Welcome to Canadian Punjabi Post
Follow us on

27

March 2019
ਨਜਰਰੀਆ

ਬੁੰਗੇ ਮਜ੍ਹਬੀ ਸਿੰਘਾਂ ਦੇ

October 17, 2018 08:22 AM

-ਪਰਮਜੀਤ ਕੌਰ ਗੁਲਸ਼ਨ
ਸਿੱਖ ਇਤਿਹਾਸ ਵਿੱਚ ਬੁੰਗੇ ਬੜਾ ਮਹੱਤਵ ਰੱਖਦੇ ਹਨ। ਹਰ ਗੁਰੂ ਨਾਨਕ ਨਾਮ ਲੇਵਾ ਜਦੋਂ ਅਰਦਾਸ ਕਰਦਾ ਹੈ ਤਾਂ ਅਰਦਾਸ ਵਿੱਚ ਅਰਜ਼ੋਈ ਕਰਦਾ ਹੈ ਕਿ ਝੰਡੇ ਬੁੰਗੇ ਰਹਿੰਦੀ ਦੁਨੀਆ ਤੱਕ ਕਾਇਮ ਰਹਿਣ।
ਬੁੰਗੇ ਸ਼ਬਦ ਦਾ ਅਰਥ ਮਹਾਨਕੋਸ਼ ਮੁਤਾਬਕ ‘ਰਹਿਣ ਦੀ ਜਗ੍ਹਾ’ ਹੈ। ਬੁੰਗੇ ਵਿੱਚ ਰੁਪਿਆ, ਪੈਸਾ, ਵਸਤਰ ਤੇ ਹੋਰ ਸਾਮਾਨ ਅਮਾਨਤ ਵਜੋਂ ਵੀ ਰੱਖਿਆ ਜਾਂਦਾ ਹੈ। ਜਿਥੇ-ਜਿਥੇ ਗੁਰੂ ਸਾਹਿਬਾਨ ਦੇ ਪਵਿੱਤਰ ਅਸਥਾਨ ਹਨ, ਮਜ੍ਹਬੀ ਸਿੰਘਾਂ ਨੇ ਵੀ ਉਥੇ-ਉਥੇ ਆਪਣੇ ਬੁੰਗੇ ਸਥਾਪਤ ਕੀਤੇ ਸਨ। ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਤਰਨ ਤਾਰਨ ਤੋਂ ਇਲਾਵਾ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਵੀ ਦੁੱਖ ਭੰਜਨੀ ਬੇਰੀ ਨੇੜੇ ਮਜ੍ਹਬੀ ਸਿੰਘਾਂ ਦਾ ਬੁੰਗਾ ਹੈ।
ਸੋਹਨ ਲਾਲ ਸੂਰੀ ਨੇ ਆਪਣੀ ਰਚਨਾ ਵਿੱਚ ਵਿਸ਼ੇਸ਼ ਤੌਰ ਉੱਤੇ ਮਜ੍ਹਬੀ ਸਿੰਘਾਂ ਦੇ ਬੁੰਗੇ ਦਾ ਜ਼ਿਕਰ ਕੀਤਾ ਹੈ। ‘ਪੰਥ ਪ੍ਰਕਾਸ਼’ ਦੇ ਰਚੇਤਾ ਗਿਆਨੀ ਗਿਆਨ ਸਿੰਘ ਨੇ ਬੁੰਗੇ ਸਬੰਧੀ ਲਿਖਿਆ ਹੈ:
ਰੰਘਰੇਟੇ ਸਿੱਖ ਸਿਦਕ ਲਪੇਟੇ
ਕਹੇ ਬਚਨ ਜਬ ਸਿਦਕ ਸਮੇਟੇ,
ਤੁਮ ਰੰਘਰੇਟੇ ਗੁਰੂ ਕੇ ਬੇਟੇ
ਰਹੋ ਪੰਥ ਦੇ ਸੰਗ ਮੇਟੇ
ਅੰਮ੍ਰਿਤਸਰ ਪੂਰਬ ਦਿਸ ਹੋਰੇ,
ਏ ਅਥ ਲੋ ਬੁੰਗਾ ਤਿੰਨ ਕੇਰੇ,
ਮਾਲ ਚੋਥੇ ਪੌੜੇ ਕੇਰੇ,
ਯਾ ਹੀ ਤਿੰਨ ਕੋ ਸਿੱਖ ਦੈਰੇ,
ਰਤਨ ਸਿੰਘ ਭੰਗੂ ਪ੍ਰਾਚੀਨ ‘ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਇਸ ਬੁੰਗੇ ਦੀ ਸਥਾਪਨਾ ਉਸ ਸਮੇਂ ਹੋਈ, ਜਦੋਂ ਕਪੂਰ ਸਿੰਘ ਨੂੰ ਨਵਾਬੀ ਮਿਲੀ।
ਮਜ੍ਹਬੀ ਸਿੱਖਾਂ ਦਾ ਬੁੰਗਾ ਰਾਮਗੜ੍ਹੀਆ ਬੁੰਗੇ ਦੇ ਨਾਲ ਬਣਿਆ ਹੋਇਆ ਹੈ। ਬੁੰਗੇ ਦਾ ਕੁਝ ਹਿੱਸਾ ਦਰਬਾਰ ਸਾਹਿਬ ਲਈ ਐਕੁਆਇਰ ਕੀਤਾ ਗਿਆ ਸੀ। ਇਸ ਦਾ ਐਵਾਰਡ 10 ਅਪ੍ਰੈਲ 1956 ਨੂੰ ਪਾਸ ਕੀਤਾ ਗਿਆ ਅਤੇ ਇਹ ਰੈਫਰੈਂਸ ਕੋਰਟ ਵੱਲੋਂ 20 ਅਪ੍ਰੈਲ 1957 ਨੂੰ ਕੀਤੇ ਹੁਕਮ ਮੁਤਾਬਕ ਜਿਹੜੀ ਜਾਇਦਾਦ ਐਕੁਆਇਰ ਕੀਤੀ ਗਈ ਹੈ, ਉਹ ਮਜ੍ਹਬੀ ਸਿੱਖਾਂ ਦੀ ਹੈ ਤੇ ਬੁੰਗੇ ਦਾ ਕੰਟਰੋਲ ਇਨ੍ਹਾਂ ਕੋਲ ਹੈ। ਉਸ ਸਮੇਂ ਉਥੇ ਬਾਬਾ ਹਰਨਾਮ ਸਿੰਘ ਬਤੌਰ ਬੁੰਗੀ (ਮੈਨੇਜਰ) ਕੰਮ ਕਰ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਬੀਬੀ ਇੰਦਰ ਕੌਰ, ਉਨ੍ਹਾਂ ਦੇ ਬੇਟੇ ਇਕਬਾਲ ਸਿੰਘ ਅਤੇ ਪ੍ਰੀਤਪਾਲ ਸਿੰਘ ਨੇ ਬੁੰਗੇ ਦੀਆਂ ਰਜਿਸਟਰੀਆਂ 11 ਨਵੰਬਰ 1974 ਅਤੇ ਦੋ ਜਨਵਰੀ 1975 ਨੂੰ 75 ਹਜ਼ਾਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਾਮ ਕਰਾਈਆਂ। ਮਜ੍ਹਬੀ ਸਿੱਖ ਸਾਬਕਾ ਫੌਜੀਆਂ ਦੀ ਜਥੇਬੰਦੀ ਨੇ ਇਨ੍ਹਾਂ ਰਜਿਸਟਰੀਆਂ ਨੂੰ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ਵਿੱਚ ਚੈਲੇਂਜ ਕੀਤਾ, ਜਿਸ ਦਾ ਫੈਸਲਾ 28 ਅਗਸਤ 1978 ਨੂੰ ਮਜ੍ਹਬੀ ਸਿੱਖਾਂ ਦੇ ਹੱਕ ਵਿੱਚ ਆਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀਨੀਅਰ ਸਬ ਜੱਜ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕੀਤੀ, ਜਿਸ ਦਾ ਫੈਸਲਾ ਚਾਰ ਫਰਵਰੀ 2005 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਹੋ ਗਿਆ ਅਤੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਕੋਈ ਚਾਰਾਜੋਈ ਨਹੀਂ ਕੀਤੀ ਗਈ।
ਇਸ ਫੈਸਲੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੁੰਗੇ ਦਾ ਕਬਜ਼ਾ ਲੈਣ ਲਈ ਮਜ੍ਹਬੀ ਸਿੱਖਾਂ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਇੱਕ ਦਰਖਾਸਤ ਪਾਈ ਹੋਈ ਹੈ। ਬੁੰਗੇ ਦੀ ਸਥਾਪਤੀ ਜਿਥੇ ਸਿੱਖ ਕੌਮ ਲਈ ਇਤਿਹਾਸਕ ਮਹੱਤਤਾ ਪੱਖੋਂ ਜ਼ਰੂਰੀ ਹੈ, ਉਥੇ ਬੰੁਗੇ ਮਜ੍ਹਬੀ ਸਿੱਖਾਂ ਬਾਬਾ ਵੀਰ ਸਿੰਘ, ਗਰਜਾ ਸਿੰਘ ਅਤੇ ਬੋਤਾ ਸਿੰਘ ਦੀ ਬਹਾਦਰੀ ਦੀ ਤਰਜਮਾਨੀ ਵੀ ਕਰਦੇ ਹਨ। ਪ੍ਰੋ. ਹਰੀ ਰਾਮ ਗੁਪਤਾ ਨੇ ਆਪਣੀ ਰਚਨਾ ‘ਸਿੱਖ ਇਤਿਹਾਸ' ਵਿੱਚ ਗਰਜਾ ਸਿੰਘ ਦੇ ਜਥੇ ਨੂੰ 65 ਜਥਿਆਂ ਦੀ ਲੜੀ ਵਿੱਚ ਨੌਵੀ ਥਾਂ 'ਤੇ ਗਿਣਿਆ ਜਾਣ ਵਾਲਾ ਮਜ੍ਹਬੀ ਸਿੰਘ ਸ਼ਕਤੀਸ਼ਾਲੀ ਸਰਦਾਰ ਦੱਸਿਆ। 1793 ਵਿੱਚ ਜ਼ਕਰੀਆ ਖਾਨ ਸੂਬਾ ਲਾਹੌਰ ਨੇ ਐਲਾਨ ਕੀਤਾ ਸੀ ਕਿ ਉਸ ਨੇ ਸਾਰੇ ਸਿੰਘ ਖਤਮ ਕਰ ਦਿੱਤੇ ਹਨ। ਇਸ ਸਮੇਂ ਸੂਰਬੀਰ ਜੋਧਾ ਜਥੇਦਾਰ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਤਰਨ ਤਾਰਨ ਨੂਰਦੀ ਸਰਾਂ ਨੇੜੇ ਘੁੰਮਦੇ ਹੋਏ ਕੁਝ ਲੋਕਾਂ ਦੀ ਨਜ਼ਰ ਪਏ। ਉਨ੍ਹਾਂ ਵਿੱਚੋਂ ਇਕ ਨੇ ਕਿਹਾ ‘ਉਹ ਫੱਤਿਆ, ਸਿੰਘ ਇਥੇ ਹਜੇ ਵੀ ਮੌਜੂਦ ਹਨ। ਉਹ ਇਥੋਂ ਗਏ ਨਹੀਂ, ਸੂਬਾ ਲਾਹੌਰ ਦਾ ਇਹ ਦਾਅਵਾ ਝੂਠਾ ਹੈ ਕਿ ਸਿੰਘ ਖਤਮ ਕਰ ਦਿੱਤੇ ਹਨ।' ਦੂਜੇ ਨੇ ਕਿਹਾ ‘ਕਰਮੀਆ ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ। ਇਹ ਤਾਂ ਕੋਈ ਹੋਰ ਹਨ ਜੋ ਸਿੰਘਾਂ ਵਰਗੇ ਨਜ਼ਰ ਆ ਰਹੇ ਹਨ।' ਉਨ੍ਹਾਂ ਦੀ ਗੱਲ ਸੁਣਦੇ ਹੀ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਨੂਰਦੀ ਸਰਾਂ ਕੋਲ ਸਿੱਖ ਰਾਜ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ, ਕੇਸਰੀ ਝੰਡਾ ਬਣਾਇਆ ਤੇ ਦਿੱਲੀ ਲਾਹੌਰ ਸੜਕ 'ਤੇ ਟੈਕਸ ਵਸੂਲਨ ਸ਼ੁਰੂ ਕਰ ਦਿੱਤਾ।
ਇਨ੍ਹਾਂ ਵੱਲੋਂ ਸੂਬਾ ਲਾਹੌਰ ਨੂੰ ਲਿਖੀ ਚਿੱਠੀ ਬਾਰੇ ਰਤਨ ਸਿੰਘ ਭੰਗੂ ਲਿਖਦੇ ਹਨ ਕਿ
‘ਚਿੱਠੀ ਲਖੇ ਯੋ ਸਿੰਘ ਬੋਤਾ
ਹਾਥ ਹੈ ਸੋਟਾ,
ਇਹ ਰਾਹ ਖਲੋਤਾ,
ਆਨਾ ਲਾਇਆ ਗੱਡੇ ਨੂੰ,
ਪੈਸਾ ਲਾਇਆ ਖੋਤਾ,
ਆਖੋ ਭਾਬੀ ਖਾਨੋ ਨੂੰ,
ਯੈ ਆਖੇ ਸਿੰਘ ਬੋਤਾ,
ਪ੍ਰਾਚੀਨ ‘ਪੰਥ ਪ੍ਰਕਾਸ਼' ਅਨੁਸਾਰ ਬੀਬੀ ਖਾਨੋ ਨਵਾਬ ਜਕਰੀਆ ਖਾਨ ਦੀ ਵੱਡੀ ਭੈਣ ਸੀ, ਜੋ ਜ਼ੈਲਾ ਖਾਨ ਨਾਲ ਵਿਆਹੀ ਹੋਈ ਸੀ। ਜਕਰੀਆ ਖਾਨ ਸੂਬਾ ਲਾਹੌਰ ਨੇ ਜੱਲਾਲੂਦੀਨ ਦੀ ਕਮਾਨ ਹੇਠ 100 ਘੋੜ ਸਵਾਰ ਯੋਧਿਆਂ ਦੇ ਨਾਲ ਵੱਡੀ ਫੌਜ ਗਰਜਾ ਸਿੰਘ ਤੇ ਬੋਤਾ ਸਿੰਘ ਨੂੰ ਕੁਚਲਣ ਲਈ ਭੇਜੀ। ਇਨ੍ਹਾਂ ਦੋਵਾਂ ਬਹਾਦਰਾਂ ਨੇ ਫੌਜ ਦਾ ਟਾਕਰਾ ਸਿਰਫ ਸੋਟੇ ਤੇ ਤਲਵਾਰ ਨਾਲ ਕੀਤਾ ਤੇ ਮੁਗਲਾਂ ਦੇ ਬਹੁਤ ਸਾਰੇ ਸਿਪਾਹੀ ਮਾਰ ਦਿੱਤੇ ਅਤੇ ਆਖਿਆ ਕਿ ਸਿੰਘ ਹਾਲੇ ਖਤਮ ਨਹੀਂ ਹੋਏ ਸਗੋਂ ਚੜ੍ਹਦੀ ਕਲਾ ਵਿੱਚ ਹਨ।

Have something to say? Post your comment