Welcome to Canadian Punjabi Post
Follow us on

24

March 2019
ਨਜਰਰੀਆ

ਕੁਝ ਭੁਲੱਕੜਾਂ ਬਾਰੇ

October 16, 2018 09:24 AM

-ਸ਼ਸ਼ੀ ਲਤਾ
ਕੁਝ ਸਮਾਂ ਪਹਿਲਾਂ ਮਨੁੱਖ ਦਾ ਜੀਵਨ ਬਹੁਤ ਸਾਦਾ ਸੀ। ਉਸ ਦੀਆਂ ਲੋੜਾਂ ਸੀਮਿਤ ਸਨ। ਖਾਣ-ਪਾਣ ਰਹਿਣ-ਸਹਿਣ ਸਾਦਗੀ ਭਰਪੂਰ ਸੀ। ਮਨ ਵਿੱਚ ਸਹਿਜਤਾ ਸੀ, ਸਹਿਣਸ਼ੀਲਤਾ ਸੀ। ਕਾਹਲ ਨਾਂਅ ਦੀ ਕੋਈ ਚੀਜ਼ ਨਹੀਂ ਸੀ। ਫਿਰ ਸਮੇਂ ਨੇ ਪਲਟਾ ਖਾਧਾ ਤਕਨੀਕੀ ਦੌਰ ਆਇਆ। ਘਰ-ਘਰ ਟੈਲੀਵਿਜ਼ਨ, ਮੋਬਾਈਲ, ਕੰਪਿਊਟਰ ਆ ਗਏ। ਸਾਈਕਲਾਂ ਤੋਂ ਸਕੂਟਰ, ਮੋਟਰ ਸਾਈਕਲ, ਕਾਰਾਂ ਆ ਗਈਆਂ। ਜ਼ਿੰਦਗੀ ਗੁੰਝਲਦਾਰ ਬਣ ਗਈ। ਸੁਭਾਅ ਵਿੱਚ ਤੇਜ਼ੀ ਤੇ ਕਾਹਲਾਪਨ ਆ ਗਿਆ। ਇੱਕ ਹੱਥ ਤੇ ਕੰਨ ਸਮਾਰਟ ਫੋਨਾਂ ਨੇ ਰੋਕ ਲਏ। ਘਰੋਂ ਬਾਹਰ ਜਾਣ ਵੇਲੇ ਕਈ ਚੀਜ਼ਾਂ ਦੀ ਸੰਭਾਲ ਜ਼ਰੂਰੀ ਬਣ ਗਈ। ਪਰਸ, ਚਾਬੀਆਂ ਮੋਬਾਈਲ, ਐਨਕਾਂ ਵਗੈਰਾ ਵਗੈਰਾ ਦਾ ਖਿਆਲ ਰੱਖਣਾ ਪੈ ਗਿਆ। ਚੌਕੰਨੇ ਹੋ ਕੇ ਰਹਿਣਾ ਪਿਆ, ਜਿੱਥੇ ਸੁਸਤੀ ਵਰਤੀ, ਨੁਕਸਾਨ ਨੂੰ ਸੱਦਾ ਮਿਲਿਆ।
ਕੁਝ ਮਨੁੱਖ ਜਮਾਂਦਰੂ ਭੁਲੱਕੜ ਹੁੰਦੇ ਹਨ, ਪਰ ਕੁਝ ਕਾਹਲ, ਟੈਨਸ਼ਨ ਕਰ ਕੇ ਭੁੱਲਾਂ ਕਰ ਬੈਠਦੇ ਹਨ। ਮੈਂ ਇੱਕ ਦੋ ਵਾਰਦਾਤਾਂ ਇਨ੍ਹਾਂ ਭੁਲੱਕੜਾਂ ਦੀਆਂ ਦਸਦੀ ਹਾਂ।
ਮੇਰੇ ਗੁਆਂਢ ਵਿੱਚ ਇੱਕ ਅਗਰਵਾਲ ਪਰਵਾਰ ਰਹਿੰਦਾ ਸੀ। ਉਨ੍ਹਾਂ ਨੇ ਮਕਾਨ ਬਦਲਿਆ ਤੇ ਚਲੇ ਗਏ। ਉਹ ਬੰਦਾ ਕੀ ਕਰਿਆ ਕਰੇ, ਸਵੇਰੇ ਦੁੱਧ ਦਾ ਡੋਲ ਲੈ ਕੇ ਇਧਰ ਘਰ ਵੱਲ ਆਇਆ ਕਰੇ ਤੇ ਦਰਵਾਜ਼ੇ ਕੋਲ ਆ ਕੇ ਹੱਸ ਕੇ ਕਿਹਾ ਕਰੇ, ‘‘ਉਹ ਮੈਂ ਤਾਂ ਭੁੱਲ ਹੀ ਗਿਆ।” ਦੋ ਤਿੰਨ ਹਫਤਿਆਂ ਬਾਅਦ ਉਸ ਦੀ ਇਹ ਆਦਤ ਬਦਲੀ।
ਪਹਿਲਾਂ-ਪਹਿਲਾਂ ਕਦੇ ਮੈਂ ਪਤੀ ਦੇਵ ਨਾਲ ਸਕੂਟਰ ਉਤੇ ਬਾਜ਼ਾਰ ਚਲੇ ਜਾਣਾ। ਰਸਤੇ ਵਿੱਚ ਕੋਈ ਜਾਣ ਪਛਾਣ ਵਾਲਾ ਟੱਕਰ ਜਾਂਦਾ ਤਾਂ ਸਕੂਟਰ ਰੋਕ ਕੇ ਗੱਲਾਂ ਮਾਰਦੇ ਰਹਿਣਾ। ਮੈਂ ਉਤਰ ਜਾਣਾ। ਇੱਕ ਦੋ ਵਾਰ ਇੰਝ ਹੋਇਆ ਕਿ ਮੈਨੂੰ ਬਿਠਾਏ ਬਿਨਾਂ ਸਕੂਟਰ ਤੋਰ ਲੈਣਾ। ਉਥੇ ਖੜ੍ਹੀ ਨੂੰ ਮੈਨੂੰ ਫਿਰ ਉਸ ਗੀਤ ਦੀਆਂ ਲਾਈਨਾਂ ਚੇਤੇ ਆਉਂਦੀਆਂ ਜਿਸ ਦੇ ਬੋਲ ਇਸ ਤਰ੍ਹਾਂ ਸਨ; ‘‘ਸਟੇਸ਼ਨ ਉੱਤੇ ਖਲੋਤੀ ਨੀ ਆਵਾਜ਼ਾਂ ਮਾਰਦੀ, ਭੁੱਲੀ ਹੋਈ ਨਾਰ ਤੋਂ ਕਿਸੇ ਹੌਲਦਾਰ ਦੀ।” ਜਦੋਂ ਪਿੱਛੇ ਬੈਠੀ ਤੋਂ ਕਿਸੇ ਗੱਲ ਦਾ ਹੁੰਗਾਰਾ ਨਾ ਮਿਲਣਾ, ਫਿਰ ਪਤਾ ਲੱਗਣਾ।
ਇੱਕ ਹੋਰ ਮੇਰੇ ਰਿਸ਼ਤੇਦਾਰ ਦਾ ਲੜਕਾ ਕੁਝ ਭੁਲੱਕੜ ਕਿਸਮ ਦਾ ਹੈ। ਉਸ ਦੀ ਗੱਡੀ ਨੂੰ ਇੱਕ ਹੋਰ ਰਿਸ਼ਤੇਦਾਰ ਨੇ ਵਿਆਹ ਲਈ ਸਜਾਉਣ ਦਾ ਮਨ ਬਣਾਇਆ। ਫੁੱਲ ਅਤੇ ਲੜੀਆਂ ਲਾ ਕੇ ਗੱਡੀ ਪੂਰੀ ਸਜਾ ਕੇ ਖੜਾ ਦਿੱਤੀ। ਜਦੋਂ ਸਾਰੇ ਕਾਰ ਵਿਹਾਰ ਪੂਰੇ ਕਰ ਕੇ ਜੰਞ ਚੜ੍ਹਨ ਦਾ ਵੇਲਾ ਆਇਆ ਤਾਂ ਗੱਡੀ ਦੀ ਚਾਬੀ ਇਧਰ ਓਧਰ ਹੋ ਗਈ। ਰਿਸ਼ਤੇਦਾਰ ਜੰਞ ਚੜ੍ਹਨ ਨੂੰ ਕਾਹਲੇ ਪੈਣ। ਮੁੰਡਾ ਸਜਿਆ ਖੜਾ। ਕੀ ਕੀਤਾ ਜਾਵੇ? ਇੱਕ ਹੋਰ ਗੱਡੀ ਸ਼ਿੰਗਾਰੀ, ਤਾਂ ਕਿਤੇ ਜਾ ਕੇ ਜੰਞ ਚੜ੍ਹੀ। ਹੈ ਨਾ ਮਜ਼ੇਦਾਰ?
ਮੇਰੇ ਛੋਟੇ ਭਰਾ ਨੇ ਪਟਿਆਲੇ ਇੱਕ ਕੋਠੀ ਖਰੀਦ ਕੇ ਉਸ ਵਿੱਚ ਸਮਾਨ ਸੈਟ ਕਰ ਦਿੱਤਾ। ਜਦੋਂ ਕਈ ਦਿਨ ਬਾਅਦ ਰਿਹਾਇਸ਼ ਲਈ ਗਿਆ ਤਾਂ ਗਲੀ ਦਾ ਭੁਲੇਖਾ ਲੱਗ ਗਿਆ। ਦੋ ਚਾਰ ਚੱਕਰ ਮਾਰੇ ਤਾਂ ਕਿਸੇ ਨੇ ਪੁੱਛਿਆ, ‘ਭਾਈ ਸਾਹਿਬ ਤੁਸੀਂ ਕਿਨ੍ਹਾਂ ਦੇ ਘਰ ਜਾਣੈ?’ ਹੱਸ ਕੇ ਕਹਿਣ ਲੱਗਾ, ‘ਓ ਮੇਰੇ ਯਾਰ ਜਾਣਾ ਤਾਂ ਆਪਣੇ ਹੀ ਘਰ ਹੈ, ਪਰ ਗਲੀ ਦਾ ਭੁਲੇਖਾ ਪੈ ਗਿਆ ਹੈ।” ਕੁਝ ਦੇਰ ਭਾਲਣ ਤੋਂ ਬਾਅਦ ਆਪਣੇ ਹੀ ਘਰ ਦੀ ਨਾਂਅ ਪਲੇਟ ਵੇਖ ਕੇ ਕਹਿਣ ਲੱਗਾ, ‘‘ਲੱਭ ਗਿਆ, ਲੱਭ ਗਿਆ।” ਸੋ ਬਈ ਘਰੋਂ ਤੁਰਨ ਵੇਲੇ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਚੈਕ ਕਰ ਕੇ ਜਾਓ। ਘਰ ਪਰਤ ਕੇ ਇੱਕ ਟਿਕਾਣਾ ਬਣਾਓ ਉਨ੍ਹਾਂ ਦੇ ਰੱਖਣ ਦਾ। ਬਾਈਕ, ਕਾਰ ਦੀ ਸਪੀਡ ਠੀਕ ਰੱਖੋ ਚੌਕਸ ਹੋ ਕੇ। ਸੁਸਤੀ ਨਾ ਵਰਤੋ, ਕਾਹਲ ਨਾ ਕਰੋ, ਕਿਉਂ ਤੁਸੀਂ ਕਿਹੜਾ ਅੱਗੇ ਜਾ ਅੱਗੇ ਜਾ ਕੇ ਤਣੀ ਛੂਹਣੀ ਹੈ।

Have something to say? Post your comment