Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਦਿਲ 'ਚੋਂ ਉਠਦੀ ਹੂਕ..

October 16, 2018 09:23 AM

-ਮਨਸ਼ਾ ਰਾਮ ਮੱਕੜ
ਇਕ ਦਿਨ ਅਜਿਹਾ ਸ਼ਖਸ ਕਚਹਿਰੀ ਵਿੱਚ ਟਾਈਪ ਕਰਵਾਉਣ ਲਈ ਆਇਆ ਜਿਸ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਪੋਲਿੰਗ ਅਫਸਰ ਦੀ ਡਿਊਟੀ ਨਿਭਾਈ ਸੀ। ਉਥੇ ਬੈਠੇ ਸਾਰੇ ਜਣੇ ਆਪੋ ਆਪਣੇ ਪਿੰਡਾਂ ਦੇ ਬੂਥਾਂ ਵਿੱਚ ਹੋਈ ਗੜਬੜ ਦੀ ਚਰਚਾ ਕਰ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਕੋਲ ਬੈਠੇ ਅਧਿਆਪਕ, ਜਿਸ ਨੇ ਪੋਲਿੰਗ ਅਫਸਰ ਦੀ ਡਿਊਟੀ ਦਿੱਤੀ ਸੀ, ਆਪਣੀ ਹੱਡ ਬੀਤੀ ਸੁਣਾਈ।
ਉਨ੍ਹਾਂ ਨੂੰ ਉਪ ਮੰਡਲ ਗਿੱਦੜਬਾਹਾ ਤੋਂ ਸਾਮਾਨ ਦਿੱਤਾ ਜਾਣਾ ਸੀ ਅਤੇ ਉਥੇ ਜਾ ਕੇ ਪੋਲਿੰਗ ਬੂਥ ਤੇ ਪਿੰਡ ਦਾ ਪਤਾ ਲੱਗਣਾ ਸੀ। ਉਨ੍ਹਾਂ ਹਾਜ਼ਰੀ ਲਾਈ, ਸਬੰਧਤ ਅਧਿਕਾਰੀ ਦਾ ਲੈਕਚਰ, ਜੋ ਵੋਟਾਂ ਪਾਉਣ ਬਾਰੇ ਜਾਣਕਾਰੀ ਦੇਣ ਲਈ ਸੀ, ਸੁਣਿਆ। ਬੈਲਟ ਪੇਪਰ ਅਤੇ ਹੋਰ ਸਬੰਧਤ ਸਾਮਾਨ ਲੈ ਲਿਆ। ਸ਼ਾਮ ਦੇ ਤਕਰੀਬਨ ਪੰਜ ਵੱਜ ਗਏ ਸਨ। ਟੀਮ ਵਿੱਚ ਇਕ ਅਧਿਆਪਕਾ ਸੀ। ਉਨ੍ਹਾਂ ਉਸ ਨੂੰ ਕਹਿ ਦਿੱਤਾ ਕਿ ਉਹ ਆਪਣੇ ਪਿੰਡ ਚਲੀ ਜਾਵੇ ਅਤੇ ਸਵੇਰੇ ਛੇ ਵਜੇ ਤੋਂ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਪਹੁੰਚ ਜਾਵੇ, ਨਾਲ ਦੋ-ਦੋ ਪਰੌਂਠੇ ਲਈ ਆਵੇ। ਉਨ੍ਹਾਂ ਚਹੁੰਆਂ ਨੇ ਸਮਾਨ ਦੇ ਬੈਗ ਲਏ ਤੇ ਬੱਸ ਵਿੱਚ ਜਾ ਬੈਠੇ। ਹੋਰ ਪਾਰਟੀਆਂ ਵੀ ਆਪਣਾ ਸਾਮਾਨ ਲੈ ਕੇ ਬੱਸ ਵਿੱਚ ਸਵਾਰ ਹੋ ਗਈਆਂ, ਜਿਨ੍ਹਾਂ ਵਿੱਚ ਪੁਲਸ ਵਾਲੇ ਵੀ ਸਨ। ਦਿਨ ਛਿਪੇ ਤਕਰੀਬਨ ਅੱਠ ਵਜੇ ਸਬੰਧਤ ਸਕੂਲ ਦੇ ਗੇਟ ਅੱਗੇ ਬੱਸ ਦੀਆਂ ਬਰੇਕਾਂ ਲੱਗੀਆਂ। ਉਨ੍ਹਾਂ ਆਪਣਾ ਸਾਮਾਨ ਸਕੂਲ ਦੇ ਕਮਰਿਆਂ ਅੱਗੇ ਲਿਖੇ ਬੂਥ ਨੰਬਰਾਂ ਮੁਤਾਬਕ ਮੇਜ਼ਾਂ 'ਤੇ ਜਾ ਟਿਕਾਇਆ। ਵੋਟ ਪਾਉਣ ਵਾਲੀ ਥਾਂ ਦਾ ਓਹਲਾ ਬਣਾਉਣ ਲਈ ਦਿੱਤੇ ਕੱਪੜੇ ਤਾਣ ਦਿੱਤੇ ਤੇ ਮੇਜ਼ ਉਪਰ ਡੱਬਾ ਰੱਖ ਦਿੱਤਾ, ਜਿਸ ਵਿੱਚ ਬੈਲਟ ਪੇਪਰ ਪਾਏ ਜਾਣੇ ਸੀ ਤਾਂ ਕਿ ਸਵੇਰ ਵੇਲੇ ਅਫਰਾ ਤਫਰੀ ਨਾ ਪਵੇ। ਸਾਮਾਨ ਜੋੜਨ ਮਗਰੋਂ ਉਨ੍ਹਾਂ ਸਕੂਲ ਦੇ ਨਲਕੇ 'ਤੇ ਨਹਾ ਕੇ ਥਕੇਵਾਂ ਲਾਹਿਆ।
ਇੰਨੇ ਨੂੰ ਪਿੰਡ ਤੋਂ ਕੋਈ ਸ਼ਖਸ ਉਨ੍ਹਾਂ ਲਈ ਰੋਟੀ ਲੈ ਆਇਆ। ਬੜੇ ਨਿੱਘ ਨਾਲ ਮਿਲਿਆ, ਹਾਲ ਚਾਲ ਪੁੱਛਿਆ। ਹੋਰ ਕਿਸੇ ਚੀਜ਼ ਦੀ ਲੋੜ ਬਾਰੇ ਪੁੱਛਿਆ। ਰਾਤ ਗਿਆਰਾਂ ਵੱਜ ਗਏ। ਉਹ ਪਿੰਡ ਵਾਸੀਆਂ ਦੇ ਦਿੱਤੇ ਗੱਦਿਆਂ 'ਤੇ ਲੇਟ ਗਏ ਪਰ ਚੋਣ ਡਿਊਟੀ ਹੋਵੇ ਤਾਂ ਨੀਂਦ ਕਿੱਥੋਂ ਆਉਂਦੀ ਹੈ। ਜਾਗੋ ਮੀਟੀ ਵਿੱਚ ਸਵੇਰ ਦੇ ਚਾਰ ਵਜੇ ਉਠ ਗਏ। ਪੰਜ ਪਾਰਟੀਆਂ ਸਨ, ਤਕਰੀਬਨ 50 ਆਦਮੀ ਅਤੇ ਸਕੂਲ ਵਿੱਚ ਬਾਥਰੂਮ ਸਿਰਫ ਦੋ ਸਨ। ਸਾਰਾ ਕੰਮ ਛੇਤੀ ਨਾਲ ਨਬੇੜ ਲਿਆ। ਪੌਣੇ ਛੇ ਵਜੇ ਮੈਡਮ ਵੀ ਆ ਗਏ। ਉਸ ਦੇ ਲਿਆਂਦੇ ਪਰੌਂਠੇ ਸਾਰਿਆਂ ਨੇ ਖਾਧੇ। ਸਾਰੇ ਤਿਆਰ ਬਰ ਤਿਆਰ ਸਨ।
ਸਮੇਂ ਸਿਰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਛੇਤੀ ਲੰਮੀਆਂ ਲਾਈਨਾਂ ਲੱਗ ਗਈਆਂ। ਕਮਰੇ ਵਿੱਚ ਤਿੰਨ ਪੋਲਿੰਗ ਏਜੰਟ ਸਨ, ਇਨ੍ਹਾਂ ਦੇ ਦੱਸਣ ਅਨੁਸਾਰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ। ਤਿੰਨੇ ਸ਼ਾਂਤ ਬੈਠੇ ਸਨ। ਵੋਟਰਾਂ ਵਿੱਚੋਂ ਵੀ ਕਿਸੇ ਦੀ ਉਚੀ ਆਵਾਜ਼ ਨਹੀਂ ਆ ਰਹੀ ਸੀ। ਤਿੰਨੇ ਆਰਾਮ ਨਾਲ ਆਪਸੀ ਗੱਲਾਂ ਕਰਦੇ ਰਹੇ। ਦੁਪਹਿਰ ਤੱਕ ਬਾਹਰ ਕੋਈ ਵੋਟਰ ਨਜ਼ਰ ਨਹੀਂ ਆ ਰਿਹਾ ਸੀ। ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਇਕ ਅੱਧ ਵੋਟਰ ਆ ਕੇ ਵੋਟ ਪਾ ਜਾਂਦਾ।
ਬਾਅਦ ਦੁਪਹਿਰ ਇਕ ਵਜੇ 40-45 ਸਾਲ ਦਾ ਸ਼ਖਸ ਵੋਟ ਪਾਉਣ ਆਇਆ। ਇਕ ਪੋਲਿੰਗ ਏਜੰਟ ਨੇ ਪੁੱਛਿਆ, ‘ਤੇਰੇ ਬਾਪੂ ਦਾ ਕੀ ਹਾਲ ਹੈ? ਉਹ ਕਹਿਣ ਲੱਗਿਆ, ‘ਚਾਚਾ ਅਜੇ ਤਾਂ ਚੱਕਰ ਜਿਹੇ ਆਉਂਦੇ ਆ, ਉਸ ਤੋਂ ਵੋਟ ਪਾਉਣ ਨਹੀਂ ਆਇਆ ਗਿਆ। ਮੈਂ ਕਿਹਾ, ਮੈਂ ਹੀ ਉਸ ਦੀ ਵੋਟ ਪਾ ਆਵਾਂ।’ ਤਿੰਨੇ ਹੀ ਏਜੰਟ ਕਹਿੰਦੇ, ‘ਪਾ ਦੇ ਸ਼ੇਰਾ ਵੋਟ।’ ਵੋਟਾਂ ਪਵਾਉਣ ਗਏ ਉਹ ਲੋਕ ਹੈਰਾਨ ਹੋਏ ਉਨ੍ਹਾਂ ਵੱਲ ਝਾਕ ਰਹੇ ਸਨ। ਇਕ ਜਣੇ ਨੇ ਉਸ ਸ਼ਖਸ ਨੂੰ ਬਾਪੂ ਦੀ ਵੋਟ ਪਾਉਣ ਤੋਂ ਰੋਕਿਆ। ਇੰਨਾ ਕਹਿਣ ਦੀ ਦੇਰ ਸੀ ਕਿ ਤਿੰਨੇ ਪੋਲਿੰਗ ਏਜੰਟ ਕਹਿਣ ਲੱਗੇ, ‘ਭਰਾ ਜੀ, ਜਦੋਂ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਹਾਨੂੰ ਕੀ ਇਤਰਾਜ਼ ਹੈ, ਇਸ ਨੂੰ ਵੋਟ ਪਾਉਣ ਦਿਓ। ਪਿੰਡ ਵਿੱਚ ਭਾਈਚਾਰਾ ਪਹਿਲਾਂ ਅਤੇ ਵੋਟਾਂ ਦਾ ਕੰਮ ਪਿੱਛੋਂ ਦਾ ਹੈ।’ ਨਾਲ ਕਾਂਗਰਸ ਦਾ ਪੋਲਿੰਗ ਏਜੰਟ ਬੋਲਿਆ, ‘ਮੈਂ ਕਾਂਗਰਸ ਦਾ ਹਮਾਇਤੀ ਹਾਂ, ਮੇਰਾ ਬਾਪ ਅਕਾਲੀ ਦਲ ਦਾ। ਇਥੇ ਮੈਂ ਕਾਂਗਰਸ ਦਾ ਪੋਲਿੰਗ ਏਜੰਟ ਹਾਂ, ਨਾਲ ਦੇ ਬੂਥ ਵਿੱਚ ਮੇਰਾ ਬਾਪ ਅਕਾਲੀ ਦਲ ਦਾ ਪੋਲਿੰਗ ਏਜੰਟ ਹੈ।’ ਕਰਮਚਾਰੀ ਇਹ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ ਸੀ। ਖੈਰ! ਇੰਨੇ ਨੂੰ ਪਿੰਡੋਂ ਦੁਪਹਿਰ ਦੀ ਰੋਟੀ ਆ ਗਈ। ਪਤਾ ਲੱਗਾ ਕਿ ਸਵੇਰ ਦਾ ਨਾਸ਼ਤਾ ਆਮ ਆਦਮੀ ਪਾਰਟੀ, ਦੁਪਹਿਰ ਦੀ ਰੋਟੀ ਅਕਾਲੀ ਦਲ ਅਤੇ ਸ਼ਾਮ ਦੀ ਕਾਂਗਰਸ ਵੱਲੋਂ ਹੈ।
ਰਾਤ ਨੂੰ ਸਮਾਨ ਵਾਪਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਘਰ ਪੁੱਜਾ ਤਾਂ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਉਤੇ ਚੋਣਾਂ ਦੌਰਾਨ ਬੂਥਾਂ ਉਤੇ ਕਬਜ਼ੇ, ਲੜਾਈ ਝਗੜੇ, ਮਾਰ ਕੁਟਾਈ ਦੀਆਂ ਖਬਰਾਂ ਚੱਲ ਰਹੀਆਂ ਸਨ। ਉਹ ਅਧਿਆਪਕ ਇਨ੍ਹਾਂ ਦੀ ਤੁਲਨਾ ਆਪਣੇ ਬੂਥ ਵਾਲੇ ਵੋਟਰਾਂ ਅਤੇ ਪੋਲਿੰਗ ਏਜੰਟਾਂ ਨਾਲ ਕਰ ਰਿਹਾ ਸੀ। ਉਸ ਦੇ ਦਿਲ ਵਿੱਚੋਂ ਹੂਕ ਉਠੀ, ਕੀ ਸਾਰੇ ਪੰਜਾਬੀ ਇਸੇ ਤਰ੍ਹਾਂ ਦੀ ਭਾਈਚਾਰਕ ਸਾਂਝ ਨਹੀਂ ਬਣਾ ਸਕਦੇ?

Have something to say? Post your comment