Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਟੋਰਾਂਟੋ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਐਸੋਸੀਏਸ਼ਨ ਨੇ ਸਲਾਨਾ ਟੂਰਨਾਮੈਂਟ ਕਰਾਇਆ

September 18, 2019 01:26 AM

 

ਬਰੈਂਪਟਨ, (ਡਾ. ਝੰਡ) -ਲੰਘੇ ਸ਼ਨੀਵਾਰ 14 ਸਤੰਬਰ ਨੂੰ ਟੋਰਾਂਟੋ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਮ ਐਸੋਸੀਏਸ਼ਨ ਵੱਲੋਂ ਆਪਣਾ ਸਲਾਨਾ ਟੂਰਨਾਮੈਂਟ ਪਾਲ ਕੌਫ਼ੇ ਪਾਰਕ ਦੀਆਂ ਗਰਾਊਂਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ 5-8 ਕਿਲੋਮੀਟਰ ਦੌੜ ਤੇ ਵਾੱਕ, ਸੌਕਰ ਤੇ ਵਾਲੀਬਾਲ ਦੇ ਦਿਲਚਸਪ ਮੈਚ, ਗੋਲਾ ਸੁੱਟਣ ਦੇ ਮੁਕਾਬਲੇ ਅਤੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਆਯੋਜਿਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਆਏ ਮੈਂਬਰਾਂ ਤੇ ਮਹਿਮਾਨਾਂ ਦੇ ਮਨੋਰੰਜਨ ਲਈ ਬਾਅਦ ਦੁਪਹਿਰ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਖ਼ੂਬ ਚੱਲਿਆ। ਇਸ ਦੌਰਾਨ ਖਾਣ-ਪੀਣ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਿਹਾ।

ਐਸੋਸੀਏਸ਼ਨ ਦੇ ਮੈਂਬਰ ਸਵੇਰੇ 10.00 ਵਜੇ ਡੈਰੀ ਰੋਡ ਅਤੇ ਗੋਰਵੇਅ ਨੇੜਲੇ ਪਾਲ ਕੌਫ਼ੇ ਪਾਰਕ ਨੰਬਰ 1 ਵਿਚ ਇਕੱਠੇ ਹੋਣੇ ਸ਼ੁਰੁ ਹੋ ਗਏ ਜਿੱਥੇ ਗਰਮਾ-ਗਰਮ ਚਾਹ, ਪਕੌੜੇ, ਵੇਸਣ ਦੀ ਬਰਫ਼ੀ ਤੇ ਬਦਾਨਾ-ਸੇਵੀਆਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਚਾਹ-ਪਾਣੀ ਛਕਣ ਤੋਂ ਬਾਅਦ ਸਾਰੇ ਮੈਂਬਰ ਗਰਾਊਂਡਾਂ ਵੱਲ ਚੱਲ ਪਏ ਜਿੱਥੇ 5-8 ਕਿਲੋਮੀਟਰ ਦੌੜ ਅਤੇ ਵਾੱਕ ਸ਼ੁਰੂ ਹੋਣ ਵਾਲੀ ਸੀ। ਇਨ੍ਹਾਂ ਵਿਚ ਟੀ.ਪੀ.ਏ.ਆਰ. ਕਲੱਬ ਦੇ ਕਈ ਮੈਂਬਰ ਆਪਣੀਆਂ ਸੰਗਤਰੇ ਅਤੇ ਪੀਲੇ ਰੰਗ ਦੀਆਂ ਟੀ-ਸ਼ਰਟਾਂ ਪਾਈ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਹੋਰ ਕਈ ਦੌੜਾਲ ਰੰਗ-ਬਰੰਗੀਆਂ ਟੀ-ਸ਼ਰਟਾਂ ਨਾਲ ਦੌੜਨ ਲਈ ਤਿਆਰ-ਬਰ ਤਿਆਰ ਖੜੇ ਸਨ। ਲੰਮੀ ਵਿਸਲ ਨਾਲ ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਉਨ੍ਹਾਂ ਨੇ ਨਿਰਧਾਰਤ ਕੀਤੇ ਟਰੈਕ ਉੱਪਰ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਦੌੜ ਕੇ ਅਤੇ ਬਾਕੀਆਂ ਨੇ ਤੇਜ਼-ਤੇਜ਼਼ ਪੈਦਲ ਚੱਲ ਕੇ ਟਰੈਕ ਦੇ 8 ਤੋਂ 10 ਚੱਕਰ ਲਗਾਏ ਜਿਸ ਨਾਲ ਉਸ 600 ਮੀਟਰ ਤੋਂ ਵਧੇਰੇ ਵਾਲੇ ਟਰੈਕ ‘ਤੇ ਉਨ੍ਹਾਂ ਨੇ 5-8 ਕਿਲੋਮੀਟਰ ਪੈਂਡਾ ਤੈਅ ਕੀਤਾ। ਇਸ ਦੌੜ ਤੇ ਵਾੱਕ ਦਾ ਸੁਯੋਗ ਪ੍ਰਬੰਧ ਟੀ.ਪੀ.ਏ.ਆਰ. ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿਚ ਕੀਤਾ ਗਿਆ।
ਇਸ ਦੇ ਨਾਲ਼ ਹੀ ਫੁੱਟਬਾਲ ਦੇ ਖਿਡਾਰੀ ਟਰੈਕ ਦੇ ਨਾਲ ਲੱਗਦੀ ਸੌਕਰ ਗਰਾਂਉਂਡ ਵਿਚ ਵਾਰਮ-ਅੱਪ ਹੋ ਰਹੇ ਸਨ। ਦੌੜ ਦੀ ਸਮਾਪਤੀ ਤੋਂ ਬਾਅਦ ਸੌਕਰ ਦੇ ਇਸ ਮੈਦਾਨ ਵਿਚ ਏਅਰਪੋਰ ਟੈਕਸੀ ਐਸੋਸੀਏਸ਼ਨ ਅਤੇ ਏਅਰਪੋਰਟ ਲਿਮੋਜ਼ੀਨ ਸਰਵਿਸ ਐਸੋਸੀਏਸ਼ਨ ਦੀਆਂ ਟੀਮਾਂ ਵਿਚਕਾਰ ਫੁੱਟਬਾਲ ਦਾ ਮੈਚ ਸ਼ੁਰੂ ਹੋ ਗਿਆ ਜਿਸ ਵਿਚ ਦੋਹਾਂ ਟੀਮਾਂ ਦੇ ਖਿਡਾਰੀ 2-2 ਗੋਲਾਂ ਦੀ ਬਰਾਬਰੀ 'ਤੇ ਰਹੇ ਅਤੇ ਇਸ ਮੈਚ ਵਿਚ ਹਾਰ-ਜਿੱਤ ਦਾ ਮੁਕਾਬਲਾ ਪੈਨਲਟੀ-ਕਿੱਕਾਂ ਨਾਲ ਕਰਨਾ ਪਿਆ ਜਿਸ ਵਿਚ ਟੈਕਸੀ ਐਸੋਸੀਏਸ਼ਨ ਨੇ ਲਿਮੋਜ਼ੀਨ ਵਾਲਿਆਂ ਨੂੰ 5-4 ਗੋਲਾਂ ਦੇ ਫ਼ਰਕ ਨਾਲ ਹਰਾਇਆ। ਏਸੇ ਤਰ੍ਹਾਂ ਵਾਲੀਬਾਲ ਦੇ ਮੈਚ ਵਿਚ ਵੀ ਟੈਕਸੀ ਐਸੀਸੀਏਸ਼ਨ ਦੇ ਖਿਡਾਰਿਆਂ ਨੇ ਲਿਮੋਜ਼ੀਨ ਦੇ ਖਿਡਾਰੀਆਂ ਕੋਲੋਂ ਦੋਵੇਂ ਗੇਮਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਗੋਲਾ ਸੁੱਟਣ (ਸ਼ਾਟ-ਪੁੱਟ) ਦੇ ਮੁਕਾਬਲਿਆਂ ਵਿਚ ਹਰਦੀਪ ਬਰਾੜ ਪਹਿਲੇ ਨੰਬਰ 'ਤੇ ਆਇਆ, ਜਦਕਿ ਬਲਰਾਜ ਸਿੰਘ ਦੂਸਰੇ ਅਤੇ ਗੁਰਲਾਲ ਸਿੰਘ ਤੀਸਰੇ ਨੰਬਰ 'ਤੇ ਰਹੇ।
ਛੋਟੇ ਬੱਚਿਆਂ ਦੀ 50 ਮੀਟਰ ਦੌੜ ਵਿਚ ਸੱਭ ਤੋਂ ਛੋਟੇ 2014 ਵਿਚ ਪੈਦਾ ਹੋਏ ਅਰਬਾਨ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। 2010 ਵਿਚ ਪੈਦਾ ਹੋਏ ਐਰੋਨ ਤੇ ਸ਼ਾਨ ਪਹਿਲੇ ਤੇ ਦੂਸਰੇ ਨੰਬਰ ‘ਤੇ ਆਏ, ਜਦਕਿ 2008-2009 ਵਿਚ ਜੰੇਮੇਂ ਗੁਲਬਾਗ ਅਤੇ ਹਿੰਮਤ ਨੇ ਫ਼ਸਟ ਤੇ ਸੈਕੰਡ ਪੋਜ਼ੀਸ਼ਨਾਂ ਪ੍ਰਾਪਤ ਕੀਤੀਆਂ। ਲੜਕੀਆਂ ਵਿਚ 2010 ਵਿਚ ਪੈਦਾ ਹੋਈਆਂ ਗੁਰਨੂਰ ਅਤੇ ਸੀਨਾ ਪਹਿਲੇ ਤੇ ਦੂਸਰੇ ਨੰਬਰ 'ਤੇ ਆਈਆਂ, ਜਦਕਿ 2010 ਵਿਚ ਜੰਮੀਆਂ ਪਰੀ ਤੇ ਏਕਮ ਫ਼ਸਟ ਤੇ ਸੈਕੰਡ ਰਹੀਆਂ। 60 ਸਾਲ ਤੋਂ ਉੱਪਰ ਉਮਰ ਵਾਲੇ ਸੀਨੀਅਰ ਦੌੜਾਕਾਂ ਦੀ 100 ਮੀਟਰ ਦੌੜ ਵਿਚ ਪਿੰਕੀ ਪਹਿਲੇ ਨੰਬਰ ‘ਤੇ, ਦਿਲਜੀਤ ਸਿੰਘ ਦੂਸਰੇ ਅਤੇ ਤਰਲੋਚਨ ਸਿੰਘ ਤੀਸਰੇ ਨੰਬਰ ‘ਤੇ ਰਹੇ। ਏਸੇ ਤਰ੍ਹਾਂ 50 ਤੋਂ 60 ਸਾਲ ਉਮਰ ਵਰਗ ਵਿਚ ਹਰਮਿੰਦਰ ਡੁਲਕੂ ਪਹਿਲੇ, ਕੁਲਬੀਰ ਦੂਸਰੇ ਅਤੇ ਹਰਬੀਰ ਤੀਸਰੇ ਨੰਬਰ ‘ਤੇ ਆਏ। ਇਨ੍ਹਾਂ ਸਾਰੇ ਮੁਕਾਬਲਿਆਂ ਵਿਚ ਰਹੇ ਜੇਤੂਆਂ ਨੂੰ ਟਰਾਫ਼ੀਆਂ, ਕੱਪ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਆਏ ਮੈਂਬਰਾਂ ਤੇ ਮਹਿਮਾਨਾਂ ਦੇ ਮਨੋਰੰਜਨ ਲਈ ਸ਼ਾਮ ਨੂੰ ਚਾਰ ਵਜੇ ਦੇ ਕਰੀਬ ਗਾਇਕਾ ਰੂਬੀ ਕੌਰ ਨੇ ਆਪਣੀ ਸੁਰੀਲੀ ਤੇ ਦਿਲਕਸ਼ ਆਵਾਜ਼ ਕਈ ਗੀਤ ਸੁਣਾਏ ਜਿਨ੍ਹਾਂ ਨੂੰ ਸਾਰਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਟੂਰਨਾਮੈਂਟ ਦੌਰਾਨ ਸਾਰਾ ਦਿਨ ਖਾਣ-ਪੀਣ ਦਾ ਸਿਲਸਿਲਾ ਚੱਲਦਾ ਰਿਹਾ ਜਿਸ ਦਾ ਇੰਤਜ਼ਾਮ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਟੂਰਨਾਮੈਂਟ ਦੀ ਪ੍ਰਬੰਧਕੀ ਟੀਮ ਵਿਚ ਗੁਰਪ੍ਰੀਤ ਗਰੇਵਾਲ, ਕੁਲਬੀਰ ਸਿੰਘ, ਹਰਮਿੰਦਰ ਸਿੰਘ, ਕੁਲਵੰਤ ਗਰੇਵਾਲ, ਜਸਜੀਤ ਸਿੰਘ, ਬਿੱਲੂ ਅਤੇ ਮਿੰਟੂ ਸ਼ਾਮਲ ਸਨ। ਸਮੁੱਚੇ ਪ੍ਰੋਗਰਾਮ ਦੌਰਾਨ ਬਲਰਾਜ ਧਾਲੀਵਾਲ ਨੇ ਫ਼ੋਟੋਗ੍ਰਾਫ਼ੀ ਦੀ ਸੇਵਾ ਬਾਖ਼ੂਬੀ ਨਿਭਾਈ। ਉਨ੍ਹਾਂ ਚੱਲ ਰਹੇ ਮੈਚਾਂ ਅਤੇ ਹੋਰ ਈਵੈਂਟਸ ਦੀਆਂ ਬਹੁਤ ਖ਼ੂਬਸੂਰਤ ਤਸਵੀਰਾਂ ਖਿੱਚੀਆਂ। ਐਸੋਸੀਏਸ਼ਨ ਦੇ 200 ਦੇ ਕਰੀਬ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਮਹਿਮਾਨਾਂ ਨੇ ਸਾਰਾ ਦਿਨ ਇਸ ਟੂਰਨਾਮੈਂਟ-ਕਮ-ਪਿਕਨਿਕ ਦਾ ਖ਼ੂਬ ਅਨੰਦ ਮਾਣਿਆਂ।

 

 

 
Have something to say? Post your comment