ਗੁਹਾਟੀ, 15 ਅਕਤੂਬਰ (ਪੋਸਟ ਬਿਊਰੋ)- ਕਾਫੀ ਪੁਰਾਣੇ ਝੂਠਾ ਮੁਕਾਬਲਾ ਕੇਸ ਵਿੱਚ ਫੌਜੀ ਅਦਾਲਤ ਨੇ ਇੱਕ ਮੇਜਰ ਜਨਰਲ ਸਮੇਤ ਸੱਤ ਸੀਨੀਅਰ ਫੌਜੀ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਮਰੀ ਜਨਰਲ ਕੋਰਟ ਮਾਰਸ਼ਲ (ਐਸ ਜੀ ਸੀ ਐਮ) ਨੇ ਜਿਨ੍ਹਾਂ ਅਧਿਕਾਰੀਆਂ ਦੀ ਸਜ਼ਾ ਸੁਣਾਈ, ਉਨ੍ਹਾਂ ਦੇ ਨਾਂਅ ਮੇਜਰ ਜਨਰਲ ਏ ਕੇ ਲਾਲ, ਕਰਨਲ ਥਾਮਸ ਮੈਥਿਊ, ਕਰਨਲ ਆਰ ਐਸ ਸਿਬੀਰੇਨ, ਕੈਪਟਨ ਦਿਲੀਪ ਸਿੰਘ, ਕੈਪਟਨ ਜਗਦੇਵ ਸਿੰਘ, ਨਾਇਕ ਅਲਬਿੰਦਰ ਸਿੰਘ ਅਤੇ ਨਾਇਕ ਸ਼ਿਵੇਂਦਰ ਸਿੰਘ ਹਨ। ਇਹ ਸਾਰੇ ਜਣੇ ਅਸਾਮ ਦੇ ਤਿਨਸੁਖੀਆ ਜ਼ਿਲ੍ਹੇ ਵਿੱਚ ਫਰਵਰੀ 1994 ਵਿੱਚ ਹੋਏ ਇੱਕ ਜਾਅਲੀ ਮੁਕਾਬਲੇ ਵਿੱਚ ਸ਼ਾਮਲ ਸਨ।
ਅਸਾਮ ਸਰਕਾਰ ਦੇ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਜਗਦੀਸ਼ ਭੁਈਆਂ ਦੇ ਅਨੁਸਾਰ 18 ਫਰਵਰੀ 1994 ਨੂੰ ਫੌਜ ਨੇ ਤਿਨਸੁਖੀਆ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਤੋਂ ਨੌਂ ਨੌਜਵਾਨਾਂ ਨੂੰ ਇਨ੍ਹਾਂ ਲੋਕਾਂ ਨੰ ਇੱਕ ਚਾਹ ਬਾਗਾਨ ਅਧਿਕਾਰੀ ਦੇ ਕਤਲ ਦੇ ਸ਼ੱਕ ਵਿੱਚ ਫੜਿਆ ਸੀ। ਇਹ ਨੌਜਵਾਨ ਆਲ ਅਸਮ ਸਟੂਡੈਂਟਸ ਯੂਨੀਅਨ ਦੇ ਮੈਂਬਰ ਸਨ। ਜਿਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਨ੍ਹਾਂ ਵਿੱਚੋਂ ਪੰਜ ਨੂੰ ਉਲਫਾ ਉਗਰਵਾਦੀ ਦੱਸ ਕੇ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਚਾਰ ਜਣਿਆਂ ਨੂੰ ਕੁਝ ਦਿਨਾਂ ਬਾਅਦ ਛੱਡ ਦਿੱਤਾ ਗਿਆ। ਮਾਰੇ ਗਏ ਨੌਜਵਾਨਾਂ ਦੇ ਨਾਂਅ ਪ੍ਰਬੀਨ ਸੋਨੋਵਾਲ, ਪ੍ਰਦੀਪ ਦੱਤਾ, ਦੇਬਾਜੀਤ ਬਿਸਵਾਸ, ਅਖਿਲ ਸੋਨੋਵਾਲ ਅਤੇ ਥਾਬੇਨ ਮੋਰਨ ਸਨ। ਭਾਜਪਾ ਨੇਤਾ ਭੁਈਆਂ ਨੇ 22 ਫਰਵਰੀ 1994 ਨੂੰ ਗੁਹਾਟੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਲਾਪਤਾ ਨੌਜਵਾਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਮੰਗ ਕੀਤੀ। ਇਸ ਉਤੇ ਹਾਈ ਕੋਰਟ ਨੇ ਫੌਜ ਨੂੰ ਫੜੇ ਗਏ ਸਾਰੇ ਨੌਂ ਨੌਜਵਾਨ ਪੇਸ਼ ਕਰਨ ਦਾ ਹੁਕਮ ਦਿੱਤਾ ਤਾਂ ਫੌਜ ਨੇ ਪੰਜ ਨੌਜਵਾਨਾਂ ਦੀਆਂ ਲਾਸ਼ਾਂ ਨੇੜਲੇ ਢੋਲਾ ਥਾਣੇ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਨੂੰ ਉਲਫਾ ਅੱਤਵਾਦੀ ਦੱਸ ਕੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਗੱਲ ਕਹੀ। ਵੱਖ-ਵੱਖ ਪੱਧਰਾਂ ਉਤੇ ਕੀਤੀ ਸ਼ਿਕਾਇਤਾਂ ਦੇ ਆਧਾਰ 'ਤੇ ਇਸ ਸਾਲ 16 ਜੁਲਾਈ ਨੂੰ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ 27 ਜੁਲਾਈ ਨੂੰ ਉਹ ਪੂਰੀ ਹੋਈ। ਕੱਲ੍ਹ ਫੌਜ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।