ਜਲੰਧਰ, 16 ਅਕਤੂਬਰ (ਪੋਸਟ ਬਿਊਰੋ)- ਈਸਾਈ ਸਾਧਵੀ (ਨੰਨ) ਨਾਲ ਬਲਾਤਕਾਰ ਦੇ ਦੋਸ਼ੀ ਰੋਮਨ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲ ਹਾਈ ਕੋਰਟ ਨੇ ਕੱਲ੍ਹ ਜ਼ਮਾਨਤ ਦੇ ਦਿੱਤੀ ਹੈ, ਪਰ ਕੋਰਟ ਨੇ ਉਸ ਦੇ ਕੇਰਲ ਵਿੱਚ ਦਾਖਲ ਹੋਣ 'ਤੇ ਰੋਗ ਲਾ ਦਿੱਤੀ ਹੈ। ਫਿਰ ਵੀ ਉਨ੍ਹਾਂ ਨੂੰ ਹਰ ਦੂਸਰੇ ਸਨੀਵਾਰ ਜਾਂਚ ਅਧਿਕਾਰੀ ਸਾਹਮਣੇ ਪੇਸ਼ੀ ਲਈ ਉਸ ਰਾਜ ਵਿੱਚ ਆਉਣ ਦੀ ਛੋਟ ਹੋਵੇਗੀ। ਉਨ੍ਹਾਂ ਨੂੰ ਆਪਣਾ ਪਾਸਪੋਰਟ ਵੀ ਕੋਰਟ ਵਿੱਚ ਜਮ੍ਹਾ ਕਰਾਉਣਾ ਹੋਵੇਗਾ। ਜ਼ਮਾਨਤ ਦੀਆਂ ਇਹ ਸ਼ਰਤਾਂ ਚਾਰਜਸ਼ੀਟ ਦਾਖਲ ਹੋਣ ਤੱਕ ਲਾਗੂ ਰਹਿਣਗੀਆਂ।
ਬਿਸ਼ਪ ਫਰੈਂਕੋ ਮੁਲੱਕਲ ਨੂੰ 21 ਸਤੰਬਰ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਤਿੰਨ ਅਕਤੂਬਰ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਸਰਕਾਰੀ ਪੱਖ ਨੇ ਦਲੀਲ ਦਿੱਤੀ ਸੀ ਕਿ ਜ਼ਮਾਨਤ ਮਿਲਣ ਉਤੇ ਉਚ ਅਹੁਦੇ ਦਾ ਫਾਇਦਾ ਉਠਾ ਕੇ ਉਹ ਗਵਾਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਇਸ ਦੇ ਬਾਅਦ ਮੁਲੱਕਲ ਨੇ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਉਹ ਅੱਜ ਕੱਲ੍ਹ ਜਲੰਧਰ ਡਾਇਸਸ ਦੇ ਬਿਸ਼ਪ ਨਹੀਂ ਹਨ, ਇਸ ਲਈ ਗਵਾਹਾਂ ਨੂੰ ਪ੍ਰਭਾਵਤ ਨਹੀਂ ਕਰ ਸਕਦੇ। ਗਵਾਹਾਂ ਨੂੰ 24 ਘੰਟੇ ਸੁਰੱਖਿਆ ਵੀ ਦਿੱਤੀ ਜਾ ਰਹੀ ਹੈ। ਕੋਟਾਯਮ ਜ਼ਿਲ੍ਹੇ ਦੀ ਪਾਲਾ ਸਬ ਜੇਲ੍ਹ ਵਿੱਚ ਬੰਦ ਬਿਸ਼ਪ ਨੇ ਖਰਾਬ ਸਿਹਤ ਦਾ ਵੀ ਹਵਾਲਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਨੰਨ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਨੇ ਸਾਲ 2014 ਤੋਂ 2016 ਦੌਰਾਨ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਜ਼ੋਰ ਫੜਨ ਪਿੱਛੋਂ ਬਿਸ਼ਪ ਨੇ ਆਪਣੇ ਬਚਾਅ ਵਿੱਚ ਕਈ ਤਰਕ ਦਿੱਤੇ। ਉਨ੍ਹਾਂ ਨੇ ਇਥੋਂ ਤੱਕ ਕਿਹਾ ਕਿ ਉਨ੍ਹਾਂ ਤੋਂ ਬਦਲਾ ਲੈਣ ਦੇ ਲਈ ਇਹ ਸ਼ਿਕਾਇਤ ਕੀਤੀ ਗਈ ਹੈ।