ਜਲੰਧਰ, 14 ਅਕਤੂਬਰ (ਪੋਸਟ ਬਿਊਰੋ)- ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਦੇ ਵਿਧਾਇਕ ਸੁਸ਼ੀਲ ਰਿੰਕੂ ਤੇ ਨਗਰ ਨਿਗਮ ਦੀ ਜਾਇੰਟ ਕਮਿਸ਼ਨਰ ਵਿੱਚ ਤਕਰਾਰ ਦਾ ਮਾਮਲਾ ਆਈ ਏ ਐੱਸ ਐਸੋਸੀਏਸ਼ਨ ਕੋਲ ਪਹੁੰਚ ਗਿਆ ਅਤੇ ਇਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਕੇ ਬੀ ਐੱਸ ਸਿੱਧੂ ਨੇ ਇਸ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਇਸ ਉੱਤੇ ਡੀ ਸੀ ਨੇ ਸ਼ੁੱਕਰਵਾਰ ਹੋਏ ਵਿਵਾਦ ਦੀ ਵੀਡੀਓ ਮੰਗਵਾ ਲਈ ਹੈ। ਉਨ੍ਹਾਂ ਨੇ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਤੋਂ ਰਿਪੋਰਟ ਮੰਗੀ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ 'ਚ ਆਸ਼ਿਕਾ ਜੈਨ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ। ਇਸ ਬਾਰੇ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਕਿ ਇਸ ਮਾਮਲੇ 'ਚ ਉਚਿਤ ਕਾਰਵਾਈ ਹੋਵੇਗੀ। ਉਂਜ ਵਿਧਾਇਕ ਦੇ ਵਿਹਾਰ ਦੀ ਆਈ ਏ ਐਸ ਐਸੋਸੀਏਸ਼ਨ ਨੂੰ ਸ਼ਿਕਾਇਤ ਕਰਨ ਬਾਰੇ ਪੁੱਛੇ ਜਾਣ ਉੱਤੇ ਆਸ਼ਿਕਾ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2000 ਵਿੱਚ ਉਸ ਸਮੇਂ ਦੇ ਜੁਆਇੰਟ ਕਮਿਸ਼ਨਰ ਕ੍ਰਿਸ਼ਨ ਕੁਮਾਰ (ਸਕੱਤਰ ਸਿਖਿਆ ਵਿਭਾਗ) ਆਈ ਏ ਐੱਸ ਅਤੇ ਅਕਾਲੀ ਕੌਂਸਲਰ ਕਮਲਜੀਤ ਸਿੰਘ ਭਾਟੀਆ ਵਿਚਾਲੇ ਵੀ ਬਸਤੀਆਂ ਖੇਤਰ ਵਿੱਚ ਕਿਸੇ ਬਿਲਡਿੰਗ ਵਿਰੁੱਧ ਕਾਰਵਾਈ ਬਾਰੇ ਬਹਿਸ ਹੋ ਗਈ ਸੀ ਅਤੇ ਭਾਟੀਆ ਨੇ ਵੀ ਰਿੰਕੂ ਵਾਂਗ ਹੀ ਜਨਤਾ ਦੇ ਹੱਕ ਵਿੱਚ ਸਟੈਂਡ ਲੈਂਦੇ ਹੋਏ ਕ੍ਰਿਸ਼ਨ ਕੁਮਾਰ ਨੂੰ ਏਥੋਂ ਚਲੇ ਜਾਣ ਲਈ ਕਿਹਾ ਸੀ। ਉਸ ਦੇ ਬਾਅਦ ਕ੍ਰਿਸ਼ਨ ਕੁਮਾਰ ਨੇ ਖੁਦ ਥਾਣੇ ਜਾ ਕੇ ਕਮਲਜੀਤ ਸਿੰਘ ਭਾਟੀਆ ਵਿਰੁੱਧ ਕੇਸ ਦਰਜ ਕਰਵਾਇਆ ਸੀ। ਬੀਤੇ ਸ਼ੁੱਕਰਵਾਰ ਨਗਰ ਨਿਗਮ ਦੀ ਜਾਇੰਟ ਕਮਿਸ਼ਨਰ ਆਸ਼ਿਕਾ ਜੈਨ ਜਦੋਂ ਬਸਤੀ ਦਾਨਿਸ਼ਮੰਦਾਂ ਦੇ ਨਾਹਲਾਂ ਰੋਡ 'ਤੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਲਈ ਕਾਰਵਾਈ ਕਰ ਰਹੀ ਸੀ ਤਾਂ ਵਿਧਾਇਕ ਸੁਸ਼ੀਲ ਰਿੰਕੂ ਪੁਜ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਜਾਣ ਨੂੰ ਕਿਹਾ ਸੀ ਕਿ ਜੇ ਕੋਈ ਮਰਦ ਅਫਸਰ ਹੁੰਦਾ ਤਾਂ ਉਸ ਨੂੰ ਜਾਣ ਵੀ ਨਾ ਦਿੰਦਾ, ਤੁਸੀਂ ਮਹਿਲਾ ਅਧਿਕਾਰੀ ਹੋ, ਵਾਪਸ ਚਲੇ ਜਾਓ।