ਮਿਲਟਨ, 15 ਅਕਤੂਬਰ (ਪੋਸਟ ਬਿਊਰੋ)- ਓਂਟਾਰੀਓ ਦੇ ਸ਼ਹਿਰ ਮਿਲਟਨ ਵਿਚ ਆਪਣੀ ਪੂਰੀ ਤਰ੍ਹਾਂ ਪਹਿਚਾਣ ਸਥਾਪਿਤ ਕਰ ਚੁੱਕੇ ਪੰਜਾਬੀਆਂ ਦੀ ਨਾਮਵਰ ਹਸਤੀ ਟਾਈਗਰਜੀਤ ਸਿੰਘ ਲੰਮੇ ਸਮੇ ਤੋਂ ਚਲੇ ਆ ਰਹੇ ਮਿਲਟਨ ਦੇ ਮੇਅਰ ਗੌਰਡ ਕ੍ਰੇਂਟਸ ਨੂੰ ਇਸ ਵਾਰ ਫੇਰ ਆਪਣਾ ਸਮਰਥਨ ਦੇ ਰਹੇ ਹਨ। ਮੇਅਰ ਗੌਰਡ ਕ੍ਰੇਂਟਸ 81 ਸਾਲ ਦੇ ਹਨ ਤੇ ਕੈਨੇਡਾ ਭਰ ਵਿਚ ਕਿਸੇ ਵੱਡੇ ਸ਼ਹਿਰ ਦੇ ਲਗਾਤਾਰ ਲੰਮਾ ਸਮਾਂ ਰਹਿ ਚੁੱਕੇ ਮੇਅਰ ਬਣ ਗਏ ਹਨ। ਪਹਿਲਾਂ ਇਹ ਖਿਤਾਬ ਮੇਅਰ ਹੇਜ਼ਲ ਮੇਕਾਲੀਏ ਨੂੰ ਜਾਂਦਾ ਸੀ। 1965 ਵਿਚ ਪਹਿਲੀ ਵਾਰ ਮਿਲਟਨ ਤੋਂ ਬਤੌਰ ਕੌਂਸਲਰ ਦੀ ਚੋਣ ਲੜਨ ਤੋਂ ਬਾਅਦ ਗੌਰਡ ਕ੍ਰੇਂਟਸ ਕੌਂਸਲਰ ਬਣਦੇ ਰਹੇ ਤੇ 1980 ਤੋਂ ਹੁਣ ਤੱਕ ਮੇਅਰ ਚਲੇ ਆ ਰਹੇ ਹਨ। ਟਾਈਗਰਜੀਤ ਸਿੰਘ ਨੇ ਉਨ੍ਹਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਮੇਅਰ ਗੌਰਡ ਕ੍ਰੇਂਟਸ ਦੀਆਂ ਸੇਵਾਵਾਂ ਲਈ ਅਸੀਂ ਸਦਾ ਹੀ ਰਿਣੀ ਰਹਾਂਗੇ। ਉਨ੍ਹਾਂ ਦੱਸਿਆ ਕਿ ਮਿਲਟਨ ਸ਼ਹਿਰ ਦੀ ਵਧੀਆ ਪਲਾਨਿੰਗ ਤੇ ਵਧੀਆ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਗੌਰਡ ਹਮੇਸ਼ਾ ਹੀ ਤਤਪਰ ਰਿਹਾ ਹੈ। 401 ਇੰਡਸਟ੍ਰੀਅਲ ਏਰੀਆ ਸਥਾਪਿਤ ਕਰਨਾ, ਗ੍ਰੇਟਰ ਟੋਰਾਂਟੋ ਮਾਰਕਿਟਿੰਗ ਅਲਾਇੰਸ ਦੀ ਪੂਰੀ ਹਿਮਾਇਤ ਕਰਨੀ ਤੇ ਮਿਲਟਨ ਵਿਚ ਵੱਡਾ ਯੂਨੀਵਰਸਿਟੀ ਕੈਪਸ ਸਥਾਪਿਤ ਕਰਨ ਲਈ ਮੋਹਰੀ ਰੋਲ ਨਿਭਾ ਰਹੇ ਹਨ।
ਟਾਈਗਰਜੀਤ ਸਿੰਘ ਕਈ ਦਹਾਕਿਆਂ ਤੋਂ ਮਿਲਟਨ ਵਿਚ ਰਹਿ ਰਹੇ ਹਨ ਤੇ ਦੁਨੀਆ ਭਰ ਵਿਚ ਭਾਰਤ ਤੋਂ ਬਾਹਰ ਇਕੋ-ਇਕ ਪੰਜਾਬੀ ਦੇ ਨਾਮ ਉਤੇ ਜੇਕਰ ਕਿਸੇ ਪਬਲਿਕ ਸਕੂਲ ਦਾ ਨਾਮ ਰੱਖਿਆ ਗਿਆ ਹੈ ਤਾਂ ਉਹ ਇਨ੍ਹਾਂ ਦੇ ਨਾਮ ਦੇ ਉਤੇ ਇਸੇ ਸ਼ਹਿਰ ਵਿਚ ਹੈ। ਉਨ੍ਹਾਂ ਕਿਹਾ ਕਿ 22 ਤਰੀਕ ਨੂੰ ਇਕ ਵਾਰ ਫੇੇਰ ਗੌਰਡ ਕ੍ਰਂੇਟਸ ਦੇ ਨਾਮ ਉਤੇ ਸਹੀ ਪਾ ਕੇ ਇਨ੍ਹਾਂ ਨੂੰ ਮੇਅਰ ਬਣਾਈਏ।