Welcome to Canadian Punjabi Post
Follow us on

17

November 2018
ਸੰਪਾਦਕੀ

ਦਿਲਚਸਪ ਹੈ ਮਿਉਂਸੀਪਲ ਚੋਣਾਂ ਵਿੱਚ ਬਿਨਾ ਮੁਕਾਬਲਾ ਜੇਤੂਆਂ ਦਾ ਰੁਝਾਨ

October 15, 2018 09:11 AM

ਪੰਜਾਬੀ ਪੋਸਟ ਸੰਪਾਦਕੀ

ਜਿਉਂ ਜਿਉਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਬਰੈਂਪਟਨ, ਮਿਸੀਸਾਗਾ, ਓਕਵਿੱਲ, ਵ੍ਹਾਹਨ, ਸਕਾਰਬਰੋ ਅਤੇ ਟੋਰਾਂਟੋ ਵਰਗੀਆਂ ਵੱਡੀਆਂ ਮਿਉਂਸਪੈਲਟੀਆਂ ਵਿੱਚ ਉਮੀਦਵਾਰਾਂ ਦੀ ਜਦੋਜਹਿਦ ਸਿਖ਼ਰਾਂ ਉੱਤੇ ਪੁੱਜਦੀ ਜਾ ਰਹੀ ਹੈ। ਇਹਨਾਂ ਚੋਣਾਂ ਵਿੱਚ ਮੁਕਾਬਲੇਬਾਜ਼ੀ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੋਇਆ। ਵੱਡੀ ਗਿਣਤੀ ਵਿੱਚ ਵੋਟਰ ਖੁਦ ਨੂੰ ਕੁੜਿੱਕੀ ਵਿੱਚ ਫਸੇ ਮਹਿਸੂਸ ਕਰਦੇ ਹਨ ਕਿਉਂਕਿ ਉਮੀਦਵਾਰਾਂ ਦੀ ਕੁੱਕੜ ਜੰਗ ਉਹਨਾਂ ਦੇ ਦਿਲ ਦਿਮਾਗ ਦਾ ਚੈਨ ਉਡਾ ਰਹੀ ਹੈ। ਵੋਟਰਾਂ ਦੇ ਇਸ ਹਾਲ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਮੀਦਵਾਰਾਂ ਦੇ ਦਿਨ ਕਿਵੇਂ ਬੀਤ ਰਹੇ ਹੋਣਗੇ। ਉਮੀਦਵਾਰਾਂ ਦੀ ਗੱਲ ਤਾਂ ਛੱਡੋ, ਉਹਨਾਂ ਦੇ ਸਮਰੱਥਕ ਵੀ ਰਾਤਾਂ ਦੀ ਨੀਂਦ ਗੁਆਈ ਬੈਠੇ ਹਨ। ਇਸ ਕਿਸਮ ਸੀ ਸਿ਼ੱਦਤ ਨੂੰ ਸੇਵਾ ਵੀ ਸਮਝਿਆ ਜਾ ਸਕਦਾ ਹੈ ਜਾਂ ਫੇਰ ਖੁਦ ਦਾ ਨਾਮ ਚਮਕਾਉਣ ਲਈ ਜਨੂਨ ਦੀ ਹੱਦ।

 

ਦੂਜੇ ਪਾਸੇ ਕੈਨੇਡੀਅਨ ਪ੍ਰੈੱਸ ਵੱਲੋਂ ਐਸੋਸੀਏਸ਼ਨ ਆਫ ਮਿਉਂਸੀਪਲ ਉਂਟੇਰੀਓ ਦੇ ਹਵਾਲੇ ਨਾਲ ਬਿਨਾ ਮੁਕਾਬਲਾ ਹੁਣ ਤੱਕ ਚੁਣੇ ਜਾ ਚੁੱਕੇ ਸਿਟੀ ਕਾਉਂਸਲਰਾਂ, ਮੇਅਰਾਂ ਦੇ ਅੰਕੜੇ ਪੇਸ਼ ਕੀਤੇ ਗਏ ਹਨ ਜੋ ਬੇਹੱਦ ਦਿਲਚਸਪ ਹਨ। ਐਸੋਸੀਏਸ਼ਨ ਮੁਤਾਬਕ ਉਂਟੇਰੀਓ ਦੀਆਂ 444 ਮਿਉਂਸੀਪੈਲਟੀਆਂ ਵਿੱਚੋਂ 120 ਅਜਿਹੀਆਂ ਹਨ ਜਿਹਨਾਂ ਨੇ ਆਪਣੇ ਮੇਅਰ ਜਾਂ ਰੀਵਜ਼ ਬਿਨਾ ਮੁਕਾਬਲਾ ਚੁਣ ਲਏ ਹਨ। ਇਹਨਾਂ ਸ਼ਹਿਰਾਂ ਕਸਬਿਆਂ ਵਿੱਚ ਚੋਣਾਂ ਦੇ ਸ਼ੋਰ ਸ਼ਰਾਬੇ ਦਾ ਕੋਈ ਰੌਲਾ ਰੱਪਾ ਹੀ ਨਹੀਂ। 26 ਮਿਉਂਸਪੈਲਟੀਆਂ ਤਾਂ ਅਜਿਹੀਆਂ ਹਨ ਜਿੱਥੇ ਕਿਸੇ ਵੀ ਅਹੁਦੇ ਲਈ ਵੋਟ ਨਹੀਂ ਪਾਈ ਜਾਵੇਗੀ। 2014 ਵਿੱਚ 103 ਮਿਉਂਸਪੈਲਟੀਆਂ ਸਨ ਜਿੱਥੇ ਸਾਰੇ ਦੇ ਸਾਰੇ ਅਹੁਦੇਦਾਰਾਂ (ਮੇਅਰ ਜਾਂ ਕਾਉਂਸਲਰ) ਲਈ ਵੋਟ ਨਹੀਂ ਸੀ ਪਾਈ ਗਈ। ਇਸ ਵਾਰ ਮੇਅਰ ਅਤੇ ਸਿਟੀ ਕਾਉਂਸਲਰ ਬਿਨਾ ਮੁਕਾਬਲਾ ਚੁਣੇ ਜਾ ਚੁੱਕੇ ਹਨ। ਉਂਟੇਰੀਓ ਵਿੱਚ ਮੇਅਰਾਂ ਅਤੇ ਸਿਟੀ ਕਾਉਂਸਲਰਾਂ ਦੀਆਂ ਕੁੱਲ 3306 ਸੀਟਾਂ ਹਨ।

 

ਉੱਪਰ ਦਿੱਤੇ ਅੰਕੜਿਆਂ ਨੂੰ ਵੇਖ ਕੇ ਉਹਨਾਂ ਪੰਜਾਬੀਆਂ ਦੇ ਦਿਲ ਵਿੱਚ ਖਿਆਲ ਆ ਸਕਦਾ ਹੈ ਕਿ ਕਿਉਂ ਨਾ ਬੋਰੀਆ ਬਿਸਤਰ ਚੁੱਕ ਕੇ ਅਜਿਹੀਆਂ ਮਿਉਂਸਪੈਲਟੀਆਂ ਵਿੱਚ ਵੱਸਿਆ ਜਾਵੇ ਅਤੇ ਬਿਨਾ ਮੁਕਾਬਲਾ ਚੋਣ ਜਿੱਤ ਕੇ ਜਾਂ ਥੋੜਾ ਜਿਹਾ ਉੱਦਮ ਕਰਕੇ ਸਰਦਾਰੀਆਂ ਕਾਇਮ ਕੀਤੀਆਂ ਜਾਣ। ਆਖਰ ਨੂੰ ਪੰਜਾਬੀ ਕਮਿਉਨਿਟੀ ਵਿੱਚੋਂ ਬਹੁਤ ਲੋਕ ਸੇਵਾ ਨਾਲੋਂ ਸਰਦਾਰੀ ਦੀ ਚਾਹਤ ਨਾਲ ਚੋਣਾਂ ਵਿੱਚ ਖੜੇ ਹੋ ਜਾਂਦੇ ਹਨ। ਅਜਿਹੇ ਜੋਸ਼ਮੰਦ ਪੰਜਾਬੀਆਂ ਲਈ ਇੱਕ ਚੇਤਾਵਨੀ ਹੈ। ਉਂਟੇਰੀਓ ਦੀਆਂ ਬਹੁ ਗਿਣਤੀ ਮਿਉਂਸਪੈਲਟੀਆਂ (ਵਿਸ਼ੇਸ਼ ਕਰਕੇ ਦਿਹਾਤੀ) ਅਜਿਹੀਆਂ ਹਨ ਜਿੱਥੇ ਮੇਅਰਾਂ ਅਤੇ ਕਾਉਂਸਲਰਾਂ ਦੀ ਡਿਊਟੀ ਪਾਰਟ ਟਾਈਮ ਹੀ ਹੁੰਦੀ ਹੈ ਅਤੇ ਤਨਖਾਹਾਂ ਬਹੁਤ ਘੱਟ ਹੁੰਦੀਆਂ ਹਨ। ਇਸ ਕਾਰਣ ਉਹਨਾਂ ਨੂੰ ਘਰ ਦੇ ਖਰਚੇ ਪੂਰੇ ਕਰਨ ਲਈ ਪਾਰਟ ਟਾਈਮ ਕੋਈ ਹੋਰ ਨੌਕਰੀ ਕਰਨੀ ਪੈਂਦੀ ਹੈ। ਵੈਸੇ ਉਹਨਾਂ ਪੰਜਾਬੀਆਂ ਲਈ ਇਹ ਕੋਈ ਮਾੜੀ ਕਿਸਮਤ ਅਜ਼ਮਾਈ ਨਹੀਂ ਹੋਵੇਗੀ ਜਿਹਨਾਂ ਦਾ ਕਾਉਂਸਲਰ ਬਣਨ ਦਾ ਮਕਸਦ ਪੰਜਾਬ ਜਾ ਕੇ ਆਪਣੇ ਨਗਰ, ਪਿੰਡ ਜਾਂ ਸ਼ਹਿਰ ਵਿੱਚ ਫੋਕੀ ਟੌਹਰ ਜਮਾਉਣੀ ਹੁੰਦਾ ਹੈ। ਅਜਿਹੇ ਲੋਕਾਂ ਲਈ ਇਹ ਮਿਉਂਸਪੈਲਟੀਆਂ ਦਿਲਚਸਪ ਖਜਾਨਾ ਹੋ ਸਕਦੀਆਂ ਹਨ।

 

ਵੈਸੇ ਵੱਖ ਵੱਖ ਪੱਧਰ ਦੀਆਂ ਮਿਉਂਸਪੈਲਟੀਆਂ ਵਿੱਚ ਮਿਲਦੀਆਂ ਤਨਖਾਹਾਂ ਦਾ ਮੁਕਾਬਲਾ ਕਰਕੇ ਵੇਖਣਾ ਵੀ ਦਿਲਚਸਪ ਹੋਵੇਗਾ। ਐਸੋਸੀਏਸ਼ਨ ਆਫ ਮਿਉਂਸਪੈਲਟੀਜ਼ ਦੇ ਐਗਜ਼ੈਕਟਿਵ ਡਾਇਰੈਕਟਰ ਪੈਟ ਵਨਿਨੀ ਮੁਤਾਬਕ ਬਹੁਤ ਸਾਰੇ ਛੋਟੇ ਦਿਹਾਤੀ ਇਲਾਕਿਆਂ ਵਿੱਚ ਕਾਉਂਸਲਰਾਂ ਦੀ ਸਾਲਾਨਾ ਤਨਖਾਹ ਮਹਿਜ਼ 12 ਹਜ਼ਾਰ ਤੋਂ 15 ਹਜ਼ਾਰ ਡਾਲਰ ਦੇ ਦਰਮਿਆਨ ਹੀ ਹੁੰਦੀ ਹੈ। ਇਸਦਾ ਅਰਥ ਹੈ ਕਿ ਜੇ ਇਹ ਲੋਕ ਸਿਰਫ਼ ਮਿਉਂਸੀਪਲ ਤੋਂ ਮਿਲਣ ਵਾਲੀਆਂ ਤਨਖਾਹਾਂ ਉੱਤੇ ਗੁਜ਼ਾਰਾ ਕਰਨ ਤਾਂ ਗਰੀਬੀ ਦੀ ਰੇਖਾ ਤੋਂ ਥੱਲੇ ਰਹਿਣਗੇ।

 

ਦੂਜੇ ਪਾਸੇ ਬਰੈਂਪਟਨ ਵਿੱਚ ਸਿਟੀ ਕਾਉਂਸਲਰਾਂ ਨੇ ਅਪਰੈਲ 2018 ਵਿੱਚ ਖੁਦ ਹੀ ਮਤਾ ਪਾਸ ਕਰਕੇ ਖੁਦ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕਰ ਲਿਆ ਸੀ। ਇਸ ਵਾਧੇ ਬਦੌਲਤ ਬਰੈਂਪਟਨ ਵਿੱਚ ਸਿਟੀ ਕਾਉਂਸਲਰ ਦੀ ਮੂਲ-ਤਨਖਾਹ 84,495 ਡਾਲਰਾਂ ਤੋਂ ਵੱਧ ਕੇ 88,573 ਡਾਲਰ ਅਤੇ ਮੇਅਰ ਦੀ ਮੂਲ-ਤਨਖਾਹ 110,722 ਡਾਲਰਾਂ ਤੋਂ ਵੱਧ ਕੇ 139,374 ਡਾਲਰ ਸਾਲਾਨਾ ਹੋ ਗਈ ਸੀ। ਇਸਤੋਂ ਇਲਾਵਾ ਹਰ ਕਾਉਂਸਲਰ ਨੂੰ ਸਾਲਾਨਾ 12 ਹਜ਼ਾਰ ਅਤੇ ਮੇਅਰ ਨੂੰ 16 ਹਜ਼ਾਰ ਡਾਲਰ ਹੋਰ ਭੱਤੇ ਮਿਲਦੇ ਹਨ। ਮੇਅਰ ਅਤੇ ਕਾਉਂਸਲਰਾਂ ਨੂੰ ਸਾਲਾਨਾ 16 ਹਜ਼ਾਰ ਡਾਲਰ ਸਫ਼ਰ ਭੱਤਾ ਵੀ ਮਿਲਦਾ ਹੈ।

 

ਮਿਸੀਸਾਗਾ ਵਿੱਚ ਵੀ ਮਿਉਂਸਪਲ ਕਾਉਂਸਲਰਾਂ ਅਤੇ ਮੇਅਰ ਦੀਆਂ ਤਨਖਾਹਾਂ ਲੱਗਭੱਗ ਬਰੈਂਪਟਨ ਦੇ ਬਰਾਬਰ ਹੀ ਹਨ। ਟੋਰਾਂਟੋ ਵਿੱਚ ਕੁੱਝ ਵਧੇਰੇ। ਛੋਟੀਆਂ ਮਿਉਂਸਪੈਲਟੀਆਂ ਵਿੱਚ ਵੋਟ ਰਾਹੀਂ ਜਾਂ ਬਿਨਾ ਮੁਕਾਬਲਾ ਚੁਣੇ ਜਾਣ ਦਾ ਭਾਵ ਹੈ ਕਿ ਉਮੀਦਵਾਰ ਦਿਲ ਜਾਨ ਤੋਂ ਸੇਵਾ ਕਰਨ ਕਿਉਂਕਿ ਭੂਗੋਲਿਕ ਰੂਪ ਵਿਚ ਬਹੁਤ ਵੱਡੀਆਂ ਪਰ ਜਨਸੰਖਿਆ ਵੱਲੋਂ ਛੋਟੀਆਂ ਮਿਉਂਸਪੈਲਟੀਆਂ ਦੀਆਂ ਸਮੱਸਿਆਵਾਂ ਬਹੁਤ ਗੰਭੀਰ ਹੁੰਦੀਆਂ ਹਨ। ਹੈ ਕੋਈ ਅਗਲੀ ਵਾਰ ਇਹਨਾਂ ਥਾਵਾਂ ਉੱਤੇ ਜਾ ਕੇ ਕਿਸਮਤ ਅਜ਼ਾਈ ਕਰਨ ਵਾਲਾ?

Have something to say? Post your comment