Welcome to Canadian Punjabi Post
Follow us on

25

May 2020
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: 2019 ਫੈਡਰਲ ਚੋਣਾਂ: ਕਿੱਥੇ ਖੜੀਆਂ ਹਨ ਸਿਆਸੀ ਪਾਰਟੀਆਂ

September 17, 2019 04:41 PM

ਜਿਉਂ ਜਿਉਂ 21 ਅਕਤੂਬਰ 2019 ਨੂੰ ਹੋਣ ਜਾ ਰਹੀਆਂ ਕੈਨੇਡਾ ਦੀਆਂ 43ਵੀਂਆਂ ਆਮ ਚੋਣਾਂ ਦਾ ਦਿਨ ਇੱਕ 2 ਕਰਕੇ ਨੇੜੇ ਆਉਂਦਾ ਜਾ ਰਿਹਾ ਹੈ ਤਿਉਂ ਤਿਉਂ ਚੋਣਾਂ ਦੇ ਨਤੀਜਿਆਂ ਬਾਰੇ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਮਨੁੱਖੀ ਸੁਭਾਅ ਦੀ ਥਾਹ ਪਾਉਣਾ ਇੱਕ ਅਸੰਭਵ ਕਾਰਜ ਹੈ ਪਰ ਬੀਤੇ ਦੇ ਇਤਿਹਾਸ, ਚਲੰਤ ਮਾਮਲਿਆਂ ਬਾਰੇ ਵੱਖੋ ਵੱਖਰੀਆਂ ਪਾਰਟੀਆਂ ਦੀ ਪਹੁੰਚ, ਵੋਟਰਾਂ ਦਾ ਸੱਤਾ ਉੱਤੇ ਕਾਬਜ਼ ਪਾਰਟੀ ਪ੍ਰਤੀ ਉਤਸ਼ਾਹ ਜਾਂ ਨਿਰਉਤਸ਼ਾਹ ਆਦਿ ਕੁੱਝ ਅਜਿਹੇ ਮੁੱਦੇ ਹਨ ਜਿਹਨਾਂ ਨੂੰ ਅਪਣਾ ਕੇ ਸਿਆਸੀ ਪੰਡਤ ਆਪੋ ਆਪਣੀ ਸੋਚ ਦੇ ਘੋੜੇ ਦੁੜਾਉਂਦੇ ਰਹਿੰਦੇ ਹਨ। ਇਹਨਾਂ ਘੋੜਿਆਂ ਨੂੰ ਦੁੜਾਉਣ ਦਾ ਜਿੱਥੇ ਇੱਕ ਮਕਸਦ ਪਬਲਿਕ ਦੀ ਲੋਕਤੰਤਰ ਵਿੱਚ ਦਿਲਚਸਪੀ ਨੂੰ ਕਾਇਮ ਰੱਖਣਾ ਹੈ, ਉਸਦੇ ਨਾਲ ਹੀ ਸਿਆਸੀ ਪਾਰਟੀਆਂ ਨੂੰ ਉਹਨਾਂ ਸਿਆਸਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣਾ ਵੀ ਹੈ।

 

ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਆਪਣੇ ਸੀਮਤ ਸਾਧਨਾਂ ਅਤੇ ਖੋਜ ਦੇ ਆਧਾਰ ਉੱਤੇ ਇੱਕ ਲੜੀ ਲਿਖਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਦਿੱਤੇ ਜਾਣ ਵਾਲੇ ਅੰਕੜੇ ਵੱਖੋ ਵੱਖਰੇ ਸ੍ਰੋਤਾਂ ਤੋਂ ਲਏ ਜਾਣਗੇ। ਇਸ ਲੜੀ ਦੇ ਪਹਿਲੇ ਅੰਕ ਵਿੱਚ ਅਸੀਂ ਫੈਡਰਲ ਅਤੇ ਉਂਟੇਰੀਓ ਪੱਧਰ ਉੱਤੇ ਪਾਰਟੀਆਂ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਾਂਗੇ ਜਦੋਂ ਕਿ ਕੱਲ ਤੋਂ ਬਾਅਦ ਰਾਈਡਿੰਗ ਵਿਸ਼ੇਸ਼ ਵਿਸ਼ਲੇਸ਼ਣ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ।

ਮਾਂਟਰੀਅਲ ਵਿੱਚ ਫਰੈਂਚ ਭਾਸ਼ਾ ਦੇ ਕਾਲਜ Cégep de Saint-Laurent ਵਿਖੇ ਖਗੋਲ ਵਿਗਿਆਨ (Astronomy) ਅਤੇ ਭੌਤਿਕੀ (Physics) ਦੇ ਪ੍ਰੋਫੈਸਰ ਪੀ ਜੇ ਫੋਰਨੀਏ ਵੱਲੋਂ 338ਕੈਨੇਡਾ ਡਾਟ ਕਾਮ ਵੈੱਬਸਾਈਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਚੋਣਾਂ ਦੇ ਰੁਝਾਨਾਂ ਨੂੰ ਖੋਜ ਆਧਾਿਰਤ ਸਾਇੰਟਿਫਿਕ ਵਿਧੀਆਂ ਵਰਤ ਕੇ ਚੋਣਾਂ ਦੇ ਨਤੀਜਿਆਂ ਨੂੰ ਆਂਕਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਇਸ ਵੈੱਬਸਾਈਟ ਉੱਤੇ 15 ਸਤੰਬਰ ਤੱਕ ਦਿੱਤੇ ਅਨੁਮਾਨ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ 34.3% ਵੋਟ ਮਿਲਣ ਦੀ ਉਮੀਦ ਹੈ ਜਦੋਂ ਕਿ ਲਿਬਰਲ ਪਾਰਟੀ ਮਹਿਜ਼ 0.01% ਨਾਲ ਪਿੱਛੇ ਚੱਲ ਰਹੀ ਹੈ ਭਾਵ ਉਸਨੂੰ 34.2% ਵੋਟਾਂ ਮਿਲਣੀ ਦੀ ਆਸ ਹੈ। ਇਸ ਮੁਤਾਬਕ ਜੇ ਹਾਲਾਤ ਇੰਝ ਹੀ ਰਹੇ ਤਾਂ ਅੱਗੇ ਜਾ ਕੇ ਪਬਲਿਕ ਦਾ ਰੁਖ ਲਿਬਰਲ ਪਾਰਟੀ ਦੇ ਹੱਕ ਵਿੱਚ ਹੋਰ ਤਿੱਖਾ ਹੋਣ ਦੀ ਆਸ ਹੈ ਜਿਸ ਬਦੌਲਤ ਉਸਨੂੰ ਕੰਜ਼ਰਵੇਟਿਵ ਦੀਆਂ 138 ਦੇ ਮੁਕਾਬਲੇ 168 ਸੀਟਾਂ ਮਿਲਣ ਦੀ ਸੰਭਾਵਨਾ ਹੈ। ਐਨ ਡੀ ਪੀ ਨੂੰ 14, ਬਲਾਕ ਕਿਉਬਿਕੋਆ ਨੂੰ 12 ਅਤੇ ਗਰੀਨ ਨੂੰ 3 ਜਾਂ 4 ਸੀਟਾਂ ਮਿਲ ਸਕਦੀਆਂ ਹਨ। ਜਿੱਥੇ ਤੱਕ ਉਂਟੇਰੀਓ ਦਾ ਸੁਆਲ ਹੈ, ਲਿਬਰਲ ਪਾਰਟੀ ਨੂੰ 38.7% ਜਾਂ 72 ਸੀਟਾਂ, ਕੰਜ਼ਰਵੇਟਿਵ ਨੂੰ 32.9% (42 ਸੀਟਾਂ) ਅਤੇ ਐਨ ਡੀ ਪੀ ਨੂੰ 14.4% ਵੋਟਾਂ (6 ਸੀਟਾਂ) ਹਾਸਲ ਹੋ ਸਕਦੀਆਂ ਹਨ।

ਇਸੇ ਤਰੀਕੇ ਸੀ ਬੀ ਸੀ ਦੇ ਪੋਲ ਟਰੈਕਰ ਵੱਲੋਂ16 ਸਤੰਬਰ ਤੱਕ ਕੰਜ਼ਰਵੇਟਿਵਾਂ ਨੂੰ 34.3%, ਲਿਬਰਲਾਂ ਨੂੰ 33.6%, ਐਨ ਡੀ ਪੀ ਨੂੰ 13.7%, ਗਰੀਨ ਨੂੰ 9.9% ਅਤੇ ਬਲਾਕ ਕਿਉਬਿਕੋਆ ਨੂੰ 4.5% ਵੋਟਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ। ਜਿੱਥੇ ਤੱਕ ਸਰਕਾਰ ਬਣਾਉਣ ਦੀ ਸੰਭਾਵਨਾ ਦੀ ਗੱਲ ਹੈ, ਸੀ ਬੀ ਸੀ ਪੋਲ ਟਰੈਕਰ ਨੂੰ ਆਸ ਹੈ ਕਿ ਲਿਬਰਲ ਪਾਰਟੀ ਦੇ 39% ਚਾਂਸ ਬਹੁ-ਗਿਣਤੀ ਸਰਕਾਰ ਬਣਾਉਣ ਦੇ ਹਨ ਜਦੋਂ ਕਿ 27% ਆਸਾਰ ਹਨ ਕਿ ਲਿਬਰਲ ਘੱਟ ਗਿਣਤੀ ਸਰਕਾਰ ਬਣਾ ਸਕਦੇ ਹਨ। ਇਸਦੇ ਉਲਟ 25% ਆਸਾਰ ਹਨ ਕਿ ਕੰਜ਼ਰਵੇਟਿਵ ਪਾਰਟੀ ਬਹੁ ਗਿਣਤੀ ਸਰਕਾਰ ਬਣਾਏਗੀ ਅਤੇ 9% ਚਾਂਸ ਹਨ ਕਿ ਇਸਦੀ ਘੱਟ ਗਿਣਤੀ ਸਰਕਾਰ ਬਣ ਸਕਦੀ ਹੈ। ਬੇਸ਼ੱਕ ਅੱਜ ਦੇ ਦਿਨ ਕਿਸੇ ਵੀ ਪਾਰਟੀ ਦੀ ਬਹੁ-ਗਿਣਤੀ ਸਰਕਾਰ ਬਣਨ ਬਾਰੇ ਹਾਲ ਦੀ ਘੜੀ ਕੁੱਝ ਵੀ ਪੱਕਾ ਨਹੀਂ ਆਖਿਆ ਜਾ ਸਕਦਾ ਪਰ ਐਨਾ ਜਰੂਰ ਆਖਿਆ ਜਾ ਸਕਦਾ ਹੈ ਕਿ ਐਨ ਡੀ ਪੀ ਵੱਲੋਂ ਜਿ਼ਆਦਾਤਰ ਸੀਟਾਂ ਗੁਆ ਲਈਆਂ ਜਾਣਗੀਆਂ ਅਤੇ ਗਰੀਨ ਪਾਰਟੀ ਵੱਲੋਂ ਆਪਣੀ ਕਾਰਗੁਜ਼ਾਰੀ ਵਿੱਚ ਚੰਗਾ ਖਾਸਾ ਸੁਧਾਰ ਕੀਤਾ ਜਾ ਸਕਦਾ ਹੈ। ਉਂਟੇਰੀਓ ਵਾਸਤੇ ਸੀ ਬੀ ਸੀ ਦਾ ਅਨੁਮਾਨ ਇੰਨ ਬਿਨ 338ਕੈਨੇਡਾ ਡਾਟ ਕਾਮ ਵਾਲਾ ਹੈ।

ਇੱਕ ਹੋਰ ਸ੍ਰੋਤ calculated politics ਹੈ ਜਿਸ ਮੁਤਾਬਕ ਲਿਬਰਲ ਹਾਲ ਦੀ ਘੜੀ ਕੰਜ਼ਰਵੇਟਿਵਾਂ ਦੇ 33.9% ਦੇ ਮੁਕਾਬਲੇ 34.4% ਵੋਟਾਂ ਹਾਸਲ ਕਰਕੇ ਅੱਗੇ ਚੱਲਦੇ ਵਿਖਾਈ ਦੇਂਦੇ ਹਨ। ਇਸਦੇ ਅਨੁਮਾਨ ਮੁਤਾਬਕ ਲਿਬਰਲ 164 ਸੀਟਾਂ ਜਿੱਤ ਸਕਦੇ ਹਨ ਜਦੋਂ ਕਿ ਕੰਜ਼ਰਵੇਟਿਵਾਂ ਦੇ 135 ਸੀਟਾਂ ਉੱਤੇ ਕਾਬਜ਼ ਹੋਣ ਦੇ ਆਸਾਰ ਹਨ। ਐਨ ਡੀ ਪੀ ਨੂੰ 24, ਬਲਾਕ ਕਿਉਬਿਕੋਆ ਨੂੰ 10 ਅਤੇ ਗਰੀਨ ਨੂੰ 3 ਸੀਟਾਂ ਮਿਲ ਸਕਦੀਆਂ ਹਨ। calculated politicsਮੁਤਾਬਕ ਉਂਟੇਰੀਓ ਵਿੱਚ ਲਿਬਰਲ 38.5%, ਕੰਜ਼ਰਵੇਟਿਵ 32.4%, ਐਨ ਡੀ ਪੀ 15.1% ਅਤੇ ਗਰੀਨ 10% ਵੋਟਾਂ ਹਾਸਲ ਕਰ ਸਕਦੇ ਹਨ ਜਿਸ ਬਦੌਲਤ ਉਹਨਾਂ ਨੂੰ ਕਰਮਵਾਰ 69, 39, 12 ਅਤੇ 4 ਸੀਟਾਂ ਮਿਲ ਸਕਦੀਆਂ ਹਨ।

ਬੇਸ਼ੱਕ ਚੋਣ ਪ੍ਰਚਾਰ ਆਰੰਭ ਹੋਇਆਂ ਮਹਿਜ਼ 4-5 ਦਿਨ ਹੀ ਹੋਏ ਹਨ ਅਤੇ ਦਿੱਤੇ ਗਏ ਅੰਕੜਿਆਂ ਦੀ ਸਾਰਥਕਤਾ ਬਾਰੇ ਯਕੀਨੀ ਰੂਪ ਵਿੱਚ ਕੁੱਝ ਵੀ ਆਖਣਾ ਗਲਤ ਹੋਵੇਗਾ ਪਰ ਰੁਝਾਨਾਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਲਿਬਰਲ ਪਾਰਟੀ ਤੋਂ ਸੱਤਾ ਹਥਿਆਉਣ ਲਈ ਕੰਜ਼ਰਵੇਟਿਵਾਂ ਨੂੰ ਚੰਗੀ ਕਿਸਮਤ ਦੇ ਨਾਲ ਨਾਲ ਜ਼ਬਰਦਸਤ ਮਿਹਨਤ ਕਰਨ ਦੀ ਲੋੜ ਹੋਵੇਗੀ। ਇਸੇ ਤਰਾਂ ਇਸ ਸਾਲ ਦੀਆਂ ਚੋਣਾਂ ਐਨ ਡੀ ਪੀ ਦੀ ਹੋਂਦ ਬਾਰੇ ਉਹੋ ਜਿਹੀ ਹੀ ਚੁਣੌਤੀ ਖੜੀ ਕਰ ਸਕਦੀਆਂ ਹਨ ਜਿਹੋ ਜਿਹੀ 2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਬਾਅਦ ਉਂਟੇਰੀਓ ਵਿੱਚ ਲਿਬਰਲ ਪਾਰਟੀ ਬਾਰੇ ਛਿੜ ਗਈ ਸੀ।

ਇਸ ਚਰਚਾ ਨੂੰ ਜਾਰੀ ਰੱਖਣ ਦੇ ਇਰਾਦੇ ਨਾਲ ਕੱਲ ਤੋਂ ਅਸੀਂ ਉਹਨਾਂ ਰਾਈਡਿੰਗਾਂ ਬਾਰੇ ਗੱਲ ਕਰਨੀ ਆਰੰਭ ਕਰਾਂਗੇ ਜਿਹਨਾਂ ਵਿੱਚ ਪੰਜਾਬੀ ਵੋਟਰਾਂ ਦਾ ਪ੍ਰਭਾਵ ਅਤੇ ਦਿਲਚਸਪੀ ਵਧੇਰੇ ਹੈ। ਆਰੰਭ ਬਰੈਂਪਟਨ ਈਸਟ ਤੋਂ ਕੀਤਾ ਜਾਵੇਗਾ।

Have something to say? Post your comment