ਐਸ ਏ ਐਸ ਨਗਰ, 19 ਸਤੰਬਰ (ਪੋਸਟ ਬਿਊਰੋ)- ਸਾਲ 1992 ਵਿੱਚ ਪੰਜਾਬ ਪੁਲਸ ਵਲੋਂ ਬਾਬਾ ਚਰਨ ਸਿੰਘ ਸਮੇਤ ਇਕੋ ਪਰਵਾਰ ਦੇ ਛੇ ਜੀਆਂ ਕੇਸਰ ਸਿੰਘ, ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਤੇ ਬਲਵਿੰਦਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਸੀ ਬੀ ਆਈ ਅਦਾਲਤ ਦੇ ਵਿਸ਼ੇਸ਼ ਜੱਜ ਕਰਨੇਸ਼ ਕੁਮਾਰ ਨੇ ਮੁੱਖ ਮੰਤਰੀ ਦੀ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਸੰਮਨ ਜਾਰੀ ਕਰਨ ਦੀ ਮੰਗ ਬਾਰੇ ਸੀ ਬੀ ਆਈ ਨੂੰ ਨੋਟਿਸ ਜਾਰੀ ਕੀਤਾ ਹੈ।
ਬਾਬਾ ਚਰਨ ਸਿੰਘ ਦੇ ਪਰਵਾਰ ਵਲੋਂ ਪੇਸ਼ ਹੋਏ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਤੇ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਅਦਾਲਤ ਵਿੱਚ ਕੰਵਰ ਸਿੰਘ ਧਾਮੀ ਨੇ ਦੱਸਿਆ ਸੀ ਕਿ ਚਰਨ ਸਿੰਘ ਨੂੰ ਅਹਿਮਦਾਬਾਦ ਤੋਂ ਚੁੱਕ ਕੇ ਤਰਨ ਤਾਰਨ ਸੀ ਆਈ ਏ ਸਟਾਫ ਲਿਆਂਦਾ ਅਤੇ ਓਦੋਂ ਦੇ ਐਸ ਐਸ ਪੀ ਅਜੀਤ ਸਿੰਘ ਸੰਧੂ ਸਾਹਮਣੇ ਪੇਸ਼ ਕੀਤਾ ਗਿਆ ਸੀ। ਓਦੋਂ ਸੀ ਆਈ ਏ ਸਟਾਫ ਵਿੱਚ ਐਸ ਪੀ ਆਪ੍ਰੇਸ਼ਨ ਖੂਬੀ ਰਾਮ, ਡੀ ਐਸ ਪੀ ਤੇਜ਼ਾ ਸਿੰਘ, ਇੰਸਪੈਕਟਰ ਸਵਰਨ ਸਿੰਘ ਅਤੇ ਸੀ ਆਈ ਏ ਇੰਚਾਰਜ ਰਾਮਨਾਥ ਹਾਜ਼ਰ ਸਨ। ਕੰਵਰ ਸਿੰਘ ਧਾਮੀ ਮੁਤਾਬਕ ਖੂਬੀ ਰਾਮ ਨੇ ਬਾਬਾ ਚਰਨ ਸਿੰਘ ਨੂੰ ਉਸ ਦੇ ਸਾਹਮਣੇ ਬਾਹਾਂ ਬੰਨ੍ਹ ਕੇ ਪੱਖੇ ਨਾਲ ਲਟਕਾਇਆ ਅਤੇ ਉਸ ਦੇ ਕਰੰਟ ਲਾਇਆ ਸੀ। ਪੁਲਸ ਨੇ ਰਾਤ ਸਮੇਂ ਬਾਬਾ ਚਰਨ ਸਿੰਘ ਅਤੇ ਉਸ ਨੂੰ ਇਕੋ ਬੇੜੀ ਨਾਲ ਬੰਨ੍ਹਿਆ ਤੇ ਰਾਤ ਸਮੇਂ ਬਾਬਾ ਚਰਨ ਸਿੰਘ ਨੇ ਉਸ ਦੇ ਪਰਵਾਰ ਉਤੇ ਕੀਤੇ ਤੱਸ਼ਦਦਾਂ ਦੀ ਦਾਸਤਾਨ ਉਸ ਨੂੰ ਦੱਸੀ ਸੀ। ਧਾਮੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਦੇ ਸਾਹਮਣੇ ਬਾਬਾ ਚਰਨ ਸਿੰਘ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਬਾਰੇ ਚਰਨ ਸਿੰਘ ਨੇ ਕਿਹਾ ਕਿ ਉਸ ਦਾ ਸਾਰਾ ਸਾਮਾਨ ਤੇ ਗੱਡੀਆਂ ਆਦਿ ਉਹ ਲੈ ਚੁੱਕੇ ਹਨ, ਉਸ ਕੋਲ ਕੁਝ ਵੀ ਨਹੀਂ ਹੈ। ਧਾਮੀ ਨੇ ਅਦਾਲਤ 'ਚ ਕਿਹਾ ਸੀ ਕਿ ਓਦੋਂ ਐਸ ਐਸ ਪੀ ਨੇ ਖੂਬੀ ਰਾਮ ਨੂੰ ਕਿਹਾ ਸੀ ਕਿ ਚਰਨ ਸਿੰਘ ਨੂੰ ਉਸ ਦੇ ਡਰਾਈਵਰ ਰਹੇ ਬਿੱਟੂ ਵਾਂਗ ਸਬਕ ਸਿਖਾਇਆ ਜਾਵੇ।