Welcome to Canadian Punjabi Post
Follow us on

24

March 2019
ਨਜਰਰੀਆ

ਕੋਲਿਆਂ ਦੀ ਲੋਅ..

October 17, 2018 08:21 AM

-ਪਰਮਜੀਤ ਸਿੰਘ ਕੁਠਾਲਾ
ਕਈ ਵਰ੍ਹਿਆਂ ਤੋਂ ਕਿਤਾਬਾਂ ਵਾਲੀ ਅਲਮਾਰੀ ਉਪਰ ਪਈ ਕੋਲਿਆਂ ਵਾਲੀ ਪੁਰਾਣੀ ਪ੍ਰੈਸ ਘਰਦਿਆਂ ਨੇ ਚੁੱਕ ਕੇ ਕਬਾੜੀਏ ਨੂੰ ਵੇਚ ਦਿੱਤੀ। ਇਸ ਬਾਰੇ ਪਤਾ ਕਈ ਮਹੀਨਿਆਂ ਬਾਅਦ ਲੱਗਿਆ। ਘਰ ਵਾਲਿਆਂ ਲਈ ਤਾਂ ਪੁਰਾਣੀ ਪ੍ਰੈਸ ਵਾਧੂ ਕਬਾੜ ਦਾ ਸਮਾਨ ਹੀ ਸੀ, ਪਰ ਮੇਰੇ ਲਈ ਉਹ ਚੜ੍ਹਦੀ ਉਮਰ ਦੇ ਗੁਰਬਤ ਭਰੇ ਵਕਤ ਦੀ ਨਿਸ਼ਾਨੀ ਸੀ। ਵਰ੍ਹਿਆਂ ਤੋਂ ਅਕਸਰ ਪਿੰਡ ਆਉਂਦੇ ਕਬਾੜੀਏ ਤੋਂ ਪੁਰਾਣੀਆਂ ਕਿਤਾਬਾਂ, ਕਾਪੀਆਂ, ਅਖਬਾਰਾਂ ਦੀ ਰੱਦੀ ਅਤੇ ਲੋਹੇ ਤੇ ਪਲਾਸਟਿਕ ਦੇ ਕਬਾੜ ਬਦਲੇ ਪਿੰਡ ਦੀਆਂ ਤੀਵੀਆਂ ਕਈ ਪ੍ਰਕਾਰ ਦੇ ਘਰੇਲੂ ਸਮਾਨ ਖਰੀਦ ਲੈਂਦੀਆਂ। ਘਰਦਿਆਂ ਨੇ ਵੀ ਲੋਹੇ ਦੀ ਪੁਰਾਣੇ ਪ੍ਰੈਸ ਬਦਲੇ ਘਰ ਪਾਲੇ ਕੁੱਤਿਆਂ ਲਈ ਪਲਾਸਟਿਕ ਦਾ ਕੌਲਾ ਜਿਹਾ ਖਰੀਦ ਲਿਆ ਸੀ। ਦਹਾਕਿਆਂ ਤੋਂ ਸਾਂਭੀ ਪ੍ਰੈਸ, ਕੁੱਤਿਆਂ ਦੇ ਕੌਲੇ ਬਦਲੇ ਵੇਚਣ ਨੇ ਬੇਚੈਨ ਕਰ ਦਿੱਤਾ ਸੀ। ਘਰੇ ਕਈ ਦਿਨ ਕਲੇਸ਼ ਰਿਹਾ। ਕੁਝ ਦਿਨਾਂ ਬਾਅਦ ਗਲੀ ਵਿੱਚ ਆਏ ਕਬਾੜੀਏ ਨੂੰ ਪ੍ਰੈਸ ਵਾਪਸ ਕਰਨ ਲਈ ਦੁੱਗਣੇ ਤਿੱਗਣੇ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ।
‘ਉਹ ਤਾਂ ਜੀ ਹੁਣ ਤੱਕ ਮੰਡੀ ਗੋਬਿੰਦਗੜ੍ਹ ਵਾਲਿਆਂ ਨੇ ਢਾਲ ਨੇ ਗਾਡਰ ਸਰੀਆ ਬਣਾ ਦਿੱਤੀ ਹੋਣੀ ਆ।' ਕਬਾੜੀਏ ਨੇ ਹੱਸਦਿਆਂ ਜਵਾਬ ਦਿੱਤਾ। ਮੈਂ ਸਿਰ ਫੜ ਕੇ ਬੈਠ ਗਿਆ। ਮੇਰੇ ਸਾਹਮਣੇ ਉਹ ਦਿਨ ਫਿਲਮ ਵਾਂਗ ਘੁੰਮਣ ਲੱਗੇ ਜਦੋਂ ਮੈਂ ਕਾਲਜ ਵਿੱਚ ਨਾਨ ਮੈਡੀਕਲ ਦੀ ਪੜ੍ਹਾਈ ਛੱਡ ਕੇ ਲੌਂਗੋਵਾਲ ਜੇ ਬੀ ਟੀ ਕੋਰਸ 'ਚ ਦਾਖਲਾ ਲਿਆ ਸੀ। ਸਕੂਲ ਦੇ ਅਨੁਸ਼ਾਸਨ ਮੁਤਾਬਕ ਵਿਦਿਆਰਥੀਆਂ ਲਈ ਪ੍ਰੈਸ ਕੀਤੀ ਚਿੱਟੀ ਪੈਂਟ ਸ਼ਰਟ ਜ਼ਰੂਰੀ ਸੀ। ਹੋਸਟਲ ਨਾ ਹੋਣ ਕਰਕੇ ਮੈਂ ਬੱਸ ਪਾਸ ਬਣਾ ਲਿਆ ਅਤੇ ਰੋਜ਼ ਪਿੰਡੋਂ ਲੌਂਗੋਵਾਲ ਜਾਂਧਾ। ਆਪਣੇ ਨਾਲ ਪੜ੍ਹਦੇ ਦੋਸਤਾਂ ਤੋਂ ਚੋਰੀਓਂ ਸੰਗਰੂਰ ਬੱਸ ਅੱਡੇ ਦੇ ਬਾਹਰ ਸੜਕ 'ਤੇ ਪੁਰਾਣੇ ਕੱਪੜੇ ਵੇਚਦੀਆਂ ਔਰਤਾਂ ਕੋਲੋਂ ਦਸ-ਦਸ ਰੁਪਏ ਦੀਆਂ ਦੋ ਚਿੱਟੀਆਂ ਪੈਂਟਾਂ ਤੇ ਸ਼ਰਟਾਂ ਖਰੀਦ ਲਈਆਂ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਮੁੱਖ ਅਧਿਆਪਕ ਸਭ ਦੀਆਂ ਵਰਦੀਆਂ ਚੈਕ ਕਰਦਾ। ਉਂਝ ਮੇਰੇ ਵਰਗੇ ਹੋਰ ਵੀ ਕਈ ਅਜਿਹੇ ਸਨ, ਜਿਨ੍ਹਾਂ ਨੇ ਬੱਸ ਅੱਡਿਆਂ ਨੇੜੇ ਵਿਕਦੀਆਂ ਪੈਂਟਾਂ ਸ਼ਰਟਾਂ ਖਰੀਦੀਆਂ ਹੋਈਆਂ ਸਨ, ਪਰ ਉਨ੍ਹਾਂ ਦੀਆਂ ਵਰਦੀਆਂ ਚੰਗੀ ਤਰ੍ਹਾਂ ਪ੍ਰੈਸ ਕੀਤੀਆਂ ਹੁੰਦੀਆਂ। ਬੱਸ ਅੱਡੇ ਤੋਂ ਸਰਕਾਰੀ ਸਕੂਲ ਪਹੁੰਚਣ ਲਈ ਲੌਂਗੋਵਾਲ ਦਾ ਸਾਰਾ ਬਾਜ਼ਾਰ ਲੰਘਣਾ ਪੈਂਦਾ ਸੀ। ਰਸਤੇ ਵਿੱਚ ਆਉਂਦੇ ਕੱਪੜੇ ਪ੍ਰੈਸ ਕਰਨ ਵਾਲੇ ਦੁਕਾਨਦਾਰ ਨੇ ਪਹਿਨੇ ਹੋਏ ਕੱਪੜੇ ਲਾਹ ਕੇ ਪ੍ਰੈਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਨਾਲ ਪੜ੍ਹਦੇ ਸਾਥੀ ਦੇ ਕਮਰੇ ਵਿੱਚ ਉਸ ਦੇ ਕੱਪੜੇ ਪਾ ਕੇ ਫਿਰ ਆਪਣੇ ਕੱਪੜੇ ਪ੍ਰੈਸ ਕਰਵਾਉਣੇ ਪੈਂਦੇ।
ਪਿੰਡੋ ਸੱਤਰ ਕਿਲੋਮੀਟਰ ਦੂਰ ਲੌਂਗੋਵਾਲ ਸਮੇਂ ਸਿਰ ਪਹੁੰਚਣ ਲਈ ਮੈਨੂੰ ਸਵੇਰੇ ਪੰਜ ਵਜੇ ਘਰੋਂ ਸਾਈਕਲ 'ਤੇ ਚੱਲ ਕੇ ਮਲੇਰਕੋਟਲਾ ਪਹੁੰਚਣਾ ਪੈਂਦਾ। ਮੈਂ ਰਾਤ ਨੂੰ ਪੈਂਟ ਸ਼ਰਟ ਦੀ ਤਹਿ ਲਾ ਕੇ ਮੰਜੇ ਦੇ ਸਿਰਹਾਣੇ ਦਰੀ ਹੇਠ ਰੱਖ ਲੈਂਦਾ, ਪਰ ਪ੍ਰੈਸ ਵਾਲੀ ਗੱਲ ਫਿਰ ਵੀ ਨਾ ਬਣਦੀ। ਇਕ ਦਿਨ ਲੌਂਗੋਵਾਲ ਬੱਸ ਅੱਡੇ ਨੇੜੇ ਕਬਾੜੀਏ ਦੀ ਦੁਕਾਨ ਤੋਂ ਜੰਗਾਲ ਲੱਗੀ ਲੋਹੇ ਦੀ ਪੁਰਾਣੀ ਪ੍ਰੈਸ ਖਰੀਦ ਲਈ। ਘਰ ਆ ਕੇ ਕਈ ਦਿਨ ਇੱਟ ਦੇ ਰੋੜੇ ਨਾਲ ਰਗੜਦਾ ਰਿਹਾ। ਹੁਣ ਮੇਰਾ ਕੰਮ ਸੌਖਾ ਹੋ ਗਿਆ ਸੀ। ਰਾਤ ਨੂੰ ਡੱਕਿਆਂ ਜਾਂ ਪਾਥੀ ਦੀ ਅੱਗ ਬਾਲ ਕੇ ਗਰਮ ਕੀਤੀ ਪ੍ਰੈਸ ਨਾਲ ਆਪਣੀ ਵਰਦੀ ਪ੍ਰੈਸ ਕਰ ਲੈਂਦਾ। ਇਕ ਦਿਨ ਮੇਰਾ ਡੱਕਿਆਂ ਤੇ ਪਾਥੀ ਤੋਂ ਵੀ ਖਹਿੜਾ ਛੁੱਟ ਗਿਆ। ਸਿਵਿਆਂ ਵਿੱਚ ਪਏ ਕੋਲੇ ਮੇਰਾ ਮਕਸਦ ਹੱਲ ਕਰਨ ਲੱਗੇ। ਮੈਂ ਰਾਤ ਨੂੰ ਹਨੇਰੇ-ਹਨੇਰੇ ਮੜ੍ਹੀਆਂ ਵਿੱਚੋਂ ਕੋਲਿਆਂ ਦਾ ਝੋਲਾ ਭਰ ਲਿਆਉਣਾ। ਹਨੇਰੇ ਵਿੱਚ ਕਈ ਵਾਰ ਹੱਡੀਆਂ ਵੀ ਆ ਜਾਣੀਆਂ। ਕੋਲਿਆਂ ਦਾ ਝੋਲਾ ਤੂੜੀ ਵਾਲੀ ਕੋਠੜੀ ਵਿੱਚ ਖੂੰਜੇ ਲੁਕੋ ਕੇ ਰੱਖਣਾ ਪੈਂਦਾ।
ਇਕ ਰਾਤ ਕੋਲੇ ਇਕੱਠੇ ਕਰਦੇ ਨੂੰ ਝਾੜੀ ਪਿੱਛੇ ਜੰਗਲਪਾਣੀ ਬੈਠੇ ਵਿਹੜੇ ਦੇ ਇਕ ਬੰਦੇ ਨੇ ਵੇਖ ਲਿਆ। ਸਵੇਰ ਹੁੰਦਿਆਂ ਹੀ ਉਹ ਵਿਹੜੇ ਦੇ ਦੋ ਤਿੰਨ ਬੰਦਿਆਂ ਨੂੰ ਲੈ ਕੇ ਸਰਪੰਚ ਕੋਲ ਗਿਆ, ਅਖੇ, ਫਲਾਣਿਆਂ ਦਾ ਮੁੰਡਾ ਰਾਤ ਨੂੰ ਸਿਵੇ ਜਗਾਉਂਦਾ। ਸਵੇਰੇ ਚੌਕੀਦਾਰ ਸਰਪੰਚ ਦੇ ਘਰੇ ਆਉਣ ਦਾ ਸੁਨੇਹਾ ਦੇ ਗਿਆ। ਸਰਪੰਚ ਦੇ ਘਰ ਵੜਦਿਆਂ ਮੇਰੀਆਂ ਲੱਤਾਂ ਕੰਬਣ ਲੱਗੀਆਂ। ਸਰਪੰਚ ਦਾ ਸਿੱਧਾ ਹੀ ਸਵਾਲ ਸੀ, ‘ਉਏ ਤੂੰ ਰਾਤ ਨੂੰ ਸਿਵਿਆਂ 'ਚ ਕੀ ਕਰਦਾ ਹੁੰਨਾਂ?' ‘ਜੀ ਕੁਛ ਨਹੀਂ, ਬੱਸ ਰਾਤ ਛੱਲੀਆਂ ਚੱਬਣ ਨੂੰ ਚਿੱਤ ਕੀਤਾ ਤਾਂ ਦੋਛੱਲੀਆਂ ਭੁੰਨੀਆਂ ਸੀ।' ਮੇਰਾ ਜਵਾਬ ਸੁਣ ਕੇ ਸਰਪੰਚ ਹੱਸਣ ਲੱਗਿਆ,‘ਛੱਲੀਆਂ ਘਰੇ ਨਹੀਂ ਭੁੰਨ ਹੁੰਦੀਆਂ, ਸਿਵੇ 'ਤੇ ਭੁੰਨੀਆਂ ਬਹੁਤੀਆਂ ਮਿੱਠੀਆਂ ਲੱਗਦੀਆਂ।'
ਸਰਪੰਚ ਨੇ ਮੈਨੂੰ ਝਿੜਕ ਕੇ ਤੋਰ ਦਿੱਤਾ। ਸ਼ੁਕਰ ਸੀ ਕਿ ਉਸ ਦਿਨ ਸਿਵਾ ਅੱਸੀ ਨੱਬੇ ਸਾਲ ਦੇ ਬੰਦੇ ਦਾ ਸੀ, ਜੇ ਕਿਸੇ ਮੁਟਿਆਰ ਦਾ ਹੁੰਦਾ ਤਾਂ ਪਤਾ ਨਹੀਂ ਮੇਰਾ ਕੀ ਬਣਦਾ। ਸਿਵਿਆਂ ਦੇ ਕੋਲਿਆਂ ਨਾਲ ਕੱਪੜੇ ਪ੍ਰੈਸ ਕਰਨ ਦਾ ਸਿਲਸਿਲਾ ਬੈਂਕ ਕਲਰਕ, ਅਧਿਆਪਕ ਤੇ ਮੰਡੀ ਬੋਰਡ 'ਚ ਆਕਸ਼ਨ ਰਿਕਾਰਡਰ ਵਜੋਂ ਥੋੜ੍ਹੇ-ਥੋੜ੍ਹੇ ਸਮੇਂ ਲਈ ਕੀਤੀ ਨੌਕਰੀ ਦੌਰਾਨ ਵੀ ਜਾਰੀ ਰਿਹਾ। ਪਸ਼ੂ ਪਾਲਣ ਮਹਿਕਮੇ ਵਿੱਚ ਪੱਕੀ ਨੌਕਰੀ ਮਿਲਣ ਪਿੱਛੋਂ ਘਰ 'ਚ ਬਿਜਲੀ ਵਾਲੀ ਪ੍ਰੈਸ ਆ ਗਈ, ਪਰ ਕੋਲਿਆਂ ਵਾਲੀ ਪੁਰਾਣੀ ਪ੍ਰੈਸ ਨੂੰ ਮੈਂ ਬਾਂਦਰੀ ਦੇ ਬੱਚੇ ਵਾਂਗ ਢਿੱਡ ਨਾਲ ਲਾਈ ਰੱਖਿਆ ਸੀ।

Have something to say? Post your comment