ਨਵੀਂ ਦਿੱਲੀ, 16 ਅਕਤੂਬਰ (ਪੋਸਟ ਬਿਊਰੋ)- ਭਾਰਤ ਵਿੱਚ ਮੌਸਮ ਦੇ ਬਦਲਣ ਨਾਲ ਹੀ ਦਿੱਲੀ ਅਤੇ ਐੱਨ ਸੀ ਆਰ (ਨੈਸ਼ਨਲ ਕੈਪੀਟਲ ਰੀਜਨ) ਦੀ ਹਵਾ ਜ਼ਹਿਰੀਲੀ ਹੋਣ ਲੱਗ ਪਈ ਹੈ। ਨਾਸਾ ਤੋਂ ਮਿਲੀਆਂ ਉਪਗ੍ਰਹਿ ਤਸਵੀਰਾਂ `ਚ ਪੰਜਾਬ ਤੇ ਹਰਿਆਣਾ `ਚ ਵੱਡੇ ਪੱਧਰ `ਤੇ ਪਰਾਲੀ ਸਾੜਨ ਦੀਆਂ ਗਤੀਵਿਧੀਆ ਦਿੱਸ ਰਹੀਆਂ ਹਨ। ਇਸ ਨਾਲ ਅਕਤੂਬਰ `ਚ ਹੀ ਹਵਾ ਖਰਾਬ ਹੋਣ ਨਾਲ ਜਿੱਥੇ ਦਿੱਲੀ ਵਾਸੀਆਂ ਦੀਆਂ ਸਮੱਸਿਆਵਾਂ ਵੱਧਣ ਲੱਗੀਆਂ ਹਨ।
ਤਾਜ਼ਾ ਸਥਿਤੀ ਨੂੰ ਦਿੱਲੀ ਸਰਕਾਰ ਜਲਦ ਹੀ ਸੰਭਾਲਣਾ ਚਾਹੁੰਦੀ ਹੈ। ਇਸ ਖਤਰੇ ਨੂੰ ਦੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ `ਚ ਐਮਰਜੈਂਸੀ ਯੋਜਨਾ ਲਾਗੂ ਕਰ ਦਿੱਤੀ ਹੈ, ਜਿਸ ਵਿੱਚ ਮਸ਼ੀਨਾਂ ਤੋਂ ਸੜਕਾਂ ਦੀ ਸਫਾਈ ਅਤੇ ਇਸ ਖੇਤਰ ਦੇ ਭੀੜ-ਭਾੜ ਵਾਲੇ ਇਲਾਕਿਆਂ `ਚ ਵਾਹਨਾਂ ਦੇ ਸੁਚਾਰੂ ਟ੍ਰੈਫਿਕ ਲਈ ਟ੍ਰੈਫਿਕ ਪੁਲਸ ਤੈਨਾਤ ਕਰਨ ਵਰਗੇ ਉਪਾਅ ਸ਼ਾਮਿਲ ਹੋਣਗੇ। ਦੂਜੇ ਪਾਸੇ ਦਿੱਲੀ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਤੋਂ ਮੰਗ ਕੀਤੀ ਹੈ ਕਿ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਕਦਮ ਚੁੱਕੇ ਜਾਣ। ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵੱਲੋਂ ਜਾਰੀ ਐਡਵਾਇਜ਼ਰੀ ਤੋਂ ਬਾਅਦ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਦੂਸ਼ਣ ਦੇ ਮਾਮਲੇ ਵਿੱਚ ਨਗਰ ਨਿਗਮ ਨੇ 1 ਜਨਵਰੀ 2018 ਤੋਂ ਲੈ ਕੇ ਅੱਜ ਤੱਕ ਗੈਰ-ਅਨੁਕੂਲ ਖੇਤਰਾਂ `ਚ 10,196 ਉਦਯੋਗਾਂ `ਤੇ ਕਾਰਵਾਈ ਕੀਤੀ ਹੈ ਅਤੇ 1,368 ਉਦਯੋਗਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਅਤੇ 417 ਉਦਯੋਗਿਕ ਯੂਨਿਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪ੍ਰਦੂਸ਼ਣ ਸਭ ਤੋਂ ਪਹਿਲਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਅਜਿਹੇ `ਚ ਹਰ ਮੌਸਮ `ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰਦੂਸ਼ਿਤ ਹਵਾ `ਚ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ।