਲੋ ਨਾਲ ਇਸੇ ਤਾਲ ਨਾਲ ਥਾਲ ਗੀਤ ਦੇ ਬੋਲ ਬੋਲਦੀ ਹੈ। ਅੱਧ ਚੱਕਰ ਵਿਚ ਬੈਠੀਆਂ ਕੁੜੀਆਂ ਉਸ ਵੱਲ ਉਤਸੁਕਤਾ ਨਾਲ ਵੇਖਦੀਆਂ ਹਨ ਤੇ ਉਨ੍ਹਾਂ ਦੀ ਨਜ਼ਰ ਬੁੜ੍ਹਕਦੀ ਹੋਈ ਖਿੱਦੋ 'ਤੇ ਟਿਕੀ ਹੁੰਦੀ ਹੈ। ਖਿੱਦੋ ਬੁੜ੍ਹਕਣ ਦਾ ਭਾਵ ਖਿੱਦੋ ਦੇ ਟੱਪੇ ਮਰਵਾਉਣ ਹੈ। ਜਦੋ ਇਕ ਥਾਲ ਗੀਤ ਮੁੱਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ ਗੀਤ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਦੂਜੇ ਪਿੱਛੋਂ ਤੀਜਾ ਤੇ ਤੀਜੇ ਪਿੱਛੋਂ ਚੌਥਾ ਥਾਲ ਤੇ ਇੰਜ ਹੀ ਥਾਲ ਦੇ ਬੋਲ ਬੋਲੇ ਜਾਂਦੇ ਹਨ। ਜੇ ਸੱਜਾ ਹੱਥ ਥੱਕ ਜਾਵੇ ਤਾਂ ਖੱਬੇ ਹੱਥ ਦੀ ਤਲੀ ਨਾਲ ਖਿੱਦੋ ਬੁੜ੍ਹਕਾਉਣ ਤੇ ਥਾਲ ਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਥਾਲਾਂ ਦੀ ਗਿਣਤੀ ਨਾਲੋ ਨਾਲ ਕੀਤੀ ਜਾਂਦੀ ਹੈ। ਜਿੱਥੇ ਖਿੱਦੋ ਡਿੱਗ ਪਵੇ, ਉਥੇ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ ਪਾਉਣੇ ਆਰੰਭ ਦਿੰਦੀ ਹੈ। ਇਸੇ ਤਰ੍ਹਾਂ ਵਾਰੋ ਵਾਰੀ ਸਾਰੀਆਂ ਕੁੜੀਆਂ ਥਾਲ ਪਾਉਂਦੀਆਂ ਹਨ। ਅਖੀਰ ਵਿਚ ਸਾਰੀਆਂ ਕੁੜੀਆਂ ਦੇ ਥਾਲਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ, ਉਸ ਨੂੰ ਜੇਤੂ ਕੁੜੀ ਮੰਨਿਆ ਜਾਂਦਾ ਹੈ।
ਥਾਲਾਂ ਦੀ ਲੰਬਾਈ ਵਿਚ ਥੋੜ੍ਹਾ ਬਹੁਤ ਅੰਤਰ ਹੁੰਦਾ ਹੈ, ਪਰ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇਕ ਖਾਸ ਸੁਰ ਤੇ ਤਾਲ ਨਾਲ ਗਾਏ ਜਾਂਦੇ ਹਨ। ਕਿਕਲੀ ਦੇ ਗੀਤਾਂ ਵਾਂਗ ਇਨ੍ਹਾਂ ਦੀ ਬਣਤਰ ਵੀ ਸੰਜਮੀ ਸ਼ਬਦਾਂ ਰਾਹੀ ਤੁਕਾਂਤ ਮੇਲ ਕੇ ਸਿਰਜੀ ਜਾਂਦੀ ਹੈ। ਗਾਉਣ ਵਾਲੀ ਕੁੜੀ ਆਪਣੀ ਕਲਪਨਾ ਅਨੁਸਾਰ ਸ਼ਬਦਾਂ ਦੀ ਘਾੜਤ ਘੜਦੀ ਹੈ।
ਥਾਲ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣਾਂ ਭਰਾਵਾਂ, ਭਰਜਾਈਆਂ ਤੇ ਆਪਣੇ ਮਾਂ ਬਾਪ ਦੇ ਦੁਆਲੇ ਉਸਾਰਿਆਂ ਹੁੰਦਾ ਹੈ, ਇਸ ਲਈ ਉਹ ਥਾਲ ਦੇ ਗੀਤਾਂ ਵਿਚ ਉਨ੍ਹਾਂ ਦਾ ਜ਼ਿਕਰ ਵਾਰ ਵਾਰ ਕਰਦੀਆਂ ਹਨ। ਵੀਰਾਂ ਲਈ ਭੈਣਾਂ ਦਾ ਡੁੱਲ੍ਹ, ਡੁੱਲ੍ਹ ਪੈਂਦਾ ਪਿਆਰ ਅਤੇ ਆਪਣੇ ਮਾਂ ਬਾਪ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦੀਆਂ ਕੁੜੀਆਂ ਦੇ ਬੋਲ ਹਵਾਵਾਂ ਵਿਚ ਮੋਹ ਮੁਹੱਬਤਾਂ ਦੀ ਸੁਗੰਧ ਬਿਖੇਰਦੇ ਹਨ। ਖਿੱਦੋ ਬੁੜ੍ਹਕਣ ਅਥਵਾ ਟੱਪਾ ਲਾਉਣ ਨਾਲ ਹੀ ਥਾਲ ਦੇ ਬੋਲ ਵਿਸ਼ੇਸ਼ ਤਾਲ ਦੇ ਸੁਰ ਵਿਚ ਸੁਣਾਈ ਦਿੰਦੇ ਹਨ। ਪਹਿਲਾ ਥਾਲ ਆਰੰਭ ਹੁੰਦਾ ਹੈ
ਥਾਲ ਥਾਲ ਥਾਲ, ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੜ੍ਹ ਪਾਣੀਆਂ
ਸੁਰਮੇਂ ਦਾਨੀਆਂ
ਸੁਰਮਾਂ ਪਾਵਾਂ
ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੋ ਮੇਰੀ ਜ਼ੁਲਫਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ ਹੋਇਆ ਬੀਬੀ ਪਹਿਲਾ ਥਾਲ
ਪਹਿਲਾ ਥਾਲ ਮੁੱਕਣ ਦੇ ਨਾਲ ਹੀ ਦੂਜਾ ਥਾਲ ਸ਼ੁਰੂ ਕਰਦੀ ਹੋਈ ਭੈਣ ਵੀਰ ਨੂੰ ਯਾਦ ਕਰਦੀ ਹੈ
ਕੋਠੇ ਉੱਤੇ ਗੰਨਾ, ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ, ਜੀਹਦੇ ਨੱਕ ਮਛਲੀ
ਮਛਲੀ ਤੇ ਮੈਂ ਨਹਾਵਣ ਗਈਆਂ ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢੈ ਪਿਆ ਮਛਲੀ ਆ ਗਈ ਹੇਠ
ਮਛਲੀ ਦੇ ਦੋ ਮਾਮੇ ਆਏ ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ`ਤੀ ਨਾਲ ਪਕਾਈਆ ਤੋਰੀਆਂ
ਅੱਲਾ ਮੀਆਂ ਭਾਗ ਲਾਏ, ਵੀਰਾਂ ਦੀਆਂ ਜੋੜੀਆਂ
ਆਲ ਮਾਲ, ਹੋਇਆ ਬੀਬੀ ਦੂਜਾ ਥਾਲ
ਥਾਲਾਂ ਰਾਹੀਂ ਬੱਚਿਆਂ ਤੇ ਨਿੱਕੀਆਂ ਕੁੜੀਆਂ ਵਿਚ ਸਾਡੇ ਰਹਿਣ ਸਹਿਣ ਕੰਮ ਧੰਦਿਆਂ ਤੇ ਸਾਕਾਦਾਰੀ ਪ੍ਰਬੰਧ ਅਤੇ ਖਾਣ ਪੀਣ ਬਾਰੇ ਖੇਡ ਖੇਡ ਵਿਚ ਥਾਲ ਪਾਏ ਜਾਂਦੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਇਹ ਥਾਲ ਉਪਲੱਬਧ ਹਨ। ਸਾਡਾ ਆਲਾ ਦੁਆਲਾ ਇਨ੍ਹਾਂ ਵਿਚ ਵਿਦਮਾਨ ਹੈ
ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ, ਚਹੁੰ ਕੂੰਟਾਂ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ, ਜਿਊਣ ਸਾਡੀਆਂ ਝੋਟੀਆਂ
ਝੋਟੀਆਂ ਦੇ ਸਿਰ ਬੱਗੇ, ਜਿਊਣ ਸਾਡੇ ਹਾਲੀ
ਹਾਲੀ ਦੇ ਪੈਰ ਜੁੱਤੀ, ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ, ਜੀਵੇ ਸਾਡਾ ਘੋੜਾ
ਘੋੜੇ `ਤੇ ਲਾਲ ਕਾਠੀ, ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ, ਜਿਊਣ ਸਾਡੇ ਮਾਪੇ
ਮਾਪਿਆਂ ਨੇ ਦਿੱਤਾ ਖੇਸ, ਜੀਵੇ ਸਾਡਾ ਦੇਸ
ਆਲ ਮਾਲ ਹੋਇਆ ਪੂਰਾ ਥਾਲ
ਜਿੱਥੇ ਮਾਂ ਬਾਪ ਤੇ ਭਰਾਵਾਂ ਲਈ ਸਦਭਾਵਨਾ ਦਰਸਾਈ ਜਾਂਦੀ ਹੈ, ਓਥੇ ਸਾਕਾਦਾਰੀ ਵਿਚੋਂ ਸੱਸ-ਸਹੁਰਾ ਤੇ ਸਹੁਰੇ ਪਰਿਵਾਰ ਦਾ ਜ਼ਿਕਰ ਵੀ ਹੁੰਦਾ ਹੈ
ਰਾਹ ਵਿਚ ਪੌੜੀ, ਸੱਸ ਮੇਰੀ ਕੋਹੜੀ
ਸਹੁਰਾ ਮੇਰਾ ਮਿੱਠਾ, ਜਮਾਲਪੁਰ ਡਿੱਠਾ
ਨਣਦ ਕੁੜੀ ਨਾ ਆਈ
ਨਣਦ ਕੁੜੀ ਦਾ ਗਿੱਟਾ ਭੱਜਾ
ਹਿੰਗ ਜਮੈਣ ਲਾਈ, ਤੂੰ ਨਾ ਲਾਈ
ਮੈਂ ਨਾ ਲਾਈ, ਲਾ ਗਿਆ ਕਸਾਈ
ਤੇਰੇ ਪੇਕਿਆਂ ਦਾ ਨਾਈ
ਤੈਨੂੰ ਅਜੇ ਵੀ ਖਬਰ ਨਾ ਆਈ
ਆਲ ਮਾਲ ਹੋਇਆ ਬੀਬੀ ਪੂਰਾ ਥਾਲ
ਪ੍ਰਦੇਸੀ ਗਏ ਵੀਰਾਂ ਲਈ ਅਰਦਾਸ ਕਰਦੀ ਭੈਣ ਆਪਣੇ ਮਾਂ ਬਾਪ ਦੇ ਵਾਰੇ ਵਾਰੇ ਜਾਂਦੀ ਹੋਈ ਥਾਲ ਪਾਉਂਦੀ ਹੈ
ਕੋਠੇ ਉੇੱਤੇ ਤਾਣੀ, ਖੂਹ 'ਚ ਮਿੱਠਾ ਪਾਣੀ
ਬਾਬਲ ਮੇਰਾ ਰਾਜਾ, ਅੰਬੜੀ ਰਾਣੀ
ਦੁੱਧ ਦੇਵਾਂ, ਦਹੀਂ ਜਮਾਵਾਂ
ਵੀਰਾਂ ਦੀਆਂ ਦੂਰ ਬਲਾਵਾਂ, ਵੇਲ ਕੱਢਾਂ ਫੁੱਲ ਕੱਢਾਂ
ਕੱਢਾਂ ਮੈਂ ਕਸੀਦੜਾ, ਲਹਿਰਾਂ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ, ਸਭ ਭਰਾਈਆਂ ਕੁੜੀਆਂ
ਆਰੇ ਪਾਰੇ ਜੁੜੀਆਂ
ਆਲ ਮਾਲ ਹੋਇਆ ਪੂਰਾ ਥਾਲ
ਲੰਬੇ ਆਕਾਰ ਦੇ ਗੀਤਾਂ ਤੋਂ ਇਲਾਵਾ ਵੀ ਨਿੱਕੀਆਂ ਬੱਚੀਆਂ ਛੋਟੇ ਆਕਾਰ ਦੇ ਥਾਲ ਪਾਉਂਦੀਆਂ ਹਨ
ਪੈਲਾਂ ਪੂਲਾਂ ਪਾ ਕੇ
ਮੈਂ ਬੈਠੀ ਮੂਹੜਾ ਡਾਹ ਕੇ
ਵੀਰ ਆਇਆ ਨਹਾ ਕੇ
ਮੈਂ ਰੋਟੀ ਦਿੱਤੀ ਪਾ ਕੇ
ਵੀਰਾ ਖਾਣੀ ਏ ਤੇ ਖਾ
ਨਹੀਂ ਨੌਕਰੀ ਤੇ ਜਾ
ਆਲ ਮਾਲ ਹੋਇਆ ਬੀਬੀ ਪੂਰਾ ਥਾਲ
ਕਈ ਕੁੜੀਆਂ ਤਾਂ ਲਗਾਤਾਰ ਖਿੱਦੋ ਬੁੜ੍ਹਕਾਈ ਜਾਂਦੀਆਂ ਹਨ ਤੇ ਨਾਲੋ ਨਾਲ ਥਾਲ ਪਾਈ ਜਾਂਦੀਆਂ ਹਨ। ਇਕ ਕੁੜੀ ਦੇ ਲਗਾਤਾਰ ਸੱਠ ਥਾਲ ਪਾਉਣ ਦਾ ਜ਼ਿਕਰ ਮਿਲਦਾ ਹੈ
ਅੱਠ ਅਠੈਂਗਣ
ਬਾਰਾਂ ਬੈਂਗਣ
ਕੱਦੂ ਪੱਕਣ ਤੋਰੀਆਂ
ਖਟ ਲਿਆਵਾਂ ਬੋਰੀਆਂ
ਬੋਰੀ ਬੋਰੀ ਘਿਓ
ਜੀਵੇ ਰਾਜਾ ਪਿਓ
ਪਿਓ ਪੈਰੀਂ ਜੁੱਤੀ
ਜੀਵੇ ਕਾਲੀ ਕੁੱਤੀ
ਕਾਲੀ ਕੁੱਤੀ ਦੇ ਕਤੂਰੇ
ਮੇਰੇ ਸੱਭੇ ਥਾਲ ਪੂਰੇ
ਮੇਰਾ ਇਕ ਵੀ ਨਾ ਘੱਟ
ਮੇਰੇ ਹੋ ਗਏ ਪੂਰੇ ਸੱਠ
ਆਲ ਮਾਲ ਹੋਇਆ ਬੀਬੀ ਪੂਰਾ ਥਾਲ
ਮਸ਼ੀਨੀਕਰਨ ਦੇ ਪ੍ਰਭਾਵ ਸਕਦਾ ਮਨੋਰੰਜਨ ਦੇ ਸਾਧਨ ਬਦਲ ਗਏ ਹਨ ਜਿਸ ਕਰਕੇ ਥਾਲ ਪਾਉਣ ਦੀ ਪ੍ਰੰਪਰਾ ਵੀ ਖਤਮ ਹੋ ਗਈ ਹੈ। ਪੰਜਾਬ ਦੇ ਪੇਂਡੂ ਸਕੂਲਾਂ ਵਿਚ ਅੱਧੀ ਛੁੱਟੀ ਵੇਲੇ ਨਿੱਕੀਆਂ ਕਦੇ ਕਦੇ ਨਜ਼ਰ ਆਉਂਦੀਆਂ ਹਨ। ਸ਼ਹਿਰਾਂ ਵਿਚ ਇਹ ਪ੍ਰਥਾ ਖਤਮ ਹੋ ਗਈ ਹੈ ਜਿਸ ਕਰਕੇ ਥਾਲ ਪਾਉਣ ਤੇ ਥਾਲ ਗੀਤ ਰੂਪ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਥਾਲ ਗੀਤ ਰੂਪ ਸਾਡੇ ਲੋਕ ਸਾਹਿਰ ਦਾ ਖਜ਼ਾਨਾ ਹਨ। ਇਸ ਨੂੰ ਲਿਖਤੀ ਰੂਪ ਵਿਚ ਸਾਂਭਣ ਦੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ