Welcome to Canadian Punjabi Post
Follow us on

27

March 2019
ਨਜਰਰੀਆ

ਹੋਏ ਹੌਸਲਾ ਤਾਂ ਸਰ ਪਹਾੜ ਹੋਵਣ..

October 15, 2018 08:52 AM

-ਜਗਸੀਰ ਸਿੰਘ ਮੋਹਲ
ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਸਟੇਟ ਟਰੇਨਿੰਗ ਸੈਂਟਰ (ਤਾਰਾ ਦੇਵੀ, ਸ਼ਿਮਲਾ) ਵਿੱਚ ਸਕਾਊਟ ਮਾਸਟਰਾਂ ਦੀ ਵਰਕਸ਼ਾਪ ਵਿੱਚ ਭਾਗ ਲੈਣ ਲਈ ਅਧਿਆਪਕ ਮਿੱਤਰ ਭੁਪਿੰਦਰ ਸਿੰਘ ਬਰੇਟਾ ਨਾਲ ਮੇਰਾ ਸਾਥ ਬਣ ਗਿਆ। ਮਿਥੀ ਤਾਰੀਕ ਨੂੰ ਆਪੋ ਆਪਣੇ ਸ਼ਹਿਰੋਂ ਪਹਿਲੀ ਬੱਸ ਚੜ੍ਹ ਕੇ ਸਵੇਰੇ ਨੌਂ ਕੁ ਵਜੇ ਚੰਡੀਗੜ੍ਹ ਦੇ ਬੱਸ ਅੱਡੇ ਉਪਰ ਪਹੁੰਚ ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਕਾਲਕਾ ਵਾਲੀ ਬੱਸ ਵਿੱਚ ਬੈਠ ਗਏ, ਕਾਲਕਾ ਤੋਂ ਤਾਰਾ ਦੇਵੀ ਤੱਕ ਖਿਡੌਣਾ ਰੇਲ ਗੱਡੀ ਦੇ ਸਫਰ ਦਾ ਆਨੰਦ ਜੋ ਲੈਣਾ ਸੀ। ਬੱਸ ਅਜੇ ਚੱਲੀ ਨਹੀਂ ਸੀ ਕਿ ਹਲਕਾ-ਹਲਕਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਾਲਕਾ ਪਹੁੰਚੇ ਤਾਂ ਮੀਂਹ ਬਹੁਤ ਤੇਜ਼ ਹੋ ਚੁੱਕਾ ਸੀ। ਮੀਂਹ ਤੋਂ ਬਚਦੇ ਬਚਾਉਂਦੇ ਅਸੀਂ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਪਹੁੰਚੇ। ਸਵਾ ਕੁ ਬਾਰਾਂ ਵਜੇ ਕਾਲਕਾ ਤੋਂ ਸ਼ਿਮਲਾ ਨੂੰ ਚੱਲ ਕੇ ਰੇਲ ਗੱਡੀ ਹੌਲੀ-ਹੌਲੀ ਪਹਾੜੀਆਂ ਚੜ੍ਹਨ ਲੱਗੀ।
ਮੈਂ ਅਤੇ ਮੇਰਾ ਮਿੱਤਰ ਰੇਲ ਗੱਡੀ ਦੇ ਇੰਜਣ ਤੋਂ ਬਾਅਦ ਵਾਲੇ ਪਹਿਲੇ ਡੱਬੇੋ ਵਿੱਚ ਬੈਠੇ ਸੀ। ਉਸੇ ਡੱਬੇ ਵਿੱਚ ਹੀ ਤਾਰਾ ਦੇਵੀ ਵਿਖੇ ਰਾਜ ਪੁਰਸਕਾਰ ਕੈਂਪ ਲਈ ਜਾਣ ਵਾਲੇ ਬਰਨਾਲੇ ਜ਼ਿਲੇ ਦੇ ਨੌਂ ਦਸ ਸਕਾਊਟ ਵਿਦਿਆਰਥੀ ਆਪਣੇ ਅਧਿਆਪਕ ਨਾਲ ਬੈਠੇ ਸਨ। ਸਾਰੇ ਰਸਤੇ ਲਗਾਤਾਰ ਕਦੇ ਹਲਕਾ ਅਤੇ ਕਦੇ ਤੇਜ਼ ਹੁੰਦਾ ਮੀਂਹ ਪਹਾੜੀਆਂ ਵਿੱਚੋਂ ਆਉਂਦੀ ਠੰਢੀ ਹਵਾ ਨਾਲ ਮਿਲ ਕੇ ਦਿਲ ਨੂੰ ਆਨੰਦਿਤ ਕਰ ਰਿਹਾ ਸੀ। ਰੇਲ ਗੱਡੀ ਜਦੋਂ ਪਹਾੜੀਆਂ ਵਿੱਚੋਂ ਬਣੀਆਂ ਸੁਰੰਗਾਂ ਵਿੱਚੋਂ ਲੰਘਦੀ ਤਾਂ ਸਕਾਊਟਾਂ ਦੁਆਰਾ ਖੁਸ਼ੀ ਵਿੱਚ ਮਾਰੀਆਂ ਕੂਕਾਂ, ਰੇਲ ਗੱਡੀ ਦੀ ਛੁਕ-ਛੁਕ ਅਤੇ ਮੀਂਹ ਦੀ ਤਿਪ-ਤਿਪ ਨਾਲ ਮਿਲ ਕੇ ਮਾਹੌਲ ਨੂੰ ਹੋਰ ਆਨੰਦਮਈ ਬਣਾ ਰਹੀਆਂ ਸਨ। ਯਾਤਰੀ ਸਫਰ ਦਾ ਆਨੰਦ ਮਾਣ ਰਹੇ ਸਨ।
ਡੇਢ ਦੋ ਘੰਟੇ ਦੇ ਸਫਰ ਤੋਂ ਬਾਅਦ ਰੇਲ ਗੱਡੀ ਕੋਟੀ ਸਟੇਸ਼ਨ ਤੋਂ ਸੋਨਵਾਰਾ ਸਟੇਸ਼ਨ ਵੱਲ ਵਧ ਰਹੀ ਸੀ ਕਿ 15 ਤੇ 16 ਨੰਬਰ ਸੁਰੰਗ ਦੇ ਵਿਚਾਲੇ ਰੇਲ ਗੱਡੀ ਅੱਗੇ ਵੱਡਾ ਪੱਥਰ ਆਣ ਡਿੱਗਿਆ ਜੋ ਇੰਜਣ ਨਾਲ ਅੱਗੇ ਵੱਜ ਕੇ ਪਟੜੀ ਦੇ ਵਿਚਕਾਰ ਰੁਕ ਗਿਆ। ਗੱਡੀ ਰੁਕ ਗਈ। ਪੱਥਰ ਦਾ ਖੜਾਕ ਹੋਣ ਅਤੇ ਅਚਾਨਕ ਰੇਲ ਗੱਡੀ ਰੁਕ ਜਾਣ ਕਰਕੇ ਤਕਰੀਬਨ ਸਾਰੇ ਯਾਤਰੀ ਹੇਠਾਂ ਉਤਰ ਗਏ। ਅਸੀਂ ਦੋਵੇਂ ਵੀ ਮੌਕਾ ਵੇਖਣ ਲਈ ਹੇਠਾਂ ਆ ਗਏ ਸਾਂ। ਰੇਲ ਗੱਡੀ ਦੇ ਚਾਲਕ ਨੇ ਆਪਣੇ ਅਫਸਰਾਂ ਨੂੰ ਫੋਨ ਕੀਤਾ ਅਤੇ ਫਿਰ ਸਾਨੂੰ ਦੱਸਿਆ ਕਿ ਮਹਿਕਮੇ ਵੱਲੋਂ ਪੱਥਰ ਹਟਾਉਣ ਲਈ ਭੇਜੀ ਸਹਾਇਤਾ ਘੱਟੋ-ਘੱਟ ਘੰਟੇ ਤੱਕ ਪਹੁੰਚੇਗੀ। ਭੈਅਭੀਤ ਹੋਏ ਯਾਤਰੀ ਇਕ ਘੰਟਾ ਉਡੀਕਣ ਦੀ ਗੱਲ ਸੁਣ ਕੇ ਮਾਯੂਸ ਹੋ ਗਏ।
ਅਚਾਨਕ ਮੇਰੇ ਮਿੱਤਰ ਭੁਪਿੰਦਰ ਨੂੰ ਫੁਰਨਾ ਫੁਰਿਆ। ਉਸ ਨੇ ਪੱਥਰ ਵੱਲ ਟਿਕਟਿਕੀ ਲਾ ਕੇ ਵੇਖਦਿਆਂ ਮੈਨੂੰ ਪੁੱਛਿਆ, ‘ਬਾਈ! ਪੱਥਰ ਕਿੰਨਾ ਕੁ ਭਾਰਾ ਹੋਊ?' ਮੈਂ ਸ਼ੱਕੀ ਜਿਹੀ ਨਿਗ੍ਹਾ ਨਾਲ ਉਸ ਵੱਲ ਵੇਖਦਿਆਂ ਕਿਹਾ, ‘ਹੋਣੈ ਕੋਈ ਤਿੰਨ ਚਾਰ ਕੁਇੰਟਲ।' ਭੁਪਿੰਦਰ ਨੇ ਫਿਰ ਪੁੱਛਿਆ, ‘ਆਪਾਂ ਪੰਜ ਸੱਤ ਜਣੇ ਪੱਥਰ ਨੂੰ ਧੱਕਾ ਲਾ ਕੇ ਪਟੜੀ ਤੋਂ ਪਾਸੇ ਕਰਕੇ ਦੇਖੀਏ?' ਮੈਂ ਉਸ ਦੀ ਗੱਲ ਸੁਣੀ ਅਤੇ ਹੱਸਦਿਆਂ ਕਿਹਾ, ‘ਇਹ ਪੱਥਰ ਐ ਵੀਰੇ, ਤੂੜੀ ਦੀ ਪੰਡ ਨਹੀਂ।' ਉਸ ਨੇ ਫਿਰ ਕਿਹਾ, ‘ਇਕ ਵਾਰ ਕੋਸ਼ਿਸ਼ ਕਰਨ ਵਿੱਚ ਹਰਜ ਵੀ ਕੀ ਐ?'
ਅਣਮੰਨੇ ਜਿਹੇ ਮਨ ਨਾਲ ਉਸ ਦੀ ਗੱਲ ਨਾਲ ਸਹਿਮਤ ਹੁੰਦਿਆਂ ਮੈਂ ਆਪਣਾ ਸਿਰ ‘ਹਾਂ' ਵਿੱਚ ਹਿਲਾਇਆ। ਕੋਲ ਖੜੇ ਯਾਤਰੀਆਂ ਵਿੱਚੋਂ ਬਹੁਤੇ ਸਾਡੀਆਂ ਗੱਲਾਂ ਸੁਣ-ਸੁਣ ਮੁਸਕਰਾ ਰਹੇ ਸਨ ਅਤੇ ਕੁਝ ਹੈਰਾਨ ਵੀ ਹੋ ਰਹੇ ਸਨ। ਭੁਪਿੰਦਰ ਨੇ ਮੁੰਡਿਆਂ ਨੂੰ ਆਵਾਜ਼ ਮਾਰੀ, ‘ਆ ਜੋ ਮੁੰਡਿਓ! ਰਾਜ ਪੁਰਸਕਾਰ ਲਈ ਤੁਹਾਡੀ ਟੈਸਟਿੰਗ ਕਰੀਏ।' ਸਾਰੇ ਸਕਾਊਟ ਵਿਦਿਆਰਥੀ ਆਪਣੇ ਅਧਿਆਪਕ ਦੀ ਆਗਿਆ ਲੈ ਕੇ ਝੱਟ ਪੱਥਰ ਕੋਲ ਆ ਗਏ। ਭੁਪਿੰਦਰ ਨੇ ਸਕਾਊਟਾਂ ਨੂੰ ਪੁੱਛਿਆ, ‘ਦੱਸੋ ਮੁੰਡਿਓ! ਆਹ ਪੱਥਰ ਨੂੰ ਧੱਕਾ ਲਾ ਕੇ ਪਟੜੀ ਤੋਂ ਪਾਸੇ ਕਰ ਦਿਓਗੇ?'
ਸਕਾਊਟਾਂ ਨੇ ਬੜੇ ਹੌਸਲੇ ਤੇ ਦਲੇਰੀ ਨਾਲ ਇਕੱਠਿਆਂ ਜੁਆਬ ਦਿੱਤਾ, ‘ਕਰ ਦਿਆਂਗੇ ਜੀ।' ਸਕਾਊਟਾਂ ਨਾਲ ਅਸੀਂ ਦੋਵਾਂ ਨੇ ਵੀ ਜੈਕਾਰਾ ਲਾ ਕੇ ਪੱਥਰ ਨੂੰ ਹੱਥ ਪਾ ਲਏ। ਪੰਜ ਸੱਤ ਧੱਕਿਆਂ ਵਿੱਚ ਪੱਥਰ ਪਟੜੀ ਤੋਂ ਪਾਰ ਸੀ। ਯਾਤਰੀ ਅਤੇ ਰੇਲਵੇ ਮੁਲਾਜ਼ਮ ਸਕਾਊਟਾਂ ਦੁਆਰਾ ਹੌਸਲੇ ਅਤੇ ਹਿੰਮਤ ਨਾਲ ਕੀਤੇ ਦਲੇਰਾਨਾ ਕੰਮ ਤੋਂ ਹੈਰਾਨ ਹੋਏ ਵਾਹ-ਵਾਹ ਕਰਨ ਲੱਗੇ। ਸਕਾਊਟਾਂ ਨੇ ਇਸ ਗੱਲ ਦਾ ਪੁਖਤਾ ਸਬੂਤ ਦੇ ਦਿੱਤਾ ਸੀ ਕਿ ਸਕਾਊਟ ਸੱਚਮੁੱਚ ਬਹਾਦਰ, ਸਾਹਸੀ ਅਤੇ ਹੌਸਲੇ ਵਾਲਾ ਹੁੰਦਾ ਹੈ। ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ:
ਔਖੀ ਗੱਲ ਨਾ ਕੋਈ ਜਹਾਨ ਉਤੇ,
ਪਰ ਕਰਨਾ ਸਦਾ ਆਰੰਭ ਔਖਾ।
ਹੋਏ ਹੌਸਲਾ ਤਾਂ ਸਰ ਪਹਾੜ ਹੋਵਣ,
ਬਿਨਾਂ ਹੌਸਲੇ ਚੱਕਣਾ ਖੰਭ ਔਖਾ।
ਪੱਥਰ ਹਟਾਉਣ ਤੋਂ ਬਾਅਦ ਕੁਝ ਪਲਾਂ ਵਿੱਚ ਗੱਡੀ ਆਪਣੀ ਰਉਂ ਵਿੱਚ ਕੂਕਾਂ ਮਾਰਦੀ ਪਟੜੀ 'ਤੇ ਦੌੜਨ ਲੱਗੀ। ਸਕਾਊਟਾਂ ਦੇ ਹੌਸਲੇ ਬਾਰੇ ਸੋਚਦਿਆਂ ਮੇਰੇ ਮਨ ਵਿੱਚ ਵਿਚਾਰ ਦੌੜਨ ਲੱਗਾ ਕਿ ਕਾਸ਼! ਇਹ ਹੋਸਲਾ ਜੇ ਸਾਡੀ ਪੰਜਾਬੀ ਨਸ਼ਿਆਂ, ਪਾਣੀ ਤੇ ਹਵਾ ਪ੍ਰਦੂਸ਼ਣ ਖਿਲਾਫ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡਾ ਪੰਜਾਬ ਦੁਬਾਰਾ ਦੁਨੀਆ ਦੇ ਨਕਸ਼ੇ 'ਤੇ ਧਰੂ ਤਾਰੇ ਵਾਂਗ ਚਮਕੇਗਾ।

Have something to say? Post your comment