Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋ ਵੱਲੋਂ ‘ਇਕ ਮੁਲਕ-ਇਕ ਜ਼ੁਬਾਨ' ਦਾ ਸਿਧਾਂਤ ਨਾ-ਮਨਜ਼ੂਰ

September 25, 2019 12:58 PM

ਗੁਰਦਾਸ ਮਾਨ ਵੱਲੋਂ ਲਏ ਗਏ ਗਲਤ ਪੈਂਤੜੇ ਅਤੇ ਵਰਤੀ ਗਈ ਅਸੱਭਿਅਕ ਭਾਸ਼ਾ 'ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ


ਬਰੈਂਪਟਨ, (ਡਾ. ਝੰਡ) -ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਜੁਬਾਨ ਨਾਲ ਸਬੰੰਧਿਤ ਕੁਝ ਬੇਲੋੜੇ ਅਤੇ ਗ਼ੈਰ- ਜਿ਼ੰਮੇਵਾਰ ਵਿਵਾਦ ਜੁੜਦੇ ਅਤੇ ਦਿਨੋਂ-ਦਿਨ ਵੱਧਦੇ ਚਲੇ ਆ ਰਹੇ ਨੇ। ਪਹਿਲਾਂ ਤਾਂ ਪਟਿਆਲੇ ਭਾਸਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ 'ਹਿੰਦੀ ਦਿਵਸ' ਦੇ ਮੌਕੇ ਪੰਜਾਬੀ ਭਾਸ਼ਾ ਸਬੰਧੀ ਵਰਤੀ ਗਈ ਮਾੜੀ ਸ਼ਬਦਾਵਲੀ ਉੱਪਰ ਇਤਰਾਜ਼ ਕਰਨ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਹੁਰਾਂ ਨਾਲ ਦੁਰਵਿਹਾਰ ਕੀਤਾ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ-ਮੰਤਰੀ ਸ੍ਰੀ ਅਮਿਤ ਸ਼ਾਹ ਦਾ “ਇਕ ਮੁਲਕ-ਇਕ ਜੁਬਾਨ” ਵਾਲਾ ਬਿਆਨ ਆ ਗਿਆ ਜਿਸ ਦੀ ਪੰਜਾਬੀ-ਪ੍ਰੇਮੀਆਂ ਵੱਲੋਂ ਹਰ ਪਾਸਿਉਂ ਨਿਖੇਧੀ ਕੀਤੀ ਗਈ। ਪੰਜਾਬੀ ਜੁਬਾਨ ਵਿਰੋਧ ਲਗਾਈ ਗਈ ਇਸ ਤੀਲੀ ਨਾਲ ਭੜਕੀ ਅੱਗ ਉਪਰ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ “ਇਕ ਮੁਲਕ-ਇਕ ਜੁਬਾਨ” ਦੇ ਸਿਧਾਂਤ ਦੀ ਹਮਾਇਤ ਕਰਨ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਗਾਲੀ-ਗਲੋਚ ਵਾਲੀ ਵਰਤੀ ਗਈ ਭਾਸ਼ਾ ਨੇ ਬਲਦੀ 'ਤੇ ਤੇਲ ਪਾ ਕੇ ਇਕ ਭਾਂਬੜ ਮਚਾ ਦਿੱਤਾ। ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ ਦੀ ਮੁਦੱਈ ਹੋਣ ਦੇ ਇਸ ਨਾਤੇ ਇਹ ਇਨ੍ਹਾਂ ਸੱਭ ਘਟਨਾਵਾਂ ਦਾ ਗੰਭੀਰ ਨੋਟਿਸ ਲਂੈਦੀ ਹੈ।
ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਮੀਡੀਆ ਕੋ-ਆਰਡੀਨੇਟਰ ਚਮਕੌਰ ਸਿੰਘ ਮਾਛੀਕੇ ਨੇ ਇਥੇ ਜਾਰੀ ਕੀਤੇ ਗਏ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਦੀਆਂ 22 ਜ਼ੁਬਾਨਾਂ ਨੂੰ ਕੌਮੀ ਜ਼ੁਬਾਨਾ ਹੋਣ ਦਾ ਦਰਜਾ ਹਾਸਿਲ ਹੈ ਜਦੋਂ ਕਿ ਹਿੰਦੀ ਅਤੇ ਅੰਗਰੇਜ਼ੀ ਸੰਪਰਕ ਜੁਬਾਨਾਂ ਹਨ। ਪੰਜਾਬੀ, ਬੰਗਲਾ, ਤਾਮਿਲ, ਮਲਿਆਲਮ, ਮਰਾਠੀ, ਗੁਜਰਾਤੀ ਆਦਿ ਸਭ ਕੌਮੀ ਜੁਬਾਨਾਂ ਹਨ। ਇਸ ਲਈ ਸੰਵਿਧਾਨ ਅਨੁਸਾਰ 22 ਕੌਮੀ ਜੁਬਾਨਾਂ ਵਾਲੇ ਭਾਰਤ ਦੇਸ਼ ਵਿਚ ਕੋਈ ਵੀ ਇਕ ਜੁਬਾਨ ਨਹੀਂ ਹੋ ਸਕਦੀ। “ਇਕ ਮੁਲਕ-ਇਕ ਜੁਬਾਨ” ਬੜਾ ਖਤਰਨਾਕ ਸਿਧਾਂਤ ਹੈ ਜੋ ਅੱਗੋਂ ਹੋਰ ਵੀ “ਇਕ-ਇਕ” ਦੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਗਾਇਕ ਗੁਰਦਾਸ ਮਾਨ ਵੀ ਇਸੇ ਕਿਸਮ ਦੀ ਕਿਸੇ ਗੰਭੀਰ ਸਾਜਿਸ਼ ਦਾ ਸਿ਼ਕਾਰ ਹੋ ਗਿਆ ਲੱਗਦਾ ਹੈ ਜੋ ਗ਼ਲਤੀ ਦਰ ਗ਼ਲਤੀ ਕਰੀ ਜਾ ਰਿਹਾ ਹੈ। ਵਿਸ਼ਵ-ਭਰ ਦੇ ਪੰਜਾਬੀ ਪਿਆਰਿਆਂ ਨੇ ਇਸ ਮਸਲੇ 'ਤੇ ਜੋ ਇਕ-ਜੁੱਟਤਾ ਦਿਖਾਈ ਹੈ, ਇਹ ਸ਼ਲਾਘਾਯੋਗ ਹੈ।
ਇਸ ਮਸਲੇ 'ਤੇ ਸਾਰੇ ਵਿਸ਼ਵ ਦੇ ਪੰਜਾਬੀਆਂ ਨੂੰ ਤਰਕ ਅਧਾਰਿਤ ਪੈਂਤੜਾ ਲੈਣਾ ਚਾਹੀਦਾ ਹੈ। ਸਾਰੀਆਂ ਜ਼ੁਬਾਨਾਂ ਸਨਮਾਨ ਯੋਗ ਹਂਨ। ਕਿਸੇ ਜੁਬਾਨ ਦਾ ਕਿਸੇ ਦੂਜੀ ਜੁਬਾਨ ਨਾਲ ਨਾ ਤਾਂ ਕੋਈ ਮੁਕਾਬਲਾ ਹੈ ਤੇ ਨਾ ਹੀ ਵਿਰੋਧ ਹੈ। ਇਸ ਦੇ ਨਾਲ ਹੀ ਸੱਭਨਾਂ ਪੰਜਾਬੀ ਪ੍ਰੇਮੀਆਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਇਸ ਗਰਮਾਏ ਮਹੌਲ ਵਿਚ ਕਿਸੇ ਵੀ ਧਿਰ ਨੂੰ ਜਜ਼ਬਾਤ ਭੜਕਾ ਕੇ ਨਜਾਇਜ਼ ਲਾਭ ਨਹੀਂਂ ਉਠਾਉਣ ਦਿੱਤਾ ਜਾਣਾ ਚਾਹੀਦਾ। ਵਿਸ਼ਵ-ਭਰ ਅਤੇ ਖ਼ਾਸ ਕਰਕੇ ਕੈਨੇਡਾ ਵਿਚ ਪੰਜਾਬੀ-ਪਿਆਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਹਾਂ-ਪੱਖੀ ਸਰਗ਼ਰਮੀਆਂ ਦੀ ਹਮਾਇਤ ਕਰਦੇ ਹੋਏ ਓਨਟਾਰੀਓ ਦੇ ਪੰਜਾਬੀਆਂ ਅਤੇ ਸਾਹਿਤਕ ਸੰਸਥਾਵਾਂ ਨੂੰ ਇਸ ਦਿਸ਼ਾ ਵਿਚ ਸਰਗ਼ਰਮ ਹੋਣ ਦੀ ਵੀ ਅਪੀਲ ਕੀਤੀ ਜਾਂਦੀ ਹੈ।

 
Have something to say? Post your comment