Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਵਿਅੰਗ: ਮੇਰਾ ਵੀ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ

September 18, 2019 10:15 AM

-ਪ੍ਰਿੰਸੀਪਲ ਗੁਲਵੰਤ ਮਲੌਦਵੀ
ਇੱਕ ਦਿਨ ਫੋਨ ਕਾਲ ਆਈ। ਮੇਰਾ ਇੱਕ ਭੋਲਾ ਅਤੇ ਸਾਊ ਜਿਹਾ ਜਾਣਕਾਰ ਬੋਲ ਰਿਹਾ ਸੀ। ਉਹ ਬਹੁਤ ਪਰੇਸ਼ਾਨ ਲੱਗ ਰਿਹਾ ਸੀ, ‘ਤੁਸੀਂ ਕਿਵੇਂ ਹੋ? ਤੁਸੀਂ ਠੀਕ ਹੋ? ਜੀ...ਫੋਨ ਉਤੇ ਤੁਸੀਂ ਆਪ ਹੀ ਬੋਲ ਰਹੇ ਹੋ?’
‘ਕੀ ਗੱਲ ਤੂੰ ਐਨਾ ਘਬਰਾਇਆ ਕਿਉਂ ਐਂ?’
ਵਾਰ ਵਾਰ ਪੁੱਛਣ 'ਤੇ ਥੋੜ੍ਹੀ ਝਿਜਕ ਨਾਲ ਉਹ ਬੋਲਿਆ, ‘ਅੱਜ ਸਵੇਰੇ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਮਲੌਦਵੀ ਚੜ੍ਹਾਈ ਕਰ ਗਿਆ। ਉਸ ਦਾ ਭੋਗ ਪਏ ਨੂੰ ਕਈ ਦਿਨ ਹੋਗੇ। ਮੈਂ ਹੈਰਾਨ ਕਿ ਸਾਨੂੰ ਭੋਗ 'ਤੇ ਵੀ ਨਹੀਂ ਸੱਦਿਆ...!! ਇਹ ਕਿਵੇਂ ਹੋ ਸਕਦੈ ਕਿ ‘ਸਾਡੇ ਬਿਨਾਂ’ ਭੋਗ ਪੈ ਜਾਵੇ। ਮੇਰੇ ਕੋਲ ਫੋਨ ਨੰਬਰ ਨਹੀਂ ਸੀ। ਹੋਰ ਕਿਸੇ ਦੇ ਫੋਨ ਤੋਂ ਬੋਲਦਾਂ...।’
ਇੱਕ ਪਲ ਮੈਨੂੰ ਗੁੱਸਾ ਆਇਆ ਤੇ ਦੂਜੇ ਪਲ ਹਾਸਾ, ਕਿਉਂਕਿ ਮੇਰੇ ਨਾਲ ਇਹ ਕਈ ਵਾਰ ਹੋ ਚੁੱਕਿਆ ਸੀ, ਜਦੋਂ ਸ਼ੁਭਚਿੰਤਕਾਂ ਨੇ ਮੇਰੇ ਪਰਲੋਕ ਸਿਧਾਰ ਜਾਣ ਦੀ ਖੁਸ਼ਖਬਰੀ ਫੈਲਾਈ ਸੀ।
ਵੱਡੇ ਭਰਾ ਨਾਲ ਨਾਰਾਜ਼ਗੀ ਚੱਲ ਰਹੀ ਸੀ। ਬੋਲ-ਚਾਲ, ਆਉਣ-ਜਾਣ ਬੰਦ। ਇੱਕ ਦਿਨ ਬਹੁਤ ਘਬਰਾਏ ਹੋਏ ਸਾਡੇ ਘਰ ਆ ਵੜੇ। ਮੈਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਸਾਂ। ਵੀਰ ਜੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਫੇਰ ਪਿੱਛੇ ਹਟ ਕੇ ਮੋਢਿਆਂ ਤੋਂ ਫੜ ਮੈਨੂੰ ਧਿਆਨ ਨਾਲ ਦੇਖਿਆ, ਉਹ ਵੀ ਟੋਹ ਟੋਹ ਕੇ, ਘੁੱਟ ਘੁੱਟ ਕੇ, ਫੇਰ ਗਲ ਨਾਲ ਲਾਇਆ। ਮੈਨੂੰ ਬੜਾ ਅਜੀਬ ਲੱਗਿਆ। ‘ਤੁਸੀਂ ਐਨੇ ਪ੍ਰੇਸ਼ਾਨ ਕਿਉਂ ਹੋ?’ ਮੈਂ ਪੁੱਛਿਆ।
‘ਇੱਕ ਭੋਗ ਉਤੇ ਇਕੱਠੇ ਹੋਏ ਸਾਂ। ਇੱਕ ਰਿਸ਼ਤੇਦਾਰ ਨੇ ਮੈਨੂੰ ਕਿਹਾ, ਤੁਹਾਡਾ ਛੋਟਾ ਭਰਾ ਜਿਹੜਾ ਮਾਹਟਰ ਐ, ਕਿਸੇ ਮਾਰੂ ਬਿਮਾਰੀ ਨਾਲ ਚੜ੍ਹਾਈ ਕਰ ਗਿਆ। ਭੋਗ ਵੀ ਪੈ ਗਿਆ।’ ਵੱਡੇ ਵੀਰ ਜੀ ਉਥੋਂ ਸਿੱਧਾ ਮੇਰੇ ਘਰ ਰੋਪੜ ਪਹੁੰਚ ਗਏ। ਆਖਣ, ‘ਰੱਬ ਦਾ ਸ਼ੁਕਰ ਐ ਤੂੰ ਠੀਕ ਠਾਕ, ਬੋਲਦਾ ਚਲਦੈਂ। ਮਿਲਦੇ ਵਰਤਦਿਆਂ ਦੇ ਹੀ ਸਾਕ ਹੁੰਦੇ ਹਨ। ਨਹੀਂ ਤਾਂ ਕੰਧ ਓਹਲੇ ਪਰਦੇਸ।’ ਉਹ ਕਦੇ ਹਉਕਾ ਲੈਣ, ਕਦੇ ਅੱਖਾਂ ਭਰਨ।
‘ਏਹੋ ਜਿਹੀ ਝੂਠੀ ਅਫਵਾਹ ਕਿਸ ਮਰ ਜਾਣੇ ਫੈਲਾਈ ਐ’, ਘਰ ਦਿਆਂ ਨੂੰ ਗੁੱਸਾ ਆ ਗਿਆ। ਮੈਂ ਕਹਿਣਾ ਚਾਹੁੰਦਾ ਸਾਂ, ਉਸ ਜਿਊਣ ਜੋਗੇ ਦਾ ਧੰਨਵਾਦ ਕਰ, ਜਿਸ ਨੇ ਭਰਾਵਾਂ ਨੂੰ ਮੁੜ ਮਿਲਾ ਦਿੱਤਾ।
ਇਉਂ ਮੇਰੇ ਮਰਨ ਦੀ ਅਫਵਾਹ ਕਈ ਵਾਰ ਫੈਲੀ। ਹਰ ਵਾਰ ਮੈਨੂੰ ਜਿਊਂਦਾ ਜਾਗਦਾ ਦੇਖ ਕਈਆਂ ਨੂੰ ਉਦਾਸੀ ਤੇ ਮਾਯੂਸੀ ਹੋਈ। ਲੋਕਾਂ ਦੇ ਸ਼ਰਧਾਂਜਲੀ ਸਮਾਗਮ ਦੇਖ ਕੇ ਮਨ ਵਿੱਚ ਚਾਅ ਆਇਆ ਕਿ ਮੇਰਾ ਵੀ ਸ਼ਰਧਾਂਜਲੀ ਸਮਾਗਮ ਹੋਵੇ ਤੇ ਇਹ ‘ਸ਼ੁਭ ਕੰਮ' ਕਰਾਉਣ ਵੀ ਉਹੀ ਸੱਜਣ, ਜਿਹੜੇ ਸਾਡੇ ‘ਮਰਨ’ ਦੀਆਂ ਖਬਰਾਂ ਦਿੰਦੇ ਹਨ। ਕਈ ਬੰਦੇ ਜਿਊਂਦਿਆਂ ਨਾਲੋਂ ਮੋਇਆਂ ਦੀ ਵੱਧ ਕਦਰ ਕਰਦੇ ਹਨ ਤੇ ਬਹੁਤ ਖੁਸ਼ੀ ਖੁਸ਼ੀ ਸ਼ਰਧਾਂਜਲੀਆਂ ਭੇਟ ਕਰਨ ਦੇ ਮਾਹਰ ਹੰੁਦੇ ਹਨ। ਕਈ ਇਸ ਨੂੰ ਕਾਰੋਬਾਰ ਸਮਝਦੇ ਹਨ। ਕਈ ਬੰਦੇ ਆਤਮਿਕ ਸ਼ਾਂਤੀ ਦੀਆਂ ਦੁਆਵਾਂ ਕਰਨ ਲਈ ਬਹੁਤ ਲੱਛੇਦਾਰ ਭਾਸ਼ਾ ਵਰਤਦੇ ਹਨ। ਕਈ ਸੱਜਣ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਇਰੋ-ਸ਼ਾਇਰੀ ਦਾ ਰੰਗ ਬੰਨ੍ਹਣ ਦੇ ਉਸਤਾਦ ਹੁੰਦੇ ਹਨ। ਇਨ੍ਹਾਂ ਸਮਾਗਮਾਂ ਦੇ ਸਟੇਜ ਸਕੱਤਰ ਵੀ ਗੁਣੀ ਗਿਆਨੀ ਤੇ ਸ਼ਰਧਾਂਜਲੀ ਮਾਹਿਰ ਹੁੰਦੇ ਹਨ, ਜੋ ਸਵਰਗਵਾਸੀ ਦੀਆਂ ਸੱਤ ਪੀੜ੍ਹੀਆਂ ਤੱਕ ਦੇ ਕੁਰਸੀਨਾਮੇ ਨਾਲ ਉਸ ਦੇ ਪੁੱਤ-ਪੋਤਿਆਂ ਦਾ ਅਜਿਹੇ ਗੁਣਗਾਨ ਕਰਦੇ ਹਨ ਕਿ ਸਰੋਤਿਆਂ ਵਿੱਚ ਸੁੰਨ ਵਰਤ ਜਾਂਦੀ ਹੈ। ‘ਏਡਾ ਵੱਡਾ ਇਕੱਠ ਸਬੂਤ ਹੈ ਕਿ ਵਿਛੜੇ ਸੱਜਣ ਕਿੰਨੇ ਮਹਾਨ, ਸ਼ਰੀਫ ਤੇ ਸਾਊ ਸਨ।’ ਹਾਜ਼ਰੀ ਲਵਾਉਣ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਬੁਲਾਰੇ ਕਈ ਵਾਰ ਉਸਤਤ ਕਰਦੇ, ਚੰਗਿਆਈਆਂ ਦਾ ਵਰਣਨ ਕਰਦਿਆਂ ਅਜਿਹੇ ਅਲੰਕਾਰ ਵਰਤ ਜਾਂਦੇ ਹਨ, ਜਿਨ੍ਹਾਂ ਨਾਲ ਮਰ ਗਏ ਬੰਦੇ ਦੇ ਖਾਨਦਾਨ ਦਾ ਦੂਰ ਦਾ ਸੰਬੰਧ ਵੀ ਨਹੀਂ ਹੁੰਦਾ। ਕਈ ਵਾਰ ਝੂਠੀਆਂ ਤਾਰੀਫਾਂ ਸੁਣ ਕੇ ਸਰੋਤੇ ਮੁਸ਼ਕੜੀਏ ਹੱਸਦੇ ਹੋਏ ਇੱਕ ਦੂਜੇ ਨੂੰ ਕੂਹਣੀ ਮਾਰ ਇਸ਼ਾਰੇ ਕਰੀ ਜਾਂਦੇ ਹਨ।
ਇੱਕ ਵਾਰ ਸ਼ਰਧਾਂਜਲੀ ਭੇਟ ਕਰਨ ਵਾਲੇ ਨੇ ਸਵਰਗਵਾਸੀ ਦੇ ਅਜਿਹੇ ਸੋਹਲੇ ਗਾਏ ਕਿ ਪੰਡਾਲ ਵਿੱਚ ਬੈਠੇ ਇੱਕ ਬੰਦੇ ਤੋਂ ਭਾਸ਼ਣ ਕਰਨ ਵਾਲੇ ਨੂੰ ਅੱਖ ਮਾਰ ਹੋ ਗਈ, ਕਈਆਂ ਦਾ ਹਾਸਾ ਨਿਕਲ ਗਿਆ। ਸਟੇਜ ਸੈਕਟਰੀ ਨੇ ਮੁਸ਼ਕਲ ਨਾਲ ਗੱਲ ਸੰਭਾਲੀ। ‘ਸਮੇਂ ਦੀ ਘਾਟ ਕਾਰਨ ਸਭ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਸਕਦਾ। ਧੰਨਵਾਦ ਸਭਨਾਂ ਦ ਕੀਤਾ ਜਾਂਦਾ ਹੈ, ਢਿਮਕਾ ਸਿੰਘ, ਅਮਕਾ ਸਿੰਘ, ਛਮਕਾ ਰਾਮ ਜੀ ਦਾ ਇਥੇ ਪਧਾਰਨ 'ਤੇ ਬਹੁਤ ਧੰਨਵਾਦ।’ ਕਈ ਸੱਜਣਾਂ ਨੇ ਸ਼ੋਕ ਸੰਦੇਸ਼ ਅਗੇਤੇ ਛਪਵਾ ਕੇ ਰੱਖੇ ਹੁੰਦੇ ਹਨ, ਸਿਰਫ ਤਾਰੀਖ ਤੇ ਨਾਂਅ ਭਰਨੇ ਹੁੰਦੇ ਹਨ। ਇਹ ਸ਼ਰਧਾਂਜਲੀ ਸਮਾਗਮਾਂ ਤੇ ਅਖਬਾਰਾਂ ਨੂੰ ਭੇਜਣ ਦੇ ਕੰਮ ਆਉਂਦੇ ਹਨ। ਇਸ ਤਰ੍ਹਾਂ ਦੇ ਕਈ ਸੰਦੇਸ਼ ਪੜ੍ਹੇ ਜਾਂਦੇ ਹਨ। ਹੈ ਨਾ ਮਰਨ ਦਾ ਸੁਆਦ?
ਜਿਨ੍ਹਾਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਮਿਲਦਾ, ਉਹ ਉਬਾਸੀਆਂ ਲੈ ਕੇ ਸ਼ਰਧਾਂਜਲੀ ਭੇਂਟ ਕਰਦੇ ਹਨ। ਕਈ ਫੋਨ ਸੈੱਟਾਂ 'ਤੇ ਗੇਮਾਂ ਖੇਡ ਕੇ ਚੈਟ ਕਰ ਕੇ ਉਂਗਲਾਂ ਨਚਾਉਂਦੇ ਹੋਏ ਸ਼ਰਧਾਂਜਲੀ ਦਿੰਦੇ ਹਨ।
ਜਿਹੜੇ ਸ਼ੁਭਚਿੰਤਕ ਮੇਰੇ ਪਰਲੋਕ ਸਿਧਾਰਨ ਦੀਆਂ ਖਬਰਾਂ ਦਿੰਦੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮੇਰਾ ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਵੀ ਖੇਚਲ ਕਰਨ, ਕਿਉਂਕਿ ਸ਼ਰਧਾਂਜਲੀ ਸਮਾਗਮ ਦੀਆਂ ਰੌਣਕਾਂ ਤੇ ਸ਼ਾਨਾਂ ਵੇਖ ਕੇ ਸਾਡਾ ਦਿਲ ਕਰਦਾ ਹੈ ਕਿ ਮੇਰੇ ਲਈ ਇਹ ਸਮਾਗਮ ਵਾਰ ਵਾਰ ਹੋਵੇ ਤਾਂ ਜੋ ਲੋਕਾਂ ਦੇ ਨਾਲ ਨਾਲ ਮੈਂ ਵੀ ਆਨੰਦ ਮਾਣ ਸਕਾਂ।
ਇੱਕ ਮਿੱਤਰ ਦੇ ਪਿਤਾ ਜੀ ਵਡੇਰੀ ਉਮਰੇ ਚੜ੍ਹਾਈ ਕਰ ਗਏ। ਕਹਿ ਰਿਹਾ ਸੀ, ‘ਮੈਂ ਸਾਦੀ ਦਾਲ-ਰੋਟੀ ਕਰਨੀ ਚਾਹੁੰਦਾ ਹਾਂ।’ ਰਿਸ਼ਤੇਦਾਰ ਕਹਿੰਦੇ, ‘ਵੰਨ ਸੁਵੰਨੀਆਂ ਮਠਿਆਈਆਂ, ਮਟਰ ਪਨੀਰ, ਕਈ ਤਰ੍ਹਾਂ ਦੇ ਪਕਵਾਨ ਹੋਣੇ ਚਾਹੀਦੇ ਹਨ, ਬੁੱਢਾ ਭਰਿਆ ਪਰਵਾਰ ਛੱਡ ਕੇ ਗਿਆ, ਤੁਸੀਂ ੲਨੇੇ ਜੋਗੇ ਵੀ ਨਹੀਂ?’ ‘ਅਫਸੋਸ ਦਾ ਭੋਗ ਐ ਕਿ ਵਿਆਹ?’ ਮਿੱਤਰ ਨੇ ਕਿਹਾ। ਰਿਸ਼ਤੇਦਾਰ ਕਹਿੰਦੇ, ‘ਬਹੁਤਾ ਫਰਕ ਨਹੀਂ। ਵਿਆਹ ਵਾਂਗ ਰੋਟੀ ਪਾਣੀ ਹੁੰਦੈ ਐ ਸ਼ੋਕ ਸਮਾਗਮ 'ਤੇ।”
ਮੇਰੀ ਸ਼ਰਧਾਂਜਲੀ ਸਮਾਗਮ ਕਰਾਉਣ ਵਾਲੇ ਸੱਜਣਾਂ ਨੂੰ ਇੱਕ ਬੇਨਤੀ ਹੈ ਕਿ ਉਹ ਨਵੀਂ ਪਿਰਤ ਪਾਉਣ, ਭਾਵ ਮੇਰੇ ਲਈ ਸ਼ਰਧਾਂਜਲੀ ਬੋਲੀ ਜਾਂ ਪੜ੍ਹੀ ਨਾ ਜਾਵੇ, ਸਗੋਂ ਗਾਈ ਜਾਵੇ। ਉਨ੍ਹਾਂ ਨੂੰ ਹੀ ਸੱਦਾ ਦਿੱਤਾ ਜਾਵੇ ਜਿਹੜੇ ਸ਼ਰਧਾਂਜਲੀ ਗਾ ਸਕਣ। ਇਹ ਇਸ ਕਰ ਕੇ ਕਿ ਅੱਜ ਪੰਜਾਬ ਵਿੱਚ ਗਾਉਣ ਵਾਲਿਆਂ ਦੀ ਗਿਣਤੀ ਵੱਧ ਹੈ ਤੇ ਸੁਣਨ ਵਾਲਿਆਂ ਦੀ ਘੱਟ। ਇਹ ਇਸ ਲਈ ਵੀ ਕਿ ਪੰਜਾਬ ਦੇ ਬਹੁਤੇ ਗਾਇਕ ਬੰਦੂਕਾਂ, ਪਿਸਤੌਲਾਂ, ਛਵੀਆਂ-ਗੰਡਾਸਿਆਂ ਦੇ ਗੀਤ ਗਾ ਕੇ ਥੱਕ ਚੁੱਕੇ ਹਨ। ਨਾਲੇ ਗਾਉਣ ਵਾਲਿਆਂ ਦੇ ਮੂੰਹ ਦਾ ਸੁਆਦ ਬਦਲ ਜਾਵੇਗਾ, ਨਾਲੇ ਸੁਣਨ ਵਾਲਿਆਂ ਦੇ ਕੰਨ ਰਸ ਨੂੰ ਆਰਾਮ ਮਿ ਜਾਵੇਗਾ। ਸ਼ਰਧਾਂਜਲੀ ਗਾ ਸਕਣ ਵਾਲਿਆਂ ਨੂੰ ਮਾਈਕ 'ਤੇ ਸਮਾਂ ਦਿੱਤਾ ਜਾਵੇ ਤੇ ਸਟੇਜ ਸਕੱਤਰ ਵੀ ਸਾਰਾ ਪ੍ਰੋਗਰਾਮ ਗਾ ਕੇ ਚਲਾਵੇ। ਮੇਰੀ ਮੌਤ ਦੀਆਂ ਖਬਰਾਂ ਦਿੰਦੇ ਸੱਜਣੋ, ਸ਼ਰਧਾਂਜਲੀ ਸਮਾਗਮ ਕਰਾਉਂਦੇ ਹੋਏ ਮੈਨੂੰ ਸੱਦਾ ਦੇਣਾ ਨਾ ਭੁੱਲਣਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”