ਮੋਗਾਦਿਸ਼ੂ, 15 ਅਕਤੂਬਰ (ਪੋਸਟ ਬਿਊਰੋ)- ਸੋਮਾਲੀਆ ਵਿੱਚ ਦੋਹਰੇ ਆਤਮਘਾਤੀ ਹਮਲੇ ਵਿੱਚ ਵੀਹ ਲੋਕਾਂ ਦੀ ਮੌਤ ਹੋ ਗਈ, ਜਦ ਕਿ ਚਾਲੀ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਇੱਕ ਰੈਸਟੋਰੈਂਟ ਅਤੇ ਇੱਕ ਕਾਫੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਘਟਨਾ ਦੇ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਦੱਖਣੀ ਪੱਛਮੀ ਸ਼ਹਿਰ ਬੈਡੋਆ 'ਚ ਇਨ੍ਹਾਂ ਥਾਵਾਂ ਵਿੱਚ ਵੜੇ ਅਤੇ ਮਿੰਟਾਂ ਵਿੱਚ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਹ ਧਮਾਕਾ ਸੋਮਾਲੀਆ 'ਚ ਟਰੱਕ ਧਮਾਕਿਆਂ ਦੀ ਪਹਿਲੀ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ। ਟਰੱਕ ਧਮਾਕੇ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਸਨ। ਬੈਡੋਆ ਦੇ ਪੁਲਸ ਅਧਿਕਾਰੀ ਅਬਦੁਲਾਹੀ ਮੁਹੰਮਦ ਨੇ ਦੱਸਿਆ ਕਿ ਅਸੀਂ ਇਸ ਧਮਾਕੇ 'ਚ 20 ਲੋਕਾਂ ਦੀ ਮੌਤ ਅਤੇ ਲਗਭਗ ਚਾਲੀ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕਰਦੇ ਹਾਂ। ਇਨ੍ਹਾਂ ਵਿੱਚੋਂ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸੱਤ ਲੋਕ ਪਹਿਲੇ ਧਮਾਕੇ ਵਿੱਚ ਮਾਰੇ ਗਏ ਤੇ ਨੌਂ ਲੋਕ ਦੂਜੇ ਧਮਾਕੇ ਵਿੱਚ ਮਾਰੇ ਗਏ। ਅੱਤਵਾਦੀ ਗਰੁੱਪ ਅਲ-ਸ਼ਬਾਬ ਨੇ ਆਪਣੇ ਮੀਡੀਆ ਚੈਨਲ ਐਂਡਲਸ ਰੇਡੀਓ ਤੋਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਅੱਤਵਾਦੀ ਸੰਗਠਨ ਅਕਸਰ ਸੋਮਾਲੀਆ ਅਤੇ ਪੂਰਬੀ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਹਮਲੇ ਕਰਦਾ ਰਹਿੰਦਾ ਹੈ।